ਨਚਣੁ ਕੁਦਣੁ ਮਨ ਕਾ ਚਾਉ
ਸਤਿਗੁਰ ਜੀ ਦੀ ਬਾਣੀ ਸਾਡੇ ਜੀਵਨ ਦਾ ਓਟ ਆਸਰਾ ਹੈ।ਇਹ ਬਾਣੀ ਇਕ ਅਟੱਲ ਸੱਚਾਈ ਹੈ।ਇਹ ਸੱਚਾਈ ਕਾਲ ਸੀਮਾਂ ਤੋਂ ਬਾਹਰ ਹੈ ਭਾਵ ਸਮਾਂ ਬਦਲਣ ਨਾਲ ਇਹ ਬਦਲਣ ਵਾਲੀ ਨਹੀਂ। ਇਹ ਦੇਸ਼-ਪ੍ਰਦੇਸ਼ ਦੇ ਹੱਦ ਬੰਨ੍ਹਿਆਂ ਤੋਂ ਬਾਹਰ ਹੈ ਭਾਵ ਸਮੁੱਚੀ ਮਾਨਵਤਾ ਵਾਸਤੇ ਹੈ ਤੇ ਉਸ ਉੱਪਰ ਲਾਗੂ ਹੁੰਦੀ ਹੈ। ਇਸ ਤਰ੍ਹਾਂ ਇਹ ਕਿਸੇ ਇੱਕ ਮਨੁੱਖ, ਇਕ ਇਕ ਧਰਮ, ਇਕ ਦੇਸ਼ ਉਤੇ ਨਹੀਂ ਬਲਕਿ ਇਹ ਸੰਸਾਰ ਦੇ ਹਰ ਇਕ ਜੀਵ ’ਤੇ ਪੂਰੀ ਢੁੱਕਦੀ ਹੈ।
ਸੋ ਜੇਕਰ ਉਪਰੋਕਤ ਗੱਲਾਂ ਸਹੀ ਹਨ ਤਾਂ ਇਸ ਦਾ ਨਤੀਜਾ ਇਹ ਹੈ ਕਿ ਅੱਜ ਅਸੀਂ ਜਿਹੜੇ ਵੀ ਧਾਰਮਿਕ ਕੰਮ ਗੁਰਬਾਣੀ ਅਨੁਸਾਰ ਨਹੀਂ ਕਰਦੇ, ਉਨ੍ਹਾਂ ਨੂੰ ਵਾਚਣ ਜਾਂ ਬਦਲਣ ਦੀ ਲੋੜ ਹੈ।ਕੀ ਗੁਰਬਾਣੀ ਅਨੁਸਾਰ ਪ੍ਰਭ ਦੀ ਭਗਤੀ ਕਰਨ, ਗੁਰੂ ਨੂੰ ਖੁਸ਼ ਕਰਨ ਜਾਂ ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜੇ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਨੱਚਣਾ- ਕੁੱਦਣਾ ਜਰੂਰੀ ਹੈ? ਜਿਵੇਂ ਕਿ ਅੱਜ ਸਾਡੇ ਸਮਾਜ ਵਿੱਚ ਇੱਕ ਪਰੰਪਰਾ ਚੱਲ ਪਈ ਹੈ ਕਿ ਦਲਿਤ ਸਮਾਜ ਦੇ ਧਾਰਮਿਕ ਸਮਾਗਮਾਂ ’ਤੇ ਅਸੀਂ ਆਪਣੇ ਰਹਿਬਰਾਂ ਦੀ ਉਪਮਾ ਵਾਲੇ ਗੀਤ ਗਾਉਂਦੇ ਜਾਂ ਸੁਣਦੇ ਹੋਏ ਨੱਚਦੇ-ਟੱਪਦੇ ਹਾਂ। ਅਕਸਰ ਨਗਰ ਕੀਰਤਨ, ਪ੍ਰਭਾਤ ਫੇਰੀਆਂ ਆਦਿ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਅਸੀਂ ਨੱਚ-ਟੱਪ ਕੇ ਮਨਾਉਣਾ ਸ਼ੁਰੂ ਕਰ ਦਿੱਤਾ ਹੈ।ਅੱਜ ਦਾ ਨੌਜਵਾਨ ਨਗਰ ਕੀਰਤਨ ਯਾਤਰਾ ਦੌਰਾਨ ਡੀ. ਜੇ. ਵਜਾਉਣ, ਪਟਾਕੇ ਵਜਾਉਣ ਅਤੇ ਉਚੀ ਆਵਾਜ ਵਾਲੇ ਮੋਟਰਸਾਈਕਲ ਚਲਾਉਣ ਨੂੰ ਨਗਰ ਕੀਰਤਨ ਦਾ ਪਵਿੱਤਰ ਕਾਰਜ ਸਮਝੀ ਬੈਠਾ ਹੈ।ਏਹੋ ਨੱਚਣਾ- ਕੁੱਦਣਾ ਅਸੀਂ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਤੇ ਕਰਦੇ ਹਾਂ। ਏਹੋ-ਜਿਹਾ ਨੱਚਣਾ ਕੁੱਦਣਾ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਵੀ ਕਰੀ ਜਾ ਰਹੇ ਹਾਂ। ਪਿਛਲੇ ਕੁਝ ਸਾਲਾਂ ਤੋਂ ਅਸੀਂ ਹੋਰ ਵੀ ਅਗਾਂਹ ਵੱਧ ਗਏ ਹਾਂ ਕਿ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਆਪਣੇ ਬੱਚਿਆਂ ਦੇ ਜਨਮ ਦਿਨ ਵਾਂਗ ਕੇਕ ਕੱਟਣ ਲੱਗ ਪਏ ਹਾਂ।ਵਿਆਹਾਂ ਸ਼ਾਦੀਆਂ ਵਾਂਗ ਜਾਗੋ ਕੱਢੀ ਜਾ ਰਹੇ ਹਾਂ।ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਵਾਂਗ, ਆਪਣੇ ਵਿਆਹ-ਸ਼ਾਦੀਆਂ ਦੇ ਦਿਨਾਂ ਵਾਂਗ ਮਨਾ ਕੇ, ਇਸ ਮਹਾਨ ਪ੍ਰਕਾਸ਼ ਪੁਰਬ ਨੂੰ ਕੀ ਅਸੀਂ ਛੋਟਾ ਨਹੀਂ ਕਰ ਦਿੱਤਾ? ਕੀ ਅਸੀਂ ਅਜਿਹਾ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰ ਰਹੇ? ਜਿਸ ਬੱਚੇ ਦਾ ਜਨਮ ਦਿਨ ਹੁੰਦਾ ਹੈ, ਅਸੀਂ ਉਸ ਕੋਲੋਂ ਕੇਕ ਕਟਾਉਦੇ ਹਾਂ। ਕੀ ਸ੍ਰੀ ਗੁਰੂ ਰਵਿਦਾਸ ਜੀ ਆਪਣੇ ਜਨਮ ਦਿਹਾੜੇ ਦਾ ਕੇਕ ਖੁਦ ਆ ਕੇ ਕੱਟਦੇ ਹਨ? ਜੇਕਰ ਕੋਈ ਹੋਰ ਵਿਅਕਤੀ ਕੇਕ ਕੱਟਦਾ ਹੈ ਤਾਂ ਕੀ ਉਸ ਵਿਅਕਤੀ ਦੀ ਅਧਿਆਤਮਕ ਅਵਸਥਾ ਗੁਰੂ ਰਵਿਦਾਸ ਜੀ ਵਰਗੀ ਹੈ? ਸ਼ਾਇਦ ਅਜਿਹੀਆਂ ਹੋਰ ਉਦਾਹਰਨਾਂ ਦਾ ਜਿਕਰ ਕਰਨਾ ਗੁਰੂ ਜੀ ਦੀ ਤੌਹੀਨ ਕਰਨਾ ਹੀ ਹੋਵੇਗਾ।ਅੱਜ ਦਾ ਨੌਜਵਾਨ ਨਗਰ ਕੀਰਤਨ ਯਾਤਰਾ ਦੌਰਾਨ ਡੀ. ਜੇ. ਵਜਾਉਣ, ਪਟਾਕੇ ਵਜਾਉਣ ਅਤੇ ਉਚੀ ਆਵਾਜ ਵਾਲੇ ਮੋਟਰਸਾਈਕਲ ਚਲਾਉਣ ਨੂੰ ਨਗਰ ਕੀਰਤਨ ਦਾ ਪਵਿੱਤਰ ਕਾਰਜ ਸਮਝੀ ਬੈਠਾ ਹੈ।ਐਧਰ ਕੀ ਹੈ ਜੈ ਰਵਿਦਾਸ, ਉਧਰ ਕੀ ਹੈ ਜੈ ਰਵਿਦਾਸ ਕੀ ਇਨ੍ਹਾਂ ਸ਼ਬਦਾਂ ਵਿਚ ਗੁਰੂ ਜੀ ਦਾ ਸਨਮਾਨ ਹੈ।ਕੀ ਇਹ ਸ਼ਬਦ ਗੁਰੂ ਜੀ ਨੂੰ ਮਹਾਨ ਬਣਾਉਂਦੇ ਹਨ? ਉਹ ਭਲਿਆ ਗੁਰੂ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਤਾਂ ਜ਼ਰੇ-ਜ਼ਰੇ ਵਿਚ ਸਮਾਈ ਹੋਈ ਹੈ। ਪ੍ਰਕਾਸ਼ ਪੁਰਬ, ਨਗਰ ਕੀਰਤਨ ਜਿਹੇ ਪਵਿੱਤਰ ਸਮਾਗਮਾਂ ਤੇ ਅਸੀਂ ਆਪਣੇ ਗੁਰੂ ਦੇ ਸਨਮੁੱਖ ਉਸ ਦਾ ਪੂੰਗੜਾ, ਸੇਵਕ, ਦਾਸ, ਗੋਲਾ ਬਣਕੇ ਉਸ ਦੀ ਆਸੀਸ ਪ੍ਰਾਪਤ ਕਰਨੀ ਹੁੰਦੀ ਹੈ ਤੇ ਨਾਲੇ ਅਜਿਹਾ ਮੌਕੇ ਆਪਣੇ ਗੁਰੂ ਦਾ ਜੱਸ, ਉਸ ਦੀ ਕੀਰਤੀ ਦੂਸਰੇ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਦਾ ਸਾਡਾ ਫਰਜ਼ ਹੁੰਦਾ ਹੈ ਤਾਂ ਕਿ ਦੂਸਰਾ ਵਰਗ ਸਾਡੇ ਗੁਰੂ ਦੀ ਵਿਸ਼ਵ ਵਿਆਪੀ ਉਚੀ-ਸੁੱਚੀ ਵਿਚਾਰਧਾਰਾ ਅਤੇ ਮਹਾਨਤਾ ਦਾ ਕਾਇਲ ਹੋ ਸਕੇ। ਪ੍ਰੰਤੂ ਉਥੇ ਤਾਂ ਅਸੀਂ ਆਪ ਹੁਦਰੀਆਂ ਕਰਕੇ ਆਪਣੇ ਰਹਿਬਰਾਂ ਦਾ ਮਾਣ ਸਨਮਾਨ ਮਿੱਟੀ ਘੱਟੇ ਰੋਲ ਰਹੇ ਹੁੰਦੇ ਹਾਂ।
ਪ੍ਰਭਾਤ ਫੇਰੀਆਂ ਅੰਮ੍ਰਿਤ ਵੇਲੇ ਹੰੁਦੀਆਂ ਹਨ ।ਉਹ ਸਮਾਂ ਅਧਿਆਤਮਕ ਹੁੰਦਾ ਹੈ। ਪ੍ਰਭਾਤ ਫੇਰੀਆਂ ਵਿੱਚ ਸ਼ਾਮਿਲ ਹੋ ਕੇ ਮਨੁੱਖ ਅਧਿਆਤਮਕਤਾ ਨਾਲ ਜੁੜਨ ਦਾ ਯਤਨ ਕਰਦਾ ਹੈ ਪ੍ਰੰਤੂ ਰਾਤ ਨੂੰ ਜਾਗੋ ਕੱਢਣੀ, ਇੱਕ ਰੌਲਾ-ਰੱਪਾ, ਨੱਚਣ-ਟੱਪਣ, ਪ੍ਰਦਰਸ਼ਨ ਕਰਨ ਤੋਂ ਵੱਧ ਕੁਝ ਵੀ ਨਹੀਂ, ਪਰ ਅਕਸਰ ਗੁਰੂ ਮਹਾਰਾਜ ਜੀ ਦੀ ਬੇਅਦਬੀ ਦਾ ਕਾਰਨ ਜ਼ਰੂਰ ਬਣ ਸਕਦਾ। ਕਿਉਂਕਿ ਸ਼ਾਮ ਨੂੰ ਕਈ ਲੋਕਾਂ ਨੇ ਸ਼ਰਾਬ ਵੀ ਪੀਤੀ ਹੁੰਦੀ ਹੈ, ਜੋ ਕਿ ਲੜਾਈ-ਝਗੜਿਆਂ ਦਾ ਮੁੱਢ ਹੈ।ਅਸਲ ਵਿਚ ਨੱਚਣਾ-ਟੱਪਣਾ ਕੋਈ ਸ਼ਰਧਾ ਦਾ ਪ੍ਰਤੀਕ ਨਹੀਂ। ਇਹ ਤਾਂ ਜਿਵੇਂ, ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਵਾਲੀ ਗੱਲ ਹੈ ਕਿ ਉਹ ਨੱਚਣ-ਟੱਪਣ ਦਾ ਬਹਾਨਾ ਭਾਲਦਾ ਹੈ।ਜਿਵੇਂ ਕਈ ਸ਼ਰਾਬੀਆਂ ਦੀ ਗੱਲ ਲੈ ਲਉ, ਜੇਕਰ ਕੋਈ ਖੁਸ਼ੀ ਦਾ ਸਬੱਬ ਹੋਵੇ ਤਾਂ ਸ਼ਰਾਬੀ ਕਹਿੰਦਾ ਹੈ ਕਿ ਮੈਂ ਖੁਸ਼ੀ ਵਿਚ ਪੀਤੀ ਹੈ। ਜੇਕਰ ਗਮੀ ਹੋਵੇ ਤਾਂ ਮੈਨੂੰ ਗਮ ਬਹੁਤ ਹੈ ਇਸ ਕਰਕੇ ਪੀਤੀ ਹੈ। ੳੇੁਹ ਭਲਿਆਂ ਕੀ ਖੁਸ਼ੀ-ਗਮੀ ਦਾ ਸਾਰਾ ਠੇਕਾ ਤੈਂ ਹੀ ਲੈ ਰੱਖਿਆ ਹੈ? ਪਰਿਵਾਰ ਵਿਚ, ਸਮਾਜ ਵਿਚ ਹੋਰ ਲੋਕ ਵੀ ਹਨ ਖੁਸ਼ੀ-ਗਮੀ ਮਨਾਉਣ ਲਈ।ਤੂੰ ਉਨ੍ਹਾਂ ਨੂੰ ਵੀ ਪ੍ਰੇਸ਼ਾਨ ਕਰ ਰਿਹਾਂ ਹੈਂ ਕੀ ਸ਼ਰਾਬ ਤੋਂ ਬਿਨਾਂ ਖੁਸ਼ੀ-ਗਮੀ ਨੂੰ ਮਨਾਇਆ ਨਹੀ ਜਾ ਸਕਦਾ? ਗੁਰਮਤਿ ਸਿਧਾਂਤਾਂ ਅਨੁਸਾਰ ਕੀ ਨੱਚ ਟੱਪ ਕੇ ਅਸੀਂ ਪ੍ਰਭ, ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ ਮਨਾ ਸਕਦੇ ਹਾਂ? ਸ੍ਰੀ ਗੁਰੂ ਨਾਨਕ ਦੇਵ ਜੀ ਰਾਗ ਆਸਾ ਵਿਚ ਫੁਰਮਾਉਂਦੇ ਹਨ:-
ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥………
ਕੋਲੂ ਚਰਖਾ ਚਕੀ ਚਕੁ॥ ਥਲ ਵਾਰੋਲੇ ਬਹੁਤੁ ਅਨੰਤੁ॥
ਲਾਟੂ ਮਾਧਾਣੀਆ ਅਨਗਾਹ॥ ਪੰਖੀ ਭਉਦੀਆ ਲੈਣ ਨ ਸਾਹ॥………
ਨਚਣੁ ਕੁਦਣੁ ਮਨ ਕਾ ਚਾਉ॥
ਨਾਨਕ ਜਿਨ ਮਨਿ ਭਉ, ਤਿਨਾ ਮਨਿ ਭਾਉ॥ ( ਪੰਨਾ 465 )
ਭਾਵ:- “ਨੱਚ-ਨੱਚ ਕੇ ਪ੍ਰਮਾਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਨੇਕਾਂ ਮਧਾਣੀਆਂ, ਵਾਵਰੋਲੇ, ਲਾਟੂ ਨੱਚਦੇ- ਫਿਰਦੇ ਹਨ।ਕੀ ਉਨ੍ਹਾਂ ਨੇ ਪ੍ਰਮਾਤਮਾ ਨੂੰ ਖੁਸ਼ ਕਰ ਲਿਆ? ਲੋਕ ਨੱਚਦੇ ਹੋਏ ਤਾਂ ਹੱਸਦੇ ਹਨ ਪਰ ਦੁਨੀਆਂ ਤੋਂ ਜਾਣ ਲੱਗੇ ਰੋਂਦੇ ਹਨ।ਨੱਚਣਾ-ਕੁਦਣਾ ਮਨ ਦਾ ਸ਼ੌਂਕ ਤਾਂ ਹੋ ਸਕਦਾ ਹੈ ਪਰ ਰੱਬ ਨਾਲ ਪ੍ਰੇਮ ਕੇਵਲ ਉਨ੍ਹਾਂ ਮਨੁੱਖਾਂ ਦਾ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ।” ਇਸ ਤੋਂ ਭਾਵ ਇਹ ਵੀ ਹੈ ਕਿ ਜਿਨ੍ਹਾਂ ਨੂੰ ਆਪਣੇ ਗੁਰੂ ਦਾ ਡਰ ਨਹੀਂ, ਆਪਣੇ ਗੁਰੂ ਦੀ ਬੇਅਦਬੀ ਦਾ ਡਰ ਨਹੀਂ, ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਕੋਈ ਪ੍ਰੇਮ ਨਹੀਂ ਹੈ।ਜਿਹੜੇ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹਨ, ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਗੁਰੂ ਦੀ ਬੇਅਦਬੀ ਹੋਵੇ।ਅਸਲੀਅਤ ਤਾਂ ਇਹ ਹੈ ਕਿ ਗੁਰੂ ਸਾਹਿਬਾਨਾ ਦੇ ਗੁਰਪੁਰਬ ਨੂੰ ਡੀ. ਜੇ. ਲਗਾ ਕੇ ਨੱਚਣਾ-ਟੱਪਣਾ, ਕੇਕ ਕੱਟਣੇ, ਜਾਗੋ ਕੱਢਣੀਆਂ ਆਪਣੇ ਸ਼ੌਕ ਪੂਰਾ ਕਰਨ ਵਾਲੀ ਗੱਲਾਂ ਹਨ, ਗੁਰੂ ਪ੍ਰਤੀ ਸ਼ਰਧਾ, ਪ੍ਰੇਮ ਨਹੀਂ।ਗੁਰੂ ਸਾਹਿਬ ਅਨੁਸਾਰ ਜੇਕਰ ਨੱਚਣਾ ਹੀ ਹੈ ਤਾਂ ਇਸ ਤਰ੍ਹਾਂ ਨੱਚਣਾ ਚਾਹੀਦਾ ਹੈ।
ਵਾਜਾ ਮਤਿ ਪਖਾਵਜੁ ਭਾਉ॥
ਹੋਇ ਅਨੰਦੁ ਸਦਾ ਮਨਿ ਚਾਉ॥
ਏਹਾ ਭਗਤਿ ਏਹੋ ਤਪ ਤਾਉ॥
ਇਤ ਰੰਗ ਨਾਚਹੁ ਰਖਿ ਰਖਿ ਪਾਉ॥
( ਪੰਨਾ 340 )
ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧੀ ਨੂੰ ਵਾਜਾ ਬਣਾਇਆ ਹੈ ਤੇ ਪ੍ਰਭ-ਪਿਆਰ ਨੂੰ ਜੋੜੀ (ਹਰਮੋਨੀਅਮ ) ਬਣਾਇਆ ਹੈ।ਇਨ੍ਹਾਂ ਸਾਜਾਂ ਦੇ ਵੱਜਣ ਨਾਲ ਉਸ ਦੇ ਅੰਦਰ ਸਦਾ ਆਨੰਦ ਅਤੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ।ਇਹੀ ਅਸਲੀ ਭਗਤੀ ਹੈ ਤੇ ਇਹੀ ਮਹਾਨ ਤਪ ਹੈ।ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ ਰਸਤੇ ਤੇ ਤੁਰੋ।ਬਸ ਇਹੀ ਨਾਚ ਨੱਚਣਾ ਸਹੀ ਹੈ।ਇਸ ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਨੱਚਣਾ ਤੇ ਉਸ ਨੂੰ ਭਗਤੀ ਸਮਝਣਾ ਬਹੁਤ ਵੱਡਾ ਭੁਲੇਖਾ ਹੈ।
ਚਰਨਜੀਤ ਸਿੰਘ ਬਿਨਪਾਲਕੇ
ਪਿੰਡ: ਬਿਨਪਾਲਕੇ, ਜ਼ਿਲ੍ਹਾ ਜਲੰਧਰ
ਮੋਬਾਇਲ ਨੰ: 98722-42944