Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਅਮ੍ਰਿਤਰਸ ਬਾਣੀ - ਸਤਿਗੁਰੂ ਰਵਿਦਾਸ ਜੀ

ਰਾਗ ਗਉੜੀ ਰਵਿਦਾਸ ਜੀ ਕੇ ਪਦੇ

ਗਉੜੀ ਗੁਆਰੇਰੀ

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥

ਗਉੜੀ ਰਾਗ ਦਾ ਸੁਭਾਅ :- ਗਉੜੀ ਗੰਭੀਰ ਪ੍ਰਾਕ੍ਰਿਤੀ ਦਾ ਰਾਗ ਹੈ। ਵਿਲਕਦੀ ਆਤਮਾ, ਕਿਰਪਾ ਦੀ ਜਾਚਨਾ ਕਰਦੀ ਹੈ ਤੇ ਆਪੇ ਦੀ ਖੋਜ ਕਰਦੀ ਹੈ।

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥

ਦੁਨੀਆਂ ਦੇ ਹਰ ਮਨੁੱਖ ਦੇ ਵਸਣ ਲਈ ਮਾਨਵਤਾਵਾਦੀ ਉਹ ਥਾਂ  ਜਿੱਥੇ ਕਿਸੇ ਨੂੰ ਕੋਈ ਦੁੱਖ, ਚਿੰਤਾ, ਘਬਰਾਹਟ ਨਹੀਂ ਹੈ ਉਸ ਥਾਂ ਦਾ ਨਾਂਅ ਬੇਗ਼ਮਪੁਰਾ ਹੈ।

ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥

ੳੇੁਥੇ ਕਿਸੇ ਨੁੰ ਕੋਈ ਟੈਕਸ, ਡਰ, ਪੀੜਾ ਜਾਂ ਘਾਟਾ ਨਹੀਂ।
ਅਬ ਮੋਹਿ ਖੂਬ ਵਤਨ ਗਹ ਪਾਈ॥

ਊਹਾਂ ਖੈਰਿ ਸਦਾ ਮੇਰੇ ਭਾਈ॥1॥ਰਹਾਉ॥

ਮੈ ਅਜਿਹਾ ਉੱਤਮ ਵਤਨ ਲੱਭ ਲਿਆ ਹੈ ਜਿਥੇ  ਹਰ ਤਰਾਂ ਦਾ, ਹਰ ਪੱਖੋਂ ਉੱਤਮ ਸੁੱਖ ਹੈ, ਸਦੀਵੀ ਪਰਮ ਅਨੰਦ ਹੈ।ਜਿੱਥੇ ਪਾਤਸ਼ਾਹ ਅਤੇ ਪਰਜਾ ਦਾ ਰਿਸ਼ਤਾ ਸਦੀਵੀ ਸੁੱਖ, ਅਨੰਦ ਅਤੇ ਪਿਆਰ ਵਾਲਾ ਹੈ।

ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥

ਇਥੇ ਸਥਿਰ, ਅਟੱਲ ਅਤੇ ਸੀਮਾ ਰਹਿਤ ਸਦੀਵੀ ਪਾਤਸ਼ਾਹੀ ਹੈ। ਇਸ ਦੇ ਸ਼ਹਿਰੀ ਦੂਜੇ, ਤੀਜੇ ਦਰਜੇ ਦੇ ਨਹੀਂ ਹਨ। ਉਨ੍ਹਾਂ ਦੇ ਹਰ ਪੱਖੋਂ ਹਰ ਖੇਤਰ ਵਿਚ ਬਰਾਬਰੀ ਵਾਲੇ ਅਧਿਕਾਰ ਹਨ।

ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥2॥

ਇਹ ਰੂਹਾਨੀ ਵਿਸ਼ਵ ਵਤਨ ਸਦਾ ਤੋਂ ਹੀ ਪ੍ਰਸਿੱਧ ਹੈ।ਉਥੇ ਵਸਣ ਵਾਲੇ ਸਦਾਚਾਰਕ ਅਤੇ ਆਤਮਕ ਸ਼ਕਤੀ ਵਿਚ ਭਰਪੂਰ ਤੇ ਅਮੀਰ,  ਸੂਝ-ਬੂਝ ਅਤੇ ਸਬਰ ਸੰਤੋਖ ਵਾਲੇ ਹਰ ਪੱਖੋਂ ਸੰਤੁਸ਼ਟ ਹਨ।

ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥

ਬੇਗ਼ਮਪੁਰੇ ਦੇ ਵਾਸੀ ਜਿਵੇਂ ਵੀ ਚਾਹੁਣ ਆਨੰਦ ਨਾਲ ਹਰ ਥਾਂ ਟਹਿਲਦੇ ਫਿਰਦੇ ਹਨ।ਘੁੰਮਣ ਫਿਰਨ ਦੀ ਅਜ਼ਾਦੀ ਹੈ।ਮਹਿਲਾਂ ਦੇ ਪੂਰਨ ਭੇਤੀ ਵੀ ਉਨ੍ਹਾਂ ਨੂੰ ਰੋਕਦੇ ਨਹੀਂ। ਭਾਵ ਪਰਜਾ ਰਾਜੇ ਦੇ ਹਰ ਭੇਤ ਤੋਂ ਜਾਣੂ ਹੈ।

ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥3॥

(ਪੰਨਾ 345)

ਗੁਰੂ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਜਿਹੜਾ ਮੇਰੇ ਸ਼ਹਿਰ ਦਾ ਵਸਨੀਕ ਹੈ ਉਹੋ ਸਾਡਾ ਮਿਤਰ ਹੈ।

ਗਉੜੀ ਬੈਰਾਗਣਿ ਰਵਿਦਾਸ ਜੀਉ॥

ੴ  ਸਤਿਗੁਰ ਪ੍ਰਸਾਦਿ॥

ਸਤਜੁਗਿ ਸਤੁ, ਤੇਤਾ ਜਗੀ
ਦੁਆਪਰਿ ਪੂਜਾਚਾਰ॥
ਤੀਨੌ ਜੁਗ, ਤੀਨੌ ਦਿੜੇ
ਕਲਿ ਕੇਵਲ ਨਾਮ ਅਧਾਰ॥1॥

ਸਤਿਯੁੱਗ ਦੀ ਪੂਜਾ ਵਿਧੀ ਸੀ ਦਾਨ ਦੇਣਾ, ਤ੍ਰੇਤੇ ਦੀ ਯੱਗ ਕਰਨੇ, ਦੁਆਪਰ ਦੀ ਦੇਵਤਿਆਂ ਦੀ ਪੂਜਾ ਅਤੇ ਕਲਿਯੁੱਗ ਵਿਚ ਅਵਤਾਰਾਂ ਭਾਵ ਸ੍ਰੀ ਰਾਮ ਚੰਦਰ, ਸ੍ਰੀ ਕ੍ਰਿਸ਼ਨ ਦੀਆਂ ਮੂਰਤੀਆਂ ਦੀ ਪੂਜਾ॥1॥

ਪਾਰ ਕੈਸੇ ਪਾਇਬੋ ਰੇ॥

ਮੋ ਸਉੇ ਕੋਊ ਨ ਕਹੈ ਸਮਝਾਇ॥

ਜਾ ਤੇ ਆਵਾ ਗਵਨੁ ਬਿਲਾਇ॥1॥ਰਹਾਉ॥

ਪ੍ਰੰਤੂ ਇਸ ਪੂਜਾ ਵਿਧੀ ਨਾਲ ਤਾਂ ਭਵਸਾਗਰ ਤੋਂ ਪਾਰ ਹੋਇਆ ਹੀ ਨਹੀਂ ਜਾ ਸਕਦਾ। ਮੈਨੂੰ ਕੋਈ ਸਮਝਾ ਕੇ ਸਪੱਸ਼ਟ ਨਹੀਂ ਕਰ ਰਿਹਾ ਕਿ ਆਵਾਗਵਨ ਤੋਂ ਮੁਕਤੀ ਕਿਵੇਂ ਮਿਲੇ॥1॥ ਰਹਾਉ॥

ਬਹੁ ਬਿਧਿ ਧਰਮ ਨਿਰੂਪੀਐ
ਕਰਤਾ ਦੀਸੈ ਸਭ ਲੋਇ॥
ਕਵਨ ਕਰਮ ਤੇ ਛੂਟੀਐ
ਜਿਹ ਸਾਧੇ ਸਭ ਸਿਧਿ ਹੋਇ॥2॥

ਸ਼ਾਸ਼ਤਰਾਂ ਅਨੁਸਾਰ ਬਹੁਤ ਸਾਰੀਆਂ ਧਾਰਮਿਕ ਵਿਧੀਆਂ ਕਰਦੀ ਲੋਕਾਈ ਨਜ਼ਰ ਆਉਂਦੀ ਹੈ।ਪ੍ਰੰਤੂ ਕਿਹੜਾ ਕਰਮ ਕੀਤਾ ਜਾਵੇ ਜਿਸ ਨਾਲ ਮੁਕਤੀ ਮਿਲੇ (ਕਿਉਂਕਿ ਸ਼ਾਸ਼ਤਰਾਂ ਵਾਲੇ ਕਰਮ-ਕਾਂਡ ਕਰਨ ਨਾਲ ਤਾਂ ਮੁਕਤੀ ਮਿਲਣੀ ਹੀ ਨਹੀਂ)॥2॥

ਕਰਮ ਅਕਰਮ ਬੀਚਾਰੀਐ
ਸੰਕਾ ਸੁਨਿ ਬੇਦ ਪੁਰਾਨ॥
ਸੰਸਾ ਸਦ ਹਿਰਦੈ ਬਸੈ
ਕਉਨੁ ਹਿਰੈ ਅਭਿਮਾਨੁ॥3॥

ਵੇਦ ਅਤੇ ਪੁਰਾਣ ਕੁਝ ਕਰਮ ਕਰਨ ਦੀ ਆਗਿਆ ਦਿੰਦੇ ਹਨ ਤੇ ਕੁਝ ਦੀ ਮਨਾਹੀ ਕਰਦੇ ਹਨ।ਇਸ ਨਾਲ ਸ਼ੰਕਾ ਹੋਰ ਵਧ ਜਾਂਦਾ ਹੈ।ਭਰਮ ਅਤੇ ਵਿਕਾਰ ਹੋਰ ਪੀਡੇ ਹੋ ਜਾਂਦੇ ਹਨ।ਇਸ ਤਰਾਂ ਮਨ ਵਿਚ ਸਦਾ ਲਈ ਟਿਕੇ ਭਰਮਾਂ ਵਿਕਾਰਾਂ ਤੋਂ ਪੈਦਾ ਹੋਏ ਹੰਕਾਰ ਨੂੰ ਕਿਵੇਂ ਦੂਰ ਕੀਤਾ ਜਾਵੇ॥3॥

ਬਾਹਰੁ ਉਦਕਿ ਪਖਾਰੀਐ
ਘਟ ਭੀਤਰਿ ਬਿਬਿਧਿ ਬਿਕਾਰ॥
ਸੁਧ ਕਵਨ ਪਰ ਹੋਇਬੋ
ਸੁਚ ਕੁੰਚਰ ਬਿਧਿ ਬਿਉਹਾਰ॥4॥

ਤੀਰਥ ਇਸ਼ਨਾਨ ਨਾਲ ਬਾਹਰੀ ਮੈਲ ਤਾਂ ਦੂਰ ਹੋ ਸਕਦੀ ਹੈ, ਪਰ ਅੰਦਰ ਵਿਕਾਰ ਟਿਕੇ ਰਹਿੰਦੇ ਹਨ।ਤੀਰਥਾਂ ੳੱਤੇ ਇਸ਼ਨਾਨ ਕਰਕੇ ਸੁੱਚੇ ਹੋਣਾ ਤਾਂ ਹਾਥੀ ਦੇ ਇਸ਼ਨਾਨ ਵਾਂਗ ਹੈ ਜੋ ਇਸ਼ਨਾਨ ਕਰਨ ਮਗਰੋਂ ਆਪਣੇ ਉੱਪਰ ਮਿੱਟੀ ਸੁੱਟ ਲੈਂਦਾ ਹੈ॥4॥

ਰਵਿ ਪ੍ਰਗਾਸ ਰਜਨੀ ਜਥਾ
ਗਤਿ ਜਾਨਤ ਸਭ ਸੰਸਾਰ॥
ਪਾਰਸ ਮਾਨੋ ਤਾਬੋ ਛੁਏ
ਕਨਕ ਹੋਤ ਨਹੀ ਬਾਰ॥5॥

ਜਿਵੇਂ ਸਾਰਾ ਸੰਸਾਰ ਜਾਣਦਾ ਹੈ ਕਿ ਸੂਰਜ ਦੇ ਪ੍ਰਕਾਸ਼ ਨਾਲ ਰਾਤ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ ਅਤੇ ਪਾਰਸ ਨੂੰ ਤਾਂਬੇ ਨਾਲ ਛੂਇਆਂ ਉਸ ਤਾਂਬੇ ਨੂੰ ਸੋਨਾ ਬਣਨ ਵਿਚ ਦੇਰ ਨਹੀਂ ਲੱਗਦੀ॥5॥

ਪਰਮ ਪਰਸ ਗੁਰੁ ਭੇਟੀਐ
ਪੂਰਬ ਲਿਖਤ ਲਿਲਾਟ॥
ਉਨਮਨ ਮਨ ਮਨ ਹੀ ਮਿਲੇ
ਛੁਟਕਤ ਬਜਰ ਕਪਾਟ॥6॥

ਇਸ ਤਰਾਂ ਚੰਗੇ ਭਾਗਾਂ ਨਾਲ ਜਦ ਪਾਰਸਾਂ ਦਾ ਪਾਰਸ ਗੁਰੂ ਭਾਵ ਬ੍ਰਹਮ ਗੁਰੂ ਮਿਲ ਪਵੇ ਅਤੇ ਉਸ ਦਾ ਮਿਲਾਪ ਸਾਧਕ ਦੇ ਮਨ ਨਾਲ ਹੋ ਜਾਵੇ ਤਾਂ ਮਨ ਦੇ ਕਵਾੜ ਖੁੱਲ੍ਹ ਜਾਂਦੇ ਹਨ॥6॥

ਭਗਤਿ ਜੁਗਤਿ ਮਤਿ ਸਤਿ ਕਰੀ
ਭ੍ਰਮ ਬੰਧਨ ਕਾਟਿ ਬਿਕਾਰ॥
ਸੋਈ ਬਸਿ ਰਸਿ ਮਨ ਮਿਲੇ
ਗੁਨ ਨਿਰਗੁਨ ਏਕ ਬਿਚਾਰ॥7॥

ਬ੍ਰਹਮ ਗੁਰੂ ਦੀ ਦੱਸੀ ਜੁਗਤੀ ਨਾਲ ਪ੍ਰਭ ਭਗਤੀ ਕਰਕੇ ਭਰਮ ਤੇ ਵਿਕਾਰ ਨਸ਼ਟ ਹੋ ਗਏ ਹਨ।ਹੁਣ ਕੇਵਲ ਬ੍ਰਹਮ ਦਾ ਗਿਆਨ ਹੀ ਮਨ ਵਿਚ ਰਹਿ ਗਿਆ ਹੈ।7॥

ਅਨਿਕ ਜਤਨ ਨਿਗ੍ਰਹ ਕੀਏ
ਟਾਰੀ ਨ ਟਰੈ ਭ੍ਰਮ ਫਾਸ॥
ਪ੍ਰੇਮ ਭਗਤਿ ਨਹੀ ਊਪਜੈ
ਤਾ ਤੇ ਰਵਿਦਾਸ ਉਦਾਸ॥8॥(ਪੰਨਾ 346)

ਸ਼ਾਸ਼ਤਰਾਂ ਅਨੁਸਾਰ ਹੱਠ ਕਰ ਪ੍ਰਭ ਪ੍ਰਾਪਤੀ ਦੇ ਅਨੇਕਾਂ ਯਤਨ ਕੀਤੇ ਪਰ ਮਨ ਵਿਕਾਰਾਂ ਤੋਂ ਮੁਕਤ ਨਾ ਹੋ ਸਕਿਆ।ਨਾ ਹੀ ਪ੍ਰਭ ਪ੍ਰੇਮ ਦੀ ਉਤਪੱਤੀ ਹੋਈ।ਇਸ ਕਰਕੇ ਮੈਂ ਉਦਾਸ ਹਾਂ (ਪਰ ਬ੍ਰਹਮ ਗੁਰੂ ਦੇ ਬ੍ਰਹਮ ਗਿਆਨ ਨਾਲ ਮੈਂ ਪ੍ਰਭ ਪ੍ਰਾਪਤ ਕਰ ਲਿਆ ਹੈ)8॥1॥

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ 3

ੴਸਤਿਗੁਰ ਪ੍ਰਸਾਦਿ॥

ਦੂਧੁ ਤ ਬਛਰੈ ਥਨਹੁ ਬਿਟਾਰਿਓ॥
ਫੂਲੁ ਭਵਰਿ, ਜਲੁ ਮੀਨਿ ਬਿਗਾਰਿੳ॥1॥

ਦੁੱਧ ਵੱਛੇ ਨੇ, ਫੁੱਲ ਭੌਰੇ ਨੇ ਅਤੇ ਪਾਣੀ ਮੱਛੀ ਨੇ ਜੂਠਾ ਕਰ ਦਿੱਤਾ ਹੈ॥1॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥
ਅਵਰੁ ਨਾ ਫੂਲੁ ਅਨੂਪੁ ਨ ਪਾਵਉ॥1॥ਰਹਾਉ॥

ਇਸ ਕਰਕੇ ਹੇ ਪ੍ਰਭੂ! ਮੈਂ ਤੇਰੀ ਪੂਜਾ ਕਿਸ ਚੀਜ਼ ਨਾਲ ਕਰਾਂ। ਹੋਰ ਸੁੱਚੇ ਫੁੱਲ ਆਦਿ ਤਾਂ ਮਿਲ ਨਹੀਂ ਸਕਦੇ॥1॥

ਮੈਲਾਗਰ ਬੇਰ੍ਹੇ ਹੈ ਭੁਇਅੰਗਾ॥
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ॥2॥

ਚੰਦਨ ਦੇ ਰੁੱਖਾਂ ਨਾਲ ਸੱਪ ਲਿਪਟੇ ਹਨ, ਪਾਣੀ ਵਿਚ ਜ਼ਹਿਰ ਅਤੇ ਅੰਮ੍ਰਿਤ ਇੱਕਠੇ ਹੋਣ ਕਰਕੇ ਅਪਵਿੱਤਰ ਹੈ॥2॥

ਧੁਪ ਦੀਪ ਨਈਬੇਦਹਿ ਬਾਸਾ॥
ਕੈਸੇ ਪੂਜ ਕਰਹਿ ਤੇਰੀ ਦਾਸਾ॥3॥

ਸੁਗੰਧੀ ਲਏ ਜਾਣ ਕਰਕੇ ਧੂਫ਼, ਦੀਵੇ ਤੇ ਪ੍ਰਸ਼ਾਦ ਜੂਠੇ ਹਨ, ਤੇ ਤੇਰਾ ਦਾਸ ਇਨ੍ਹਾਂ ਜੂਠੇ ਪਦਾਰਥਾਂ ਨਾਲ ਤੇਰੀ ਪੂਜਾ ਨਹੀਂ ਕਰ ਸਕਦਾ ਫਿਰ ਹੁਣ ਤੇਰਾ ਦਾਸ ਤੇਰੀ ਪੂਜਾ ਕਿਵੇਂ ਕਰੇ?॥3॥

ਤਨੁ ਮਨੁ ਅਰਪਉ ਪੂਜ ਚਰਾਵਉ
ਗੁਰ ਪਰਸਾਦਿ ਨਿਰੰਜਨੁ ਪਾਵਉ॥4॥

ਇਸ ਕਰਕੇ ਹੇ ਪ੍ਰਭ ਮੈਂ ਆਪਣਾ ਤਨ ਤੇ ਮਨ ਤੇਰੀ ਪੂਜਾ ਲਈ ਅਰਪਨ ਕਰਦਾ ਹਾਂ ਅਤੇ ਬ੍ਰਹਮ ਗੁਰੂ ਦੀ ਕਿਰਪਾ ਨਾਲ ਜਦ ਤੈਨੂੰ (ਪ੍ਰਭ ਨੂੰ) ਇਹ ਚੜ੍ਹਾਵਾ ਪ੍ਰਵਾਨ ਹੋ ਗਿਆ ਤਦ ਮੈਂ ਪ੍ਰਭ ਨੂੰ ਪ੍ਰਾਪਤ ਕਰ ਸਕਾਂਗਾ॥4॥

ਪੂਜਾ ਅਰਚਾ ਆਹਿ ਨ ਤੋਰੀ॥
ਕਹਿ ਰਵਿਦਾਸ ਕਵਨ ਗਤਿ ਮੋਰੀ॥5॥

(ਪੰਨਾ 525)

ਗੁਰੁ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਹੇ ਪ੍ਰਭ! ਜੇਕਰ ਤੇਰੀ ਪੂਜਾ ਲਈ ਇਹ ਪਦਾਰਥ ਜ਼ਰੂਰੀ ਹੁੰਦੇ ਤਾਂ ਸੁੱਚੇ ਪਦਾਰਥ ਨਾ ਮਿਲਣ ਕਾਰਨ ਮੈਥੋਂ ਤੇਰੀ ਪੂਜਾ ਨਹੀਂ ਸੀ ਹੋ ਸਕਣੀ ਤਦ ਮੇਰਾ ਕੀ ਹਾਲ ਹੁੰਦਾ?॥5॥

ਧਨਾਸਰੀ ਭਗਤ ਰਵਿਦਾਸ ਜੀ ਕੀ

ੴ ਸਤਿਗੁਰ ਪ੍ਰਸਾਦਿ॥

ਨਾਮ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ
ਝੂਠੇ ਸਗਲ ਪਸਾਰੇ॥1॥ਰਹਾਉ॥

ਗੁਰੂ ਰਵਿਦਾਸ ਜੀ ਪ੍ਰਚੱਲਿਤ ਆਰਤੀ ਦੀ ਥਾਂ ਆਪਣੀ ਨਵੀਂ ਆਰਤੀ ਮਨੁੱਖਤਾ ਨੂੰ ਪ੍ਰਦਾਨ ਕਰਦੇ ਫੁਰਮਾਉਂਦੇ ਹਨ ਕਿ ਹੇ ਹਰੀ ਪ੍ਰਭ! ਮੇਰੇ ਲਈ ਤੇਰੇ ਨਾਮ ਦਾ ਸਿਮਰਨ ਹੀ ਆਰਤੀ ਹੈ ਅਤੇ ਸਿਮਰਨ ਹੀ ਤੀਰਥਾਂ ਦਾ ਇਸ਼ਨਾਨ ਹੈ। ਇਸ ਤੋਂ ਬਿਨਾਂ ਸਭ ਝੂਠ ਦਾ ਪਾਸਾਰਾ ਅਤੇ ਲੋਕ ਵਿਖਾਵਾ ਹੈ॥1॥ਰਹਾਉ॥

ਨਾਮ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥1॥

ਮੇਰੇ ਲਈ ਤੇਰਾ ਨਾਮ ਹੀ ਆਸਣ, ਚੰਦਨ ਪੀਹਣ ਦਾ ਪੱਥਰ ਤੇ ਨਾਮ ਹੀ ਕੇਸਰ ਦੇ ਛਿੱਟੇ ਦੇਣਾ ਹੈ।ਤੇਰੇ ਨਾਮ ਦਾ ਜਾਪ ਹੀ ਮੇਰੇ ਲਈ ਜਲ, ਚੰਦਨ ਹੈ ਤੇ ਮੈਂ ਨਾਮ ਰੂਪੀ ਜਲ ਅਤੇ ਚੰਦਨ ਘਸਾ ਕੇ ਤੈਨੂੰ ਚੜ੍ਹਾਉਂਦਾ ਹਾਂ॥1॥

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ॥2॥

ਤੇਰੇ ਨਾਮ ਦਾ ਜਾਪ ਦੀਵਾ, ਬੱਤੀ ਤੇ ਉਸ ਵਿੱਚ ਪਾਇਆ ਤੇਲ ਹੈ। ਇਸ ਤਰ੍ਹਾਂ ਮੈਂ ਤੇਰੇ ਨਾਮ ਦੀ ਹੀ ਜੋਤ ਜਗਾਈ ਹੈ ਜਿਸ ਨਾਲ ਸਾਰੇ ਬ੍ਰਹਿਮੰਡ ਵਿੱਚ ਪ੍ਰਕਾਸ਼ ਹੋ ਗਿਆ ਹੈ॥2॥

ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ
ਭਾਰ ਅਠਾਰਹ ਸਗਲ ਜੂਠਾਰੇ॥
ਤੇਰੋ ਕੀਆ ਤੁਝਹਿ ਕਿਆ ਅਰਪਉ
ਨਾਮੁ ਤੇਰਾ ਤੁਹੀ ਚਵਰ ਢੋਲਾਰੇ॥3॥

ਤੇਰਾ ਨਾਮ ਹੀ ਧਾਗਾ ਅਤੇ ਫੁੱਲਾਂ ਦੀ ਮਾਲਾ ਹੈ।ਇਸ ਦੇ ਟਾਕਰੇ ਸਾਰੀ ਬਨਸਪਤੀ ਦੇ ਅਠਾਰਾਂ ਭਾਰ ਜੂਠੇ ਹਨ।ਹੇ ਪ੍ਰਭ! ਜੇ ਮੈਂ ਤੇਰੀ ਹੀ ਪੈਦਾ ਕੀਤੀ ਸਮੱਗਰੀ ਤੈਨੂੰ ਹੀ ਭੇਟ ਕਰਦਾ ਹਾਂ ਤਾਂ ਮੈਂ ਆਪਣੇ ਕੋਲੋਂ ਕੀ ਅਰਪਣ ਕੀਤਾ? ਇਸ ਕਰਕੇ ਮੈਂ ਤੈਨੂੰ ਤੇਰੇ ਨਾਮ ਦਾ ਚੌਰ ਹੀ ਝੁਲਾਉਂਦਾ ਹਾਂ॥3॥

ਦਸ ਅਠਾ, ਅਠਸਠੇ, ਚਾਰੇ ਖਾਣੀ
ਇਹੈ ਵਰਤਣਿ ਹੈ ਸਗਲ ਸੰਸਾਰੇ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥4॥

(ਪੰਨਾ 694)

ਸਾਰਾ ਸੰਸਾਰ ਅਠਾਰਾਂ ਪੁਰਾਣਾਂ, ਅਠਾਹਟ ਤੀਰਥਾਂ ਦੇ ਇਸ਼ਨਾਨਾਂ ਨੂੰ ਪੁੰਨ ਕਰਮ ਸਮਝ ਕੇ ਚਾਰ ਖਾਣੀਆਂ ( ਅੰਡਜ਼, ਜੇਰਜ਼, ਸੇਤਜ, ਉਤਭੁਜ ) ਦੀਆਂ ਜੂਨਾਂ ਵਿਚ ਭਟਕ ਰਿਹਾ ਹੈ।ਪ੍ਰੰਤੂ ਗੁਰੂ ਰਵਿਦਾਸ ਜੀ ਦ੍ਰਿੜ੍ਹ ਕਰਦੇ ਹਨ ਕਿ ਹੇ ਪ੍ਰਭ! ਮੇਰੇ ਲਈ ਤੇਰਾ ਨਾਮ ਸਿਮਰਨ ਹੀ ਸੱਚੀ ਆਰਤੀ ਹੈ ਅਤੇ ਮੈਂ ਸਤਿਨਾਮ ਦੇ ਸਿਮਰਨ ਦਾ ਹੀ ਤੈਨੂੰ ਭੋਗ ਲਗਾਉਂਦਾ ਹਾਂ॥4॥

ਮਲਾਰ ਬਾਣੀ ਭਗਤ ਰਵਿਦਾਸ ਜੀ ਕੀ

ੴਸਤਿਗੁਰ ਪ੍ਰਸਾਦਿ॥

ਹਰਿ ਜਪਤ ਤੇਊ ਜਨਾ ਪਦਮ ਕਲਵਾਸ ਪਤਿ

ਤਾਸ ਸਮ ਤੁਲਿ ਨਾਹੀ ਆਨ ਕੋਉ॥

ਜਿਹੜਾ ਸਾਧਕ ਪ੍ਰਭ ਦਾ ਸਿਮਰਨ ਕਰਦਾ ਹੈ, ਉਸ ਦੇ ਬਰਾਬਰ ਨਾ ਤਾਂ ਪਦਮਾਪਤੀ ਭਾਵ ਵਿਸ਼ਨੂੰ, ਨਾ ਕਵਲਾਪਤੀ ਭਾਵ ਸ਼ਿਵ ਅਤੇ ਆਨ ਕੋਊ ਭਾਵ ਬ੍ਰਹਮਾ ਵੀ ਨਹੀਂ ਹੈ।

ਏਕ ਹੀ ਏਕ ਅਨੇਕ ਹੋਇ ਬਿਸਥਰਿਓ
ਆਨ ਰੇ ਆਨ ਭਰਪੂਰਿ ਸੋਊ॥1॥ਰਹਾਉ॥

ਪਾਰਬ੍ਰਹਮ ਕੇਵਲ ਤੇ ਕੇਵਲ ਇਕ ਹੈ ਅਤੇ ਉਹ ਅਨੇਕਾਂ ਰੂੁਪ ਧਾਰ ਕੇ ਸ੍ਰਿਸ਼ਟੀ ਦੇ ਕਣ-ਕਣ ਵਿਚ ਵਸ ਰਿਹਾ ਹੈ।1॥॥ਰਹਾਉ॥

ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ
ਤਾਸ ਕੀ ਜਾਤਿ ਆਛੋਪ ਛੀਪਾ॥
ਬਿਆਸ ਮਹਿ ਲੇਖੀਐ, ਸਨਕ ਮਹਿ ਪੇਖੀਐ
ਨਾਮ ਕੀ ਨਾਮਨਾ ਸਪਤ ਦੀਪਾ॥1॥

(ਗੁਰੂ) ਨਾਮਦੇਵ ਜੀ ਛੀਂਬਾ ਜਾਤ ਨਾਲ ਸੰਬੰਧਿਤ ਸਨ।ਉਨ੍ਹਾਂ ਨੇ ਇਕ ਪ੍ਰਭ ਦੀ ਸਿਫ਼ਤ ਸਲਾਹ ਲਿਖੀ, ਕਿਸੇ ਹੋਰ ਦੀ ਪੂਜਾ ਨਹੀਂ ਕੀਤੀ।ਵੇਦਾਂ ਦਾ ਗਿਆਤਾ ਮਹਾਂਰਿਸ਼ੀ ਵਿਆਸ ਸ਼ੂਦਰ ਸੀ ਅਤੇ ਸਨਕ ਜਿਸ ਦਾ ਗੁਰੂ ਸ਼ੂਦਰ ਸੀ, ਦੇ ਗ੍ਰੰਥਾਂ ਵਿਚ ਦਰਜ ਹੈ ਕਿ ਨਾਮ ਦੇ ਸਿਮਰਨ ਦੀ ਮਹਿਮਾਂ ਸੰਸਾਰ ਵਿਚ ਪ੍ਰਸਿੱਧ ਹੈ॥2॥

ਜਾ ਕੈ ਈਦਿ ਬਕਰੀਦ ਕੁਲ
ਗਊ ਰੇ ਬਧੁ ਕਰਹਿ
ਮਾਨੀਅਹਿ ਸੇਖ, ਸਹੀਦ, ਪੀਰਾ॥
ਜਾ ਕੈ ਬਾਪ ਵੈਸੀ ਕਰੀ, ਪੂਤ ਐਸੀ ਸਰੀ
ਤਿਹੂ ਰੇ ਲੋਕ ਪਰਸਿਧ ਕਬੀਰਾ॥2॥

ਜਿਸ (ਗੁਰੂ) ਕਬੀਰ ਦੇ ਵਡੇਰੇ ਈਦ ਅਤੇ ਬਕਰੀਦ ਵਾਲੇ ਦਿਨ ਗਾਵਾਂ ਦੀਆਂ ਬਲੀਆਂ ਦਿੰਦੇ ਸਨ ਅਤੇ ਸ਼ੇਖਾਂ, ਸ਼ਹੀਦਾਂ ਅਤੇ ਪੀਰਾਂ ਦੀ ਮਾਨਤਾ ਕਰਦੇ ਸਨ।ਉਸ (ਗੁਰੂ) ਕਬੀਰ ਦੇ ਬਾਪ ਨੇ ਵੀ ਉਸੇ ਤਰ੍ਹਾਂ ਹੀ ਕੀਤੀ ਜਿਵੇਂ ਉਸ ਦੇ ਬਾਪ ਤੇ ਬਾਬੇ ਦਾਦੇ ਕਰਦੇ ਆਏ ਸਨ।ਪ੍ਰੰਤੂ ਉਨ੍ਹਾਂ ਦੇ ਪੁੱਤਰ (ਗੁਰੂ) ਕਬੀਰ ਤੋਂ ਇਹੋ ਜਿਹੀ ਹੀ ਸਰ ਸਕੀ (ਭਾਵ ਉਨ੍ਹਾਂ ਨੇ ਕੇਵਲ ਪ੍ਰਭ ਦਾ ਸਿਮਰਨ ਹੀ ਕੀਤਾ, ਇਹ ਕਰਮਕਾਂਡ ਨਹੀਂ ਕੀਤੇ) ਇਸ ਨਾਮ ਸਿਮਰਨ ਕਰਕੇ ਉਹ ਦੁਨੀਆ ਵਿਚ ਪ੍ਰਸਿੱਧ ਹੋਏ॥2॥

ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ
ਅਜਹੁ ਬੰਨਾਰਸੀ ਆਸ ਪਾਸਾ॥
ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ
ਤਿਨ ਤਨੈ ਰਵਿਦਾਸ ਦਾਸਾਨ ਦਾਸਾ॥3॥

(ਪੰਨਾ 1293)

ਜਿਸ ਦੀ ਕੁੱਲ ਦੇ ਲੋਕ ਅੱਜ ਤੱਕ ਬਨਾਰਸ ਦੇ ਆਲੇ-ਦੁਆਲੇ ਮਰੇ ਪਸ਼ੂ ਢੋਂਹਦੇ ਫਿਰਦੇ ਸਨ, ਹੇ ਪ੍ਰਭ! ਤੇਰੇ ਸਿਮਰਨ ਦੇ ਸਦਕਾ ਉਸ ਕੁਟੰਬ ਵਿਚੋਂ ਤੇਰੇ ਦਾਸਾਂ ਦੇ ਦਾਸ ਰਵਿਦਾਸ ਨੂੰ ਬ੍ਰਾਹਮਣ ਧਰਤੀ ’ਤੇ ਡੰਡੇ ਵਾਂਗ ਲੰਮੇ ਪੈ-ਪੈ ਕੇ ਨਮਸਕਾਰਾਂ ਕਰਦੇ ਹਨ। ਇਹ ਸਭ ਤੇਰੇ ਨਾਮ ਦੀ ਬਰਕਤ ਨਾਲ ਹੀ ਹੈ॥3॥

— ਸੰਪਨ —