ਬੇਗਮਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਬੇਗਮਪੁਰਾ ਸ਼ਹਿਰ ਦਾ ਭਾਵ :-
“ਬੇਗਮ ਪੁਰਾ ਸਹਰ” ਸ਼ਬਦ ਸ੍ਰੀ ਗੁਰੂ ਰਵਿਦਾਸ ਜੀ ਦੇ ਗਉੜੀ ਰਾਗ ਦੇ ਵਿਸ਼ਵ ਵਿਆਪੀ ਮਹਾਨ ਸ਼ਬਦ “ਬੇਗਮ ਪੁਰਾ ਸਹਿਰ ਕੋ ਨਾਉ॥” ਵਿਚ ਅੰਕਿਤ ਹੈ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਨਾ 345 ਉੱਤੇ ਦਰਜ਼ ਹੈ। ਸ਼ਬਦ ਦਾ ਰਚਨਾਕਾਲ 1300 ਤੋਂ 1400 ਈਸਵੀ ਤੱਕ ਦਾ ਵਿਚਕਾਰਲਾ ਸਮਾਂ ਹੈ। ਸ਼ਬਦ ਹੈ “ਬੇਗਮ ਪੁਰਾ ਸਹਰ” ਬੇਗਮ ਤੋਂ ਭਾਵ ਬੇ-ਗ਼ਮ ਭਾਵ ਗ਼ਮ ਤੋਂ ਰਹਿਤ ਅਰਥਾਤ ਅਨੰਦ ਭਰਪੂਰ ਅਤੇ ਪੁਰਾ ਦਾ ਭਾਵ ਹੈ ਨਗਰ ਜਾਂ ਰਹਿਣ ਦੀ ਥਾਂ। ਸਹਰ ਤੋਂ ਭਾਵ ਹੈ ਵਿਸ਼ਵ ਵਤਨ ।
ਸਮੁੱਚਾ ਭਾਵ :– ਵਿਸ਼ਵ-ਵਤਨ ਜਿਸ ਦਾ ਨਾਉ ਬੇਗ਼ਮਪੁਰਾ ਹੈ, ਜੋ ਪਰਮ ਅਨੰਦ ਨਾਲ ਭਰਪੂਰ ਹੈ। ਇਸ ਵਤਨ ਦਾ ਮਨੁੱਖ ਸਮਾਜਕ, ਸਦਾਚਾਰਕ, ਵਿਦਿਅਕ, ਧਾਰਮਕ ਆਦਿ ਹਰ ਕਿਸਮ ਦੇ ਦੁੱਖ ਤੋਂ ਮੁਕਤ ਹੈ ਅਤੇ ਨਾਲ ਹੀ ਚਿੰਤਾ ਅਤੇ ਘਬਰਾਹਟ ਤੋਂ ਮੁਕਤ ਹੈ।
ਇਸ ਪਾਵਨ ਸ਼ਬਦ ਦੇ ਅਰਥ ਅਤੇ ਸ਼ਬਦ ਦਾ ਅੰਤਰੀਵ ਵਿਚਾਰ ਵਿਧਾਨ— ਐਡਵੋਕੇਟ ਪ੍ਰੋਫੈਸਰ ਲਾਲ ਸਿੰਘ ਆਪਣੀ ਪੁਸਤਕ “ਸਟੀਕ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਅਤੇ ਤੱਤ-ਸਿਧਾਂਤ” ਵਿੱਚ ਇਸ ਪ੍ਰਕਾਰ ਕਰਦੇ ਹਨ।
ਗਉੜੀ ਰਾਗ ਦਾ ਸੁਭਾਅ :– ਸ਼ਬਦ ਦਾ ਹਰ ਬੰਦ ਆਪਣੇ ਆਪ ਵਿੱਚ ਇੱਕ ਸਿਧਾਂਤ ਸਮੋਈ ਬੈਠਾ ਹੈ। ਇਸ ਦੀ ਪ੍ਰੋੜਤਾ ਭਾਰਤ ਦੇ ਪ੍ਰਸਿੱਧ ਸੰਗੀਤ-ਸਾਸ਼ਤਰੀਆਂ ਦੀ ਰਾਗ ਨਿਰਣਾਇਕ ਕਮੇਟੀ ਨੇ ਕੀਤੀ ਹੈ:-
“ਗਉੜੀ, ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ। ਵਿਲਕਦੀ ਆਤਮਾ, ਕ੍ਰਿਪਾ ਦੀ ਜਾਚਨਾ ਕਰਦੀ ਹੈ, ਤੇ ਆਪੇ ਦੀ ਖੋਜ ਕਰਦੀ ਹੈ, ਇਸ ਲਈ ਇਸ ਰਾਗ ਵਿੱਚ ਗੁਰੂ ਸਾਹਿਬ ਨੇ ਮਨ, ਮਤਿ, ਬੁੱਧੀ, ਆਤਮਾ, ਮੌਤ, ਮੁਕਤੀ ਆਦਿਕ ਗੰਭੀਰ ਵਿਸ਼ਿਆਂ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ।’ ਪੁਸਤਕ :- ਰਾਗ ਨਾਦ ਸਬਦਿ ਸੋਹਣੇ ਪੰਨਾ- 52
ਸ਼ਬਦ ਦੇ ਅਰਥ (ਵਿਆਖਿਆ ):-
ਵਿਸ਼ਵ-ਵਤਨ ਜਿਸ ਦਾ ਨਾਉ ਬੇਗ਼ਮਪੁਰਾ ਹੈ, ਪਰਮ ਅਨੰਦ ਨਾਲ ਭਰਪੂਰ ਹੈ। ਇਸ ਵਤਨ ਦਾ ਮਨੁੱਖ ਸਮਾਜਕ, ਸਦਾਚਾਰਕ, ਵਿਦਿਅਕ, ਧਾਰਮਕ ਆਦਿ ਹਰ ਕਿਸਮ ਦੇ ਦੁੱਖ ਤੋਂ ਮੁਕਤ ਹੈ ਅਤੇ ਨਾਲ ਹੀ ਚਿੰਤਾ ਅਤੇ ਘਬਰਾਹਟ ਤੋਂ ਮੁਕਤ ਹੈ। ਵਿਸ਼ਵ ਦਾ ਮਨੁਖ ਮਾਨਸਿਕ ਤੌਰ ਤੇ ਸੁਤੰਤਰ ਹੈ। ਮਨੁੱਖ ਨੂੰ ਕਰ ਦੇਣ ਦੀ ਘਬਰਾਹਟ ਨਹੀਂ ਅਤੇ ਨਾ ਹੀ ਕੋਈ ਰਾਜਾ ਦੂਜੇ ਰਾਜੇ ਨੂੰ ਅਧੀਨਗੀ ਕਰ (ਖਿਰਾਜ) ਦੇਣ ਦੀ ਚਿੰਤਾ ਵਿੱਚ ਹੈ। ਭਾਵ ਇਸ ਪਾਤਸ਼ਾਹੀ ਵਿੱਚ (ਸਦੀਵੀ ਪਾਤਸ਼ਾਹ ਤੋਂ ਬਿਨਾਂ) ਕੋਈ ਰਾਜਾ ਹੀ ਨਹੀਂ ਹੈ। ਇਹ ਸਾਮੰਤੀ-ਯੁਗ ਦਾ ਖਾਤਮਾ ਹੈ। ਇਸ ਕਾਰਣ ਕਿਸੇ ਦੀ ਕੋਈ ਜੱਦੀ ਜਾਂ ਨਿੱਜੀ ਜਾਇਦਾਦ ਨਹੀਂ ਹੈ। ਇਥੋਂ ਦਾ ਸ਼ਹਿਰੀ ਆਰਥਕ ਤੌਰ ਤੇ ਸੁਤੰਤਰ ਹੈ। ਇਹ ਸਮਾਜਵਾਦੀ ਲੋਕਤੰਤਰ ਯੁਗ ਹੈ। ਸੋ ਰਾਜਿਆਂ ਦੇ ਜ਼ੁਲਮਾਂ ਦਾ ਡਰ ਨਹੀਂ ਹੈ, ਆਪਸੀ ਵੈਰ-ਵਿਰੋਧ ਨਹੀਂ। ਇਸ ਵਤਨ ਦਾ ਸ਼ਹਿਰੀ ਨਿਰਭਉ ਅਤੇ ਨਿਰਵੈਰ ਹੈ, ਇਥੋਂ ਤੱਕ ਕਿ ਇੱਛਾਵਾਂ ਤੇ ਕਾਬੂ ਹੋਣ ਕਰਕੇ ਕਿਸੇ ਵੀ ਕਿਸਮ ਦੀ ਅਵਉੱਨਤੀ ਦਾ ਡਰ ਨਹੀਂ ਹੈ। ਇਸ ਤਰ੍ਹਾਂ ਇਥੇ ਦਾ ਸ਼ਹਿਰੀ ਰਾਜਨੀਤਕ ਤੌਰ ਤੇ ਸੁਤੰਤਰ ਹੈ। ਸਿੱਟੇ ਵਜੋਂ ਵਿਸ਼ਵ ਵਤਨ ਹਰ ਪੱਖੋਂ ਪਰਮ ਅਨੰਦ ਨਾਲ ਭਰਪੂਰ ਹੈ॥੧॥
ਹੇ ਮੇਰੇ ਭਾਈ! ਹੁਣ ਮੈਂ ਅਜਿਹੇ ਉੱਤਮ ਵਤਨ ਦਾ ਸ਼ਹਿਰੀ ਹਾਂ, ਜਿਥੇ ਹਰ ਤਰ੍ਹਾਂ ਦਾ, ਹਰ ਪੱਖੋਂ ਉੱਤਮ ਸੁੱਖ ਹੈ, ਸਦੀਵੀ ਪਰਮ ਆਨੰਦ ਹੈ। ਸੋ ਇਹ ਵਿਸ਼ਵ-ਮਾਨਵਵਾਦੀ ਵਤਨ ਹੈ ਜਿਥੇ ਪਾਤਸ਼ਾਹ ਅਤੇ ਪਰਜਾ ਦਾ ਰਿਸ਼ਤਾ ਸਦੀਵੀ ਸੁਖ, ਅਨੰਦ ਅਤੇ ਪਿਆਰ ਵਾਲਾ ਹੈ॥੧॥ ਰਹਾਉ॥
ਇਹ ਸਥਿਰ, ਅਟੱਲ ਅਤੇ ਸੀਮਾ-ਰਹਿਤ ਸਦੀਵੀ ਪਾਤਸ਼ਾਹੀ ਹੈ। ਇਹ ਰੂਹਾਨੀ ਵਿਸ਼ਵ-ਵਤਨ ਸਦਾ ਤੋਂ ਹੀ ਪ੍ਰਸਿੱਧ ਹੈ। ਇਸ ਦੇ ਸ਼ਹਿਰੀ ਦੂਜੇ, ਤੀਜੇ ਦਰਜੇ ਦੇ ਨਹੀਂ ਹਨ; ਉਨ੍ਹਾਂ ਦੇ ਹਰ ਪੱਖੋਂ ਹਰ ਖੇਤਰ ਵਿਚ ਬਰਾਬਰੀ ਵਾਲੇ ਅਧਿਕਾਰ ਹਨ ਉਹ ਸਦਾਚਾਰਕ ਅਤੇ ਆਤਮਕ ਸ਼ਕਤੀ ਵਿੱਚ ਭਰਪੂਰ, ਸੂਝ-ਬੂਝ ਅਤੇ ਸਬਰ-ਸੰਤੋਖ ਵਾਲੇ, ਹਰ ਪੱਖੋਂ ਸੰਤੁਸ਼ਟ ਹਨ। ਇਸ ਤਰ੍ਹਾਂ ਇਥੇ ਤਾਨਾਸ਼ਾਹੀ ਨਹੀਂ ਹੈ। ਇਹ ਵਿਸ਼ਵ ਸਰਕਾਰ (World Government) ਨਿਆਂ, ਬਰਾਬਰੀ ਅਤੇ ਪਿਆਰ ਵਿਚੋਂ ਜਨਮੀ ਹੈ, ਜਿਸ ਦਾ ਭਾਈਚਾਰਾ ਸੂਝ-ਬੂਝ, ਸਬਰ-ਸੰਤੋਖ, ਨਿਰਭਉ, ਨਿਰਵੈਰ, ਸਦਾਚਾਰਕ ਅਤੇ ਆਤਮਕ ਸ਼ਕਤੀ ਸੰਪੰਨ ਹੈ॥੨॥
ਬੇਗ਼ਮਪੁਰਾ ਦੇ ਵਾਸੀ ਜਿਵੇਂ ਵੀ ਉਹ ਚਹੁਣ ਅਨੰਦ ਨਾਲ ਹਰ ਥਾਂ ਟਹਿਲਦੇ ਫਿਰਦੇ ਹਨ। ਘੁੰਮਣ ਫਿਰਨ ਦੀ ਆਜ਼ਾਦੀ ਹੈ (Freedom of Movement) ਮਹਿਲਾਂ ਦੇ ਪੂਰਨ ਭੇਤੀ ਵੀ ਉਨ੍ਹਾਂ ਨੂੰ ਨਹੀਂ ਰੋਕਦੇ। ਭਾਵ ਪਰਜਾ, ਪਾਤਸ਼ਾਹ ਦੇ ਹਰ ਭੇਦ ਤੋਂ ਜਾਣੂ ਹੈ। ਪਾਤਸ਼ਾਹ ਅਤੇ ਪਰਜਾ ਦੇ ਪਰਸਪਰ ਸੰਬੰਧ ਡੂੰਘੇ ਵਿਸ਼ਵਾਸ਼ ਅਤੇ ਪ੍ਰੇਮ ਤੇ ਟਿਕੇ ਹੋਏ ਹਨ। ਇਸ ਵਤਨ ਦੇ ਵਾਸੀ ਚਮਾਰ ਰਵਿਦਾਸ ‘ਖਾਲਸਾ’ ਫਰਮਾਉਂਦੇ ਹਨ ਕਿ ਜੋ ਵੀ ਇਸ ਵਿਸ਼ਵ-ਵਤਨ ਦਾ ਸ਼ਹਿਰੀ ਹੈ, ਓਹੋ ਹੀ ਸਾਡਾ ਮਿੱਤਰ ਹੈ, ਭਾਵ ਸਮੁੱਚਾ ਵਿਸ਼ਵ ਸਮਾਜ ਮਿੱਤਰਤਾ ਵਿੱਚ ਬੱਝਾ ਹੋਇਆ ਹੈ, ਵਿਸ਼ਵ ਭਾਈਚਾਰੇ ਦਾ ਆਧਾਰ ਕੇਵਲ ਤੇ ਕੇਵਲ ਆਪਸੀ ਪਿਆਰ ਹੀ ਹੈ॥੩॥
ਇਹੋ ਹੀ ਵਿਸ਼ਵ ਸਰਕਾਰ ਜਾਂ ਵਿਸ਼ਵ-ਖਾਲਸਾ ਰਾਜ ਦਾ ਆਧਾਰ ਹੈ ਅਤੇ ਇਹੋ ਹੀ ‘ਬੇਗ਼ਮਪੁਰਾ’ ਹੈ।
ਸ਼ਬਦ ਦਾ ਅੰਤਰੀਵ ਵਿਚਾਰ ਵਿਧਾਨ:-
ਇਸ ਸ਼ਬਦ ਵਿੱਚ ਸਾਰੇ ਧਰਮਾਂ ਖਾਸ ਕਰਕੇ ਹਿੰਦੂ ਧਰਮ ਦੀਆਂ ਅਤੇ ਸਾਰੇ ਰਾਜਨੀਤਕ ਪ੍ਰਬੰਧਾਂ ਦੀਆਂ ਪੁਰਾਣੀਆਂ ਸੰਸਥਾਵਾਂ ਨੂੰ ਰੱਦ ਕੀਤਾ ਗਿਆ ਹੈ। ਇਹ ਸੰਸਥਾਵਾਂ ਪਿਛੋਕੜ ਵਿੱਚ ਵਿਚਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੀ ਥਾਂ ਤੇ ਨਵੇਂ ਪ੍ਰਬੰਧ ਸਥਾਪਤ ਕੀਤੇ ਗਏ ਹਨ। ਇਹਨਾਂ ਦੇ ਸਥਾਪਤ ਹੋਣ ਨਾਲ ਹੀ ਪਿਛੋਕੜ ਵਿੱਚ ਵਿਚਰ ਰਹੀਆਂ ਪੁਰਾਣੀਆਂ ਸੰਸਥਾਵਾਂ ਆਪਣੇ ਆਪ ਹੀ ਰੱਦ ਹੋ ਗਈਆਂ ਹਨ।
ਸੋ ਬੰਦ ਨੰ. ੧ ਦੀਆਂ ਪਹਿਲੀਆਂ ਦੋ ਤੁਕਾਂ ਵਿੱਚ ਸਮਾਜਕ, ਧਾਰਮਕ, ਸਦਾਚਾਰਕ ਵਿਦਿਅਕ ਆਦਿ ਨਾਲ ਸੰਬੰਧਤ ਦੁੱਖ ਦੀ ਮੁਕਤੀ ਦਾ ਜ਼ਿਕਰ ਹੈ।
ਇਸ ਬੰਦ ਦੀਆਂ ਪਿਛਲੀਆਂ ਦੋ ਤੁੱਕਾਂ ਵਿੱਚ ਆਰਥਕ, ਰਾਜਨੀਤਕ ਅਤੇ ਹੋਰ ਇੱਛਾਵਾਂ ਦੀ ਮੁਕਤੀ ਦਾ ਜ਼ਿਕਰ ਹੈ। ਇਸ ਬੰਦ ਦੇ ਪਿਛੋਕੜ ਵਿੱਚ ਵਿਚਰ ਰਹੇ ਧਰਮਾਂ ਦੇ ਜੁਲਮਾਂ ਦਾ ਅੰਤ ਹੈ। ਇਸ ਬੰਦ ਵਿੱਚ ਮਨੁੱਖ ਮਾਨਸਿਕ ਤੌਰ ਤੇ ਸੁਤੰਤਰ ਹੈ। ਸਾਮੰਤਸ਼ਾਹੀ ਦਾ ਅੰਤ ਕਰਕੇ ਜੱਦੀ ਅਤੇ ਨਿੱਜੀ ਜਾਇਦਾਦ ਦਾ ਹੱਕ ਖਤਮ ਕਰਕੇ ਸਮਾਜਵਾਦੀ ਲੋਕਤੰਤਰ ਸਥਾਪਤ ਕੀਤਾ ਹੈ। ਇਸ ਕਾਰਣ ਇਸ ਵਿਸ਼ਵ-ਵਤਨ ਦਾ ਸ਼ਹਿਰੀ ਨਿਰਭਉ ਅਤੇ ਨਿਰਵੈਰ ਹੈ, ਆਰਥਕ ਅਤੇ ਰਾਜਨੀਤਕ ਤੌਰ ਤੇ ਸੁਤੰਤਰ ਹੈ, ਇਸ ਕਰਕੇ ਹਰ ਪੱਖੋਂ ਪਰਮ ਆਨੰਦ ਭਰਪੂਰ ਹੈ। ਇਹ ਨਵਾਂ ਸੰਵਿਧਾਨ ਹੈ ਵਿਸ਼ਵ ਸਰਕਾਰ ਦਾ।
ਗੁਰੂ ਰਵਿਦਾਸ ਜੀ ‘ਰਹਾਉ’ ਵਿੱਚ ਇਹ ਪਰਪੱਕ ਕਰਦੇ ਹੋਏ ਪ੍ਰੋੜਤਾ ਕਰਦੇ ਹਨ ਕਿ ਮੈਂ ਇਸ ਉੱਤਮ ਵਤਨ ਦਾ ਸ਼ਹਿਰੀ ਹਾਂ। ਇਸ ਤਰ੍ਹਾਂ ਉਹ ਉਪਰੋਕਤ ਵਿਸ਼ਵ-ਵਤਨ ਦੀ ਹਕੀਕਤ ਨੂੰ ਦ੍ਰਿੜ ਕਰਦੇ ਹਨ। ਵਿਸ਼ਵ ਮਾਨਵ-ਵਾਦੀ ਵਤਨ ਦੇ ਪਾਤਸ਼ਾਹ ਦਾ ਰਿਸ਼ਤਾ ਸਦੀਵੀ ਪਿਆਰ ਵਾਲਾ ਹੈ। ਬੰਦ ਨੰ. ੧ ਵਿੱਚ ਸਿਰਜਿਆ ਗਿਆ ਵਿਸ਼ਵ-ਸਰਕਾਰ ਦਾ ਸੰਵਿਧਾਨ, ਗੁਰੂ ਰਵਿਦਾਸ ਜੀ ਦੇ ਵਿਸ਼ਵ ਵਤਨ ਦਾ ਹੈ, ਜਿਥੇ ਉਹ ਰਹਿੰਦੇ ਹਨ।
ਬੰਦ ਨੰ. ੨ ਵਿੱਚ ਇਸ ਅਗਮੀ, ਸਥਿਰ, ਅਟੱਲ, ਅਸੀਮ ਅਤੇ ਸਦੀਵੀ ਪਾਤਸ਼ਾਹੀ ਦੇ ਸ਼ਹਿਰੀਆਂ ਬਾਰੇ ਫਰਮਾਉਂਦੇ ਹਨ ਕਿ ਉਨ੍ਹਾਂ ਦੇ ਵਤਨ ਦੇ ਸ਼ਹਿਰੀ, ਰੂਹਾਨੀ ਵਤਨ ਦੇ ਵਾਸੀ ਹਨ, ਉਹ ਆਤਮਕ ਤੌਰ ਤੇ ਭਰਪੂਰ ਅਤੇ ਪਦਾਰਥਕ ਤੌਰ ਤੇ ਸਬਰ-ਸੰਤੋਖੀ ਅਤੇ ਸੰਤੁਸ਼ਟ ਹਨ। ਸੋ ਰੂਹਾਨੀ ਵਤਨ ਦੇ ਸ਼ਹਿਰੀ ਵੀ ਸਦਾਚਾਰਕ ਅਤੇ ਆਤਮਕ ਸ਼ਕਤੀਆਂ ਵਿੱਚ ਭਰਪੂਰ ਹਨ।
ਬੰਦ ਨੰ. ੩ ਵਿੱਚ ਗੁਰੂ ਰਵਿਦਾਸ ਜੀ ਸਦੀਵੀ ਪਾਤਸ਼ਾਹੀ ਅਤੇ ਉਨ੍ਹਾਂ ਦੇ ਸ਼ਹਿਰੀਆਂ ਦੇ ਸੰਬੰਧਾਂ ਬਾਰੇ ਚਰਚਾ ਕਰਦੇ ਹਨ ਕਿ ਹਰ ਸ਼ਹਿਰੀ ਨੂੰ ਹਰ ਸਮੇਂ ਆਪਣੇ ਪਾਤਸ਼ਾਹ ਨੂੰ ਬਿਨਾਂ ਰੋਕ ਟੋਕ ਤੋਂ ਮਿਲਣ ਦੀ ਖੁਲ ਹੈ, ਵਤਨ ਦੇ ਹਰ ਕੋਨੇ ਵਿੱਚ ਜਾਣ ਦੀ ਸੁਤੰਤਰਤਾ ਹੈ (Freedom of Movement), ਪਾਤਸ਼ਾਹ ਦੇ ਮਹਿਲਾਂ ਵਿੱਚ ਹਰ ਥਾਂ ਜਾਣ ਦੀ ਖੁਲ੍ਹ ਹੈ। ਇਹ ਪਾਤਸ਼ਾਹ ਅਤੇ ਸ਼ਹਿਰੀਆਂ ਦੀ ਬਹੁਤ ਹੀ ਕਰੀਬੀ ਸਾਂਝ ਦਾ ਪ੍ਰਤੀਕ ਹੈ। ਇਹ ਸਾਂਝ ਸੱਚੇ-ਸੁੱਚੇ ਪਿਆਰ ਤੇ ਟਿਕੀ ਹੋਈ ਹੈ। ਇਸੇ ਤਰ੍ਹਾਂ ਹੀ ਸ਼ਹਿਰੀਆਂ ਵਿੱਚ ਇੱਕ ਦੂਜੇ ਨਾਲ ਪਿਆਰ-ਸਾਂਝ ਕਾਰਣ ਪਿਆਰ ਨਾਲ ਓਤਪੋਤ ਭਾਈਚਾਰੇ ਦੀ ਆਪ ਮੁਹਾਰੇ ਹੀ ਸਿਰਜਣਾ ਹੋ ਜਾਂਦੀ ਹੈ ਇਸ ਤਰ੍ਹਾਂ ਵਿਸ਼ਵ ਭਾਈਚਾਰੇ ਦਾ ਰਿਸ਼ਤਾ ਪਰਸਪਰ ਪਿਆਰ ਤੇ ਟਿਕਿਆ ਹੋਇਆ ਹੈ। ਇਹੋ ਹੀ ਪਿਆਰ ਹੈ, ਜਿਸ ਨੇ ਗੁਰੂ ਰਵਿਦਾਸ ਨੂੰ ਚਮਾਰ ਹੁੰਦਿਆਂ ਹੋਇਆਂ ਵੀ ਪਵਿੱਤਰ ਖਾਲਸਾ ਬਣਾ ਦਿੱਤਾ। ਇਸ ਗੁਰੂ ਰਵਿਦਾਸ ਦਾ ਮਿੱਤਰ ਓਹੋ ਹੀ ਹੋ ਸਕਦਾ ਹੈ, ਜਿਹੜਾ ਇਸ ਵਿਸ਼ਵ-ਖਾਲਸਾ ਵਤਨ ਦਾ ਸ਼ਹਿਰੀ ਹੋਵੇ।
ਸੋ ਗੁਰੂ ਰਵਿਦਾਸ ਜੀ ਨੇ ਪਰਮ ਆਨੰਦ ਭਰਪੂਰ ਬੇਗ਼ਮਪੁਰਾ-ਵਤਨ ਦੇ ਸਮਾਜਵਾਦੀ ਲੋਕਤੰਤਰਕ ਵਿਚਾਰਧਾਰਾ ਦੀ ਸਿਰਜਣਾ ਕਰਦਿਆਂ, ਰਾਜਨੀਤਕ, ਆਰਥਕ, ਸਮਾਜਕ, ਸਦਾਚਾਰਕ ਆਦਿ ਸਿਧਾਤਾਂ ਦਾ ਆਧਾਰ ਅਧਿਆਤਮਵਾਦ ਨੂੰ ਬਣਾਇਆ ਹੈ। ਅਧਿਆਤਮਵਾਦ ਦਾ ਬੁਨਿਆਦੀ ਆਧਾਰ ਸਦਾਚਾਰਕ ਅਤੇ ਆਤਮਕ ਉੱਚਤਾ ਹੈ, ਜਿਸ ਦੇ ਬੁਨਿਆਦੀ ਥੰਮ ਹਨ-ਨਿਯਮ (ਦੋਮ ਨਾ ਸੇਮ ਏਕ ਸੋ ਆਹੀ), ਸਬਰ-ਸੰਤੋਖ (ਮਾਮੂਰ), ਸਤਿ (ਸਦਾ ਪਾਤਸਾਹੀ), ਦਇਆ (ਨ ਖਤਾ = ਕ੍ਰਿਪਾ)। ਇਸ ਤਰ੍ਹਾਂ ਵਿਸ਼ਵ-ਵਤਨ ਦਾ ਸ਼ਹਿਰੀ ਹਰ ਪੱਖੋਂ ਸੰਪੂਰਨ ਪੁਰਸ਼ ਹੈ ਜਿਸ ਦੀ ਉਸਾਰੀ ਸਮਾਜਵਾਦੀ ਲੋਕਤੰਤਰਕ ਵਿਚਾਰਧਾਰਾ ਅਨੁਸਾਰ ਹੁੰਦੀ ਹੈ।
ਇਹ ਸ਼ਬਦ ਗਉੜੀ ਰਾਗ ਵਿਚ ਸਿਰਜੇ ਗਏ ਸ਼ਬਦਾਂ ਵਿਚੋਂ ਸਭ ਤੋਂ ਸਿਰਮੌਰ ਸ਼ਬਦ ਹੈ। ਇਹ ਰਾਗ ਦੀ ਪ੍ਰਕ੍ਰਿਤੀ ਨੂੰ ਬਹੁਤ ਹੀ ਗੰਭੀਰਤਾ ਨਾਲ ਸਿਰਜਣ ਵਿੱਚ ਸਫਲ ਰਿਹਾ ਹੈ। ਇਸ ਕਰਕੇ ਇਹ ਸ਼ਬਦ ਇਸ ਰਾਗ ਦੀ ਉੱਤਮ ਉਦਾਹਰਣ ਹੈ। ਇਸ ਸ਼ਬਦ ਦਾ ਵਿਸ਼ਾ ਅਤਿ ਗਹਿਰ ਗੰਭੀਰ ਹੈ ਅਤੇ ਭਾਰਤ ਦੇ ਪ੍ਰਸਿੱਧ ਸੰਗੀਤ ਸ਼ਾਸਤਰੀਆਂ ਅਨੁਸਾਰ ਵੀ, “ਗਉੜੀ ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ।”
ਸੋ ‘ਬੇਗ਼ਮਪੁਰਾ’ ਸ਼ਬਦ ਦੁਨੀਆਂ ਵਿੱਚ ਸਿਰਜੇ ਸ਼ਬਦਾਂ ਵਿੱਚੋਂ ਹਰ ਪੱਖੋਂ ਉੱਤਮ ਅਤੇ ਸਿਰਮੌਰ ਹੈ।