Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਦੀਵਾਲੀ ਹੋਰ ਗੱਲਾਂ ਦੇ ਨਾਲ ਨਾਲ ਆਰਥਿਕ ਮਜ਼ਬੂਤੀ ਦੀ ਵੀ ਸਾਲਾਨਾ ਝਲਕ ਹੋਇਆ ਕਰਦੀ ਹੈ

ਲੇਖਕ :- ਰਾਮ ਧਨ ਨਾਂਗਲੂ,

ਨਵੀਂ ਆਬਾਦੀ ਭੋਗਪੁਰ (ਜਲੰਧਰ)

ਦੀਵਾਲੀ ਕਦੋਂ ਮਨਾਈ ਜਾਣੀ ਸ਼ੁਰੂ ਹੋਈ ਤੇ ਕਿਉਂ ਮਨਾਈ ਜਾਣੀ ਸ਼ੁਰੂ ਹੋਈ, ਇਸ ਬਾਰੇ ਬਹੁਤ ਸਾਰੀਆਂ ਆਪਾ ਵਿਰੋਧੀ ਗਲਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ॥ਇਸ ਦੇਸ਼ ਦੀ ਵੱਡੀ ਵਸੋਂ ਅਯੁਧਿੱਆ ਦੇ ਰਾਜਾ ਰਾਮ ਚੰਦਰ ਦੀ ਬਨਵਾਸ ਤੋਂ ਵਾਪਸੀ ਨਾਲ ਇਸ ਤਿਓਹਾਰ ਨੂੰ ਜੋੜਦੀ ਹੈ ਜਦਕਿ ਇਤਹਾਸਕਾਰ ਦਸਦੇ ਹਨ ਕਿ ਰਾਜਾ ਰਾਮ ਚੰਦਰ ਤਾਂ ਤ੍ਰੇਤੇ ਯੁਗ (ਹਿੰਦੁ ਮਾਨਤਾ ਅਨੂਸਾਰ) ਵਿੱਚ ਹੋਏ ਸਨ ਤੇ ਦੀਵਾਲੀ ਤਾਂ ਉਸ ਤੋਂ ਪਹਿਲਾਂ ਵੀ ਮਨਾਈ ਜਾਂਦੀ ਸੀ॥ ਦੁਜੀ ਗੱਲ ਇਹ ਕਹੀ ਜਾਂਦੀ ਹੈ ਕਿ ਦੀਵਾਲੀ ਵਾਲੇ ਦਿਨ, ਦੇਸ਼ ਵਿੱਚ ਕਿਤੇ ਵੀ ਰਾਜਾ ਰਾਮ ਚੰਦਰ ਦੀ ਪੂਜਾ ਨਹੀਂ ਕੀਤੀ ਜਾਂਦੀ ਬਲਕਿ ਇਸ ਦਿਨ ਸਿਰਫ ਤੇ ਸਿਰਫ ਲਛਮੀ ਅਤੇ ਗਣੇਸ਼ ਦੇਵਤਿਆਂ ਦੀ ਪੂਜਾ ਹੁੰਦੀ ਹੈ।
ਇਨ੍ਹਾ ਦੋ ਤੱਥਾਂ ਤੋਂ ਕੀ ਨਤੀਜਾ ਕੱਢਿਆ ਜਾਵੇ? ਇਹੀ ਕਿ ਸਾਰੇ ਹੀ ਤਿਉਹਾਰਾਂ ਦਾ ਆਰੰਭ ਕੁਦਰਤ ਨਾਲ ਜੁੜਿਆ ਹੁੰਦਾ ਹੈ॥ ਪਰ ਸਾਰੇ ਹੀ ਧਰਮ, ਪ੍ਰਚਲਤ ਲੋਕ ਉਤਸਵਾਂ ਨੂੰ ਆਪਣੇ ਧਰਮ ਨਾਲ ਜੋੜਨ ਦੀ ਕੌਸ਼ਿਸ਼ ਕਰਦੇ ਰਹਿੰਦੇ ਹਨ ਤਾਕਿ ਉਨ੍ਹਾ ਨੂੰ ਪੱਕੀ ਪਕਾਈ ਖੀਰ ਵਿੱਚ ਕੜਛੀ ਪੂਰ ਕੇ ਹੀ ਕਹਿਣ ਦਾ ਮੌਕਾ ਮਿਲ ਜਾਏ ਕਿ ‘ਇਹ ਖੀਰ ਤਾਂ ਅਸੀਂ ਤਿਆਰ ਕੀਤੀ ਹੈ’॥ ਮਿਸਾਲ ਵਜੋਂ, ਕ੍ਰਿਸਮਿਸ ਇਸਾਈਆਂ ਦਾ ਸੱਭ ਤੋਂ ਵੱਡਾ ਤਿਉਹਾਰ ਹੈ, ਪਰ ਈਸਾ ਦਾ ਜਨਮ ਇਸ ਦਿਨ ਨਹੀਂ ਸੀ ਹੋਇਆ। ਬਲਕਿ 25 ਦਸੰਬਰ ਨੂੰ ਹਰ ਸਾਲ “ਬੁਰੀਆਂ ਆਤਮਾਵਾਂ” ਦਾ ਮੇਲਾ ਲੱਗਿਆ ਕਰਦਾ ਸੀ ਤੇ ਉਸ ਦਿਨ ਸਾਰੇ ਲੋਕ ਇੱਕਠੇ ਹੋ ਕੇ ਬੁਰੀੱਆਂ ਆਤਮਾਵਾਂ ਨੂੰ ਦੂਰ ਕਰਨ ਲਈ ਪ੍ਰਾਥਨਾਵਾਂ ਕਰਿਆ ਕਰਦੇ ਸਨ॥ ਈਸਾਈ ਪ੍ਰਚਾਰਕਾਂ ਨੇ ਇਸ ਦਿਨ ਨੂੰ ਬੜੀ ਸਿਆਣਪ ਨਾਲ ਈਸਾ ਅਤੇ ਖੂਸ਼ੀਆਂ ਮਨਾਉਣ ਦੇ ਦਿਨ ਵਜੋਂ ਪ੍ਰਚਲਤ ਕਰਨ ਦਾ ਤਜਰਬਾ ਕੀਤਾ ਜੋ ਬੜਾ ਸਫਲ ਰਿਹਾ ਤੇ ਅੱਜ ਇਹ ਦਿਨ ਖਾਲਸ ਇਸਾਈ ਦਿਨ ਬਣ ਗਿਆ ਹੈ ਤੇ ਬੁਰੀਆ ਆਤਮਾਵਾਂ ਵਾਲੀ ਗੱਲ, ਲੋਕ ਭੁੱਲ ਹੀ ਗਏ ਹਨ॥
ਸਿੱਖਾਂ ਨੇ ਵੀ ਦੀਵਾਲੀ ਨੂੰ ਛੇਵੇਂ ਗੁਰੂ ਹਗੋਬਿੰਦ ਸਾਹਿਬ ਜੀ ਦੀ ਰਿਹਾਈ ਨਾਲ ਜੋੜਨ ਦਾ ਯਤਨ ਕੀਤਾ ਪਰ ਹੁਣ ਬੀਤੇ ਸਮੇਂ ਦਾ ਇਤਿਹਾਸ ਹੋਣ ਕਰਕੇ, ਇਤਹਿਾਸਕਾਰਾਂ ਨੇ ਤਾਰੀਖ਼ਾਂ ਲੱਭ ਲਈਆਂ ਤੇ ਫੈਂਸਲਾ ਸੁਣਾ ਦਿੱਤਾ ਕਿ ਛੇਵੇਂ ਗੁਰੂੁਸਾਹਿਬ ਦੀ ਤਾਰੀਖ਼ ਤਾਂ ਉਨ੍ਹਾਂ ਦੇ ਅੰਮ੍ਰਿਤਸਰ ਪੁੱਜਣ ਦੀ ਕਿਸੇ ਵੀ ਤਾਰੀਖ਼ ਨਾਲ ਦੀਵਾਲੀ ਦੀ ਤਾਰੀਖ਼ ਦੂਰ ਦੀ ਨੇੜਤਾ ਵੀ ਨਹੀਂ ਰੱਖਦੀ ॥ ਇੱਸ ਲਈ ਉਹ ਦਾਅਵਾ ਇਤਿਹਾਸਕਾਰਾਂ ਨੇ ਮੰਨਣ ਤੋਂ ਇਨਕਾਰ ਹੀ ਕੀਤਾ ਹੋਇਆ ਹੈ ॥ ਇਤਿਹਾਸਿਕ ਕਾਲ ਤੋਂ ਪਹਿਲਾਂ ਦੀਆਂ ਕਈ ਤਾਰੀਖ਼ਾਂ ਤੋਂ ਉਨ੍ਹਾ ਨਾਲ ਜੋੜੀਆਂ ਗਈਆਂ ਕਹਾਣੀਆਂ ਵੀ ਗ਼ਲਤ ਸਾਬਬਤ ਹੋ ਜਾਣਗੀਆਂ ਜੇ ਇਤਿਹਾਸਕਾਰਾਂ ਨੂੰ ਉਥੋਂ ਤੱਕ ਜਾ ਕੇ ਖੋਜ ਕਰਨ ਦੀ ਆਗਿਆ ਦੇ ਦਿਤੀ ਜਾਵੇ ਜਾਂ ਉਹਨਾ ਨੂੰ ਇਤਿਹਾਸਿਕ ਕਾਲ ਤੋਂ ਪਹਿਲਾਂ ਦੇ ਸਮੇਂ ਵਿੱਚ ਜਾਣ ਦੇ ਸਾਧਨ ਕਿਤਿਉਂ ਮਿਲ ਜਾਣ ਤਾਂ॥

ਅੱਜ ਕਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਾਰ੍ਹਵੀਂ ਦੀ ਕਿਤਾਬ ਵਿੱਚ ਦਰਜ ਕੁੱਝ ਗਲਾਂ ਨੂੰ ਲੈ ਕੇ ਬੜੀ ਚਰਚਾ ਚਲ ਰਹੀ ਹੈ॥ ਕੈਪਟਨ ਸਰਕਾਰ ਨੇ ਪੰਜਾਬ ਦੇ ਮੰਨੇ ਪ੍ਰਮੰਨੈ ਸਿੱਖ ਇਤਿਹਾਸਕਾਰਾਂ ਦੀ ਕਮੇਟੀ ਬਣਾ ਕੇ ਕਿਤਾਬ ਦੀ ਸੁਧਾਈ ਕਰਨ ਦਾ ਕੰਮ ਉਨ੍ਹਾਂ ਨੂੰ ਸੋਂਪ ਦਿੱਤਾ॥ ਪਰ ਫਿਰ ਵੀ ਕੁੱਝ ‘ਗ਼ਲਤੀਆਂ’ ਰਹਿ ਗਈਆਂ॥ਡ: ਕ੍ਰਿਪਾਲ ਸਿੰਘ ਦਾ ਜਵਾਬ ਬੜਾ ਦਿਲਚਸਪ ਹੈ,” ਗੁਰਦੁਆਰਿਆਂ ਵਿੱਚ ਜੋ ਮਰਜ਼ੀ ਤੇ ਜਿਵੇਂ ਮਰਜ਼ੀ ਕਥਾ ਵਧਾਈ-ਘਟਾਈ ਤੇ ਸੁਣਾਈ ਜਾ ਸਕਦੀ ਹੈ ਪਰ ਉਸ ਅਕਾਦਮਿੱਕਤਾ ਦੇ ਨਿਯਮਾਂ ਦੇ ਆਧਾਰ ਤੇ ਸਿਰਫ ਉਹੀ ਕੁੱਝ ਲਿਖਣਾ ਪੈਂਦਾ ਹੈ ਜੋ ਕੁੱਝ ਉਪਲੱਬਧ ਸਮੱਗਰੀ ਦੀ ਅਟੁੱਟ ਗਵਾਹੀ ਕਹਣ ਦੀ ਆਗਿਆ ਦਿੰਦੀ ਹੋਵੇ॥ਹਾਂ, ਇਸ ਸੱਚ ਨੂੰ ਝੂਠਲਾਇਆ ਤਾਂ ਨਹੀਂ ਜਾ ਸਕਦਾ ਪਰ ਦੂਜਾ ਸੱਚ ਇਹ ਵੀ ਹੈ ਕਿ ਧਰਮ ਦੇ ਕੱਟੜਵਾਦੀਏ , ਜਿਸ ਝੂਠ ਨੂੰ ਲੰਮੇਂ ਸਮੇਂ ਤੋਂ ਸੱਚ ਮੰਨਦੇ ਆਏ ਹਨ, ਉਸ ਨੂੰ ਇਤਿਹਾਸਕਾਰ ਦੇ ਮੂਹੋਂ ਝੂਠ ਕਹਿਣਾ ਵੀ ਜਰ ਨਹੀਂ ਸਕਦੇ ਤੇ ਕਹਿੰਦੇ ਹਨ ਕਿ ਮਾਮਲਾ ਆਸਥਾ ਤੇ ਵਿਸ਼ਵਾਸ ਦਾ ਹੈ, ਇਸ ਲਈ ਇਤਿਹਾਸਕਾਰ ਵੀ ਉਹੀ ਕੁੱਝ ਲਿਖਦਾ ਰਹੇ ਜਿਸ ਨੂੰ ਸਾਰੇ ਲੋਕ, ਲੰਮੇਂ ਸਮੇਂ ਤੋਂ ਸੱਚ ਮਨਦੇ ਆਏ ਹਨ,” ਨਹੀਂ ਤਾਂ ਸਾਡੇ ਹਿਰਦੇ ਵਲੂੰਦਰੇ ਜਾਣਗੇ” ਹੈ ਕੋਈ ਹੱਲ ਇਸ ਸਮੱਸਿਆ ਦਾ?

ਵਾਪਸ ਅੱਜ ਦੇ ਵਿਸ਼ੇ ਅਰਥਾਤ ਦੀਵਾਲੀ ਵੱਲ ਆਈਏ ਜਾਂ ਸਾਰੇ ਹੀ ਤਿਉਹਾਰਾਂ ਵਲ ਆਈਏ ਤਾਂ ਇਹ ਸਾਰੇ ਕੁਦਰਤੀ ਜਾਂ ਮੌਸਮੀ ਤਿਉਹਾਰ ਹੀ ਸਨ ਤੇ ਕਥਾ ਕਹਾਣੀਆਂ ਇਹਨਾ ਨਾਲ ਮਗਰੋਂ ਜੋੜ ਕੇ, ਧਰਮਾਂ ਵਾਲਿਆਂ ਨੇ ਇਨ੍ਹਾਂ ਉਤੇ ਆਪਣੀ ਪੱਕੀ ਮੋਹਰ ਲਾ ਦੇਣ ਦਾ ਫੈਸਲਾ ਕੀਤਾ॥ ਉਂਜ ਦੀਵਾਲੀ ਬਾਰੇ ਇਹ ਵੀ ਸੱਚ ਹੈ ਕਿ ਇਹ ਤਿਉਹਾਰ ਭਾਰਤ ਦੀ ਆਰਥਿਕਤਾ ਦੀ ਮਜ਼ਬੂਤੀ ਜਾਂ ਕਮਜ਼ੋਰੀ ਦੀ ਰਿਪੋਰਟ ਵਜੋਂ ਵੀ ਸਦੀਆਂ ਤੋਂ ਮਨਾਇਆ ਜਾਂਦਾ ਰਿਹਾ ਹੈ। ਤੇ ਇਸ ਤਰਾਂ ਇਸ ਨੂੰ ਮਨਾਏ ਜਾਣ ਵਿੱਚ ਧਰਮਾਂ, ਕਥਾ ਕਹਾਣੀਆਂ ਤੇ ਰੀਤੀ ਰਿਵਾਜਾਂ ਦਾ ਕੋਈ ਦਖਲ ਨਹੀਂ ਸੀ ਮੰਨਿਆ ਜਾਂਦਾ॥ ਸੋਨਾ ਚਾਂਦੀ ਖਰੀਦਣ ਦਾ ਧਨ (ਧਨਤੇਰਸ) ਦੀਵਾਲੀ ਦੇ ਨਾਲ ਹੀ ਜੁੜਿਆ ਚੱਲਿਆ ਆ ਰਿਹਾ ਹੈ।
ਪੁਰਾਣਾ ‘ਸਟਾਕ’ ਕੱਢ ਸੁੱਟਣ ਤੇ ਨਵਾਂ ਦਾਖਲ ਕਰਨ ਨੂੰ ਵੀ ਦੀਵਾਲੀ ਨਾਲ ਹੀ ਜੋੜਿਆ ਵੇਖਆ ਜਾ ਸਕਦਾ ਹੈ॥ਨਵੇਂ ਕਪੜੇ ਪਹਿਨਣੇ, ਘਰ ਕੋਠੇ ਲਿਪਣੇ ਸਵਾਰਨੇ ਸਭ ਆਰਥਿਕ ਮਜ਼ਬੂਤੀ ਦੀਆਂ ਨਿਸ਼ਾਨੀਆਂ ਹੀ ਮੰਨੀਆਂ ਜਾਂਦੀਆਂ ਹਨ ॥ ਇਸ ਆਰਥਕ ਮਜ਼ਬੂਤੀ ਦੇ ਹੋਰ ਵੀ ਕਈ ਆਰਥਕ ਪਹਿਲੂ ਹੋਣਗੇ ਜਿਨ੍ਹਾਂ ਬਾਰੇ ਖੋਜ ਕਰਨੀ ਬਣਦੀ ਹੈ ਪਰ ਦੀਵੇ ਜਗਾਉਣੇ ਤੇ ਜੂਆ ਖੇਡਣਾ ਇਸ ਆਰਥਕ ਤਿਉਹਾਰ ਦੀ ਸਫਲਤਾ ਦਾ ਕੁਦਰਤੀ ਤੇ ਆਖਰੀ ਸਬੂਤ ਮੰਨਿਆਂ ਜਾਣਾ ਵੀ ਐਨ ਕੁਦਰਤੀ ਸੀ।
ਇਸ `ਉਦੱਮ ਅੱਗੇ ਲਛਮੀ ` ਨੂੰ ‘ਲਛਮੀ ਪੂਜਾ’ ਦਾ ਰੂਪ ਦੇਣ ਦਾ ਕੰਮ ਬ੍ਰਾਹਮਣਾ ਨੇ ਕਰਨ ਵਿੱਚ ਸਫਲਤਾ ਤਾਂ ਹਾਸਲ ਕਰ ਲਈ ਪਰ ਅੰਧ-ਵਿਸ਼ਵਾਸ਼ ਵੀ ਇਸ ਨਾਲ ਜੋੜ ਦਿੱਤਾ ਜਦਕਿ ਅਸਲ ਗੱਲ ਉਸ ਪੰਜਾਬੀ ਅਖਾਣ ਚੋਂ ਮਿਲਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ (ਉਦੱਮ ਅਗੇ ਲਛਮੀ, ਪੱਖੇ ਅੱਗੇ ਪੌਣ) ॥ਉੱਦਮ ਤੋਂ ਪੁਰਸ਼ਾਰਥ (ਮਿਹਨਤ) ਦੇ ਫਲ ਦੇ ਤਿਉਹਾਰ ਨੂੰ ਇਸ ਰੂਪ ਵਿੱਚ ਵੇਖਿਆਂ ਹੀ ਅਸਲ ਗੱਲ ਦੀ ਸਮਝ ਆ ਸਕਦੀ ਹੈ ਤੇ ਇਸ ਤਿਉਹਾਰ ਤੋਂ ਇਹ ਸੁਨੇਹਾ ਮਿਲ ਸਕਦਾ ਹੈ ਕਿ ਇਸ ਸਾਲ ਦੀ ਮਿਹਨਤ (ਉੱਦਮ) ਦਾ ਫਲ ਦੀਪ ਜਗਾ ਕੇ ਵੇਖ ਲੈ ਤੇ ਅਗਲੇ ਸਾਲ ਦੇ ਚੰਗੈ ਫਲ, ਅਗਲੀ ਦੀਵਾਲੀ ਦੇ ਦੀਪਾਂ ਦੀ ਰੋਸ਼ਨੀ ਵਿੱਚ ਵੇਖਣ ਲਈ ਤਿਆਰੀ ਸ਼ੁਰੂ ਕਰ ਦੇ।