ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ
ਅੰਮ੍ਰਿਤ ਰਸ ਬਾਣੀ ਅਤੇ ਵਿਆਖਿਆ ਸਤਿਗੁਰੂ ਨਾਮਦੇਵ ਜੀ
ਸ਼ਬਦ 05
ੴ ਸਤਿਗੁਰ ਪ੍ਰਸਾਦਿ
ਆਸਾ ਬਾਣੀ ਸ੍ਰੀ ਨਾਮਦੇਓ ਜੀ ਕੀ
ਸਾਪੁ ਕੁੰਚ ਛੋਡੈ, ਬਿਖੁ ਨਹੀ ਛਾਡੈ॥
ਜਿਵੇਂ ਸੱਪ ਕੁੰਜ ਲਾਹ ਦਿੰਦਾ ਹੈ ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ।
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ॥1॥
ਜਿਵੇਂ ਬਗਲਾ ਪਾਣੀ ਵਿੱਚਵ ਸਮਾਧੀ ਲਾਉਂਦਾ ਹੈ
ਸਿਰਫ ਆਪਣੇ ਭੋਜਨ ਦੀ ਖਾਤਰ। (1)
ਕਾਹੇ ਕਾਉ ਕੀਜੈ ਧਿਆਨੁ ਜਪੰਨਾ॥
ਜਬ ਤੇ ਸੁਧੁ ਨਹੀ ਮਨੁ ਅਪਨਾ॥1॥ਰਹਾਉ॥
ਇਸੇ ਤਰ੍ਹਾਂ ਜੇਕਰ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਲ ਰਹੀ ਹੈ
ਤਾਂ ਸਾਡਾ ਧਿਆਨ ਜੋੜਨਾ ਸੱਪ ਵਾਂਗ ਕੁੰਜ ਲਾਉਣ ਅਤੇ
ਬਗਲੇ ਦੀ ਸਮਾਧੀ ਲਗਾਉਣ ਦੇ ਵਾਂਗ ਹੈ ਜਿਸ ਦਾ ਕੋਈ ਫਾਇਦਾ ਨਹੀਂ।
ਸਿੰਘਚ ਭੋਜਨੁ ਜੋ ਨਰੁ ਜਾਨੈ॥
ਐਸੇ ਹੀ ਠਗ ਦੇਉ ਬਖਾਨੈ॥2॥
ਜੋ ਮਨੁੱਖ ਜੁਲਮ ਵਾਲੀ ਰੋਜ਼ੀ ਰੋਟੀ ਹੀ ਕਮਾਉਣੀ ਜਾਣਦਾ ਹੋਵੇ
ਪਰ ਉੱਪਰੋਂ ਸਾਧੂਆਂ ਵਾਲਾ ਭੇਖ ਧਾਰੇ ਐਸੇ ਮਨੁੱਖ ਨੂੰ ਸੰਸਾਰ ਵੱਡਾ ਠੱਗ ਆਖਦਾ ਹੈ। (2)
ਨਾਮੇ ਕੇ ਸੁਆਮੀ ਲਾਹਿਲੇ ਝਗੜਾ॥
ਰਾਮ ਰਸਾਇਨ ਪੀਉ ਰੇ ਦਗਰਾ॥3॥8॥
ਸਤਿਗੁਰੂ ਨਾਮਦੇਵ ਜੀ ਫ਼ਰਮਾਉਂਦੇ ਹਨ ਕਿ ਹੇ ਨਾਮੇ
ਤੇਰੇ ਪਰਮਾਤਮਾ ਨੇ ਤੇਰੇ ਅੰਦਰੋਂ ਪਖੰਡ ਵਾਲਾ ਝਗੜਾ ਹੀ ਮੁਕਾ ਦਿੱਤਾ ਹੈ।
ਹੇ ਕਠੋਰ ਚਿਤ ਮਨੁੱਖ ਪਖੰਡ ਕਰਨਾ ਛੱਡ ਕੇ
ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਆ ਕਰ।
ਸ਼ਬਦ 06
ੴ ਸਤਿਗੁਰ ਪ੍ਰਸਾਦਿ
ਆਸਾ ਬਾਣੀ ਸ੍ਰੀ ਨਾਮਦੇਓ ਜੀ ਕੀ
ਪਾਰਬ੍ਰਹਮ ਜਿ ਚੀਨਸੀ, ਆਸਾ ਤੇ ਨ ਭਾਵਸੀ॥
ਜਿਨ੍ਹਾਂ ਨੇ ਪਾਰਬ੍ਰਹਮ ਪਰਮਾਤਮਾ ਨੂੰ ਸਮਝਿਆ ਹੈ,
ਉਨ੍ਹਾਂ ਨੂੰ ਕਿਸੇ ਹੋਰ ਦਾ ਆਸਰਾ ਚੰਗਾ ਨਹੀਂ ਲੱਗਦਾ।
ਰਾਮਾ ਭਗਤਹ ਚੇਤੀਅਲੇ, ਅਚਿੰਤ ਮਨੁ ਰਾਖਸੀ॥1॥
ਜਿਨ੍ਹਾਂ ਭਗਤਾਂ ਨੇ ਪ੍ਰਭ ਨੂੰ ਸਿਮਰਿਆ ਹੈ,
ਪਰਮਾਤਮਾ ਉਨ੍ਹਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ।(2)
ਕੈਸੇ ਮਨ ਤਰਹਿਗਾ ਰੇ, ਸੰਸਾਰ ਸਾਗਰੁ ਬਿਖੈ ਰੇ ਮਨਾ ॥1॥ਰਹਾਉ॥
ਹੇ ਮੇਰੇ ਮਨ ਵਿਸ਼ੇ ਵਿਕਾਰਾਂ ਦੇ ਪਾਣੀ ਨਾਲ ਭਰੇ
ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਿਵੇਂ ਲੰਘੇਗਾ ?
ਝੂਠੀ ਮਾਇਆ ਦੇਖਿ ਕੈ, ਭੂਲਾ ਰੇ ਮਨਾ॥1॥
ਹੇ ਮੇਰੇ ਮਨ ਤੂੰ ਸੰਸਾਰ ਦੀ ਝੂਠੀ ਮਾਇਆ ਵਿੱਚ
ਫਸ ਕੇ ਪਰਮਾਤਮਾ ਨੂੰ ਭੁੱਲੀ ਬੈਠਾ ਹੈ।(1)
ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ॥
ਮੈਨੂੰ ਭਾਂਵੇ ਛੀਬੇਂ ਦੇ ਘਰ ਜਨਮ ਦਿੱਤਾ ਹੈ ਜੋ ਕਿ ਅਖੌਤੀ ਛੋਟੀ ਜਾਤ ਸਮਝੀ ਜਾਂਦੀ ਸੀ।
ਸੰਤਹ ਕੈ ਪਰਸਾਦਿ, ਨਾਮਾ ਹਰਿ ਭੇਟੁਲਾ॥2॥5॥
ਪਰ ਬ੍ਰਹਮ ਗੁਰੂ ਦੀ ਮਿਹਰ ਨਾਲ ਮੈਨੂੰ ਉਸ ਦਾ ਉਪਦੇਸ਼ ਮਿਲ ਗਿਆ ਹੈ।
ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਨਾਮੇ ਨੂੰ ਹਰੀ ਮਿਲ ਪਿਆ ਹੈ।
ਸ਼ਬਦ 07
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ 1
ੴ ਸਤਿਗੁਰ ਪ੍ਰਸਾਦਿ
ਜੌ ਰਾਜੁ ਦੇਹਿ ਤ ਕਵਨ ਬਡਾਈ॥
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥1॥
ਹੇ ਪ੍ਰਭ ਮੈਂ ਤੇਰੀ ਰਜ਼ਾ ਵਿਚ ਹਾਂ ਜੇਕਰ ਤੂੰ ਮੈਨੂੰ ਰਾਜਾ ਬਣਾ ਦੇਵੇਂ
ਤਾਂ ਮੈਂ ਕਿਸੇ ਗੱਲੋਂ ਵੱਡਾ ਨਹੀਂ ਹੋ ਜਾਵਾਂਗਾਂ,
ਜੇ ਤੂੰ ਮੈਨੂੰ ਮੰਗਤਾਂ ਬਣਾ ਦੇਵੇਂ ਤਾਂ ਮੇਰਾ ਕੁਝ ਘਟ ਨਹੀਂ ਜਾਣਾ।
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ॥
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥1॥ ਰਹਾਉ॥
ਹੇ ਮੇਰੇ ਮਨ ਤੂੰ ਕੇਵਲ ਇੱਕ ਪ੍ਰਭ ਦਾ ਸਿਮਰਨ ਕਰ,
ਉਹੀ ਵਾਸਨਾਵਾਂ ਤੋਂ ਮੁਕਤ ਕਰਦਾ ਹੈ,
ਫਿਰ ਸੰਸਾਰ ਵਿੱਚ ਤੇਰਾ ਜੰਮਣਾ ਮਰਨਾ ਮਿਟ ਜਾਏਗਾ।
ਸਭ ਤੈ ਉਪਾਈ ਭਰਮ ਭੁਲਾਈ॥
ਜਿਸੁ ਤੂੰ ਦੇਵਹਿ ਤਿਸਹਿ ਬੁਝਾਈ ॥2॥
ਹੇ ਪ੍ਰਭ ਸਾਰੀ ਸ੍ਰਿਸਟੀ ਤੂੰ ਆਪ ਹੀ ਪੈਦਾ ਹੋਈ ਹੈ
ਜੋ ਭੁੱਲ ਕੇ ਭਰਮਾਂ ਵਿੱਚ ਪਈ ਹੋਈ ਹੈ,
ਪਰ ਜਿਸ ਨੂੰ ਤੂੰ ਸੋਝੀ ਦਿੰਦਾ ਹੈ ਉਸ ਨੂੰ ਵੀ ਇਹ ਗੱਲ ਸਮਝ ਪੈਦੀ ਹੈ।
ਸਤਿਗੁਰੁ ਮਿਲੈ ਤ ਸਹਸਾ ਜਾਈ ॥
ਕਿਸੁ ਹਊ ਪੂਜਉ, ਦੂਜਾ ਨਦਰਿ ਨ ਆਈ ॥3॥
ਜਿਸ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਉਸ ਦਾ ਭਰਮ ਦੂਰ ਹੋ ਜਾਂਦਾ ਹੈ,
ਭਾਵ ਉਹ ਪੱਥਰ ਦੇ ਘੜੇ ਦੇਵਤਿਆਂ ਅੱਗੇ ਨੱਕ ਨਹੀਂ ਰਗੜਦਾ।
ਮੈਂ ਪ੍ਰਭ ਦੀ ਪੂਜਾ ਛੱਡ ਕੇ ਕਿਸ ਦੀ ਪੂਜਾ ਕਰਾਂ?
ਪ੍ਰਭ ਵਰਗਾ ਮੈਨੂੰ ਕੋਈ ਹੋਰ ਦੂਜਾ ਨਜ਼ਰ ਨਹੀਂ ਆਂਉਦਾ ।
ਏਕੈ ਪਾਥਰ ਕੀਜੈ ਭਾਉ ॥
ਦੂਜੈ ਪਾਥਰ ਧਰੀਐ ਪਾਉ॥
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪੱਥਰ ਨੂੰ ਦੇਵਤਾ ਬਣਾ ਕੇ
ਪਿਆਰ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਪੱਥਰ ਨੂੰ
ਪੈਰਾਂ ਹੇਠ ਲਿਤਾੜਿਆ ਜਾਂਦਾ ਹੈ।
ਜੇ ਓਹੁ ਦੇਉ ਓਹੁ ਭੀ ਦੇਵਾ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ॥4॥1॥
ਜੇਕਰ ਉਹ ਪੱਥਰ ਜਿਸ ਦੀ ਪੂਜਾ ਕੀਤੀ ਜਾਂਦੀ ਹੈ
ਦੇਵਤਾ ਹੈ ਤਾਂ ਦੂਸਰਾ ਪੱਥਰ ਵੀ ਤਾਂ ਦੇਵਤਾ ਹੀ ਹੋਇਆ
ਪਰ ਦੂਸਰੇ ਪੱਥਰ ਨੂੰ ਨੂੰ ਪੈਰਾਂ ਥੱਲੇ ਕਿਉਂ ਲਤਾੜਿਆ ਜਾਂਦਾ ਹੈ?
ਸਤਿਗੁਰੂ ਨਾਮਦੇਵ ਜੀ ਫਰਮਾਉਂਦੇ ਹਨ ਕਿ ਮੈਂ ਇਨ੍ਹਾਂ ਪੱਥਰਾਂ ਦੀ
ਪੂਜਾ ਨਹੀ ਕਰਦਾ ਮੈਂ ਕੇਵਲ ਇੱਕ ਹਰੀ ਦੀ ਸੇਵਾ ਕਰਦਾ ਹਾਂ।
ਸ਼ਬਦ 08
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ
ੴ ਸਤਿਗੁਰ ਪ੍ਰਸਾਦਿ
ਮਲੈ ਨ ਲਾਛੈ, ਪਾਰਮਲੋ, ਪਰਮਲੀਉ ਬੈਠੋ ਰੀ ਆਈ॥
ਹੇ ਭੈਣ! ਮੇਰਾ ਪ੍ਰਭ ਬਹੁਤ ਸੋਹਣਾ ਹੈ ਉਸ ਨੂੰ ਮੈਲ ਦਾ ਕੋਈ ਦਾਗ ਨਹੀਂ ਹੈ।
ਉਹ ਨਿਰਮਲ ਹੈ।ਉਹ ਫੁੱਲਾਂ ਦੀ ਸੁਗੰਧੀ ਵਾਂਗ ਹਰ ਜੀਵ ਵਿੱਚ ਬੈਠਾ ਹੈ।
ਆਵਤ ਕਿਨੈ ਨ ਪੇਖਿਓ, ਕਵਨੈ ਜਾਣੈ, ਰੀ ਬਾਈ ॥1॥
ਹੇ ਭੈਣ! ਉਸ ਨੂੰ ਕਿਸੇ ਨੇ ਆਂਉਂਦਿਆਂ ਨਹੀ ਵੇਖਿਆ ਹੈ,
ਅਤੇ ਨਾ ਹੀ ਉਸ ਬਾਰੇ ਕੋਈ ਜਾਣਦਾ ਹੈ ਕਿ ਉਹ ਕਿਹੋ ਜਿਹਾ ਹੈ।
ਕਉਣੁ ਕਹੈ, ਕਿਨਿ ਬੂਝੀਐ, ਰਮਈਆ ਆਕੁਲੁ, ਰੀ ਬਾਈ॥1॥ਰਹਾਉ॥
ਹੇ ਭੈਣ! ਉਸ ਬਾਰੇ ਕੌਣ ਕੁਝ ਕਹਿ ਸਕਦਾ ਹੈ?
ਅਤੇ ਨਾ ਹੀ ਉਸ ਨੂੰ ਕੋਈ ਬੁਝ ਸਕਦਾ ਹੈ।
ਉਹ ਸਰਬ ਵਿਆਪਕ ਹੈ।
ਜਿਉ ਆਕਾਸੈ ਪੰਖੀਅਲੋ, ਖੋਜੁ ਨਿਰਖਿਓ ਨ ਜਾਈ ॥
ਜਿਵੇਂ ਆਕਾਸ਼ ਵਿੱਚ ੳੁੱਡਦੇ ਪੰਛੀ ਦਾ
ਰਸਤਾ ਨਹੀਂ ਦੇਖਿਆ ਜਾ ਸਕਦਾ।
ਜਿਉ ਜਲ ਮਾਝੈ ਮਾਛਲੋ, ਮਾਰਗੁ ਪੇਖਣੋ ਨ ਜਾਈ ॥2॥
ਪਾਣੀ ਵਿੱਚ ਤਰਦੀ ਮੱਛੀ ਦਾ ਰਸਤਾ ਨਹੀਂ ਦੇਖਿਆ ਜਾ ਸਕਦਾ।
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ॥
ਜਿਵੇਂ ਖੁੱਲੀ ਥਾਂ ਮ੍ਰਿਗਤ੍ਰਿਸ਼ਨਾ ਦਾ ਜਲ ਦਿਖਾਈ ਦਿੰਦਾ ਹੈ,
ਪਰ ਜੇਕਰ ਉਸ ਨੂੰ ਲੈਣ ਜਾਈਏ ਤਾਂ ਉਹ ਮਿਲਦਾ ਨਹੀਂ।
ਉਸੇ ਤਰ੍ਹਾਂ ਪ੍ਰਭ ਨੂੰ ਲਭਣ ਦਾ ਕੋਈ ਖਾਸ ਟਿਕਾਣਾ ਨਹੀਂ ਹੈ।
ਨਾਮੇ ਚੇ ਸੁਆਮੀ ਬੀਠਲੋ, ਜਿਨਿ ਤੀਨੈ ਜਰਿਆ॥3॥2॥
ਉਸੇ ਤਰ੍ਹਾਂ ਪ੍ਰਭ ਨੂੰ ਲਭਣ ਦਾ ਕੋਈ ਖਾਸ ਟਿਕਾਣਾ ਨਹੀਂ ਹੈ।
ਸਤਿਗੁਰੂ ਨਾਮਦੇਵ ਜੀ ਆਖਦੇ ਹਨ ਕਿ ਬੀਠਲ(ਪ੍ਰਭ) ਜੀ,
ਐਸੇ ਹਨ ਜਿਨ੍ਹਾਂ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ।
ਸ਼ਬਦ 09
ੴ ਸਤਿਗੁਰ ਪ੍ਰਸਾਦਿ
ਰਾਗ ਸੋਰਠਿ ਬਾਣੀ ਭਗਤ ਨਾਮਦੇਵ ਜੀ ਕੀ ਘਰੁ 2
ਜਬ ਦੇਖਾ ਤਬ ਗਾਵਾ॥ਤਉ ਜਨ ਧੀਰਜੁ ਪਾਵਾ॥1॥
ਜਿਉਂ-ਜਿਉਂ ਮੈਂ ਹਰ ਥਾਂ ਪਰਮਾਤਮਾ ਦੀ ਹੋਂਦ ਨੂੰ ਦੇਖਦਾ ਹਾਂ
ਤਾਂ ਮੈਂ ਉਸ ਦੀ ਹੀ ਸਿਫਤ ਸਲਾਹ ਕਰਦਾ ਹਾਂ।
ਇਸ ਨਾਲ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ।
ਨਾਦਿ ਸਮਾਇਲੋ ਰੇ,ਸਤਿਗੁਰੁ ਭੇਟਿਲੇ ਦੇਵਾ॥1॥ਰਹਾਉ॥
ਮੈਨੂੰ ਪ੍ਰਭ ਨੇ ਸਤਿਗੁਰੂ ਮਿਲਾ ਦਿੱਤਾ ਹੈ
ਅਤੇ ਮੈਂ ਉਸ ਦੇ ਸ਼ਬਦ ਵਿਚ ਲੀਨ ਹਾਂ।
ਜਹ ਝਿਲਿਮਿਲਿਕਾਰੁ ਦਿਸੰਤਾ॥
ਤਹ ਅਨਹਦ ਸਬਦ ਬਜੰਤਾ॥
ਮੈਨੂੰ ਪ੍ਰਭ ਨੇ ਸਤਿਗੁਰੂ ਮਿਲਾ ਦਿੱਤਾ ਹੈ
ਅਤੇ ਮੈਂ ਉਸ ਦੇ ਸ਼ਬਦ ਵਿਚ ਲੀਨ ਹਾਂ।
ਜੋਤੀ ਜੋਤਿ ਸਮਾਨੀ॥ਮੈ ਗੁਰ ਪਰਸਾਦੀ ਜਾਨੀ ॥2॥
ਹੁਣ ਮੇਰੀ ਜੋਤ ਪਰਮਾਤਮਾ ਨਾਲ ਮਿਲ ਗਈ ਹੈ।
ਮੈਂ ਗੁਰੂ ਦੀ ਕ੍ਰਿਪਾ ਦੁਆਰਾ ਪ੍ਰਭ ਨਾਲ
ਇਕ-ਮਿਕ ਹੋਇਆ ਹਾਂ।
ਰਤਨ ਕਮਲ ਕੋਠਰੀ॥ਚਮਕਾਰ ਬੀਜਲੁ ਤਹੀ॥
ਮੇਰੇ ਹਿਰਦੇ ਦੀ ਕਮਲ-ਕੋਠਰੀ ਵਿਚ ਰਤਨ ਪਏ ਸਨ
ਜੋ ਹੁਣ ਬਿਜਲੀ ਵਾਂਗ ਲਿਸ਼ਕ ਰਹੇ ਹਨ।
ਨੇਰੈ ਨਾਹੀ ਦੂਰਿ॥ਨਿਜ ਆਤਮੈ ਰਹਿਆ ਭਰਪੂਰਿ॥
ਪ੍ਰਮਾਤਮਾ ਮੈਥੋਂ ਹੁਣ ਦੂਰ ਨਹੀਂ ਹੈ
ਉਹ ਨੇੜੇ ਹੀ ਹੈ,
ਮੇਰੀ ਆਤਮਾ ਵਿਚ ਵਸਿਆ ਹੋਇਆ ਹੈ।
ਜਹ ਅਨਹਦ ਸੂਰ ਉਜਾਰਾ॥
ਤਹ ਦੀਪਕ ਜਲੈ ਛੰਛਾਰਾ॥
ਜਿਸ ਹਿਰਦੇ ਵਿਚ ਹੁਣ ਸੂਰਜ ਦੇ ਚਾਨਣ
ਵਾਂਗ ਉਜਾਲਾ ਹੋਇਆ ਹੈ,
ਪਹਿਲਾ ਇੱਥੇ ਦੀਵੇ ਜਿਹੀ
ਮੱਧਮ ਲੋਅ ਹੀ ਜਗ ਰਹੀ ਸੀ।
ਗੁਰ ਪਰਸਾਦੀ ਜਾਨਿਆ॥
ਜਨ ਨਾਮਾ ਸਹਜ ਸਮਾਨਿਆ ॥4॥1॥
ਸਤਿਗੁਰੂ ਨਾਮਦੇਵ ਫੁਰਮਾਉਂਦੇ ਹਨ ਕਿ ਮੈਂ
ਇਹ ਗੁਰੂ ਦੀ ਕਿਰਪਾ ਨਾਲ ਹੀ ਜਾਣ ਸਕਿਆਂ
ਹਾਂ ਹੁਣ ਮੈਂ ਅਡੋਲ ਅਵਸਥਾ ਵਿੱਚ ਹਾਂ।
ਸ਼ਬਦ ਨੰਬਰ 10
ੴ ਸਤਿਗੁਰ ਪ੍ਰਸਾਦਿ
ਰਾਗ ਸੋਰਠਿ ਬਾਣੀ
ਭਗਤ ਨਾਮਦੇਵ ਜੀ ਕੀ ਘਰੁ 2
ਪਾੜ ਪੜੋਸਣਿ ਪੂਛ ਲੇ ਨਾਮਾ,
ਕਾ ਪਹਿ ਛਾਨਿ ਛਵਾਈ ਹੋ॥
ਨਾਲ ਦੀ ਗੁਆਢਣ ਸਤਿਗੁਰੂ ਨਾਮਦੇਵ ਜੀ
ਤੋਂ ਪੁੱਛਦੀ ਹੈ ਕਿ ਹੀ ਨਾਮੇ ਤੂੰ ਕਿਸ ਕੋਲੋਂ
ਇਨੀ ਸੰੁਦਰ ਛਪਰੀ ਬਣਵਾਈ ਹੈ।
ਤੋ ਪਹਿ ਦੁਗਣੀ ਮਜੂਰੀ ਦੈ ਹਉ,
ਮੈ ਕਉ ਬੇਢੀ ਦੇਹੁ ਬਤਾਈ ਹੋ॥1॥
ਮੈਨੂੰ ਉਸ ਤਰਖਾਣ ਦਾ ਨਾਂਅ ਦੱਸਦੇ
ਮੈਂ ਉਸਨੂੰ ਦੁੱਗਣੀ ਮਜ਼ਦੂਰੀ ਦੇ ਦੇਵਾਂਗੀ।
ਰੀ ਬਾਈ ਬੇਢੀ ਦੇਨੁ ਨ ਜਾਈ॥
ਦੇਖੁ ਬੇਢੀ ਰਹਿਉ ਸਮਾਈ॥
ਹੇ ਭੈਣ! ਉਸ ਤਰਖਾਣ ਬਾਰੇ ਦੱਸਿਆ ਨਹੀ
ਜਾ ਸਕਦਾ ਉਹ ਤਾਂ ਹਰ ਥਾਂ ਮੌਜੂਦ ਹੈ।
ਹਮਾਰੈ ਬੇਢੀ ਪ੍ਰਾਣ ਅਧਾਰਾ॥1॥ਰਹਾਉ॥
ਉਹ ਮੇਰੀ ਜਿੰਦ ਦਾ ਆਸਰਾ ਹੈ।
ਬੇਢੀ ਪ੍ਰੀਤਿ ਮਜੂਰੀ ਮਾਂਗੇ,
ਜਉ ਕੋਊ ਛਾਨਿ ਛਵਾਵੈ ਹੋ॥
ਹੇ ਭੈਣ! ਜਿਹੜਾ ਉਸ ਤਰਖਾਣ ਤੋਂ ਛਨ
ਬਣਵਾਉਂਦਾ ਹੈ ਉਹ ਉਸ ਕੋਲੋਂ ਪ੍ਰੀਤ ਦੀ
ਮਜ਼ਦੂਰੀ ਮੰਗਦਾ ਹੈ।
ਲੋਗ ਕੁਟੰਬ ਸਭਹੁ ਤੇ ਤੋਰੈ,
ਤਉ ਆਪਨ ਬੇਢੀ ਆਵੈ ਹੋ॥2॥
ਪ੍ਰੀਤ ਵੀ ਅਜਿਹੀ ਕਿ ਜੇ ਅਸੀ ਲੋਕਾਂ ਨਾਲੋਂ,
ਆਪਣੇ ਪਰਿਵਾਰ ਨਾਲੋਂ ਸਭਨਾਂ ਨਾਲੋਂ ਮੋਹ
ਤੋੜ ਲਈਏ ਤਾਂ ਉਹ ਤਰਖਾਣ
ਆਪਣੇ ਆਪ ਆ ਜਾਂਦਾ ਹੈ।
ਐਸੋ ਬੇਢੀ ਬਰਨਿ ਨ ਸਾਕਉ,
ਸਭ ਅੰਤਰਿ ਸਭ ਠਾਂਈ ਹੋ॥
ਅਜਿਹੇ ਤਰਖਾਣ ਬਾਰੇ ਬਿਆਨ ਨਹੀ ਕੀਤਾ
ਜਾ ਸਕਦਾ ਉਹ ਸਾਰਿਆ ਦੇ ਅੰਦਰ
ਅਤੇ ਸਾਰੀਆਂ ਥਾਵਾਂ ਉਤੇ ਹੈ।
ਗੂੰਗੈ ਮਹਾ ਅਮਿ੍ਰੰਤ ਰਸੁ ਚਾਖਿਆ,
ਪੂਛੈ ਕਹਨੁ ਨ ਜਾਈ ਹੋ॥3॥
ਉਸ ਬਾਰੇ ਬਿਆਨ ਕਰਨਾ ਤਾਂ ਇਸ ਤਰ੍ਹਾਂ ਹੈ
ਜਿਵੇ ਜੇਕਰ ਗੂੰਗਾ ਸੁਆਦਲਾ ਪਦਾਰਥ ਖਾ ਲਵੇ
ਤਾਂ ਉਹ ਉਸਦਾ ਸੁਆਦ ਦੱਸ ਨਹੀਂ ਸਕਦਾ।
ਬੇਢੀ ਕੇ ਗੁਨ ਸੁਨਿ ਰੀ ਬਾਈ,
ਜਲਧਿ ਬਾਂਧਿ ਧ੍ਰੂ ਥਾਪਿਓ ਹੋ॥
ਹੇ ਭੈਣ! ਉਸ ਤਰਖਾਣ ਦੇ ਕੁਝ ਗੁਣ ਸੁਣ ਜਿਵੇਂ
ਉਸ ਨੇ (ਆਪਣੇ ਹੁਕਮ ਨਾਲ) ਧਰੂ ਭਗਤ ਨੂੰ ਅਟਲ
ਪਦਵੀਂ ਦਿੱਤੀ ਅਤੇ ਸਮੰੁਦਰ ਤੇ ਬੰਨ੍ਹ ਬਣਾਇਆ।
ਨਾਮੇ ਸੁਆਮੀ ਸੀਅ ਬਹੋਰੀ,
ਲੰਕ ਭਭੀਖਣ ਆਪਿਓ ਹੋ॥4॥2॥
(ਸਤਿਗੁਰੂ) ਨਾਮਦੇਵ ਦੇ ਸੁਆਮੀ
(ਪਾਰਬ੍ਰਹਮ ਪਰਮਾਤਮਾ ਨੇ ਆਪਣੇ ਹੁਕਮ ਨਾਲ)
ਲੰਕਾਂ ਤੋਂ ਸੀਤਾ ਨੂੰ ਮੋੜ ਲਿਆਂਦਾ
ਅਤੇ ਭਵੀਖਣ ਨੂੰ ਲੰਕਾਂ ਦਾ ਮਾਲਕ ਬਣਾਇਆ।