ਅੰਮ੍ਰਿਤ ਰਸ ਬਾਣੀ ਅਤੇ ਵਿਆਖਿਆ - ਸਤਿਗੁਰੂ ਕਬੀਰ ਜੀ ਮਹਾਰਾਜ
ਸ਼ਬਦ ਨੰਬਰ -01
(ਰਾਗ) ਗਉੜੀ ਕਬੀਰ ਜੀ ॥
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥1॥
ਜਦ ਮਨੁੱਖ ਮਾਤਾ ਦੇ ਗਰਭ ਵਿਚ ਹੁੰਦਾ ਹੈ ਉਸ ਸਮੇਂ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕਿਸ ਜਾਤੀ ਦਾ ਹੈ। ( ਭਾਵ ਮਨੁੱਖ ਸੰਸਾਰ ਵਿਚ ਜਨਮ ਲੈਣ ਤੋਂ ਬਾਦ ਹੀ ਜਾਤੀ ਦੇ ਭਰਮ ਵਿਚ ਪੈਂਦਾ ਹੈ)ਸਾਰੇ ਜੀਵ ਉਸ ਪਾਰਬ੍ਰਹਮ ਪ੍ਰਮਾਤਮਾਂ ਦੀ ਅੰਸ਼ ਹਨ ਤੇ ਉਸ ਤੋਂ ਹੀ ਉਤਪੰਨ ਹੁੰਦੇ ਹਨ।
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਇ॥
ਬਾਮਨ ਕਹਿ ਕਹਿ ਜਨਮ ਮਤ ਖੋਇ॥1॥
॥ਰਹਾਉ॥
ਹੇ ਪੰਡਿਤ ! ਦੱਸ ਕਿ ਤੁਸੀਂ ਬ੍ਰਾਹਮਣ (ਸਭ ਤੋਂ ਉਤਮ) ਕਦੋਂ ਦੇ ਹੋ ਗਏ?(ਹੰਕਾਰ ਵਿਚ) ਆਪਣੇ ਆਪ ਨੂੰ ਬ੍ਰਾਹਮਣ ਕਹਿ ਕਹਿ ਕੇ ਆਪਣਾ ਜੀਵਨ ਅਜਾਈਂ ਨਾ ਗਵਾਉ।
ਜੌ ਤੰੁੁ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥2॥
ਹੇ ਪੰਡਿਤ! ਜੇਕਰ ਤੂੰ ਸੱਚਮੁੱਚ ਬ੍ਰਾਹਮਣ (ਭਾਵ ਸਭ ਤੋਂ ਉੱਤਮ ਹੈਂ) ਅਤੇ ਤੈਨੂੰ ਬ੍ਰਾਹਮਣੀ ਨੇ ਪੈਦਾ ਕੀਤਾ ਹੈ ਤਾਂ ਸੰਸਾਰ ਉਤੇ ਆਉਣ ਦਾ ਤੇਰਾ ਰਸਤਾ ਬਾਕੀਆਂ ਨਾਲੋਂ ਵੱਖ ਕਿਉਂ ਨਹੀਂ ਸੀ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ, ਤੁਮ ਕਤ ਦੂਧ॥3॥
ਹੇ ਪੰਡਿਤ! ਤੁਸੀਂ ਕਿਵੇਂ ਬ੍ਰਾਹਮਣ ਭਾਵ ਉਚੀ ਕੁਲ ਵਾਲੇ ਬਣ ਗਏ ਤੇ ਅਸੀਂ ਕਿਵੇਂ ਸ਼ੂਦਰ ਭਾਵ ਨੀਵੀਂ ਕੁਲ ਵਾਲੇ ਰਹਿ ਗਏ।ਸਾਡੇ ਸਰੀਰ ਵਿਚ ਕਿਵੇਂ ਲਹੂ ਵਗਦਾ ਹੈ ਤੇ ਤੁਹਾਡੇ ਸਰੀਰ ਵਿਚ ਕਿਵੇਂ ਦੁੱਧ ਵਗ ਰਿਹਾ ਹੈ।
ਕਹੁ ਕਬੀਰ ਜੋ ਬ੍ਰਹਮ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੇ॥4॥
(ਪੰਨਾ 324)
ਹੇ ਕਬੀਰ! ਆਖ ਕਿ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਆਖੀਦਾ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ।ਭਾਵ ਉਸ ਪਾਰਬ੍ਰਹਮ ਪ੍ਰਮਾਤਮਾਂ ਦੇ ਹੁਕਮ ਤੇ ਚੱਲਦਾ ਹੈ।
ਸ਼ਬਦ ਨੰਬਰ -02
(ਰਾਗ) ਗਉੜੀ ਕਬੀਰ ਜੀ ॥
ਨਗਨ ਫਿਰਤ ਜੌ ਪਾਈਐ ਜੋਗੁ ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗ॥1॥
ਸਤਿਗੁਰੂ ਕਬੀਰ ਜੀ ਮਹਾਰਾਜ ਆਪਣੇ ਗਉੜੀ ਰਾਗ ਦੇ ਇਸ ਪਾਵਨ ਸ਼ਬਦ ਵਿਚ ਪ੍ਰਚਲਤ ਕਰਮ-ਕਾਂਡਾ ਨੂੰ ਰੱਦ ਕਰਦੇ ਫੁਰਮਾਉਂਦੇ ਹਨ ਹੈ ਕਿ ਕੁਝ ਲੋਕ ਪ੍ਰਮਾਤਮਾਂ ਨੂੰ ਪਾਉਣ ਲਈ ਨੰਗੇ ਰਹਿਣ ਦਾ ਧਾਰਮਿਕ ਭੇਸ ਬਣਾਉਂਦੇ ਹਨ ਪਰ ਹੇ ਭਾਈ! ਜੇਕਰ ਨੰਗੇ ਫਿਰਦਿਆਂ ਪ੍ਰਮਾਤਮਾ ਲੱਭ ਪੈਦਾ ਤਾਂ ਜੰਗਲ ਦੇ ਹਿਰਨ ਆਦਿਕ ਸਾਰੇ ਜਾਨਵਰ ਮੁਕਤ ਹੋ ਜਾਂਦੇ।
ਕਿਆ ਨਾਗੇ ਕਿਆ ਬਾਧੇ ਚਾਮ॥
ਜਬ ਨਹੀ ਚੀਨਸਿ ਆਤਮ ਰਾਮ॥1॥
॥ਰਹਾਉ॥
ਹੇ ਭਾਈ! ਜਿੰਨਾ ਚਿਰ ਤੂੰ ਉਸ ਪਾਰਬ੍ਰਹਮ ਪ੍ਰਭ ਨੂੰ ਪਛਾਣਦਾ ਨਹੀਂ ਉੰਨਾ ਚਿਰ ਚਾਹੇ ਤੂੰ ਨੰਗਾਂ ਰਹਿਣ ਦਾ ਧਾਰਮਿਕ ਅਡੰਬਰ ਕਰ ਲੈ ਤੇ ਚਾਹੇ ਆਪਣੇ ਸਰੀਰ ਉਤੇ ਚੰਮ ਲਪੇਟ ਲੈ ਅਜਿਹਾ ਕੀਤਿਆ ਕੁਝ ਵੀ ਪ੍ਰਾਪਤ ਨਹੀਂ ਹੋਣਾ।
ਮੂਡ ਮੂੰਡਾਏ ਜੌ ਸਿਧਿ ਪਾਈ॥
ਮੁਕਤੀ ਭੇਡ ਨਾ ਗਈਆ ਕਾਈ॥2॥
ਕੁਝ ਲੋਕ ਵਾਲਾਂ ਨੂੰ ਮੂੰਡਾਉਣ (ਸਿਰ ਦੇ ਵਾਲਾਂ ਨੂੰ ਇਸ ਤਰਾ ਕਟਵਾਉਣਾ ਜਿਵੇਂ ਸਿਰ ਗੰਜਾ ਹੋਵੇ) ਨੂੰ ਜਰੂਰੀ ਧਾਰਮਿਕ ਕਰਮ ਸਮਝੀ ਬੈਠੈ ਹਨ ਪਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੇਕਰ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਤਾਂ ਕੀ ਕਾਰਨ ਹੈ ਕਿ ਕੋਈ ਵੀ ਭੇਡ ਹੁਣ ਤੱਕ ਮੁਕਤ ਨਹੀਂ ਹੋਈ? ਕਿਉਂ ਭੇਡਾਂ ਦਾ ਪਾਲਣ ਪੋਸ਼ਣ ਉਸ ਦੇ ਵਾਲ ਕੱਟ ਕੇ ਵੇਚਣ ਲਈ ਵੀ ਕੀਤਾ ਜਾਂਦਾ ਹੈ।ਅਕਸਰ ਸਾਲ ਵਿਚ ਇਕ ਜਾਂ ਦੋ ਵਾਰ ਭੇਡਾਂ ਦੇ ਵਾਲ ਮੁੰਨ ਕੇ ਵੇਚੇ ਜਾਂਦੇ ਹਨ ਜਿਸ ਤੋਂ ਉਨ ਤਿਆਰ ਕੀਤੀ ਜਾਂਦੀ ਹੈ।
ਬਿੰਦੁ ਰਾਖਿ ਜੌ ਤਰੀਐ ਭਾਈ॥
ਖੁਸਰੈ ਕਿਉ ਨ ਪਰਮ ਗਤਿ ਪਾਈ॥3॥
ਕੁਝ ਸਾਰੀ ਉਮਰ ਵਿਆਹ ਸ਼ਾਦੀ ਨਾ ਕਰਾਉਣ ਭਾਵ ਬਾਲ-ਜਤੀ ਰਹਿਣ ਨੂੰ ਪ੍ਰਭ ਪ੍ਰਾਪਤੀ ਦੀ ਸਾਧਨ ਸਮਝੀ ਬੈਠੇ ਹਨ ਪਰ ਹੇ ਭਾਈ! ਜੇਕਰ ਵਿਆਹ-ਸ਼ਾਦੀ ਨਾ ਕਰਾਉਣ ਨਾਲ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ ਤਾਂ ਖੁਸਰੇ ਨੂੰ ਮੁਕਤੀ ਕਿਉਂ ਨਹੀਂ ਮਿਲ ਜਾਂਦੀ? ਜਿਹੜਾ ਬਿਨਾ ਵਿਆਹ-ਸ਼ਾਦੀ ਤੋ ਸਾਰੀ ਉਮਰ ਬਤੀਤ ਕਰਦਾ ਹੈ
ਕਹੁ ਕਬੀਰ ਸੁਨਹੁ ਨਰ ਭਾਈ ॥
ਰਾਮ ਨਾਮ ਬਿਨੁ ਕਿਨਿ ਗਤਿ ਪਾਈ॥4॥
(ਪੰਨਾ 324)
ਸਤਿਗੁਰ ਕਬੀਰ ਜੀ ਦ੍ਰਿੜ ਕਰਾਉਦੇਂ ਹਨ ਕਿ ਹੇ ਭਰਾਵੋ! ਜਿਹੜੇ ਮਰਜੀ ਕਰਮ-ਕਾਂਡ ਕਰੀ ਜਾਵੋ,ਇਕ ਪਾਰਬ੍ਰਹਮ ਪ੍ਰਭ ਦੇ ਹੁਕਮ ਤੇ ਚੱਲਣ ਅਤੇ ਉਸ ਦੇ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਵੀ ਮੁਕਤੀ ਨਹੀਂ ਮਿਲਣੀ।
ਸ਼ਬਦ ਨੰਬਰ -03
(ਰਾਗ) ਗਉੜੀ ਕਬੀਰ ਜੀ ਪੰਚਪਦੇ॥
ਜਿੳੇੁ ਜਲ ਛੋਡਿ ਬਾਹਰਿ ਭਇਓ ਮੀਨਾ॥
ਪੂਰਬ ਜਨਮ ਹਉ ਤਪ ਕਾ ਹਨਿਾ॥1॥
(ਜਦੋਂ ਮੈਂ ਆਪਣੀ ਉਮਰ ਦੇ ਅੰਤਲੇ ਸਮੇਂ ਕਾਂਸ਼ੀ ਨੂੰ ਛੱਡ ਕੇ ਮਗਹਰ ਦੀ ਨਗਰੀ ਤੇ ਆ ਗਿਆਂ ਤਾਂ ਲੋਕ ਮੈਨੂੰ ਕਹਿਣ ਲੱਗੇ ਕਿ) ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਮਰ ਜਾਂਦੀ ਹੈ ਭਾਵ ਮੱਛੀ ਦਾ ਜੀਵਨ ਤਾਂ ਪਾਣੀ ਸੀ, ਪਰ ਉਸ ਨੇ ਛੱਡ ਦਿੱਤਾ ਤੇ ਮਰ ਗਈ।ਤਿਵੇਂ ਹੀ ਕਬੀਰ ਨੇ ਪੂਰਬਲੇ ਜਨਮ ਵਿੱਚ ਮਾੜੇ ਕੰਮ ਕੀਤੇ ਸਨ ਜਿਹੜਾ ਬਨਾਰਸ ਭਾਵ ਕਾਸ਼ੀ ਅਰਥਾਤ ਕਾਂਸ਼ੀ (ਮੁਕਤੀ ਪ੍ਰਦਾਨ ਕਰਨ ਵਾਲੀ ਨਗਰੀ) ਛੱਡ ਕੇ ਮਗਹਰ ਨਗਰੀ (ਮੁਕਤੀ ਖੋਹਣ ਵਾਲੀ ਨਗਰੀ)ਵਿੱਚ ਆ ਗਿਆ ਹੈ।
ਅਬ ਕਹੁ ਰਾਮ ਕਵਨ ਗਤਿ ਮੋਰੀ॥
ਤਜੀ ਲੇ ਬਨਾਰਸ, ਮਤਿ ਬਈ ਥੋਰੀ॥1॥
॥ਰਹਾਉ॥
ਹੇ ਮੇਰੇ ਰਾਮ! (ਪ੍ਰਭ) ਮੈਨੂੰ ਹੁਣ ਦੱਸ ਕਿ ਮੇਰਾ ਕੀ ਹਾਲ ਹੋਵੇਗਾ।ਕਿੳਂੁਕਿ ਮੈਂ ਕਾਂਸ਼ੀ ਛੱਡ ਆਇਆਂ ਹਾਂ।ਲੋਕਾਂ ਦੇ ਕਹਿਣ ਮੁਤਾਬਕ ਕੀ ਇਹ ਠੀਕ ਹੈ ਕਿ ਮੇਰੀ ਮੱਤ ਹੀ ਮਾਰੀ ਗਈ ਹੈ?
ਸਗਲ ਜਨਮੁ ਸਿਵ ਪੁਰੀ ਗਵਾਇਆ॥
ਮਰਤੀ ਬਾਰ ਮਗਹਰਿ ਉਠਿ ਆਇਆ॥ 2॥
ਹੇ ਰਾਮ! ਮੈਨੂੰ ਲੋਕ ਆਖਦੇ ਹਨ ਕਿ ਮੈਂ ਸਾਰੀ ਉਮਰ ਕਾਂਸ਼ੀ ਵਿਚ ਰਹਿ ਕੇ ਵਿਅਰਥ ਗੁਆ ਲਿਆ ਹੈ ਕਿਉਂ ਜੋ ਮਰਨ ਵੇਲ ਮੈਂ ਮਗਹਰ ਆ ਗਿਆ ਹਾਂ।
ਬਹੁਤ ਬਰਸ ਤਪ ਕੀਆ ਕਾਸੀ॥
ਮਰਨੁ ਭਇਆ ਮਗਹਰ ਕੀ ਬਾਸੀ॥3॥
ਹੇ ਪ੍ਰਭ! ਲੋਕ ਆਖਦੇ ਹਨ ਕਿ ਮੈਂ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ ਜਿਸ ਨਾਲ ਮੈਨੂੰ ਮੁਕਤੀ ਮਿਲ ਜਾਣੀ ਸੀ ਪਰ ਉਸ ਤਪ ਦਾ ਮੈਨੂੰ ਹੁਣ ਕੁਝ ਵੀ ਲਾਭ ਨਹੀਂ ਮਿਲਣਾ ਕਿਉਂ ਕਿ ਜਦੋਂ ਮੇਰੇ ਮਰਨ ਦਾ ਸਮਾਂ ਆਇਆ ਤਾਂ ਮੈਂ ਮਗਹਰ ਆ ਕੇ ਵਸ ਗਿਆਂ ਹਾਂ।
ਕਾਸੀ ਮਗਹਰ ਸਮ ਬੀਚਾਰੀ॥
ਓਛੀ ਭਗਤਿ ਕੈਸੇ ਉਤਰਸਿ ਪਾਰੀ॥4॥
ਹੇ ਪ੍ਰਭ! ਲ਼ੋਕ ਮੈਨੂੰ ਬੋਲੀ ਮਾਰਦੇ ਹਨ ਕਿ ਕਬੀਰ ਦੀ ਹੋਛੀ ਭਾਵ ਅਧੂਰੀ ਭਗਤੀ ਉਸ ਨੂੰ ਪਾਰ ਨਹੀਂ ਲਗਾ ਸਕਦੀ ਹੈ ਕਿਉਂ ਕਿ ਕਬੀਰ ਕਾਂਸ਼ੀ ਅਤੇ ਮਗਹਰ ਨੂੰ ਇਕੋ ਜਿਹਾ ਸਮਝਦਾ ਹੈ।ਲੋਕ ਕਹਿੰਦੇ ਹਨ ਕਿ ਕਾਂਸ਼ੀ ਵਿਚ ਮਰਨ ਵਾਲਾ ਮਨੁੱਖ ਮੁਕਤ ਹੋ ਜਾਂਦਾ ਹੈ ਤੇ ਮਗਹਰ ਵਿਚ ਮਰਨ ਵਾਲਾ ਮਨੁੱਖ ਜੂਨਾ ਵਿਚ ਪੈਂਦਾ ਹੈ।
ਕਹੁ ਗੁਰ ਗਜ ਸਿਵ ਸਭੁ ਕੋ ਜਾਨੈ॥
ਮੁਆ ਕਬੀਰ ਰਮਤ ਸ੍ਰੀ ਰਾਮੈ॥5॥
(ਪੰਨਾ 326)
ਹੇ ਕਬੀਰ! ਆਖ ਕਿ ਹਰੇਕ ਮਨੁੱਖ ਗਣੇਸ਼ ਅਤੇ ਸ਼ਿਵ ਨੂੰ ਜਾਣਦਾ ਹੈ ਭਾਵ ਇਹੀ ਸਮਝਦਾ ਹੈ ਕਿ ਗਣੇਸ਼ ਦੀ ਨਗਰੀ ਮਗਹਰ, ਮੁਕਤੀ ਖੋਹਣ ਵਾਲੀ ਨਗਰੀ ਹੈ ਅਤੇ ਸ਼ਿਵ ਦੀ ਨਗਰੀ ਕਾਸ਼ੀ, ਮੁਕਤੀ ਦੇਣ ਵਾਲੀ ਹੈ, ਪਰ ਮੈਂ ਤਾਂ ਕੇਵਲ ਪ੍ਰਭ ਪ੍ਰਮਾਤਮਾਂ ਦਾ ਸਿਮਰਨ ਕਰ ਕੇ ਆਪਣੀ ਮੈਂ ਮੇਰੀ ਨੂੰ ਹੀ ਮਿਟਾ ਲਿਆ ਹੈ ਅਤੇ ਇਨ੍ਹਾਂ ਭਰਮਾਂ ਤੋਂ ਮੁਕਤ ਹੋ ਗਿਆਂ ਹਾਂ।ਇਸ ਕਰਕੇ ਜੋ ਕਹਿੰਦੇ ਹਨ ਕਿ ਕਾਂਸ਼ੀ ਦੀ ਨਗਰੀ ਮੁਕਤੀ ਦੇਣ ਵਾਲੀ ਤੇ ਮਗਹਰ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ ਇਸ ਧਾਰਨਾ ਨੂੰ ਮੈਂ ਮੁੱਢ ਤੋਂ ਨਕਾਰਦਾਂ ਹਾਂ।ਪ੍ਰਭ ਦੇ ਨਾਮ ਤੋਂ ਬਿਨਾਂ ਕਿਸੇ ਵੀ ਨਗਰੀ ਤੇ ਮੁਕਤੀ ਨਹੀਂ ਮਿਲਣੀ।
ਸ਼ਬਦ ਨੰਬਰ -04
(ਰਾਗ) ਗਉੜੀ ਕਬੀਰ ਜੀ ॥
ਓਇ ਜੁ ਦੀਸਹਿ ਅੰਬਰਿ ਤਾਰੇ॥
ਕਿਨਿ ਓਏ ਚੀਤੇ ਚੀਤਨ ਹਾਰੇ॥1॥
ਸਤਿਗੁਰੂ ਕਬੀਰ ਜੀ ਫੁਰਮਾਉਂਦੇ ਹਨ ਕਿ ਜੋ ਅਦਭੁਦ ਸੁੰਦਰ ਤਾਰੇ ਅਕਾਸ਼ ਵਿਚ ਦਿਸ ਰਹੇ ਹਨ ਉਹ ਕਿਸ ਚਿਤਰਕਾਰ ਨੇ ਬਣਾਏ ਹਨ? 1
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ॥
ਬੂਝੈ ਬੂਝਨ ਹਾਰ ਸਭਾਗਾ॥1॥ਰਹਾਉ॥
ਹੇ ਪੰਡਿਤ! ਮੈਨੂੰ ਦੱਸ ਕਿ ਇਹ ਅਕਾਸ਼ ਕਿਸ ਦੇ ਸਹਾਰੇ ਖੜਾ ਹੈ? ਕੋਈ ਭਾਗਾਂ ਵਾਲਾ ਸਿਆਣਾ ਹੀ ਇਸ ਨੂੰ ਬੁੱਝ ਸਕਦਾ ਹੈ।
ਸੂਰਜ ਚੰਦੁ ਕਰਹਿ ਉਜੀਆਰਾ॥
ਸਭ ਮਹਿ ਪਸਰਿਆ ਬ੍ਰਹਮ ਪਸਾਰਾ॥2॥
ਸੂਰਜ ਅਤੇ ਚੰਦ ਸਾਰੇ ਜਗਤ ਨੂੰ ਚਾਨਣ ਦੇ ਰਹੇ ਹਨ।ਇਨ੍ਹਾਂ ਸਾਰਿਆ ਵਿਚ ਪਾਰਬ੍ਰਹਮ ਪ੍ਰਮੇਸਰ ਦਾ ਪਸਾਰਾ ਪਸਰਿਆ ਹੋਇਆ ਹੈ।2
ਕਹੁ ਕਬੀਰ ਜਾਨੈਗਾ ਸੋੋਇ॥
ਹਿਰਦੈ ਰਾਮੁ ਮੁਖਿ ਰਾਮੈ ਹੋਇ॥3।ਪੰਨਾ329
ਸਤਿਗੁਰੂ ਕਬੀਰ ਜੀ ਫੁਰਮਾਉਂਦੇ ਕਿ ਇਸ ਭੇਦ ਨੂੰ ਉਹੀ ਸਮਝੇਗਾ ਜਿਸ ਦੇ ਹਿਰਦੇ ਵਿਚ ਪ੍ਰਭ ਦਾ ਵਾਸਾ ਹੈ ਅਤੇ ਉਸ ਦੇ ਮੁਖੋਂ ਵੀ ਕੇਵਲ ਪ੍ਰਭ ਦੀ ਹੀ ਸਿਫਤ ਸਲਾਹ ਨਿਕਲਦੀ ਹੈ।3
ਸ਼ਬਦ 05
(ਰਾਗ) ਗਉੜੀ ਕਬੀਰ ਜੀ ॥
ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ॥
ਸਾਕਲ ਜੇਵਰੀ ਲੈ ਹੈ ਆਈ॥1॥
ਹੇ ਭਾਈ! ਵੇਦਾਂ ਦੀ ਪੁੱਤਰੀ ਸਿੰਮ੍ਰਿਤੀ (ਪੁੱਤਰੀ ਇਸ ਕਰਕੇ ਕਿਉਂ ਕਿ ਉਹ ਵੇਦਾਂ ਉਤੇ ਅਧਾਰਿਤ ਹੈ) ਤਾਂ ਆਪਣੇ ਮੰਨਣ ਵਾਲਿਆਂ ਲਈ ਵਰਣ ਅਵਰਣ ਦੇ ਸੰਗਲ ਅਤੇ ਕਰਮ-ਕਾਂਡਾ ਦੀਆਂ ਰੱਸੀਆਂ ਦੇ ਜੰਜਾਲ ਲੈ ਕੇ ਆਈ ਹੈ।1
ਆਪਨੁ ਨਗਰ ਆਪ ਤੇ ਬਾਧਿਆ॥
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥1॥
॥ਰਹਾਉ॥
ਇਸ ਸਿੰਮ੍ਰਿਤੀ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਆਪ ਹੀ ਜਕੜਿਆ ਹੋਇਆ ਹੈ।ਭਾਵ ਉਹ ਜਾਤਾਂ ਪਾਤਾਂ ਦੇ ਬੰਧਨ ਤੋਂ ਮੁਕਤ ਨਹੀਂ ਹੁੰਦੇ।ਇਨ੍ਹਾਂ ਦੇ ਸਿਰ ਤੇ ਮੌਤ ਦੇ ਸਹਿਮ ਦਾ ਤੀਰ ਖਿਚ ਕੇ ਇਨ੍ਹਾਂ ਨੂੰ ਸਵਰਗ ਆਦਿ ਦੇ ਮੋਹ ਦੇ ਜਾਲ ਵਿਚ ਫਸਾਇਆ ਹੋਇਆ ਹੈ।1
ਕਟੀ ਨ ਕਟੈ ਤੂਟਿ ਨਹ ਜਾਹੀ॥
ਸਾ ਸਾਪਨਿ ਹੋਇ ਜਗ ਕਉ ਖਾਈ॥ 2॥
ਇਹ ਸਿੰਮ੍ਰਿਤੀ ਰੂਪੀ ਫਾਹੀ ਜਿਹੜੀ ਆਪਣੇ ਸ਼ਰਧਾਲੂਆਂ ਦੇ ਗਲੇ ਪਈ ਹੋਈ ਹੈ ਜੇਕਰ ਉਹ ਇਸ ਨੂੰ ਕੱਟਣ ਦੀ ਕੋਸ਼ਿਸ਼ ਕਰਨ ਤਾਂ ਵੀ ਇਹ ਕੱਟੀ ਨਹੀਂ ਜਾਂਦੀ।ਆਪਣੇ ਆਪ ਇਹ ਟੱਟਦੀ ਨਹੀਂ। ਇਹ ਤਾਂ ਹੁਣ ਸੱਪਣੀ ਬਣਕੇ ਜਗਤ ਨੂੰ ਖਾ ਰਹੀ ਹੈ।ਜਿਵੇਂ ਸੱਪਣੀ ਆਪਣੇ ਬੱਚੇ ਪੈਦਾ ਕਰਕੇ ਆਪ ਹੀ ਖਾ ਜਾਂਦੀ ਹੈ ਉਵੇਂ ਇਹ ਆਪਣੇ ਸ਼ਰਧਾਲੂਆ ਦਾ ਨਾਸ਼ ਕਰ ਰਹੀ ਹੈ।2
ਹਮ ਦੇਖਤ ਜਿਨਿ ਸਭੁ ਜਗੁ ਲੁਟਿਆ॥
ਕਹੁ ਕਬੀਰ ਮੈ ਰਾਮ ਕਹਿ ਛੁਟਿਆ॥3॥
( ਪੰਨਾ 329)
ਸਤਿਗੁਰੂ ਕਬੀਰ ਜੀ ਫੁਰਮਾਉਂਦੇ ਹਨ ਕਿ ਸਾਡੇ ਦੇਖਦਿਆਂ-ਦੇਖਦਿਆਂ ਇਸ ਨੇ ਸਾਰੇ ਜਗਤ ਨੂੰ ਲੁੱਟ ਲਿਆ ਹੈ, ਪਰ ਮੈਂ ਪ੍ਰਭ ਦਾ ਨਾਮ ਜਪ ਕੇ ਇਸ ਤੋਂ ਬਚ ਗਿਆਂ ਹਾਂ।3
ਸ਼ਬਦ 06
(ਰਾਗ) ਗਉੜੀ ਚੇਤੀ ਕਬੀਰ ਜੀ ॥
ਦੇਖੌ ਭਾਈ, ਗਿਆਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ,
ਰਹੈ ਨ ਮਾਇਆ ਬਾਂਧੀ॥1॥ਰਹਾਉ॥
ਹੇ ਭਾਈ! ਵੇਖ ਗਿਆਨ ਦੀ ਹਨੇਰੀ ਆ ਗਈ ਹੈ ਇਸ ਹਨੇਰੀ ਨੇ ਵੇਦਾਂ ਆਦਿ ਦੀ ਅਗਿਆਨਤਾ ਦਾ ਫੈਲਾਇਆ ਭਰਮ ਉਡਾ ਦੇਣਾ ਹੈ।ਗਿਆਨ ਅੱਗੇ ਝੂਠ ਦੇ ਆਸਰੇ ਬਣੀ ਅਗਿਆਨਤਾ ਦੀ ਇਹ ਛੱਪਰੀ ਟਿਕੀ ਨਹੀਂ ਰਹਿਣੀ। 1
ਦੁਚਿਤੇ ਕੀ ਦੁਇ ਥੂਨਿ ਗਿਰਾਨੀ,
ਮੋਹ ਬਲੇਡਾ ਟੂਟਾ॥
ਜਿਹੜਾ ਗਿਆਨ ਰੂਪੀ ਹਨੇਰੀ ਨੂੰ ਸਮਝਣ ਦਾ ਯਤਨ ਕਰੇਗਾ ਇਹ ਹਨੇਰੀ ਉਸ ਦੇ ਦੁਚਿਤੇ ਪਨ ਅਰਥਾਤ ਡਾਵਾਂ-ਡੋਲ ਮਨ (ਭਾਵ ਮਨ ਨੂੰ ਕਦੀ ਕਿਸੇ ਪਾਸੇ ਲਾਉਣਾ ਅਤੇ ਕਦੀ ਕਿਸੇ ਪਾਸੇ) ਨੂੰ ਖਤਮ ਕਰ ਦੇਵੇਗੀ।ਇਸ ਹਨੇਰੀ ਨਾਲ ਮਨੁੱਖ ਦਾ ਦਵੈਤ ਭਾਵ ਖਤਮ ਹੋ ਜਾਂਦਾ ਹੈ ਅਰਥਾਤ ਪ੍ਰਭ ਤੋਂ ਬਿਨਾ ਕਿਸੇ ਹੋਰ ਦੇ ਆਸਰਾ ਤੱਕਣ ਰੂਪੀ ਥੰਮੀ (ਪਲਿਲੳਰ) ਡਿਗ ਪੈਂਦੀ ਹੈ ਅਤੇ ਇਸ ਥੰਮੀ ਉਪਰ ਟਿਕਿਆ ਮੋਹ ਦਾ ਵਲਾ (ਬੲੳਮ) ਡਿਗ ਪੈਂਦਾ ਹੈ।
ਤਿਸ਼ਨਾ ਛਾਨਿ ਪਰੀ ਧਰ ਊਪਰਿ,
ਦੁਰਮਤਿ ਭਾਂਡਾ ਫੂਟਾ॥ 1॥
ਇਸ ਵਲੇ ਉਪਰ ਟਿਕਿਆ ਤ੍ਰਿਸ਼ਨਾ ਦਾ ਛੱਪਰ ਭੁੰਜੇ ਡਿਗ ਪੈਂਦਾ ਹੈ ਅਤੇ ਮਨੁੱਖ ਦੀ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ।ਭਾਵ ਮਨੁੱਖ ਵਹਿਮਾਂ-ਭਰਮਾਂ, ਅੰਧ ਵਿਸ਼ਵਾਸ਼ਾਂ ਤੋਂ ਮੁਕਤ ਹੋ ਜਾਂਦਾ ਹੈ।1
ਆਂਧੀ ਪਾਛੇ ਜੋ ਜਲੁ ਬਰਖੈ,
ਤਿਹਿ ਤੇਰਾ ਜਨੁ ਭੀਨਾਂ॥
ਕਹਿ ਕਬੀਰ ਮਨਿ ਭਇਆ ਪ੍ਰਗਾਸਾ,
ਉਦੈ ਭਾਨੁ ਜਬ ਚੀਨਾ॥ (ਪੰਨਾ 331)
ਸਤਿਗੁਰੂ ਕਬੀਰ ਜੀ ਫੁਰਮਾਂਉਂਦੇ ਹਨ ਕਿ ਹਨੇਰੀ ਤੋਂ ਬਾਦ ਜਿਹੜਾ ਮੀਂਹ ਵਰ੍ਹਦਾ ਹੈ ਜੋ ਮਨੁੱਖ ਉਸ ਮੀਂਹ ਵਿਚ ਭਿੱਜ ਜਾਂਦਾ ਹੈ, ਉਸ ਦੇ ਮਨ ਵਿਚ ਪ੍ਰਕਾਸ਼ ਹੋ ਜਾਂਦਾ ਹੈ ਤੇ ਉਸ ਨੂੰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੇ ਹਿਰਦੇ ਸੂਰਜ ਚੜ੍ਹ ਗਿਆ ਹੋਵੇ।2
ਭਾਵ ਗਿਆਨ ਦੀ ਹਨੇਰੀ ਤੋਂ ਬਾਦ ਪਾਰਬ੍ਰਹਮ ਪ੍ਰਭ ਦੇ ਨਾਮ ਦਾ ਮੀਂਹ ਵਰ੍ਹਦਾ ਹੈ ਜਿਹੜਾ ਪ੍ਰਭ ਦਾ ਭਗਤ ਗਿਆਨ ਦੀ ਬਰਕਤ ਨਾਲ ਵਹਿਮ-ਭਰਮ, ਅੰਧ-ਵਿਸ਼ਵਾਸ ਮੁਕਾ ਕੇ ਇਸ ਨਾਮ ਰੂਪੀ ਮੀਂਹ ਵਿਚ ਭਿੱਜਦਾ ਹੈ ਭਾਵ ਸਵਾਸ-ਸਵਾਸ ਉਸ ਪ੍ਰਭ ਦਾ ਨਾਮ ਸਿਮਰਦਾ ਹੈ ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ।ਜਿਉਂ-ਜਿਉਂ ਉਹ ਪ੍ਰਭ ਨੂੰ ਸਿਮਰਦਾ ਹੈ ਤਿਉਂ-ਤਿਉਂ ਉਸ ਦੇ ਮਨ ਵਿਚ ਪ੍ਰਕਾਸ਼ ਹੋਣ ਲਗਦਾ ਹੈ ਉਸ ਨੂੰ ਲਗਦਾ ਹੈ ਕਿ ਹੁਣ ਉਸ ਦੇ ਹਿਰਦੇ ਵਿਚ ਸੂਰਜ ਚੜ੍ਹ ਗਿਆ ਹੈ।
ਸ਼ਬਦ 07
ਗਉੜੀ ਬੈਰਾਗਣਿ ਭਗਤ ਕਬੀਰ ਜੀ॥
ਜੀਵਤ ਪਿਤਰ ਨ ਮਾਨੈ ਕੋਊ,
ਮੂਏਂ ਸਿਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ,
ਕਊਆ ਕੂਕਰ ਖਾਹੀ॥1॥
ਲੋਕ ਜਿਉਂਦੇ ਮਾਪਿਆਂ ਦੀ ਤਾਂ ਕਦਰ ਨਹੀਂ ਕਰਦੇ ਪਰ ਜੀਵਨ ਸਫਰ ਮੁਕਾ ਚੁੱਕੇ ਭਾਵ ਮਰ ਗਏ ਬਜੁਰਗਾਂ ਨਮਿਤ ਸਰਾਧ ਕਰਦੇ ਹਨ ਅਰਥਾਤ ਉਨ੍ਹਾਂ ਦੇ ਨਾਂਅ ਦਾ ਭੋਜਨ ਦੂਸਰਿਆ ਨੂੰ ਛਕਾਉਂਦੇ ਹਨ।ਸਤਿਗੁਰੂ ਕਬੀਰ ਜੀ ਮਹਾਂਰਾਜ ਸਮਝਾਉਂਦੇ ਹਨ ਕਿ ਇਹ ਭੋਜਨ ਵਿਚਾਰੇ ਪਿਤਰਾਂ ਤੱਕ ਨਹੀਂ ਪਹੁੰਚਦਾ। ਇਹ ਤਾਂ ਕਾਂ, ਕੁਤੇ ਹੀ ਖਾਂਦੇ ਹਨ।1
ਮੋ ਕਉ ਕੁਸਲ ਬਤਾਵਹੁ ਕੋਈ॥
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ,
ਕੁਸਲੁ ਭੀ ਕੈਸੇ ਹੋਈ॥1॥ ਰਹਾਉ॥
ਮੈਨੂੰ ਕੋਈ ਦੱਸੇ ਕਿ ਪਿਤਰਾਂ ਨਮਿਤ ਦੂਸਰਿਆਂ ਨੂੰ ਅੰਨ-ਪਾਣੀ ਛਕਾਉਣਾ ਕੀ ਇਸ ਤਰਾਂ ਇਹ ਤੁਹਾਡੇ ਪਿਤਰਾਂ ਤੱਕ ਪਹੁੰਚ ਜਾਵੇਗਾ? ਅਜਿਹਾ ਕਰਨ ਨਾਲ ਪਿਛੇ ਘਰ ਵਿਚ ਸੁੱਖ ਆਨੰਦ ਕਿਵੇਂ ਮਿਲਦਾ ਹੈ? ਅਫਸੋਸ ਹੈ ਕਿ ਸਾਰਾ ਸੰਸਾਰ ਇਸੇ ਭਰਮ ਵਿਚ ਖਪ ਰਿਹਾ ਹੈ ਕਿ ਸਰਾਧ ਕਰਾਉਣ ਨਾਲ ਘਰ ਵਿਚ ਸੁਖ ਆਨੰਦ ਬਣਿਆ ਰਹਿੰਦਾ ਹੈ।1
ਮਾਟੀ ਕੇ ਕਰਿ ਦੇਵੀ ਦੇਵਾ,
ਤਿਸੁ ਆਗੈ ਜੀਉ ਦੇਹੀ॥
ਐਸੇ ਪਿਤਰ ਤੁਮਾਰੇ ਕਹੀਅਹਿ,
ਆਪਨ ਕਹਿਆ ਨ ਲੇਹੀ॥2॥
ਜਿਵੇਂ ਲੋਕ ਮਿਟੀ ਦੇ ਦੇਵੀ ਦੇਵਤੇ ਬਣਾ ਕੇ ਉਨ੍ਹਾਂ ਅੱਗੇ ਜੀਵਾਂ ਦੀ ਬਲੀ ਦਿੰਦੇ ਹਨ।ਹੇ ਭਾਈ! ਤੁਹਾਡੇ ਪਿਤਰ ਵੀ ਇਸੇ ਤਰਾਂ ਮਿਟੀ ਦੇ ਬਣੇ ਦੇਵੀ-ਦੇਵਤਿਆ ਵਾਂਗ ਹਨ।ਤੁਸੀਂ ਉਨ੍ਹਾਂ ਅੱਗੇ ਜੋ ਮਰਜੀ ਰੱਖ ਦਿੰਦੇ ਹੋ ਪਰ ਉਹ ਤੁਹਾਡੇ ਕੋਲੋਂ ਆਪ ਮੰਗਿਆਂ ਕੁਝ ਨਹੀਂ ਲੈ ਸਕਦੇ।2
ਸਰਜੀਅੁ ਕਾਟਹਿ ਨਿਰਜੀਉ ਪੂਜਹਿ,
ਅੰਤ ਕਾਲ ਕਉ ਭਾਰੀ॥
ਰਾਮ ਨਾਮ ਕੀ ਗਤਿ ਨਹੀ ਜਾਨੀ,
ਭੈ ਡੂਬੇ ਸੰਸਾਰੀ॥3॥
ਅਨਭੋਲ ਲੋਕ ਮਿਟੀ ਦੇ ਨਿਰਜੀਵ ਦੇਵੀ-ਦੇਵਤਿਆਂ ਨੂੰ ਪੂੂਜਣ ਲਈ ਉਨ੍ਹਾਂ ਅੱਗੇ ਜੀਉਂਦੇ ਜਾਗਦੇ ਜੀਵਾਂ ਦੀ ਬਲੀ ਦਿੰਦੇ ਹਨ ਇਸ ਤਰਾਂ ਕਰਕੇ ਉਹ ਆਪਣਾ ਆਉਣ ਵਾਲਾ ਸਮਾਂ ਵਿਗਾੜੀ ਜਾ ਰਹੇ ਹਨ।ਅਜਿਹੀ ਪੂਜਾ ਅਤੇ ਬਲੀਆਂ ਦੇਣਾ ਉਹ ਲੋਕਚਾਰੀ ਰਸਮਾਂ ਨੂੰ ਨਿਭਾਉਣ ਖਾਤਿਰ ਅਤੇ ਦੇਵੀ-ਦੇਵਤਿਆ ਤੇ ਪਿਤਰਾਂ ਦੇ ਡਰ ਤੋਂ ਸਹਮੇ ਹੋਏ ਕਰੀ ਜਾ ਰਹੇ ਹਨ ਕਿ ਕਿਤੇ ਇਹ ਦੇਵਤੇ ਅਤੇ ਪਿਤਰ ਸਾਡੇ ਉਤੇ ਕਰੂਪੇ ਹੋ ਕੇ ਸਾਡਾ ਕੁਝ ਵਿਗਾੜ ਨਾ ਦੇਣ।ਅਸਲ ਵਿਚ ਅਜਿਹੇ ਲੋਕ ਪਾਰਬ੍ਰਹਮ ਪ੍ਰਭ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਅਤੇ ਨਾਂ ਹੀ ਉਨ੍ਹਾਂ ਨੂੰ ਉਸ ਆਤਮਕ ਅਵਸਥਾ ਦੀ ਸੋਝੀ ਹੈ ਜਿਹੜੀ ਉਸ ਪ੍ਰਭ ਦਾ ਨਾਮ ਸਿਮਰਿਆਂ ਬਣਦੀ ਹੈ।
ਦੇਵੀ ਦੇਵਾ ਪੂਜਹਿ ਡੋਲਹਿ,
ਪਾਰਬ੍ਰਹਮ ਨਹੀ ਜਾਨਾ॥
ਕਹਤ ਕਬੀਰ ਅਕੁਲੁ ਨਹੀ ਚੇਤਿਆ,
ਬਿਖਿਆ ਸੋ ਲਪਟਾਨਾ॥4॥(ਪੰਨਾ332)
ਸਤਿਗੁਰੂ ਕਬੀਰ ਜੀ ਅਜਿਹੇ ਲੋਕਾਂ ਬਾਬਤ ਕਹਿੰਦੇ ਹਨ ਕਿ ਇਨ੍ਹਾਂ ਦੀ ਅਜੀਬੋ-ਗਰੀਬ ਸਥਿਤੀ ਹੈ ਕਿ ਇਹ ਲੋਕ ਮਿਟੀ ਦੇ ਇਨ੍ਹਾਂ ਦੇਵੀ ਦੇਵਤਿਆਂ ਨੂੰ ਪੂਜਦੇ ਵੀ ਹਨ ਤੇ ਇਨ੍ਹਾਂ ਤੋਂ ਡੋਲਦੇ ਭਾਵ ਡਰਦੇ ਵੀ ਹਨ।ਇਸ ਦਾ ਅਸਲ ਕਾਰਨ ਇਹੀ ਹੈ ਇਨ੍ਹਾਂ ਲੋਕਾਂ ਨੇ ਪਾਰਬ੍ਰਹਮ ਨੂੰ ਜਾਣਿਆ ਨਹੀਂ।ਹੇ ਭਾਈ ਤੁਸੀਂ ਸੰਸਾਰ ਦੀ ਮਾਇਆ ਵਿਚ ਗ੍ਰਸਤ ਹੋਇਆਂ ਨੇ ਜਾਤ-ਕੁਲ ਵਿਚ ਜਨਮ ਲੈਣ ਵਾਲੇ ਦੇਵੀ ਦੇਵਤਿਆਂ ਨੂੰ ਤਾਂ ਪੂਜਿਆ ਹੈ ਪਰ ਆਪਣੇ ਅਸਲੇ ਉਸ ਅਕਾਲ ਪੁਰਖ ਨੂੰ ਸਿਮਰਿਆ ਨਹੀਂ ਜਿਹੜਾ ਕਿਸੇ ਜਾਤ-ਕੁਲ ਵਿਚ ਜਨਮ ਨਹੀਂ ਲੈਂਦਾ।ਇਸੇ ਬੇਸਮਝੀ ਕਾਰਨ ਤੁਸੀਂ ਆਪਣੇ ਜੀਵਨ ਨੂੰ ਖੁਆਰ ਕਰੀ ਜਾ ਰਹੇ ਹੋ।
ਸ਼ਬਦ 08
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ੴਸਤਿਗੁਰ ਪ੍ਰਸਾਦਿ॥
ਅੰਤਰਿ ਮੈਲੁ ਜੇ ਤੀਰਥ ਨਾਵੈ
ਤਿਸ ਬੈਕੁੰਠ ਨ ਜਾਨਾਂ॥
ਮਨੁੱਖ ਦੇ ਅੰਦਰ ਜੇਕਰ ਵਿਕਾਰਾਂ ਦੀ ਮੈਲ ਹੈ ਪਰ ਉਹ ਤੀਰਥਾਂ ਉਤੇ ਇਸ਼ਨਾਨ ਕਰਕੇ ਸ਼ੁੱਧ ਹੁੰਦਾ ਫਿਰੇ, ਇਸ ਤਰਾਂ ਕਰਨ ਨਾਲ ਉਹ ਸਵਰਗ ਨਹੀਂ ਪਹੁੰਚ ਸਕਦਾ ਭਾਵ ਮੁਕਤ ਨਹੀਂ ਹੋ ਸਕਦਾ।
ਲੋਕ ਪਤੀਣੇ, ਕਛੁ ਨ ਹੋਵੈ
ਨਾਹੀ ਰਾਮ ਅਯਾਨਾ॥1
ਐਹ ਮਨੁੱਖ ਤੇਰੇ ਤੀਰਥਾਂ ਤੇ ਨਹਾਉਣ ਨਾਲ ਲੋਕ ਤਾਂ ਭਾਵੇਂ ਤੇਰੇ ਉਤੇ ਰੀਝ ਜਾਣਗੇ ਤੇ ਕਹਿਣਗੇ ਇਹ ਬੜਾ ਵੱਡਾ ਭਗਤ ਹੈ ਪਰ ਇਸ ਦਾ ਤੈਨੂੰ ਕੁਝ ਵੀ ਲਾਭ ਨਹੀਂ ਹੋਣਾ ਹੈ ਕਿਉਂ ਕਿ ਉੁਹ ਪ੍ਰਭ ਅਣਜਾਣ ਨਹੀਂ ਹੈ।ਉਸ ਨੂੰ ਤੇਰੇ ਅੰਦਰ ਦੇ ਵਿਕਾਰਾਂ ਦੀ ਮੈਲ ਦਾ ਪਤਾ ਹੈ।1
ਪੂਜਹੁ ਰਾਮੁ ਏਕ ਹੀ ਦੇਵਾ॥
ਸਾਚਾ ਨਾਵਣੁ ਗੁਰ ਕੀ ਸੇਵਾ॥1॥ਰਹਾਉ॥
ਕੇਵਲ ਇਕ ਪ੍ਰਮਾਤਮਾਂ ਦੇਵ ਦੀ ਹੀ ਪੂਜਾ ਕਰੋ।ਅਸਲ ਤੀਰਥ ਇਸ਼ਨਾਨ ਬ੍ਰਹਮ ਗੁਰੂ ਦੀ ਸੇਵਾ ਹੈ।ਭਾਵ ਉਸ ਦੇ ਦਰਸਾਏ ਮਾਰਗ ਤੇ ਚੱਲਣਾ ਹੀ ਸੱਚਾ ਤੀਰਥ ਇਸ਼ਨਾਨ ਹੈ।
ਜਲ ਕੈ ਮੰਜਨ ਜੇ ਗਤਿ ਹੋਵੈ
ਨਿਤ ਨਿਤ ਮੇਂਡੁਕ ਨਾਵਹਿ॥
ਜੇਕਰ ਤੀਰਥ ਇਸ਼ਨਾਨ ਕਰਕੇ ਸੁੱਚੇ ਹੋਣ ਨਾਲ ਮੁਕਤੀ ਮਿਲਣੀ ਹੁੰਦੀ ਤਾਂ ਮੇਂਡਕ (ਡੱਡੂ) ਤਾਂ ਸਦਾ ਹੀ ਪਾਣੀ ਵਿਚ ਨਹਾਉਂਦਾ ਰਹਿੰਦਾ ਹੈ ਫਿਰ ਉਹ ਤਾਂ ਕਦੋਂ ਦਾ ਮੁਕਤ ਹੋ ਗਿਆ ਹੁੰਦਾ।
ਜੈਸੇ ਮੇਂਡੁਕ ਤੈਸੇ ੳਇ ਨਰ
ਫਿਰ ਫਿਰ ਜੋਨੀ ਆਵਹਿ॥2
ਜਿਵੇਂ ਡੱਡੂ ਪਾਣੀ ਵਿਚ ਨਹਾਉਦੇਂ ਹਨ ਤਿਵੇਂ ਹੀ ਤੀਰਥਾਂ ਤੇ ਨਹਾਉਣ ਵਾਲੇ ਮਨੁੱਖ ਹਨ ਜਿਹੜੇ ਤੀਰਥਾਂ ਉਤੇ ਇਸ਼ਨਾਨ ਕਰਕੇ ਮੁਕਤ ਹੋਣ ਦੀ ਆਸ ਲਾਈ ਬੈਠੇ ਹਨ। ਅਜਿਹੇ ਮਨੁੱਖ ਸਦਾ ਜੂਨਾ ਵਿਚ ਪੈਂਦੇ ਹਨ।
ਮਨਹੁ ਕਠੋਰੁ ਮਰੈ ਬਾਨਾਰਸਿ
ਨਰਕੁ ਨ ਬਾਂਚਿਆ ਜਾਈ॥
ਇਸੇ ਤਰਾਂ ਮਨ ਦਾ ਕਠੋਰ ਮਨੁੱਖ ਬੇਸ਼ੱਕ ਬਨਾਰਸ (ਕਾਸ਼ੀ) ਵਿਚ ਪ੍ਰਾਣ ਤਿਆਗੇ ਫਿਰ ਵੀ ਉਹ ਨਰਕਾਂ ਵਿਚ ਪੈਣ ਤੋਂ ਬਚ ਨਹੀਂ ਸਕਦਾ।ਕਿਉਂ ਕਿ ਬ੍ਰਾਹਮਣਾ ਦੁਆਰਾ ਇਹ ਗਲ ਫੈਲਾਈ ਗਈ ਸੀ ਕਿ ਕੋਈ ਵੀ ਮਨੁੱਖ ਭਾਂਵੇ ਪਾਪੀ ਕਿਉਂ ਨ ਹੋਵੇ ਜੇਕਰ ਉਹ ਬ੍ਰਾਹਮਣਾਂ ਨੂੰ ਪੁੰਨ-ਦਾਨ ਕਰਕੇ ਬਨਾਰਸ ਵਿਚ ਪ੍ਰਾਣ ਤਿਆਗਦਾ ਹੈ ਤਾਂ ਉਹ ਸਵਰਗਾਂ ਨੂੰ ਜਾਵੇਗਾ।
ਹਰਿ ਕਾ ਸੰਤੁ ਮਰੈ ਹਾੜੰਬੈ
ਤ ਸਗਲੀ ਸੈਨ ਤਰਾਈ॥3
ਇਸ ਦੇ ਉਲਟ ਜੇਕਰ ਹਰੀ ਦਾ ਭਗਤ ਸ੍ਰਾਪੀ ਕਹੀ ਜਾਣ ਵਾਲੀ ਧਰਤੀ ਹਾੜੰਬੈ ਭਾਵ ਮਗਹਰ ਵਿਚ ਪ੍ਰਾਣ ਤਿਆਗਦਾ ਹੈ ਤਾਂ ੳੇਹ ਆਪ ਤਾਂ ਮੁਕਤ ਹੁੰਦਾ ਹੀ ਆਪਣੇ ਨਾਲ ਉਹ ਹੋਰ ਲੋਕਾਈ ਨੂੰ ਵੀ ਮੁਕਤ ਕਰ ਲੈਂਦਾ ਹੈ।ਕਿਉਂ ਕਿ ਬ੍ਰਾਹਮਣਾ ਨੇ ਇਹ ਧਾਰਨਾ ਪ੍ਰਪੱਕ ਕੀਤੀ ਸੀ ਕਿ ਜਿਹੜਾ ਮਨੁੱਖ ਹਾੜੰਬੈ ਦੀ ਧਰਤੀ ਉਤੇ ਪ੍ਰਾਣ ਤਿਆਗਦਾ ਹੈ ਉਹ ਨਰਕਾਂ ਵਿਚ ਪਵੈਗਾ।3
ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ
ਤਹਾ ਬਸੈ ਨਿਰੰਕਾਰਾ॥
ਨਿਰੰਕਾਰ ਪ੍ਰਭ ਦੇ ਵਸਣਾ ਦਿਨ ਜਾਂ ਰਾਤ ਦੇ ਸਮੇਂ ਜਾਂ ਵੇਦ ਤੇ ਸ਼ਾਸਤ੍ਰ ਆਦਿ ਕਿਸੇ ਖਾਸ ਧਾਰਮਕ ਗ੍ਰੰਥ ਦਾ ਮੁਥਾਜ ਨਹੀਂ ਹੈ। ਭਾਵ ਨਿਰੰਕਾਰ ਪ੍ਰਭ ਮਨੁੱਖ ਨੂੰ ਉਸ ਆਤਮਕ ਅਵਸਥਾ ਤੇ ਅੱਪੜਦਿਆਂ ਮਿਲਦਾ ਜਿਹੜੀ ਅਵਸਥਾ ਮਨੁੱਖ ਦਿਨ ਜਾਂ ਰਾਤ ਦੇ ਸਮੇਂ ਅਤੇ ਬੇਦ ਜਾਂ ਸ਼ਾਸਤਰ ਆਦਿ ਕਿਸੇ ਖਾਸ ਧਾਰਮਿਕ ਗ੍ਰੰਥ ਦਾ ਮੁਥਾਜ ਨਹੀਂ ਰਹਿੰਦਾ।
ਕਹਿ ਕਬੀਰ ਨਰ ਤਿਸਹਿ ਧਿਆਵਹੁ
ਬਾਵਰਿਆ ਸੰਸਾਰਾ॥4॥(ਪੰਨਾ 484)
ਸਤਿਗੁਰੂ ਕਬੀਰ ਜੀ ਸਮਝਾਉਂਦੇ ਹਨ ਕਿ ਕਮਲੇ ਹੋਏ ਲੋਕੋ! ਤੁਸੀਂ ਵੀ ਬੇਕਾਰ ਦੇ ਧਾਰਮਿਕ ਬੰਧਨਾਂ ਨੂੰ ਤਿਆਗ ਕੇ ਕੇਵਲ ਉਸੇ ਪ੍ਰਮਾਤਮਾਂ ਨੂੰ ਸਿਮਰੋ।4
ਸ਼ਬਦ ਨੰਬਰ-09
ਰਾਮਕਲੀ ਬਾਣੀ ਭਗਤਾ ਕੀ॥
ਕਬੀਰ ਜੀਉ
ਤੂੰ ਮੇਰੋ ਮੇਰੁ ਪਰਬਤੁ ਸੁਆਮੀ,
ਓਟ ਗਹੀ ਮੈ ਤੇਰੀ॥
ਨਾ ਤੁਮ ਡੋਲਹੁ, ਨਾ ਹਮ ਗਿਰਤੇ,
ਰਖਿ ਲੀਨੀ ਹਰਿ ਮੇਰੀ॥1॥
ਹੇ ਪ੍ਰਭ! ਤੂੰ ਮੇਰਾ ਮੇਰ ਪਰਬਤ ਜਿਹਾ ਭਾਵ ਬਹੁਤ ਉਚਾ ਸੁਆਮੀ ਹੈਂ।ਇਸ ਕਰਕੇ ਮੈਂ ਤੇਰਾ ਹੀ ਆਸਰਾ ਤੱਕਿਆ ਹੈ।ਤੂੰ ਸਦਾ ਅਡੋਲ ਹੈਂ ਤੇਰਾ ਲੜ ਫੜ ਕੇ ਅਸੀਂ ਵੀ ਡਿਗਣ ਤੋਂ ਬਚ ਗਏ ਹਾਂ।ਤੂੰ ਮੇਰੀ ਲਾਜ ਰੱਖ ਲਈ ਹੈ।1
ਅਬ ਤਬ ,ਜਬ ਕਬ,ਤੁਹੀ ਤੁਹੀ॥
ਹਮ ਤੁਅ ਪਰਸਾਦ
ਸੁਖੀ ਸਦ ਹੀ॥1॥ਰਹਾਉ॥
ਹੇ ਪ੍ਰਭ! ਮੈਨੂੰ ਹਮੇਸ਼ਾਂ ਤੇਰਾ ਹੀ ਆਸਰਾ ਹੈ ਤੇ ਮੈਂ ਤੇਰੀ ਕਿਰਪਾ ਨਾਲ ਸਦਾ ਖੁਸ਼ ਹਾਂ।1
ਤੋਰੇ ਭਰੋਸੇ ਮਗਹਰ ਬਸਿਓ,
ਮੇਰੇ ਤਨ ਕੀ ਤਪਤਿ ਬੁਝਾਈ॥
ਹੇ ਪ੍ਰਭ! ਲੋਕ ਮਗਹਰ ਦੀ ਧਰਤੀ ਨੂੰ ਸਰਾਪੀ ਹੋਈ ਧਰਤੀ ਆਖਦੇ ਹਨ ਪਰ ਮੈਂ ਤੇਰੇ ਭਰੋਸੇ ਇਸ ਧਾਰਨਾ ਨੂੰ ਨਕਾਰ ਕੇ ਮਗਹਰ ਵਿਚ ਆ ਵਸਿਆਂ ਹਾਂ ਜਿਥੇ ਆ ਕੇ ਤੁਸੀਂ ਮੇਰੇ ਤੇ ਮਿਹਰ ਕਰਕੇ ਮੇਰੇ ਮਨ ਦੀ ਪਿਆਸ ਬੁਝਾ ਦਿੱਤੀ ਹੈ।
ਪਹਿਲੇ ਦਰਸਨੁ ਮਗਹਰ ਪਾਇਓ,
ਫੁਨਿ ਕਾਸੀ ਬਸੇ ਆਈ॥2॥
ਹੇ ਪ੍ਰਭ! ਮੈਂ ਤੇਰਾ ਪਹਿਲਾ ਦਰਸ਼ਨ ਤਾਂ ਮਗਹਰ ਵਿਚ ਹੀ ਕੀਤਾ ਹੈ ਤੇ ਬਾਦ ਵਿਚ ਕਾਸ਼ੀ ਆ ਕੇ ਵਸਿਆ ਹਾਂ।2
ਜੈਸਾ ਮਗਹਰੁ ਤੈਸੀ ਕਾਸੀ,
ਹਮ ਏਕੈ ਕਰਿ ਜਾਨੀ॥
ਹਮ ਨਿਰਧਨ ਜਿਉ ਇਹੁ ਧਨੁ ਪਾਇਆ
ਮਰਤੇ ਫੂਟਿ ਗੁਮਾਨੀ॥3॥
ਮੈਨੂੰ ਮਗਹਰ ਅਤੇ ਕਾਸ਼ੀ ਦੋਵੇਂ ਇਕੋ ਜਿਹੇ ਲਗਦੇ ਹਨ। ਇਹ ਅਵਸਥਾ ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਪ੍ਰਾਪਤ ਹੋਣ ਤੇ ਮਿਲੀ ਹੈ ਪਰ ਕਾਸ਼ੀ ਵਿਚ ਵਸਣ ਵਾਲੇ ਹੰਕਾਰੀ, ਹੰਕਾਰ ਵਿਚ ਮਰ ਰਹੇ ਹਨ।3
ਕਰੈ ਗੁਮਾਨੁ ਚੁਭਹਿ ਤਿਸੁ ਸੂਲਾ,
ਕੋ ਕਾਢਨ ਕਉ ਨਾਹੀ॥
ਅਜੈ ਸੁ ਚੋਭ ਕਉ ਬਿਲਲ ਬਿਲਾਤੇ,
ਨਰਕੇ ਘੋਰ ਪਚਾਹੀ॥4॥
ਅਜਿਹੇ ਹੰਕਾਰੀਆਂ ਦੇ ਸੂਲ਼ਾਂ ਚੁਭਦੀਆਂ ਹਨ ਉਨ੍ਹਾਂ ਸੂਲਾਂ ਨੂੰ ਕੋਈ ਪੁੱਟ ਨਹੀਂ ਸਕਦਾ।ਸਾਰੀ ਉਮਰ ਉਹ ਹੰਕਾਰੀ ਹੰਕਾਰ ਵਿਚ ਸੂਲਾਂ ਚੁੱਭਣ ਵਾਂਗ ਤੜਪਦੇ ਹਨ ਮਾਨੋ ਜਿਵੇਂ ਉਹ ਘੋਰ ਨਰਕ ਵਿਚ ਪਏ ਹੋਣ।4
ਕਵਨੁ ਨਰਕੁ, ਕਿਆ ਸੁਰਗੁ ਬਿਚਾਰਾ,
ਸੰਤਨ ਦੋਊ ਰਾਦੇ॥
ਨੀਹਮ ਕਾਹੂ ਕੀ ਕਾਣਿ ਨ ਕਢਤੇ,
ਅਪਨੇ ਗੁਰ ਪਰਸਾਦੇ॥5॥
ਕੀ ਨਰਕ ਤੇ ਕੀ ਵਿਚਾਰਾ ਸਵਰਗ, ਸੰਤਾਂ ਨੇ ਇਨ੍ਹਾਂ ਦੋਹਾਂ ਨੂੰ ਰੱਦ ਕਰ ਦਿੱਤਾ ਹੈ।ਬ੍ਰਹਮ ਗੁਰੂ ਦੀ ਕਿਰਪਾ ਨਾਲ ਸੰਤ ਨੇ ਸਵਰਗਾਂ ਦੇ ਸੁੱਖ ਅਤੇ ਨਰਕਾਂ ਦੇ ਦੁੱਖ ਮੁਥਾਜ ਨਹੀਂ।ਉਨ੍ਹਾਂ ਨੇ ਇਸ ਨੂੰ ਆਪਣੇ ਮਨੋ ਹੀ ਤਿਆਗ ਦਿੱਤਾ ਹੈ।ਉਹ ਕਿਤੇ ਵੀ ਰਹਿਣ ਉਨ੍ਹਾਂ ਦੇ ਹਿਰਦੇ ਵਿਚ ਕੇਵਲ ਅਨੰਦ ਹੀ ਅਨੰਦ ਹੈ।5
ਅਬ ਤਉ ਜਾਇ ਚਢੇ ਸਿੰਘਾਸਨਿ,
ਮਿਲੇ ਹੈ ਸਾਰਿੰਗਪਾਨੀ॥
ਰਾਮ ਕਬੀਰਾ ਏਕ ਭਏ ਹੈ,
ਕੋਇ ਨ ਸਕੈ ਪਛਾਨੀ॥6॥(ਪੰਨਾ 969)
ਗੁਰੂ ਦੀ ਕਿਰਪਾ ਨਾਲ ਹੁਣ ਮੈਂ ਉਚੀ ਆਤਮਕ ਅਵਸਥਾ ਵਿਚ ਪਹੁੰਚ ਗਿਆ ਹਾਂ ਜਿਥੇ ਮੈਨੂੰ ਪ੍ਰਭ ਪ੍ਰਮਾਤਮਾਂ ਮਿਲ ਗਿਆ ਹੈ।ਹੁਣ ਮੈਂ ਕਬੀਰ ਅਤੇ ਪ੍ਰਭ ਵਿਚ ਕੋਈ ਅੰਤਰ ਨਹੀਂ ਰਿਹਾ।ਅਸੀਂ ਦੋਨੋ ਜਣੇ ਇਕ ਹੋ ਗਏ ਹਾਂ।ਹੁਣ ਸਾਡੇ ਵਿਚੋਂ ਕੋਈ ਪਹਿਚਾਨ ਨਹੀਂ ਸਕਦੇ ਕਿ ਕਿਹੜਾ ਕਬੀਰ ਹੈ ਤੇ ਕਿਹੜਾ ਰਾਮ (ਪ੍ਰਭ) ਹੈ।6
ਸ਼ਬਦ ਨੰਬਰ -10
ਰਾਮਕਲੀ ਬਾਣੀ ਭਗਤਾ ਕੀ॥
ਕਬੀਰ ਜੀਉ
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ,
ਸੋ ਕਿਉ ਬ੍ਰਹਮਨੁ ਬਿਸਰੁ ਕਰੈ॥
ਜਾ ਕੈ ਪਾਇ ਜਗਤ ਸਭੁ ਲਾਗੈ,
ਸੋ ਕਿਉ ਪੰਡਿਤੁ ਹਰਿ ਨ ਕਹੈ॥1॥
ਹੇ ਬ੍ਰਾਹਮਣ ਇਕ ਪਾਸੇ ਤਾਂ ਤੂੰ ਕਹਿੰਦਾ ਹੈਂ ਕਿ ਵੇਦ ਅਤੇ ਗਾਇਤ੍ਰੀ ਪ੍ਰਮਾਤਮਾਂ ਦੇ ਮੂੰਹ ਵਿਚੋਂ ਨਿਕਲੇ ਹਨ।ਪਰ ਫਿਰ ਤੂੰ ਉਸ ਪ੍ਰਮਾਤਮਾਂ ਨੂੰ ਵਿਸਾਰਿਆ ਹੋਇਆ ਕਿਉਂ ਹੈ? ਹੇ ਪੰਡਿਤ! ਤੂੰ ਉਸ ਹਰੀ ਪ੍ਰਮਾਤਮਾਂ ਦਾ ਸਿਮਰਨ ਕਿਉਂ ਨਹੀਂ ਕਰਦਾ ਜਿਸ ਦੇ ਸਾਰਾ ਸੰਸਾਰ ਪੈਰੀਂ ਲਗਦਾ ਹੈ।1
ਕਾਹੇ ਮੇਰੇ ਬਾਮਨ ਹਰਿ ਨ ਕਹਹਿ,
ਰਾਮ ਨ ਬੋਲਹਿ ਪਾਡੇ,
ਦੋਜਕੁ ਭਰਹਿ॥1॥ ਰਹਾੳ॥
ਹੇ ਮੇਰੇ ਬਾਮਣ ਤੂੰ ਹਰੀ ਨੂੰ ਕਿਉਂ ਨਹੀਂ ਸਿਮਰਦਾ। ਹੇ ਪਾਡੇਂ ਤੂੰ ਸਾਰੇ ਸੰਸਾਰ ਵਿਚ ਰਮੇ ਹੋਏ ਰਾਮ ਦਾ ਨਾਮ ਨਹੀਂ ਲੈਂਦਾ ਤੇ ਨਰਕ ਜਿਹਾ ਦੁੱਖ ਭੋਗ ਰਿਹਾਂ ਹੈਂ।1
ਆਪਨ ਊਚ, ਨੀਚ ਘਰਿ ਭੋਜਨ,
ਹਠੇ ਕਰਮ ਕਰਿ ਉਦਰੁ ਭਰਹਿ॥
ਤੂੰ ਆਪਣੇ ਆਪ ਨੂੰ ਉਚੀ ਕੁਲ ਦਾ ਸਮਝਦਾ ਹੈਂ ਪਰ ਭੋਜਨ ਆਪਣੇ ਤੋਂ ਨੀਵਿਆਂ ਦੇ ਘਰ ਖਾਂਦਾ ਹੈਂ।ਤੂੰ (ਆਪ ਤਾਂ ਕੋਈ ਮਿਹਨਤ-ਮੁਸ਼ੱਕਤ ਨਹੀਂ ਕਰਦਾਂ ਤੇ) ਲੋਕਾਂ ਨੂੰ ਹਠ ਵਾਲੇ ਕਰਮ-ਕਾਂਡ ਦਿਖਾ ਕੇ ਤੇ ਉਨ੍ਹਾਂ ਨੂੰ ਭਰਮਾ ਕੇ ਆਪਣਾ ਪੇਟ ਭਰਦਾ ਹੈਂ।
ਚਉਦਸ ਅਮਾਵਸ ਰਚ ਰਚ ਮਾਂਗਹਿ,
ਕਰਿ ਦੀਪਕੁ ਲੈ ਕੂਪ ਪਰਹਿ॥2॥
ਤੂੰ ਚੌਂਦੇ ਅਤੇ ਅਮਾਵਸ ਜਿਹੇ ਬਨਉਟੀ ਦਿਨ-ਵਾਰ ਬਣਾ ਕੇ ਉਨ੍ਹਾਂ ਦਿਨਾ ਦੇ ਨਾਮ ਤੇ ਮੰਗ-ਮੰਗ ਕੇ ਖਹਾ ਰਿਹਾ ਹੈਂ। ਤੂੰ ਏਹੋ ਜਿਹੀ ਵਿਦਿਆ ਦਾ ਦੀਵਾ ਆਪਣੇ ਹੱਥਾਂ ੳੇੁਤੇ ਵਾਲ ਕੇ ਖੂਹ ਵਿਚ ਡਿਗ ਰਿਹਾਂ ਹੈਂ।2
ਤੂੰ ਬ੍ਰਹਮਨ ਮੈ ਕਾਸੀਕ ਜੁਲਹਾ,
ਮੁਹਿ ਤੁਹਿ ਬਰਾਬਰੀ ਕੈਸੇ ਬਨਹਿ॥
ਤੂੰ ਆਪਣੇ ਆਪ ਨੂੰ ਉਚੀ ਕੁਲ ਵਾਲਾ ਬ੍ਰਾਹਮਣ ਸਮਝਦਾਂ ਹੈਂ ਤੇ ਮੈਨੂੰ ਤੁੂੰ ਛੋਟੀ ਕੁਲ ਵਾਲਾ ਕਾਸ਼ੀ ਦਾ ਜੁਲਾਹਾ ਸਮਝਦਾਂ ਹੈਂ। ਤੇਰੀ ਅਜਿਹੀ ਸੋਚ ਕਾਰਨ ਤੇਰੀ ਤੇ ਮੇਰੀ ਕੀ ਬਰਾਬਰੀ ਹੈ?ਇਸ ਕਰਕੇ ਤੂੰ ਮੇਰੇ ਇਨ੍ਹਾਂ ਵਿਚਾਰਾਂ ਨੂੰ ਕਿਥੇ ਮੰਨੇਗਾ।
ਹਮਰੇ ਰਾਮ ਨਾਮ ਕਹਿ ਉਬਰੇ,
ਬੇਦ ਭਰੋਸੇ ਪਾਂਡੇ ਡੂਿਬ ਮਰਹਿ॥3॥
(ਪੰਨਾ 970)
ਪਰ ਅਸੀਂ ਇਕ ਰਾਮ ਭਾਵ ਪਾਰਬ੍ਰਹਮ ਪ੍ਰਭ ਦਾ ਨਾਮ ਸਿਮਰ ਕੇ ਸੰਸਾਰ ਸਮੁੰਦਰ ਤੋ ਪਾਰ ਹੋ ਗਏ ਹਾਂ ਤੇ ਤੁਸੀਂ ਵੇਦਾਂ ਦੇ ਭਰੋਸੇ ਸੰਸਾਰ ਸਮੁੰਦਰ ਵਿਚ ਡੁਬਕੇ ਮਰ ਰਹੇ ਹੋ।
ਸ਼ਬਦ ਨੰਬਰ -11
ਪ੍ਰਭਾਤੀ ਬਾਣੀ ਭਗਤ ਕਬੀਰ ਜੀ
ਅਵਲਿ ਅਲਹ ਨੂਰ ਉਪਾਇਆ,
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗ ਉਪਜਿਆ,
ਕਉਨ ਭਲੇ ਕੋ ਮੰਦੇ॥1॥
ਮੁੱਢ ਕਦੀਮ ਤੋਂ ਸਾਰਾ ਸੰਸਾਰ ਉਸ ਖੁਦਾ ਦੇ ਨੂਰ ਤੋਂ ਪੈਦਾ ਹੋਇਆ ਹੈ।ਇਸ ਤਰਾਂ ਸਾਰੇ ਮਨੁੱਖ ਉਸ ਖੁਦਾ ਦੇ ਹੀ ਜੀਵ ਹਨ।ਹੁਣ ਜਦ ਸਾਰਾ ਜਗਤ ਹੀ ਉਸ ਇਕ ਖੁਦਾ ਦੇ ਨੂਰ ਤੋਂ ਪੈਦਾ ਹੋਇਆ ਹੈ ਫਿਰ ਇਕ ਜੀਵ ਚੰਗਾ ਦੂਸਰਾ ਜੀਵ ਮੰਦਾ ਕਿਵੇਂ ਹੋ ਸਕਾ ਹੈ? ਭਾਵ ਜਾਤ-ਧਰਮ, ਰੰਗ-ਨਸਲ ਦਾ ਵਖਰੇਵਾਂ ਮਨੁੱਖ ਦਾ ਪੈਦਾ ਕੀਤਾ ਹੋਇਆ ਹੈ। ਸਭ ਮਨੁੱਖ ਇਕੋ ਜਿਹੇ ਹਨ ਤੇ ਸਾਰਿਆਂ ਵਿਚ ਉਸ ਪ੍ਰਭ ਦੀ ਹੀ ਜੋਤ ਵਿਚਰ ਰਹੀ ਹੈ।1
ਲੋਗਾ ਭਰਮਿ ਨ ਭੂਲਹੁ ਭਾਈ॥
ਖਲਿਕੁ ਖਲਕ, ਖਲਕ ਮਹਿ ਖਾਲਿਕੁ,
ਪੂਰ ਰਹਿਓ ਸ੍ਰਬ ਠਾਂਈ॥1॥ਰਹਾਉ॥
ਹੇ ਭਾਈ ! ਲੋਕਾਂ ਦੁਆਰਾ ਪ੍ਰਮਾਤਮਾਂ ਦੀ ਹਸਤੀ ਵਾਰੇ ਪੈਦਾ ਕੀਤੇ ਭਰਮ-ਭੁਲੇਖੇ ਵਿਚ ਪੈ ਕੇ ਖੁਆਰ ਨਾ ਹੋਵੋ।ਮੈਂ ਇਹ ਗੱਲ ਸਮਝਾ ਦਿਆਂ ਕਿ ਇਕੋ ਇਕ ਰੱਬ ਹੀ ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ ਅਤੇ ਉਹ ਦੁਨੀਆਂ ਨੂੰ ਪੈਦਾ ਕਰਨ ਤੋਂ ਬਾਦ ਫਿਰ ਇਸ ਦੁਨੀਆਂ ਮੌਜੂਦ ਹੈ।ਉਹ ਰੱਬ ਦੁਨੀਆਂ ਦੇ ਜ਼ਰੇ-ਜ਼ਰੇ ਵਿਚ ਭਰਪੂਰ ਹੈ, ਸਮਾਇਆ ਹੋਇਆ ਹੈ।1
ਮਾਟੀ ਏਕ ਅਨੇਕ ਭਾਂਤਿ ਕਰ,
ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ,
ਨਾ ਕਛੁ ਪੋਚ ਕੁੰਭਾਰੈ॥2॥
ਇਸ ਦੁਨੀਆਂ ਦੀ ਸਾਜਨਾ ਕਰਨ ਵਾਲੇ ਸਿਰਜਨਹਾਰ ਨੇ ਅਨੇਕ ਕਿਸਮਾਂ ਦੇ ਜੀਵ (ਸਮੇਤ ਮਨੱਖ) ਪੈਦਾ ਕੀਤੇ ਹਨ ਪਰ ਇਨ੍ਹਾਂ ਜੀਵਾਂ ਨੂੰੰ ਪੈਦਾ ਕਰਨ ਵਾਸਤੇ ਇਕੋ ਹੀ ਮਿਟੀ ਭਾਵ ਇਕੋ ਜਿਹੇ ਤੱਤਾਂ ਦੀ ਵਰਤੋਂ ਕੀਤੀ ਹੈ।ਨਾਂ ਤਾਂ ਇਨ੍ਹਾਂ ਮਿੱਟੀ ਦੇ ਭਾਡਿਆਂ ਭਾਵ ਜੀਵਾਂ ਵਿਚ ਕੋਈ ਊਣਤਾ ਹੈ ਅਤੇ ਨਾਂ ਹੀ ਇਨ੍ਹਾਂ ਭਾਂਡਿਆਂ ਨੂੰ ਬਨਾਉਣ ਵਾਲੇ ਘੁਮਿਆਰ ਭਾਵ ਰਬ ਵਿਚ ਕੋਈ ਘਾਟ ਹੈ।2
ਸਭ ਮਹਿ ਸਚਾ ਏਕੋ ਸੋਈ,
ਤਿਸ ਕਾ ਕੀਆ ਸਭੁ ਕਛੁ ਹੋਈ॥
ਹੁਕਮੁ ਪਛਾਨੈ ਸੁ ਏਕੋ ਜਾਨੈ,
ਬੰਦਾ ਕਹੀਐ ਸੋਈ॥3॥
ਸਾਰਿਆਂ ਜੀਵਾਂ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭ ਵਸਦਾ ਹੈ।ਸੰਸਾਰ ਵਿਚ ਸਭ ਉਸ ਦਾ ਕੀਤਾ ਹੀ ਸਭ ਕੁਝ ਹੋ ਰਿਹਾ ਹੈ।ਜਿਹੜਾ ਮਨੁੱਖ ਉਸ ਪ੍ਰਮਾਤਮਾਂ ਦਾ ਹੁਕਮ ਨੂੰ ਪਛਾਣਦਾ ਹੈ ਅਤੇ ਇਕੋ ਪਰਮਾਤਮਾਂ ਨੂੰ ਹੀ ਆਪਣਾ ਬਣਾਉਂਦਾ ਹੈ ਅਸਲ ਵਿਚ ਉਹੀ ਰਬ ਦਾ ਬੰਦਾ ਹੈ।3
ਅਲਹੁ ਅਲਖੁ ਨ ਜਾਈ ਲਖਿਆ,
ਗੁਰਿ ਗੁੜੁ ਦੀਨਾ ਮੀਠਾ॥
ਕਹਿ ਕਬੀਰ ਮੇਰੀ ਸੰਕਾ ਨਾਸੀ,
ਸਰਬ ਨਿਰੰਜਨ ਡੀਠਾ॥4॥(ਪੰਨਾ 1349)
ਜਿਵੇਂ ਉਸ ਅੱਲਾ ਦੇ ਬੇਅੰਤ ਗੁਣਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸੇ ਤਰਾਂ ਉਸ ਬ੍ਰਹਮ ਗੁਰੂ ਨੇ ਜਿਹੜਾ ਬ੍ਰਹਮ ਦਾ ਗਿਆਨ ਰੂਪੀ ਮਿੱਠਾ ਗੁੜ ਮੈਨੂੰ ਦਿੱਤਾ ਹੈ ਉਸ ਦੀ ਮਿਠਾਸ ਨੂੰ ਮੈਂ ਬਿਆਨ ਨਹੀਂ ਕਰ ਸਕਦਾਂ। ਸਤਿਗੁਰੂ ਕਬੀਰ ਜੀ ਫੁਰਮਾਉਂਦੇ ਹਨ ਕਿ ਉਸ ਪ੍ਰਭ ਦੇ ਗਿਆਨ ਨੇ ਮੇਰੇ ਸਾਰੇ ਸੰਕਿਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਮੈਂ ਉਸ ਮਾਇਆ ਤੋਂ ਨਿਰਲੇਪ ਪ੍ਰਭ ਨੂੰ ਸਭ ਥਾਂਈ ਵੇਖ ਲਿਆ ਹੈ।4
ਸ਼ਬਦ ਨੰਬਰ -12
ਪ੍ਰਭਾਤੀ ਬਾਣੀ ਭਗਤ ਕਬੀਰ ਜੀ
ਅਲਹੁ ਏਕੁ ਮਸੀਤਿ ਬਸਤੁ ਹੈ,
ਅਵਰੁ ਮੁਲਖੁ ਕਿਸੁ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ,
ਦੁਹ ਮਹਿ ਤਤੁ ਨ ਹੇਰਾ॥1॥
ਅਲਹ ਰਾਮ ਜੀਵਉ ਤੇਰੇ ਨਾਈ॥
ਤੂ ਕਰਿ ਮਿਹਰਾਮਤਿ ਸਾਈ॥1॥ਰਹਾਉ॥
ਦਖਨ ਦੇਸਿ ਹਰੀ ਕਾ ਬਾਸਾ,
ਪਛਿਮਿ ਅਲਹ ਮੁਕਾਮਾ॥
ਦਿਲ ਮਹਿ ਖੋਜਿ ਦਿਲੇ ਦਿਲਿ ਖੋਜਹੁ,
ਏਹੀ ਠਉਰ ਮੁਕਾਮਾ॥2॥
ਬ੍ਰਹਮਨ ਗਿਆਸ ਕਰਹਿ ਚਉਬੀਸਾ,
ਕਾਜੀ ਮਹ ਰਮਜਾਨਾ॥
ਗਿਆਰਹ ਮਾਸ ਪਾਸ ਕੈ ਰਾਖੇ,
ਏਕੈ ਮਾਹਿ ਨਿਧਾਨਾ॥3॥
ਕਹਾ ਉਡੀਸੇ ਮਜਨੁ ਕੀਆ,
ਕਿਆ ਮਸੀਤਿ ਸਿਰੁ ਨਾਂਏਂ॥
ਦਿਲ ਮਹਿ ਕਪਟੁ ਨਿਵਾਜ ਗੁਜਾਰੈ,
ਕਿਆ ਹਜ ਕਾਬੈ ਜਾਂਏਂ॥4॥
ਏਤੇ ਅਉਰਤ ਮਰਦਾ ਸਾਜੇ,
ਏ ਸਭ ਰੂਪ ਤੁਮ੍ਰਾਰੇ॥
ਕਬੀਰੁ ਪੂੰਗਰਾ ਰਾਮ ਅਲਹ ਕਾ,
ਸਭ ਗੁਰ ਪੀਰ ਹਮਾਰੇ॥5॥
ਕਹਤੁ ਕਬੀਰੁ ਸੁਨਹੁ ਨਰ ਨਰਵੈ,
ਪਰਹੁ ਏਕ ਕੀ ਸਰਨਾ॥
ਕੇਵਲ ਨਾਮੁ ਜਪਹੁ ਰੇ ਪ੍ਰਾਨੀ,
ਤਬ ਹੀ ਨਿਹਚੈ ਤਰਨਾ॥6॥(ਪੰਨਾ 1349)