ਕੁਦਰਤ ਦੇ ਮੁੱਢਲੇ ਨਿਯਮ ਪਰਿਵਰਤਿਤ ਹੋਣਾ ਵਿਚ ਦਲਿਤਾਂ ਦੀ ਦਸ਼ਾ ਅਤੇ ਦਿਸ਼ਾ
ਸਮੇਂ-ਸਮੇਂ ਅਨੁਸਾਰ ਮਨੁੱਖ ਦਾ ਪਰਿਵਰਤਿਤ ਹੋਣਾ, ਤਬਦੀਲ ਹੋਣਾ ਜਾਂ ਬਦਲਣਾ ਬਹੁਤ ਜ਼ਰੂਰੀ ਹੈ। ਜੋ ਵਿਅਕਤੀ ਸਮੇਂ ਦੇ ਅਨੁਸਾਰ ਆਪਣੇ ਆਪ ਵਿਚ ਬਦਲਾਅ ਨਹੀਂ ਕਰਦਾ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ।ਜੇਕਰ ਅਸੀਂ ਕਿਸੇ ਕਾਮਯਾਬ ਵਿਅਕਤੀ ਦੇ ਕੰਮਾਂ ਦੀ ਸਮੀਖਿਆ ਕਰੀਏ ਤਾਂ ਅਸੀਂ ਨਿਸ਼ਚੇ ਹੀ ਇਸ ਨਤੀਜੇ ਪਹੁੰਚਾਂਗੇ ਕਿ ਉਸ ਵਿਅਕਤੀ ਨੇ ਸਮੇਂ-ਸਮੇਂ ਸਿਰ ਆਪਣੇ ਆਪ ਨੂੰ ਅਤੇ ਆਪਣੇ ਕੰਮ ਕਰਨ ਦੇ ਢੰਗਾਂ ਨੂੰ ਤਬਦੀਲ ਕੀਤਾ ਹੈ, ਤਾਂ ਜਾ ਕੇ ਉਹ ਕੋਈ ਉੱਚਾ ਮੁਕਾਮ ਹਾਸਿਲ ਕਰ ਸਕਿਆ ਹੈ।ਮਨੁੱਖ ਵਿਚ ਬੀਮਾਰੀ ਪੈਦਾ ਕਰਨ ਵਾਲੇ ਕੁੱਝ ਵਾਇਰਸ ਅਜਿਹੇ ਹਨ ਜਿਹੜੇ ਆਪਣੀ ਕਿਸਮ ਨੂੰ ਬਦਲਦੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਉਤੇ ਐਂਟੀ-ਵਾਇਰਸ ਦਵਾਈ ਆਦਿ ਦਾ ਅਸਰ ਨਾ ਹੋਵੇ।ਇਕ ਆਮ ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ।ਮਨੁੱਖ ਦੀਆਂ ਲੋੜਾਂ ਮਨੁੱਖ ਨੂੰ ਸਮੇਂ-ਸਮੇਂ ਅਨੁਸਾਰ ਪਰਿਵਰਤਿਤ ਹੋਣ ਦਾ ਸੁਨੇਹਾ ਦਿੰਦੀਆਂ ਹਨ।ਭਾਰਤ ਦੇਸ਼ ਲਈ ਮਰ ਮਿਟਣ ਵਾਲਾ, ਮੂਲ ਵਾਸੀ, ਸੂਰਵੀਰ, ਉੱਦਮੀ, ਸਿਰੜੀ, ਅਣਖੀ, ਯੋਧਾ ਦਲਿਤ ਸਮਾਜ ਜਿਸ ਕੋਲ ਸਾਰੇ ਵਸੀਲੇ ਹੁੰਦੇ ਹੋਇਆਂ ਦੇਸ਼ ਭਰ ਵਿਚ ਰਾਜਨੀਤਕ ਮੁਕਾਮ ਹਾਸਲ ਨਾ ਕਰ ਪਾਉਣਾ, ਆਰਥਿਕ ਪੱਧਰ ‘ਤੇ ਤਰੱਕੀ ਦੀਆਂ ਮੱਲਾਂ ਨ ਮਾਰਨਾ ਅਤੇ ਐਜ਼ੂਕੇਸ਼ਨਲ ਖੇਤਰ, ਇੰਡਸਟਰੀਅਲ, ਮੈਡੀਕਲ, ਇੰਜ਼ੀਨੀਅਰਿੰਗ ਜਾਂ ਅਜਿਹੇ ਹੋਰ ਖੇਤਰ ਆਪਣਾ ਵੱਡਾ ਕਾਰੋਬਾਰ ਸਥਾਪਿਤ ਨਾ ਕਰਨ ਦਾ ਮੁੱਖ ਕਾਰਨ ਹੈ ਕਿ ਦਲਿਤ ਸਮਾਜ ਵਿਚ ਆਪਣੇ ਆਪ ਨੂੰ ਤਬਦੀਲ ਕਰਨ ਦੀ ਪ੍ਰਵਿਰਤੀ ਬੜੀ ਘੱਟ ਹੈ।ਉਹ ਜਿਸ ਦਾਇਰੇ ਵਿਚ ਹੈ ਬੱਝਾ ਹੈ ਜਾਂ ਜਿੱਥੇ ਵੀ ਜੁੜਿਆ ਹੈ ਉਥੇ ਭਾਵੇਂ ਉਸ ਦਾ ਨੁਕਸਾਨ ਹੀ ਕਿਉਂ ਨਾ ਹੋਈ ਜਾਵੇ ਉਹ ਸਹਜੇ ਕਿਤੇ ਉਸ ਨਾਲੋਂ ਟੁੱਟਣਾ ਨਹੀਂ ਚਾਹੁੰਦਾ।ਥੋੜੀ ਜਿਹੀ ਪ੍ਰਾਪਤੀ ਕਰਕੇ ਉਹ ਸੰਤੁਸ਼ਟ ਹੋ ਜਾਂਦਾ ਹੈ।ਇਹੀ ਕਾਰਨ ਹੈ ਕਿ ਦਲਿਤਾਂ ਵਿਚ ਪਰਵਾਸ ਕਰਨ ਦੀ ਪਰਵਿਰਤੀ ਵਿਚ ਸਮਂੇ ਅਨੁਸਾਰ ਬਦਲਾਅ ਨਹੀਂ ਆ ਰਿਹਾ।ਵਿਦੇਸ਼ਾ ਵਿਚ ਦੂਸਰੇ ਵਰਗਾਂ ਦੇ ਮੁਕਾਬਲੇ ਦਲਿਤਾਂ ਦੇ ਪ੍ਰਵਾਸ ਕਰਨ ਦੀ ਗਿਣਤੀ ਘੱਟ ਹੋਣ ਦਾ ਪ੍ਰਮੁੱਖ ਕਾਰਨ ਵੀ ਇਹੀ ਹੈ।
ਜੇਕਰ ਪੰਛੀਆਂ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਇਹ ਮੌਸਮ ਦੇ ਬਦਲਾਅ ਅਨੁਸਾਰ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਪ੍ਰਵਾਸ ਕਰਦੇ ਹਨ।ਪੰਜਾਬ ਦੀ ਹਰੀਕੇ ਝੀਲ ਵਿਚ ਲੱਖਾਂ ਪੰਛੀ ਦਸੰਬਰ-ਜਨਵਰੀ ਮਹੀਨੇ ਵਿਚ ਦੂਸਰੇ ਠੰਡੇ ਮੁਲਕਾਂ ਤੋਂ ਹਜ਼ਾਰਾਂ ਮੀਲ ਪੈਂਡਾ ਤਹਿ ਕਰਕੇ ਆਉਂਦੇ ਹਨ ਤੇ ਫਰਵਰੀ-ਮਾਰਚ ਮਹੀਨੇ ਵਿਚ ਵਾਪਸ ਆਪਣੇ ਮੁਲਕ ਨੂੰ ਚਲੇ ਜਾਂਦੇ ਹਨ। ਸਵੇਰੇ ਅਤੇ ਤ੍ਰਿਕਾਲਾਂ ਨੂੰ ਕਈ ਵਾਰ ਅਸੀਂ ਪੰਛੀਆਂ ਦੀਆਂ ਡਾਰਾਂ (ਕਤਾਰਾਂ) ਨੂੰ ਜਾਂਦਿਆਂ-ਆਉਂਦਿਆਂ ਦੇਖਦੇ ਹਾਂ।ਇਹ ਪੰਛੀ ਆਲ੍ਹਣਿਆਂ ਵਿਚ ਆਪਣਿਆਂ ਬੱਚਿਆਂ ਨੂੰ ਇਕੱਲੇ ਛੱਡ ਕੇ ਆਪਣੇ ਚੋਗੇ ਅਰਥਾਤ ਅੰਨ ਦੀ ਭਾਲ ਵਿਚ ਸੈਂਕੜੇ ਮੀਲਾਂ ਦਾ ਪੰਧ ਤਹਿ ਕਰਕੇ ਚੋਗਾ ਚੁੱਗਦੇ ਅਤੇ ਜਾ ਕੇ ਆਪਣਿਆਂ ਬੱਚਿਆਂ ਨੂੰ ਵੀ ਖਿਲਾਉਂਦੇ ਹਨ।ਇਸ ਤਰਾਂ ਪੰਛੀ ਅਤੇ ਹੋਰ ਜੀਵ ਸਮੇਂ ਅਤੇ ਲੋੜ ਅਨੁਸਾਰ ਪ੍ਰਵਾਸ ਕਰਦੇ ਅਤੇ ਕੁਦਰਤ ਦੇੇ ਨਿਯਮ ਅਨੁਸਾਰ ਆਪਣੇ-ਆਪ ਨੂੰ ਪਰਵਰਤਿਤ ਕਰਦੇ ਰਹਿੰਦੇ ਹਨ।
ਦਲਿਤ ਸਮਾਜ ਵਿਚ ਪਰਵਾਸ ਕਰਨ ਦੀ ਪ੍ਰਵਿਰਤੀ ਬਹੁਤ ਘੱਟ ਹੋਣ ਦਾ ਮੂਲ ਕਾਰਨ ਇਹ ਹੈ ਕਿ ਇਹ ਸਮਾਜ ਭਾਵਨਾਵਾਂ ਨਾਲ ਬਹੁਤ ਜ਼ਿਅਦਾ ਜੁੜਿਆ ਹੋਇਆ ਹੈ। ਬੱਚਿਆਂ ਦਾ ਮੋਹ, ਪਰਿਵਾਰ ਦਾ ਮੋਹ, ਮਿੱਟੀ ਦਾ ਮੋਹ, ਜਨਮ ਭੂਮੀ ਦਾ ਮੋਹ ਅਤੇ ਦੇਸ਼ ਦਾ ਮੋਹ, ਇਸ ਸਮਾਜ ਨੂੰ ਇਕ ਥਾਂ, ਇਕ ਘੇਰੇ ਵਿਚ ਸਮੇਟ ਕੇ ਰੱਖਦਾ ਹੈ।ਇਥੋਂ ਤੱਕ ਕਿ ਇਹ ਆਪਣੇ ਪਿੰਡ, ਮੁਹੱਲੇ ਜਾਂ ਘਰ ਨੂੰ ਛੱਡ ਕੇ ਨਾਲ ਦੇ ਕਸਬੇ ਜਾਂ ਸ਼ਹਿਰ ਵਿਚ ਵਸਣ ਲਈ ਕੰਨੀਂ ਕਤਰਾਉਂਦੇ ਹਨ।ਇਸ ਦਾ ਇਸ ਨੇ ਬਹੁਤ ਵੱਡਾ ਨੁਕਸਾਨ ਉਠਾਇਆ ਹੈ ਤੇ ਆਉਣ ਵਾਲੇ ਸਮੇਂ ਹੋਰ ਨੁਕਸਾਨ ਉਠਾਵੇਗਾ।ਉਦਾਹਰਨ ਦੇ ਤੌਰ ’ਤੇ ਇਹ ਅਕਸਰ ਪਿੰਡ, ਸ਼ਹਿਰ ਦੀਆਂ ਤੰਗ ਗਲੀਆਂ ਵਿਚ ਨਿਵਾਸ ਕਰਦੇ ਹਨ। ਇਥੋਂ ਤੱਕ ਕਿ ਜਿਨ੍ਹਾਂ ਲੋਕਾਂ ਕੋਲ ਗੁੰਜਾਇਸ਼ ਹੁੰਦੀ ਹੈ, ਉਹ ਵੀ ਇਹ ਉਦਮ ਨਹੀਂ ਕਰਦੇ ਕਿ ਇਨਾਂ੍ਹ ਤੰਗ-ਗਲੀਆਂ ਵਾਲੇ ਮਕਾਨ ਵੇਚ ਕੇ ਕਿਤੇ ਬਾਹਰ ਮਾਡਰਨ ਕਾਲੋਨੀਆਂ ਵਿਚ ਜਿੱਥੇ ਚੌੜੀਆਂ ਸੜਕਾਂ, ਪਾਰਕਾਂ, ਸੀਵਰੇਜ, ਖੁੱਲ੍ਹਾ ਤੇ ਸਾਫ-ਸੁਥਰੇ ਮਾਹੌਲ ਵਿਚ ਰਿਹਾਇਸ਼ ਕਰੀਏ। ਬਸ ਉਥੇ ਹੀ ਉਪਰ ਤੋਂ ਉਪਰ ਮਕਾਨ ਬਣਾਈ ਜਾ ਰਹੇ ਹਾਂ।ਕਸਬਿਆਂ ਜਾਂ ਕਲੋਨੀਆਂ ਵਿਚ ਪਲਾਟ ਸਸਤਾ ਹੋਣ ਦੇ ਬਾਵਜੂਦ ਵੀ ਇਹ ਪਿੰਡਾਂ ਜਾਂ ਆਪਣੇ ਘਰਾਂ ਦੇ ਨਜ਼ਦੀਕ ਪਲਾਟ ਲੈਣ ਨੂੰ ਤਰਜੀਹ ਦਿੰਦੇ ਹਨ।ਇਨ੍ਹਾਂ ਦੇ ਨਿਵਾਸ ਦੀਆਂ ਤੰਗ ਗਲੀਆਂ ਵਿਚ ਗੱਡੀਆਂ ਤਾਂ ਕੀ ਮੋਟਰਸਾਇਕਲ ਖੜ੍ਹਾ ਕਰਨਾ ਵੀ ਬਹੁਤ ਅੋਖਾ ਹੁੰਦਾ ਹੈ। ਬਾਹਰ ਮੋਟਰ-ਸਾਇਕਲ ਲਗਾ ਕੇ ਰਿਸ਼ਤੇਦਾਰ ਅਜੇ ਅੰਦਰ ਜਾ ਕੇ ਬੈਠਦਾ ਹੀ ਹੈ ਕਿ ਬਾਹਰ ਪੀਂ-ਪੀਂ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਕਿ ਮੋਟਰ-ਸਾਇਕਲ ਸਾਈਡ ’ਤੇ ਕਰੋ, ਅਸੀਂ ਆਪਣਾ ਵਹੀਕਲ ਲੰਗਾਉਣਾ ਆ। ਅੱਜ ਇਸ ਸਮਾਜ ਦੇ ਬਹੁਤ ਸਾਰੇ ਲੋਕ ਗੱਡੀਆਂ ਲੈਣ ਦੇ ਸਮਰੱਥ ਹਨ ਪਰ ਘਰ ਵਿਚ ਗੱਡੀ ਖੜ੍ਹੀ ਕਰਨ ਲਈ ਥਾਂ ਨਾ ਹੋਣ ਦੀ ਵਜ੍ਹਾ ਕਰਕੇ ਗੱਡੀ ਲੈਣ ਤੋਂ ਸੰਕੋਚ ਕਰਦੇ ਹਨ।
ਅੱਜ ਵੀ ਇਹ ਉਨਾਂ੍ਹ ਪਿੰਡਾਂ ਵਿਚ ਨਿਵਾਸ ਕਰਦੇ ਹਨ ਜਿਹੜੇ ਕਸਬਿਆਂ ਤੋਂ 10-15 ਕਿਲੋਮੀਟਰ ਜਾਂ ਇਸ ਤੋਂ ਹੋਰ ਜ਼ਿਆਦਾ ਦੂਰੀ ਤੇ ਹਨ ਹਨ। ਜਿਥੇ ਦਿਨ ਵਿਚ ਸਿਰਫ 3-4 ਵਾਰ ਬੱਸ ਜਾਂ ਟੈਂਪੂ ਜਾਂਦਾ ਹੈ।ਸ਼ਾਮ 4 ਵਜੇ ਤੋਂ ਬਾਅਦ ਉਨ੍ਹਾਂ ਪਿੰਡਾਂ ਨੂੰ ਜਾਣ ਵਾਸਤੇ ਕੋਈ ਸਾਧਨ ਨਹੀਂ ਹੁੰਦਾ ਨਾਲੇ ਸੰੁਨਮਸਾਨ ਰਸਤਾ। ਜੇਕਰ ਕੋਈ ਮਰੀਜ਼ ਸੀਰੀਅਸ ਹੋ ਜਾਵੇ ਤਾਂ 30-40 ਕਿਲੋਮੀਟਰ ਆਸ-ਪਾਸ ਕੋਈ ਹਸਪਤਾਲ ਨਹੀਂ।ਬੱਚਿਆਂ ਨੂੰ ਸਕੂਲ ਜਾਣ ਲਈ 10-15 ਕਿਲੋਮੀਟਰ ਬੱਸ ਜਾਂ ਸਾਇਕਲ ’ਤੇ ਜਾਣਾ ਪੈਦਾ ਹੈ। ਦੱਸੋ ਇਹ ਬੱਚੇ ਪੜ੍ਹਣਗੇ ਕਿਹੜੇ ਵੇਲੇ ਪਹਿਲਾਂ ਤਾਂ ਘਰੋਂ ਚੱਲੋ ਤੇ ਬੱਸ ਦੀ ਉਡੀਕ ਕਰੋ, ਇਕ ਘੰਟਾ ਲਗਾ ਕੇ ਕਸਬੇ ਪਹੁੰਚੋ। ਉਥੋਂ ਬੱਸ ਫੜ ਕੇ ਅੱਧਾ-ਪੌਣਾ ਘੰਟਾ ਲਗਾ ਕੇ ਸ਼ਹਿਰ ਪਹੁੰਚੋ ਫਿਰ ਸ਼ਹਿਰ ਤੋਂ ਬੱਸ, ਆਟੋ ਫੜ ਕੇ ਕਾਲਜ ਪੁਹੰਚੋ ਵਾਪਸੀ ’ਤੇ ਫਿਰ ਇਸੇ ਤਰਾਂ। ਜਰਾ ਸੋਚੋ ਕਿ ਰੋਜ਼ਾਨਾ ਦੀ ਇਸ ਪ੍ਰਕਿਰਿਆ ’ਤੇ ਕਿੰਨਾ ਸਮਾਂ ਤੇ ਪੈਸਾ ਖਰਚ ਆਇਆ ਅਤੇ ਕਿੰਨੀ ਪ੍ਰੇਸ਼ਾਨੀ ਝੱਲਣੀ ਪਈ। ਇਨ੍ਹਾਂ 80% ਪਿੰਡਾਂ ਵਿਚ ਕੋਈ ਟਿਊਸ਼ਨ ਸੈਂਟਰ ਨਹੀ, ਕੋਈ ਖਰੀਦਦਾਰੀ ਕਰਨ ਲਈ ਬਾਜ਼ਾਰ ਨਹੀਂ, ਕੋਈ ਵਧੀਆ ਸਿਹਤ ਸਹੂਲਤਾਂ, ਸਕੂਲ-ਕਾਲਜ ਨਹੀਂ।ਪਿੰਡਾਂ ਵਿਚ ਇਨ੍ਹਾਂ ਦੀ ਆਪਣੀ ਕੋਈ ਦੁਕਾਨਦਾਰੀ, ਖੇਤੀ-ਬਾੜੀ, ਕੰਮ-ਕਾਰ ਜਾਂ ਹੋਰ ਬਿਜਨੈੱਸ ਨਹੀਂ ਪਰ ਫਿਰ ਵੀ ਇਹ ਸਹੂਲਤਾਂ ਤੋਂ ਸੱਖਣੇ ਇਨ੍ਹਾਂ ਪਿੰਡਾਂ ਨੂੰ ਤਿਆਗਣ ਲਈ ਰਾਜ਼ੀ ਨਹੀਂ। ਪੁਰਾਣੇ ਸਮਂੇ ਖੇਤੀ-ਬਾੜੀ ਵਿਚ ਕੰਮ-ਕਾਰ ਮਿਲ ਜਾਂਦਾ ਸੀ। ਪਰ ਹੁਣ ਮਸ਼ੀਨਰੀ ਅਤੇ ਠੇਕੇਦਾਰੀ ਸਿਸਟਮ ਕਾਰਨ ਸਭ ਕੁਝ ਖਤਮ ਹੋ ਗਿਆ ਹੈ। ਜ਼ਿਮੀਂਦਾਰ ਦੇ ਘਰ ਦੇ 2-3 ਮੈਂਬਰ ਹੀ 50-60 ਏਕੜ ਦੀ ਖੇਤੀ ਕਰੀ ਜਾ ਰਹੇ ਹਨ। ਫਿਰ ਸ਼ਹਿਰ ਜਾਂ ਕਸਬੇ ਨੂੰ ਕੰੰਮ ’ਤੇ ਆਉਣ, ਪੜਨ, ਖਰੀਦਦਾਰੀ ਕਰਨ, ’ਤੇ ਹੋਰ ਸਮਾਜਿਕ ਕਾਰ-ਵਿਹਾਰਾਂ ’ਤੇ ਆਉਣ-ਜਾਣ ਲਈ, 10-15 ਕਿਲੋਮੀਟਰ ਸਾਇਕਲ ਜਾਂ ਮੋਟਰਸਾਇਕਲ ’ਤੇ ਆਉਣਾ ਪੈਂਦਾ ਹੈ।ਇਸ ਦਾ ਕਿੰਨਾ ਖਰਚ, ਸਮਾਂ ਅਤੇ ਬੋਝ ਪੈਂਦਾ ਹੈ ਇਸ ਦਾ ਅਸੀਂ ਕਦੇ ਹਿਸਾਬ ਨਹੀਂ ਲਗਾਉਂਦੇ।ਪੰਜਾਬ ਦੇ ਦਲਿਤ ਸਮਾਜ ਦੇ ਦੂਰ-ਦੂਰਾਡੇ ਪਿੰਡਾਂ ਵਿਚ ਰਹਿਣ ਕਰਕੇ ਹੀ ਪ੍ਰਵਾਸੀਆਂ ਨੇ ਸ਼ਹਿਰਾਂ ਤੇ ਕਸਬਿਆ ਦੇ ਛੋਟੇ-ਮੋਟੇ ਕਾਰੋਬਾਰਾਂ ਨੂੰ ਮੱਲ ਲਿਆ ਹੈ।ਸ਼ਹਿਰਾਂ ਦੀਆਂ ਫੈਕਟਰੀਆਂ ਅਤੇ ਹੋਰ ਬਿਜਨੈਸ ਦੇ ਮਾਲਕ ਦੂਰੋਂ ਕੰਮ ਤੇ ਆਉਣ ਵਾਲਿਆ ਨਾਲੋਂ ਲੋਕਲ ਨੂੰ ਤਰਜੀਹ ਦਿੰਦੇ ਹਨ।ਪੰਜਾਬ ਦਾ ਪੜ੍ਹਿਆ ਲਿਖਿਆ, ਅਫਸਰ, ਬਿਜਨੈੱਸਮੈਨ, ਰਾਜਨੇਤਾ ਅਤੇ ਅਮੀਰ ਵਰਗ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿਚ ਆਣ ਵਸਿਆ ਹੈ। ਪਿੰਡਾਂ ਵਿਚ ਤਹਾਨੂੰ ਡਾਕਟਰ, ਅਫਸਰ, ਵਕੀਲ ਬਹੁਤ ਘੱਟ ਮਿਲਣਗੇ।ਫਿਰ ਮੱਧ ਵਰਗੀ ਦਲਿਤ ਸਮਾਜ ਜਿਸ ਕੋਲ ਪਿੰਡ ਵਿਚ ਕੋਈ ਕਾਰੋਬਾਰ ਵੀ ਨਹੀਂ,ਉਪਰੋਂ ਸੁਵਿਧਾਵਾਂ ਦੀ ਘਾਟ ਉਹ ਔਖਾ-ਸੌਖਾ ਇਨ੍ਹਾਂ ਦੂਰ-ਦੁਰਾਡੇ ਪਿੰਡਾਂ ਨੂੰ ਛੱਡਣ ਲਈ ਤਿਆਰ ਕਿਉਂ ਨਹੀਂ ਹੈ? ਜੇਕਰ ਪੈਸੇ ਦੀ ਘਾਟ ਕਰਕੇ ਕਸਬਿਆਂ ਜਾਂ ਸ਼ਹਿਰਾਂ ਚ ਨਹੀ ਤਾਂ ਘੱਟੋ-ਘੱਟ ਇਨ੍ਹਾਂ ਦੇ ਨਾਲ ਲਗਦੇ ਪਿੰਡਾਂ ਵਿਚ ਤਾਂ ਆ ਕੇ ਵਸ ਜਾਵੇ।ਸਮੇਂ ਵਿਚ ਬਹੁਤ ਤੇਜ਼ੀ ਨਾਲ ਪਰਿਵਰਤਨ ਆ ਰਿਹਾ ਹੈ। ਫਿਰ ਇਹ ਆਪਣੇ-ਆਪ ਨੂੂੰ ਪਰਿਵਰਤਿਤ ਕਿਉਂ ਨਹੀ ਕਰ ਰਿਹਾ? ਹੁਣ ਜੇਕਰ ਕਿ ਚਲੋ ਕੋਈ ਗੱਲ ਨਹੀਂ ਕਿ 10-15 ਸਾਲਾਂ ਤੱਕ ਇਨ੍ਹਾਂ ਪਿੰਡਾਂ ਵਿਚ ਵੀ ਅਜਿਹੀਆਂ ਸਹੂਲਤਾਂ ਮਿਲ ਜਾਣਗੀਆਂ। ਪਹਿਲਾਂ ਤਾਂ ਇਹ ਸੰਭਵ ਨਹੀਂ ਪਰ ਜੇਕਰ ਕੁਝ ਸਹੂਲਤਾਂ ਸੰਭਵ ਵੀ ਹੋਣ ਉਦੋਂ ਤੱਕ ਕਸਬਿਆ ਤੇ ਸ਼ਹਿਰਾਂ ਇਨ੍ਹਾਂ ਖੇਤਰਾਂ ਨਾਲੋਂ ਹੋਰ ਅਡਵਾਂਸ ਹੋ ਜਾਣਾ ਹੈ ਫਿਰ ਇਸ ਸਮਾਜ ਨੂੰ ਕੀ ਲੋੜ ਪਈ ਹੈ ਕਿ ਇਸ ਨੇ ਹਮੇਸ਼ਾਂ ਹੀ 20 ਸਾਲ ਪਿੱਛੇ ਰਹਿਣਾ ਹੈ।
ਸ਼ਹਿਰਾਂ ਜਾਂ ਕਸਬਿਆਂ ਵਿਚ ਵਿਚ ਆਵਾਸ ਕਰਨ ਦੇ ਲਾਭ :- ਸ਼ਹਿਰੀ ਖੇਤਰ ਵਿਚ ਆਵਾਸ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਪਿੰਡਾ ਦੇ ਮੁਕਾਬਲੇ ਇਥੇ ਮੈਡੀਕਲ ਸਹੂਲਤਾਂ ਅਤੇ ਸਿਖਿਆ ਸੰਸਥਾਵਾਂ ਦੀ ਭਰਮਾਰ ਹੁੰਦੀ ਹੈ। ਸੋ ਜੇਕਰ ਤੁਹਾਡੇ ਬੱਚੇ ਨੇ ਡਾਕਟਰ, ਇੰਜ਼ੀਨੀਅਰ ਜਾਂ ਵਕੀਲ ਬਣਨਾ ਹੈ ਤਾਂ ਇਸ ਪੱਧਰ ਦੀਆਂ ਸੰਸਥਾਵਾਂ ਜਾਂ ਸਕੂਲ ਸਹਿਰਾਂ ਵਿਚ ਹੀ ਮਿਲ ਸਕਦੇ ਹਨ। ਅੱਜ ਹਰ ਡਿਗਰੀ/ਕੋਰਸ ਦੇ ਦਾਖਲੇ ਲਈ ਕੰਪੀਟੀਸ਼ਨ ਹੁੰਦਾਂ ਹੈ, ਜਿਸ ਦੀ ਤਿਆਰੀ ਵਾਸਤੇ ਵਧੀਆ ਅਕੈਡਮੀਆਂ ਜਾਂ ਇੰਸਟੀਚਿਊਸ਼ਨਜ਼ ਸ਼ਹਿਰਾਂ ਵਿਚ ਹੀ ਉਪਲੱਬਧ ਹਨ। ਇਸੇ ਕੜੀ ਤਹਿਤ ਰੁਜ਼ਗਾਰ ਦੇ ਮੌਕੇ ਵੀ ਸ਼ਹਿਰਾਂ ਵਿਚ ਜਿਅਦਾ ਹਨ। ਇੰਡਸਟਰੀ ਏਰੀਆ, ਫੋਕਲ ਪੁਆਂਇਟ, ਬਿਗ ਬਜ਼ਾਰ ਆਦਿ ਕਾਰਨ ਰੁਜ਼ਗਾਰ ਦੀਆਂ ਸਹੂਲਤਾਂ ਅਤੇ ਮੌਕੇ ਵਧਦੇ ਹਨ। ਸੋ ਪੇਂਡੂ ਖੇਤਰ ਤੋਂ ਸ਼ਹਿਰੀ ਖੇਤਰ ਵੱਲ ਕੂਚ ਕਰਨਾ ਬਹੁਤ ਲਾਭਦਾਇਕ ਹੈ ਅਤੇ ਨਾਲ ਹੀ ਰਾਸ਼ਟਰੀ ਧਰਮ ਨਿਰਪੱਖਤਾ ਨੂੰ ਵੀ ਤਾਕਤ ਮਿਲੇਗੀ ਜਦ ਇਕ ਰਿਹਾਇਸ਼ੀ ਖੇਤਰ ਵਿਚ ਹਰ ਵਰਗ ਦਾ ਵਿਅਕਤੀ ਨਿਵਾਸ ਕਰੇਗਾ।
ਜੇਕਰ ਅੱਜ ਦੀ ਤਾਰੀਕ ਦੀ ਗੱਲ ਕਰੀਏ ਤਾਂ ਅੱਜ-ਕੱਲ ਜਮੀਨਾਂ ਦੇ ਰੇਟ ਕਾਫੀ ਘਟੇ ਹੋਏ ਹਨ। ਸੋ ਜਿਹੜੇ ਲੋਕ ਉੱਦਮ ਕਰ ਸਕਦੇ ਹਨ, ਉਨ੍ਹਾਂ ਨੂੰ ਤਾਕੀਦ ਹੈ ਕਿ ਉਹ ਸ਼ਹਿਰਾਂ, ਕਸਬਿਆਂ ਜਾਂ ਇਨ੍ਹਾਂ ਦੇ ਨਾਲ ਲਗਦੇ ਪਿੰਡਾਂ ਵਿਚ ਆ ਕੇ ਵਸਣ। ਸ਼ਹਿਰਾਂ ਜਾਂ ਕਸਬਿਆਂ ਦੀਆਂ ਬਹੁੱਤ ਸਾਰੀਆਂ ਕਾਲੋਨੀਆਂ ਅਜਿਹੀਆਂ ਹਨ ਜਿਨ੍ਹਾਂ ਵਿਚ ਅਜੇ ਰਿਹਾਇਸ਼ ਨਹੀਂ ਹੋਈ, ਦਲਿਤ ਸਮਾਜ ਆਪਣੇ ਪਿੰਡ ਦੇ 4-5 ਹੋਰ ਘਰਾਂ, ਦੋਸਤਾਂ-ਮਿਤਰਾਂ, ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕਰਕੇ ਇਕ ਗਰੁੱਪ ਦੇ ਰੂਪ ਵਿਚ ਇਨ੍ਹਾਂ ਖਾਲੀ ਕਾਲੋਨੀਆਂ ਆਬਾਦ ਕਰ ਸਕਦੇ ਹੋ।ਇਸ ਵਕਤ ਇਸ ਸਮਾਜ ਕੋਲ ਬਹੁਤ ਵਧੀਆ ਮੌਕਾ ਹੈ ਜੇਕਰ ਇਸ ਨੇ ਖੁਦ ਅਜਿਹਾ ਨਹੀਂ ਕੀਤਾ ਤਾਂ ਇਸ ਦੀ ਅਉਣ ਵਾਲੀ ਪੀੜੀ ਨੇ ਆਵਾਸ ਦਾ ਇਹ ਬਦਲਾਅ ਕਰ ਲੈਣਾ ਹੈ।ਉਸ ਵਕਤ ਹੁਣ ਦਾ ਕੀਤਾ ਕਰਾਇਆ ਖਰਚ ਅਜਾਂਈ ਜਾਣਾ ਹੈ। ਵੱਡੀ ਗੱਲ ਕਿ ਅੱਜ ਜਿਹੜਾ ਦਲਿਤ ਪਿੰਡ ਦੇ ਮਕਾਨ ਨੂੰ ਢਾਹ ਕੇ ਦੁਬਾਰਾ ਬਨਾਉਣ ਜਾ ਰਿਹਾ ਹੈ ਉਹ ਤਾਂ ਅਜਹੇ ਪਿੰਡ ਵਿਚ ਇਹ ਖਰਚਾ ਕਰਕੇ ਬਹੁਤ ਭਾਰੀ ਗਲਤੀ ਕਰ ਰਿਹਾ ਹੈ। ਦਲਿਤ ਸਮਾਜ ਸੇਵੀ ਵਲੰਟੀਅਰਾਂ ਨੂੰ ਸ਼ਹਿਰਾਂ ਤੋਂ ਦੂਰ-ਦੁਰਾਡੇ ਅਜਿਹੇ ਪਿੰਡਾਂ ਵਿਚ ਜਾ ਕੇ ਇਨ੍ਹਾਂ ਗੱਲਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਵਲੰਟੀਅਰਾਂ ਨੂੰ ਚਾਹੀਦਾ ਹੈ ਕਿ ਉਹ ਸਸ਼ਹਿਰਾਂ ਕਸਬਿਆਂ ਨੇੜੇ ਸਸਤੀਆਂ ਕਲੋਨੀਆਂ ਦੀ ਸ਼ਨਾਖਤ ਕਰਕੇ ਦਲਿਤਾਂ ਨੂੰ ਉਥੇ ਵਸਣ ਲਈ ਪ੍ਰੇਰਿਤ ਕਰਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮੂਲ-ਵਾਸੀ ਗਰੀਬ ਦਲਿਤ ਸਮਾਜ ਲਈ ਮੁੱਖ ਮਾਰਗਾਂ, ਦੇ ਨਜ਼ਦੀਕ ਨਵੇਂ ਸ਼ਹਿਰਾਂ, ਕਸਬਿਆਂ ਦਾ ਨਿਰਮਾਣ ਕਰੇ ਜਿਥੇ ਖੁੱਲ੍ਹਾ ਵਾਤਾਵਰਣ, ਪੜ੍ਹਾਈ, ਸਿਹਤ-ਸਹੂਲਤਾਂ ਦੇ ਨਾਲ ਰੁਜ਼ਗਾਰ ਦਾ ਪ੍ਰਬੰਧ ਵੀ ਹੋਵੇ। ਅਮੀਰ ਲੋਕਾਂ ਨੇ ਤਾਂ ਆਪਣੇ ਵਾਸਤੇ ਬਾਹਰਲੇ ਦੇਸ਼ਾਂ ਦੀ ਤਰਜ਼ ’ਤੇ ਅਧੁਨਿਕ ਸਹੂਲਤਾਂ ਨਾਲ ਲੈਸ ਕਾਲੋਨੀਆਂ ਵੀ ਉਸਾਰ ਲਈਆਂ ਹਨ। ਪਰ ਕੀ ਦਲਿਤਾਂ ਨੂੰ ਚੰਗੀਆਂ ਥਾਵਾਂ ਤੇ ਰਹਿਣ ਦਾ ਅਧਿਕਾਰ ਨਹੀਂ? ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ।
ਚਰਨਜੀਤ ਸਿੰਘ ਬਿਨਪਾਲਕੇ
ਮੋਬਾਇਲ ਨੰ: 98722-42944