ਆਦਿ ਵਾਸੀਆਂ ਨੂੰ ਏਕੇ ਵਿਚ ਪ੍ਰੋਣ ਵਾਲਾ ਆਦਿ ਧਰਮੀ ਗਦਰੀ ਬਾਬਾ ਮੰਗੂ ਰਾਮ ਮੁੱਘੋਵਾਲੀਆ
ਗੁਰੂ ਰਵਿਦਾਸ ਜੀ ਦੇ ਪਾਵਨ ਕਥਨ, “ਅਛਤ ਰਾਜ ਬਿਛੁਰਤ ਦੁਖੁ ਪਾਇਆ” ਵਿਚ ਗੁਰੂ ਸਾਹਿਬ ਨੇ ਇਕ ਰਾਜੇ ਦੇ ਕੇਵਲ ਇਕ ਰਾਤ ਦੇ ਸੁਪਨੇ ਵਿਚ ਰਾਜ-ਭਾਗ ਤੋਂ (ਖੁਸ ਜਾਣ ) ਵਿਛੜਨ ਕਾਰਨ ਅਤਿਅੰਤ ਦੁਖੀ ਹੋਣ ਦਾ ਸੰਕੇਤ ਦਿੱਤਾ ਹੈ। ਪ੍ਰੰਤੂ ਜਿਹੜੀਆਂ ਕੌਮਾਂ ਤੋਂ ਉਹਨਾਂ ਦਾ ਰਾਜ-ਭਾਗ ਖੋਹ ਕੇ ਉਹਨਾਂ ਨੂੰ 5000 ਸਾਲਾ ਤੱਕ ਨੀਚ, ਅਛੂਤ, ਗੁਲਾਮ, ਦਾਸ ਬਣਾ ਕੇ ਰੱਖਿਆ ਹੋਵੇ ਉਨ੍ਹਾਂ ਦੀ ਦਸ਼ਾ ਕਿਹੋ ਜਿਹੀ ਹੋਵੇਗੀ ਸ਼ਾਇਦ ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਕਠਿਨ ਹੋਵੇਗਾ। ਰਾਜ ਦੇ ਖੁਸ ਜਾਣ ਦਾ ਮੁੱਖ ਕਾਰਨ ਸਾਨੂੰ ਗੁਰਮਤਿ ਸਿਧਾਂਤ ਵਿਚੋਂ ਪ੍ਰਾਪਤ ਹੁੰਦਾ ਹੈ ਕਿ, “ਧਰਮ ਬਿਨਾ ਨਹੀਂ ਰਾਜ ਚਲੇ ਹੈਂ, ਰਾਜ ਬਿਨਾ ਸਭ ਦਲੇ ਮਲੇ ਹੈਂ॥” ਕਈ ਸਦੀਆਂ ਤੋਂ ਦੁਨੀਆਂ ਉਤੇ ਧਰਮ ਦੀ ਗੱਲ ਹੋ ਰਹੀ ਹੈ। ਸਿੰਧੂ ਘਾਟੀ, ਮਹਿੰਜਦੜੋ ਦੀ ਸੱਭਿਅਤਾ ਵੇਲੇ ਭਾਰਤ ਵਿਚ ਸੱਚੇ-ਸੁੱਚੇ ਧਰਮ ਦਾ ਬੋਲ-ਬਾਲਾ ਸੀ ਜਿਹੜਾ ਕੁਦਰਤ ਦੇ ਨੇਮਾ ਅਨੁਸਾਰ ਸੀ। ਲੋਕਾਂ ਵਿਚ ਉਸ ਵੇਲੇ ਕੋਈ ਝੂਠ, ਫਰੇਬ, ਧੋਖਾ, ਵਿਸ਼ਵਾਸ਼ ਘਾਤ, ਛੜ-ਯੰਤਰ ਆਦਿ ਜਿਹੇ ਘਿਨਾਉਣੀ ਤੇ ਮਨੁੱਖਤਾ ਮਾਰੂ ਸੋਚ ਨਹੀਂ ਸੀ। ਮਨੁੱਖ ਕੇਵਲ ਕੁਦਰਤੀ ਵਰਤਾਰਿਆਂ ਦੇ ਵਿਨਾਸ਼ ਤੋ ਡਰਦਾ ਸੀ ਜਿਵੇਂ ਅੱਗ, ਪਾਣੀ ਆਦਿ। ਇਸੇ ਕਰਕੇ ਉਹ ਇਨ੍ਹਾਂ ਦੀ ਪੂਜਾ ਕਰਦਾ ਸੀ।
ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਦਾਸਤਾਂ ਤੋਂ ਬਾਅਦ ਆਦਿ ਵਾਸੀ ਰਹਿਬਰਾਂ ਭਗਵਾਨ ਵਾਲਮੀਕਿ, ਗੁਰੂ ਨਾਮਦੇਵ, ਗੁਰੂ ਰਵਿਦਾਸ, ਗੁਰੂ ਕਬੀਰ ਜੀ ਨੇ ਸੰਸਾਰ ਨੂੰ ਸੱਚੇ-ਸੁਚੇ ਧਰਮ ਦਾ ਸੰਕਲਪ ਪ੍ਰਦਾਨ ਕੀਤਾ।ਪ੍ਰੰਤੂ ਕੀ ਅੱਜ ਅਸੀਂ ਇਸ ਸੰਕਲਪ ਨੂੰ ਅਮਲੀ ਜਾਮਾ ਪਹਿਨਾ ਸਕੇਂ ਹਾਂ?।ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਅੱਜ 650 ਸਾਲ ਹੋਣ ਜਾ ਰਹੇ ਹਨ ਪ੍ਰੰਤੂ ਕੀ ਅੱਜ ਬੇਗਮਪੁਰੇ ਦਾ ਨਾਮੋ-ਨਿਸ਼ਾਨ ਵੀ ਕਿਤੇ ਨਜ਼ਰੀ ਪੈ ਰਿਹਾ ਹੈ? ਸਮੁੱਚੇ ਭਾਰਤ ਦੇ ਆਦਿ ਵਾਸੀਆਂ, ਸ਼ੂਦਰਾਂ, ਦਲਿਤਾਂ, ਗੁਲਾਮਾਂ, ਅਛੂਤਾਂ ਲਈ ਕੀ ਕੋਈ ਧਰਮ ਸਾਰਥਕ ਹੋ ਸਕਿਆ ਹੈ? ਇਹ ਲੋਕ ਅੱਜ ਵੀ ਆਪਣੇ ਮਾਨ-ਸਨਮਾਨ ਲਈ ਜੱਦੋ-ਜਹਿਦ ਕਰ ਰਹੇ ਹਨ। ਅੱਜ ਵੀ ਇਨ੍ਹਾਂ ਨਾਲ ਜਾਤੀ ਭੇਦ-ਭਾਵ ਹੋ ਰਿਹਾ ਹੈ।
ਗਦਰੀ ਬਾਬੇ ਮੰਗੂ ਰਾਮ ਮੁੱਗੋਵਾਲੀਆ ਨੇ ਭਾਰਤ ਦੀ ਅੰਗਰੇਜਾਂ ਤੋਂ ਅਜਾਦੀ ਲਈ ਗਦਰ ਮਚਾਉਣ ਲਈ ਸੋਹਣ ਸਿੰਘ ਭਕਨਾ ਨਾਲ ਸੰਪਰਕ ਕਰ ਕੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ।ਇਸ ਮੰਤਵ ਲਈ ਉਨ੍ਹਾਂ ਨੂੰ ਅਮਰੀਕਾ, ਸਿੰਘਾਪੁਰ, ਕੈਲੇਫੋਰਨੀਆ, ਸਿਡਨੀ, ਜਪਾਨ, ਫਿਲਪੀਨਜ਼ ਅਤੇ ਅਨੇਕਾਂ ਦੇਸ਼ਾਂ ਵਿਚ ਲੁਕ-ਛਿਪ ਕੇ ਕੰਮ ਕਰਦੇ ਰਹੇ। ਜੰਗਲਾਂ ਵਿਚ ਸਾਲਾਂ ਬੱਧੀ ਭੁੱਖੇ ਪਿਆਸੇ ਦਿਨ ਗੁਜ਼ਾਰੇ, ਜੇਲਾਂ ਕੱਟੀਆਂ।ਜਪਾਨ ਦੀ ਸਰਕਾਰ ਨੇ ਬਾਬੂ ਮੰਗੂ ਰਾਮ ਨੂੰ ਇਕ ਸਾਲ ਲਈ ਜੇਲ ਵਿਚ ਬੰਦੀ ਬਣਾ ਕੇ ਰੱਖਿਆ।ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਫਾਂਸੀ ਦੀ ਸਜਾ ਦਾ ਹੁਕਮ ਸੁਣਾਇਆ ਪਰ ਉਥੋਂ ਉਹ ਬਚ ਕੇ ਮਨੀਲਾ ਵੱਲ ਨੂੰ ਚਲ ਪਏ।ਬਰਤਾਨਵੀਂ ਪੰਜਾਬੀ ਜਾਸੂਸਾਂ ਨੇ ਮੰਗੂ ਰਾਮ ਨੂੰ ਫੜ ਲਿਆ। ਹਕੂਮਤ ਨੇ ਬਾਬੂ ਮੰਗੂ ਰਾਮ ਨੂੰ ਤੋਪ ਮੁਹਰੇ ਉਡਾਉਣ ਦਾ ਹੁਕਮ ਜਾਰੀ ਕੀਤਾ ਪ੍ਰੰਤੂ ਉਹ ਬਚ ਕੇ ਫਿਲਪੀਨਜ਼ ਪਹੁੰਚਣ ਵਿਚ ਕਾਮਯਾਬ ਹੋ ਗਏ।ਵਿਦੇਸ਼ਾਂ ਵਿਚ ਘੁੰਮਦਿਆਂ ਉਥੋਂ ਦੀ ਆਬੋ ਹਵਾ ਨੂੰ ਦੇਖ ਕੇ ਉਨ੍ਹਾਂ ਮਹਿਸੂਸ ਕੀਤਾ ਕਿ ਭਾਰਤ ਦੇ ਅਖੌਤੀ ਉਚ ਜਾਤੀਆ ਵਲੋਂ ਅਛੂਤ ਕਹੇ ਜਾਣ ਵਾਲੇ ਲੋਕਾਂ ਨਾਲ ਗੈਰ-ਮਨੁੱਖੀ, ਗੈਰ ਸੱਭਿਅਕ ਅਤੇ ਅਤਿਅੰਤ ਭੈੜਾ ਵਰਤਾਉ ਕੀਤਾ ਜਾ ਰਿਹਾ, ਅਛੂਤਾਂ ਨੂੰ ਦੋਹਰੀ ਗੁਲਾਮੀ ਝੱਲਣੀ ਪੈ ਰਹੀ ਹੈ।1925 ਈ. ਦੇ ਆਰੰਭ ਵਿਚ ਉਨ੍ਹਾਂ ਨੇ ਸਾਨ ਫਰਾਂਸਿਸਕੋ ਸਥਿਤ ਗਦਰ ਪਾਰਟੀ ਦੇ ਦਫਤਰ ਨੂੰ ਪੱਤਰ ਲਿਖ ਕੇ ਭਾਰਤ ਵਿਚ ਅਛੂਤਾਂ ਦੇ ਗਲੋਂ ਉਚ ਜਾਤੀਆਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਸੰਘਰਸ਼ ਕਰਨ ਦੀ ਲਿਖਤੀ ਆਗਿਆ ਪ੍ਰਾਪਤ ਕਰ ਲਈ।ਭਾਰਤ ਦੇ ਸਾਰੇ ਅਛੂਤਾਂ, ਨਿਮਾਣਿਆਂ, ਨਿਤਾਣਿਆਂ, ਗੁਲਾਮਾਂ ਨੂੰ ਇਕ ਮਾਲਾ ਵਿਚ ਪ੍ਰੋਣ ਲਈ ਉਨ੍ਹਾਂ ਨੇ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ।ਇਸ ਵਿਚ ਉਨ੍ਹਾਂ ਨੇ ਪਹਿਲਾਂ ਉੱਤਰੀ ਭਾਰਤ ਦੀਆਂ ਅਛੂਤ ਕਹੀਆਂ ਜਾਣ ਵਾਲੀਆਂ 36 ਜਾਤਾਂ ਨੂੰ ਸ਼ਾਮਲ ਕੀਤਾ।
11-12 ਜੂਨ 1926 ਈ: ਨੂੰ ਆਦਿ ਧਰਮ ਮੰਡਲ ਦੀ ਇਕ ਵੱਡੀ ਕਾਨਫਰੰਸ ਜਲੰਧਰ ਵਿਖੇ ਕੀਤੀ ਗਈ ਜਿਸ ਵਿਚ 5000 ਅਛੂਤਾਂ ਨੇ ਹਿਸਾ ਲਿਆ। ਇਸ ਕਾਨਫਰੰਸ ਵਿਚ ਇਹ ਐਲਾਨ ਕੀਤਾ ਗਿਆ ਕਿ ਅੱਜ ਤੋਂ ਅਸੀਂ ਅਲੱਗ-ਅਲੱਗ ਜਾਤਾਂ ਦੀ ਬਿਜਾਏ ਇਕੋ ਜਾਤ ਦਾ ਸਮੂਹ ਹਾਂ ਉਹ ਜਾਤ ਹੈ ਆਦਿ ਧਰਮੀ। ਆਦਿ ਧਰਮੀ ਤੋਂ ਭਾਵ ਕਿ ਬ੍ਰਹਮ ਭਾਵ ਕਰਤਾਰ ਦੇ ਪਵਿੱਤਰ ਨਿਯਮ (ਸ਼ੁਭ ਕਰਮ) ਅਪਨਾਉਣ ਵਾਲੇ ਅਤੇ ਇਨ੍ਹਾਂ ਆਦਿ ਧਰਮੀਆਂ ਦਾ ਧਰਮ ਹੈ ਆਦਿ ਧਰਮ ਭਾਵ ਬ੍ਰਹਮ ਦੇ ਪਵਿੱਤਰ ਨਿਯਮ। ਭਾਵ ਬ੍ਰਹਮ (ਕਰਤਾਰ ਜਾਂ ਪ੍ਰਮਾਤਮਾਂ ਜਾਂ ਪ੍ਰਭ) ਦੇ ਪਵਿਤਰ ਨਿਯਮ ਸਾਡਾ ਧਰਮ ਹੈ। ਆਦਿ ਧਰਮ ਦੇ ਗੁਰੂ, ਰਹਿਬਰ ਹਨ ਭਗਵਾਨ ਵਾਲਮੀਕਿ, ਸਤਿਗੁਰੂ ਨਾਮਦੇਵ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ ਜੀ ਮਹਾਰਾਜ ਸਾਡੇ ਧਾਰਮਿਕ ਗ੍ਰੰਥ ਦਾ ਨਾਂਅ ਹੈ ਆਦਿ ਪ੍ਰਕਾਸ਼ ਗ੍ਰੰਥ। ਆਦਿ ਤੋਂ ਭਾਵ ਬ੍ਰਹਮ ਜਾਂ ਕਰਤਾਰ ਤੋਂ ਭਾਵ ਜਿਸ ਤੋਂ ਸ਼੍ਰਿਸ਼ਟੀ ਆਰੰਭ ਹੋਈ ਹੈ ਅਤੇ ਪ੍ਰਕਾਸ਼ ਤੋਂ ਭਾਵ ਪ੍ਰਗਟ ਹੋਇਆ। ਗ੍ਰੰਥ ਤੋਂ ਭਾਵ ਗੁੰਦਣਾ ਭਾਵ ਅਜਿਹੀ ਪੁਸਤਕ ਜਿਸ ਵਿਚ ਮਜਮੂੰਨ ਗੁੰਦੇ ਗਏ ਹੋਣ। ਸਮੁੱਚਾ ਭਾਵ ਕਿ ਬ੍ਰਹਮ ਤੋਂ ਪ੍ਰਗਟ ਹੋਇਆ ਗ੍ਰੰਥ।
ਸਾਡਾ ਪਵਿਤਰ ਸ਼ਬਦ ਹੈ ਸੋਹੰ।ਸੋਹੰ ਤੋਂ ਭਾਵ ਉਹ ਮੈਂ ਹਾਂ ਭਾਵ ਮੈਂ ਬ੍ਰਹਮ ਦੀ ਅੰਸ਼ ਹਾਂ। ਭਾਵ ਦੁਨੀਆਂ ਦਾ ਹਰ ਜੀਵ ਪਾਰਬ੍ਰਹਮ ਦੀ ਅੰਸ਼ ਹੈ। ਇਸ ਕਰਕੇ ਜਨਮ ਤੋਂ ਕੋਈ ਵੀ ਮਨੁੱਖ ਇਕ ਉੱਚਾ ਦੂਜਾ ਨੀਵਾਂ, ਚੰਗਾ-ਮਾੜਾ, ਸ਼ੁੱਧ-ਅਸ਼ੁੱਧ ਨਹੀਂ ਹੁੰਦਾ। ਮਨੁੱਖ ਦੇ ਕੀਤੇ ਕਰਮ ਹੀ ਉਸ ਨੂੰ ਅਜਿਹਾ ਬਣਾਉਦੇ ਹਨ। ਸੋ ਜਨਮ ਤੋਂ ਸਾਰੇ ਹੀ ਮਨੁੱਖ ਪਵਿੱਤਰ ਪੈਦਾ ਹੁੰਦੇ ਹਨ। ਸਾਡੇ ਧਰਮ ਦਾ ਰੰਗ ਹੈ ਗੇਰੂਆ ਭਾਵ ਗੂੜਾ ਲਾਲ ਜਾਂ ਲਾਖਾ ਭਾਵ ਮਜੀਠ ਦਾ।ਕਿਉਂ ਕਿ ਮਜੀਠ ਦਾ ਰੰਗ ਪ੍ਰਮਾਤਮਾ ਦੇ ਰੰਗ ਵਾਂਗ ਪੱਕਾ ਰੰਗ ਹੈ। ਜਦ ਇਹ ਚੜ੍ਹ ਜਾਵੇ ਤਾਂ ਫਿਰ ਉਤਰਦਾ ਨਹੀਂ ਹੈ। ਪਾਵਨ ਬਚਨ ਹਨ, “ਮੇਰੇ ਰਮੀਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥”ਸਾਡਾ ਸ਼ੁਭ ਕਾਮਨਾ ਸੰਦੇਸ਼ ਭਾਵ ਬੋਲਾ ਜੈ ਗੁਰੂਦੇਵ! ਧੰਨ ਗੁਰੂਦੇਵ! ਹੈ। ਭਾਵ ਜਦੋਂ ਅਸੀਂ ਇਕ ਦੂਜੇ ਨੂੰ ਮਿਲਣਾ ਹੈ ਤਾਂ ਜੈ ਗੁਰੂਦੇਵ ! ਧੰਨ ਗੁਰੂਦੇਵ ! ਕਹਿ ਕੇ ਆਪਣੇ ਆਦਿ ਗੁਰੂ ਸਾਹਿਬਾਨਾ ਦੀ ਜੈ (ਭਾਵ ਜੀਤ, ਜਿੱਤ, ਫਤਿਹ) ਅਤੇ ਧੰਨ (ਭਾਵ ਸਾਡੇ ਗੁਰੂ ਸਾਹਿਬਾਨ ਪੁਨਯਵਾਨ, ਸ਼ਲਾਘਾਯੋਗ, ਸੁਕ੍ਰਿਤਿ ਹਨ ਧੰਨ ਦਾ ਦੂਸਰਾ ਭਾਵ ਹੈ ਕਮਾਨ ਜਾਂ ਧਨੁੱਖ ਭਾਵ ਉਨ੍ਹਾਂ ਦੇ ਵਿਚਾਰ ਸਾਡੀ ਰੱਖਿਆ ਲਈ ਧਨੁੱਖ ਹਨ) ਪ੍ਰਗਟ ਕਰਨੀ ਹੈ।
ਸੋ ਇਹ ਹਨ ਗਹਿਰ-ਗੰਭੀਰ ਅਰਥਾਂ ਵਾਲੇ ਆਦਿ ਧਰਮ ਦੇ ਸਿਧਾਂਤ।ਜਿਨ੍ਹਾਂ ਤੋ ਬਾਬੂ ਮੰਗੂ ਰਾਮ ਜੀ ਦੀ ਉੱਚੀ-ਸੁੱਚੀ ਸੋਚ ਤੇ ਨਜ਼ਰੀਏ ਦੀ ਝਲਕ ਪੈਂਦੀ ਹੈ।ਆਦਿ ਧਰਮ ਦੀ ਮਾਨਤਾ ਸਬੰਧੀ ਵਾਰ-ਵਾਰ ਅੰਗਰੇਜ਼ ਸਰਕਾਰ ਨੂੰ ਮੈਮੋਰੰਡਮ ਦਿੱਤੇ ਗਏ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸਹਿਯੋਗ ਨਾਲ ਫਰਵਰੀ 1930 ਈ: ਵਿਚ ਆਦਿ ਧਰਮ ਨੂੰ ਇਕ ਵੱਖਰੇ ਅਤੇ ਸੁਤੰਤਰ ਧਰਮ ਵਜੋਂ ਮਾਨਤਾ ਮਿਲ ਗਈ। ਮਰਦਮਸ਼ੁਮਾਰੀ ਰਿਪੋਰਟ 1931ਈ: ਅਨੁਸਾਰ 418789 ਵਿਅਕਤੀਆਂ ਨੇ ਆਪਣਾ ਧਰਮ ਆਦਿ ਧਰਮ ਲਿਖਵਾਇਆ।ਸੋ ਆਦਿ ਵਾਸੀਆਂ ਨੂੰ ਏਕੇ ਵਿਚ ਪੋ੍ਰਣ ਦਾ ਜੋ ਬੀੜਾ ਬਾਬੂ ਮੰਗੂ ਰਾਮ ਮੁੱਘੋਵਾਲ ਨੇ ਉਠਾਇਆ ਉਸ ਵਰਗੀ ਮਿਸਾਲ ਸਾਡੇ ਸਮਾਜ ਵਿਚ ਅੱਜ ਤੱਕ ਕਿਤੇ ਨਹੀਂ ਮਿਲਦੀ।ਆਉ ਆਦਿ ਧਰਮ ਦੇ ਇਸ ਕਾਫਲੇ ਨੂੰ ਵੱਡਾ ਤੇ ਮਜ਼ਬੂਤ ਕਰਕੇ ਪੂਰੇ ਭਾਰਤ ਵਿਚ ਫੈਲਾ ਦਈਏ ਕਿਉਂ ਕਿ ਇਕ ਸਾਂਝੇ ਧਰਮ ਤੋਂ ਬਿਨਾ ਪੂਰੇ ਭਾਰਤ ਵਿਚ ਰਾਜਨੀਤਿਕ ਸ਼ਕਤੀ ਹਾਸਲ ਨਹੀਂ ਹੋਣੀ ਅਤੇ ਰਾਜਨੀਤਕ ਸ਼ਕਤੀ ਤੋਂ ਬਿਨ੍ਹਾ ਦਲਿਤ ਸਮਾਜ ਦਾ ਕਲਿਆਣ ਸੰਭਵ ਨਹੀਂ।
ਚਰਨਜੀਤ ਸਿੰਘ ਬਿਨਪਾਲਕੇ
ਪਿੰਡ ਤੇ ਡਾਕਖਾਨਾ: ਬਿਨਪਾਲਕੇ ਨੇੜੇ ਭੋਗਪੁਰ, ਜ਼ਿਲ੍ਹਾ ਜਲੰਧਰ
ਮੋਬਾਇਲ: 98148-39944