Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਮਹਾ ਰਿਸ਼ੀ ਸੰਭੂਕ ਦਾ ਵਧ

ਮਿਥ ਅਤਿ ਸੂਖਮ, ਜਟਿਲ ਅਤੇ ਵਿਸਤਿ੍ਰਤ ਵਰਤਾਰਾ ਹੈ।ਇਸ ਦਾ ਦਾਇਰਾ ਜੀਵਨ ਦੇ ਨਿੱਕੇ-ਨਿੱਕੇ ਵੇਰਵਿਆਂ ਤੋਂ ਲੈ ਕੇ ਸਭਿਅਤਾਵਾਂ ਦੇ ਇਤਿਹਾਸ, ਧਰਮ ਅਤੇ ਦਰਸ਼ਨ ਦੀਆਂ ਵਿਰਾਟ ਸੰਕਲਪਨਾਵਾਂ ਤਕ ਫੈਲਿਆ ਹੋਇਆ ਹੈ। ਮਿਥ-ਸਿਰਜਣਾ ਮਨੁੱਖੀ ਜੀਵਨ ਦੀ ਇਕ ਸਹਿਜ ਪ੍ਰਵਿਰਤੀ ਹੈ। ਮਨੁੱਖੀ ਚੇਤਨਾ ਭਾਸ਼ਾ ਰਾਹੀਂ ਪ੍ਰਬੰਧਤ ਅਤੇ ਪ੍ਰਗਟ ਹੁੰਦੀ ਹੈ। ਮਿਥ ਵੀ ਇਕ ਤਰ੍ਹਾਂ ਦੀ ਭਾਸ਼ਾ ਹੈ ਜੋ ਮਾਨਵੀ ਚੇਤਨਾ ਦੇ ਸੂਖ਼ਮ ਅਤੇ ਸਿਰਜਣਾਤਮਕ ਰੂਪਾਂ ਨੂੰ ਪ੍ਰਬੰਧਤ ਕਰ ਚਿਹਨਾਤਮਕ ਅਭਿਵਿਅਕਤੀ ਪ੍ਰਦਾਨ ਕਰਦੀ ਹੈ। ਰੋਲਾਂ ਬਾਰਥ ਮਿਥ ਨੂੰ ਰੋਜ਼ਾਨਾ ਜ਼ਿੰਦਗੀ ਦੇ ਅਜਿਹੇ ਸਹਿਜ ਵਰਤਾਰੇ ਵਜੋਂ ਪਰਿਭਾਸ਼ਤ ਕਰਦਾ ਹੈ, ਜਿਸ ਵਿਚ ਇਕ ਚਿਹਨ ਚਿਹਨਕ+ਚਿਹਨਤ ਵਾਲੇ ਬੁਨਿਆਦੀ ਚਿਹਨ-ਪ੍ਰਬੰਧ ਦੇ ਅੰਤਰਗਤ ਆਪਣੇ ਮੁੱਢਲੇ ਚਿਹਨਤ ਨੂੰ ਤਿਆਗ ਕੇ ਦੁਜੈਲੇ ਚਿਹਨ-ਪ੍ਰਬੰਧ ਵਿਚ ਇਕ ਨਵਾਂ ਚਿਹਨਤ ਗ੍ਰਹਿਣ ਕਰ ਲੈਂਦਾ ਹੈ। ਉਹ ਮਿਥ ਦੇ ਇਸ ਚਿਹਨ ਵਿਗਿਆਨਕ ਸਿਧਾਂਤ ਨੂੰ ਸਮਝਾਉਣ ਲਈ ‘ਪੈਰਿਸ ਮੈਚ’ (ਫਰਾਂਸੀਸੀ ਹਫ਼ਤਾਵਾਰੀ ਮੈਗਜ਼ੀਨ) ਦੇ ਕਵਰ ’ਤੇ ਛਪੀ ਇਕ ਤਸਵੀਰ ਦੀ ਉਦਾਹਰਣ ਦਿੰਦਾ ਹੈ। ਇਸ ਤਸਵੀਰ ਵਿਚ ਫਰਾਂਸੀਸੀ ਵਰਦੀ ਪਹਿਨੀ ਇਕ ਨੌਜਵਾਨ ਨੀਗਰੋ ਫਰਾਂਸ ਦੇ ਤਿੰਨ-ਰੰਗੇ ਝੰਡੇ ਵੱਲ ਅੱਖਾਂ ਉਤਾਂਹ ਚੁੱਕੀ ਸੈਲਯੂਟ ਕਰ ਰਿਹਾ ਹੈ। ਬਾਰਥ ਅਨੁਸਾਰ ਇਸ ਤਸਵੀਰ ਦੇ ਸਾਰੇ ਚਿਹਨ ਇਕ ਬਸਤੀਵਾਦੀ ਨਿਜ਼ਾਮ ਦੀ ਸਾਕਾਰਾਤਮਕ ਪ੍ਰਭੁਤਾ ਦੀ ਮਿਥ ਸਿਰਜਦੇ ਹਨ, ਜਿਸ ਅਨੁਸਾਰ ਫਰਾਂਸ ਜਿਹੇ ਮਹਾਨ ਸਾਮਰਾਜ ਦੇ ਸਾਰੇ ਪੁੱਤਰ ਬਿਨਾ ਕਿਸੇ ਰੰਗ-ਭੇਦ ਦੇ ਇਕ ਝੰਡੇ ਹੇਠ ਪੂਰੀ ਵਫ਼ਾਦਾਰੀ ਨਾਲ ਇਸ ਦੀ ਸੇਵਾ ਲਈ ਤੱਤਪਰ ਹਨ। ਬਾਰਥ ਅਨੁਸਾਰ ਬਸਤੀਵਾਦ ਦੇ ਵਿਰੋਧੀਆਂ ਲਈ ਇਸ ਤਸਵੀਰ (ਜਿਸ ਵਿਚ ਇਕ ਨੀਗਰੋ ਆਪਣੇ ’ਤੇ ਜ਼ੁਲਮ ਕਰਨ ਵਾਲਿਆਂ ਦੀ ਸੇਵਾ ਲਈ ਹੀ ਅਤਿ ਉਤਸ਼ਾਹਿਤ ਨਜ਼ਰ ਆ ਰਿਹਾ ਹੈ) ਵਿਚ ਦਿਖਾਏ ਮਿਥ-ਚਿਹਨਾਂ ਤੋਂ ਬੇਹਤਰ ਪ੍ਰਤੀਉੱਤਰ ਹੋਰ ਕੋਈ ਨਹੀਂ ਹੋ ਸਕਦਾ।1
ਮਿਥ ਕੇਵਲ ਬੀਤੇ ਦੌਰ ਦਾ ਇਕ ਮਨੋਕਲਪਤਿ ਵਰਤਾਰਾ ਨਹੀਂ ਬਲਕਿ ਇਹ ਮਨੁੱਖੀ ਚੇਤਨਾ ਦਾ ਸੁਭਾਵਕ ਲੱਛਣ ਹੈ। ਮਿਥਹਾਸਕ ਬਿਰਤਾਂਤਾਂ ਦੀਆਂ ਸੂਖ਼ਮ ਪਰਤਾਂ ਹੇਠ ਮਨੁੱਖੀ ਚੇਤਨਾ ਦੀਆਂ ਜਟਿਲ ਸੰਰਚਨਾਵਾਂ ਦੇ ਪੈਟਰਨ ਨਿਹਿਤ ਹੁੰਦੇ ਹਨ। ਇਸ ਲਈ ਮਿਥ ਵਿਗਿਆਨਕ ਅਧਿਐਨ ਦਾ ਵਿਸ਼ਾ ਹੈ। ਲੈਵੀ ਸਟਰਾਊਸ ਨੇ ਮਿਥ ਅਤੇ ਵਿਗਿਆਨ ਦੀ ਇਕਸੁਰਤਾ ਦੇ ਸੂਤਰ ਪਛਾਣਦੇ ਹੋਏ ਦਰਸਾਇਆ ਹੈ ਕਿ ਆਧੁਨਿਕ ਯੁਗ ਦੀਆਂ ਵਿਗਿਆਨਕ ਅੰਤਰ-ਦਿ੍ਰਸ਼ਟੀਆਂ ਮਿਥ ਦੀਆਂ ਨਵੀਨ ਅਤੇ ਪ੍ਰਸੰਗਿਕ ਵਿਆਖਿਆਵਾਂ ਦੇ ਰਾਹ ਖੋਲ੍ਹਦੀਆਂ ਹਨ।2 ਇਸੇ ਤਰ੍ਹਾਂ ਮਿਥ ਅਤੇ ਇਤਿਹਾਸ ਨੂੰ ਵੀ ਇਕ ਦੂਜੇ ਦੇ ਪੂਰਕ ਵਰਤਾਰਿਆਂ ਵਜੋਂ ਸਮਝਿਆ ਜਾ ਸਕਦਾ ਹੈ। ਲੈਵੀ ਸਟਰਾਊਸ ਅਨੁਸਾਰ ਆਧੁਨਿਕ ਯੁਗ ਵਿਚ ਇਤਿਹਾਸ ਮਿਥਹਾਸ ਦੀ ਥਾਂ ਲੈ ਕੇ ਉਹੀ ਪ੍ਰਕਾਰਜ ਨਿਭਾਉਂਦਾ ਹੈ ਜੋ ਮਿਥਹਾਸ ਲਿਖਤੀ ਖਰੜਿਆਂ ਤੋਂ ਬਿਨਾਂ ਹੀ ਸਾਡੇ ਸਮਾਜਾਂ ਲਈ ਨਿਭਾਉਂਦਾ ਹੈ। ਮਿਥ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭਵਿੱਖ ਹਮੇਸ਼ਾਂ ਵਰਤਮਾਨ ਅਤੇ ਅਤੀਤ ਪ੍ਰਤੀ ਵਫ਼ਾਦਾਰ ਰਹੇਗਾ। ਇਸ ਲਈ ਲੈਵੀ ਸਟਰਾਊਸ ਇਤਿਹਾਸ ਨੂੰ ਮਿਥਹਾਸ ਨਾਲੋਂ ਨਿਖੇੜ ਕੇ ਦੇਖਣ ਦੀ ਬਜਾਇ ਇਸ ਨੂੰ ਮਿਥਹਾਸ ਦੀ ਨਿਰੰਤਰਤਾ ਵਜੋਂ ਸਮਝਣ ਦਾ ਸੁਝਾਅ ਦਿੰਦਾ ਹੈ।3 ਬਹੁਤ ਵਾਰ ਇਤਹਾਸਕ ਤੱਥ ਸਦੀਆਂ ਤਕ ਮਿਥਹਾਸਕ ਬਿਰਤਾਂਤਾਂ ਦੀ ਗਹਿਨ ਜੁਗਤ ਵਿਚ ਸੁਰੱਖਿਅਤ ਰਹਿੰਦੇ ਹਨ ਅਤੇ ਉਪਯੁਕਤ ਸਮੇਂ ਅਤੇ ਸਥਾਨ ਦੇ ਪ੍ਰਸੰਗ ਵਿਚ ਵਿਸ਼ਲੇਸ਼ਣਾਤਮਕ ਅੰਤਰ-ਦਿ੍ਰਸ਼ਟੀ ਦੀ ਅਧਿਐਨ-ਵਸਤੂ ਬਣ ਨਵ-ਅਰਥਾਂ ਸਹਿਤ ਉਜਾਗਰ ਹੋ ਉਠਦੇ ਹਨ।
ਮਿਥ ਦੇ ਉਪਰੋਕਤ ਹੋਂਦਮੂਲਕ ਪਾਸਾਰਾਂ ਦੇ ਨਾਲ-ਨਾਲ ਇਸ ਦਾ ਸਮਾਜਕ ਮੁੱਲ-ਵਿਧਾਨ ਨਾਲ ਵੀ ਡੂੰਘਾ ਸਬੰਧ ਹੁੰਦਾ ਹੈ। ਮਿਥਾਂ ਮਾਨਵੀ ਵਿਹਾਰ ਦੇ ਮੁੱਲਾਂ ਨੂੰ ਸਿਰਜਦੀਆਂ ਵੀ ਹਨ ਅਤੇ ਇਹਨਾਂ ਦੀ ਪੁਨਰ-ਸਥਾਪਨਾ ਵੀ ਕਰਦੀਆਂ ਹਨ। ਮਿਥ ਦੇ ਅਰਥ ਕੇਵਲ ਉਸ ਦੇ ਜੁਗਤਾਤਮਕ () ਵਿਧਾਨ ਵਿਚ ਹੀ ਨਹੀਂ ਬਲਕਿ ਉਸ ਦੇ ਸਮਾਜਕ ਪ੍ਰਕਾਰਜ ( ) ਦੇ ਸੰਦਰਭਾਂ ਵਿਚ ਵੀ ਨਿਹਿਤ ਹੁੰਦੇ ਹਨ। ਮਰਸ਼ੀਆ ਇਲੀਆਸੇ ਅਨੁਸਾਰ ਸਮਾਜਕ ਵਿਹਾਰ ਦੇ ਮਾਡਲ ਸਥਾਪਤ ਕਰਨਾ ਮਿਥ ਦੇ ਸਭ ਤੋਂ ਮਹੱਤਵਪੂਰਨ ਪ੍ਰਕਾਰਜਾਂ ਵਿਚੋਂ ਇਕ ਹੈ।੪ ਸੋ ਮਿਥ ਕੇਵਲ ਮਾਨਵੀ ਚਿੰਤਨ ਅਤੇ ਚੇਤਨਾ ਦੀਆਂ ਸੰਰਚਨਾਵਾਂ ਦੀ ਚਿਹਨਾਤਮਕ ਅਭਿਵਿਅਕਤੀ ਹੀ ਨਹੀਂ ਹੁੰਦੀ ਬਲਕਿ ਇਹ ਸਮਾਜਕ ਸੰਰਚਨਾਵਾਂ ਦੀ ਸਥਾਪਤੀ ਅਤੇ ਪੁਨਰ-ਸਥਾਪਤੀ ਦਾ ਪ੍ਰਕਾਰਜ ਵੀ ਨਿਭਾਉਂਦੀ ਹੈ। ਪ੍ਰਸਤੁਤ ਖੋਜ-ਪੱਤਰ ਦਾ ਮੰਤਵ ਮਿਥ ਸਬੰਧੀ ਸਿਧਾਂਤਕ ਚਰਚਾ ਕਰਨ ਦੀ ਬਜਾਇ ਇਕ ਮਿਥ ਦਾ ਪਾਠਾਤਮਕ ਵਿਸ਼ਲੇਸ਼ਣ ਕਰਨਾ ਹੈ, ਪਰ ਅਧਿਐਨ-ਅਧੀਨ ਮਿਥ ਦਾ ਪਾਠ ਅਤੇ ਵਿਸ਼ਲੇਸ਼ਣ ਪੇਸ਼ ਕਰਨ ਤੋਂ ਪਹਿਲਾਂ ਮਿਥ ਬਾਰੇ ਇਹ ਕੁਝ ਸਿਧਾਂਤਕ ਸੂਤਰ ਇਸ ਲਈ ਵਿਚਾਰੇ ਗਏ ਹਨ ਕਿਉਂਕਿ ਇਹਨਾਂ ਦਾ ਸਬੰਧ ਸਿੱਧੇ ਰੂਪ ਵਿਚ ਅਧਿਐਨ-ਅਧੀਨ ਮਿਥ ਦੀ ਪਾਠ-ਪ੍ਰਕਿਰਤੀ ਅਤੇ ਇਸ ਦੇ ਵਿਹਾਰਕ ਵਿਸ਼ਲੇਸ਼ਣ ਦੀ ਵਿਧੀ ਨਾਲ ਹੈ।

2. ਹੱਥਲੇ ਖੋਜ-ਪੱਤਰ ਦੀ ਅਧਿਐਨ-ਸਮੱਗਰੀ ਵਾਲਮੀਕੀ ਰਾਮਾਇਣ ਦੇ ਉੱਤਰ ਕਾਂਡ ਵਿਚ ਦਰਜ ‘ਸ਼ੰਬੂਕ ਦੀ ਮਿਥ’ ਹੈ। ਇਥੇ ਗੀਤਾ ਪ੍ਰੈੱਸ, ਗੋਰਖਪੁਰ ਦੁਆਰਾ ਪ੍ਰਕਾਸ਼ਤ ਸ਼੍ਰੀਮਦਵਾਲਮੀਕੀਯ ਰਾਮਾਇਣ (ਸੰਮਤ: ੨੦੬੪) ਵਿਚੋਂ ਇਸ ਮਿਥ ਦੇ ਮੂਲ ਪਾਠ ਦਾ ਸੰਖੇਪ ਪੰਜਾਬੀ ਰੂਪ ਪ੍ਰਸਤੁਤ ਹੈ:
“ਇਕ ਦਿਨ ਇਕ ਬੁੱਡਾ ਬ੍ਰਾਹਮਣ ਆਪਣੇ ਮਰੇ ਹੋਏ ਪੁੱਤਰ ਦੀ ਲਾਸ਼ ਲੈ ਕੇ ਰਾਮ ਚੰਦਰ ਜੀ ਦੇ ਰਾਜ ਦੁਆਰ ’ਤੇ ਆਇਆ। ਉਹ ਸਨੇਹ ਅਤੇ ਦੁਖ ਨਾਲ ਵਿਆਕੁਲ ਹੋ ਕੇ ਵਿਰਲਾਪ ਕਰਦਾ ਹੋਇਆ ਕਹਿ ਰਿਹਾ ਸੀ “ਮੈਂ ਪੂਰਬਲੇ ਜਨਮ ਵਿਚ ਕੀ ਪਾਪ ਕੀਤਾ ਸੀ ਜੋ ਮੈਂ ਇਹਨਾਂ ਅੱਖਾਂ ਨਾਲ ਆਪਣੇ ਇਕਲੌਤੇ ਪੁੱਤਰ ਦੀ ਮੌਤ ਵੇਖ ਰਿਹਾ ਹਾਂ।ਬੇਟਾ! ਅਜੇ ਤਾਂ ਤੂੰ ਬੱਚਾ ਸੀ।ਕੇਵਲ ਪੰਜ ਹਜ਼ਾਰ ਦਿਨ (ਤੇਰ੍ਹਾਂ ਸਾਲ ਦਸ ਮਹੀਨੇ ਵੀਹ ਦਿਨ) ਦੀ ਤੇਰੀ ਅਵੱਸਥਾ ਸੀ। ਤਾਂ ਵੀ ਤੂੰ ਮੈਨੂੰ ਦੁਖ ਦੇਣ ਲਈ ਅਸਮੇਂ ਹੀ ਕਾਲ-ਵੱਸ ਹੋ ਕੇ ਚਲਾ ਗਿਆ। ਵਤਸ! ਤੇਰੇ ਦੁਖ ਨਾਲ ਮੈਂ ਅਤੇ ਤੇਰੀ ਮਾਤਾ-ਦੋਵੇਂ ਥੋੜ੍ਹੇ ਹੀ ਦਿਨਾਂ ਵਿਚ ਮਰ ਜਾਵਾਂਗੇ। ਮੈਨੂੰ ਯਾਦ ਨਹੀਂ ਕਿ ਮੈਂ ਕਦੀ ਕੋਈ ਝੂਠੀ ਗੱਲ ਮੂੰਹ ਵਿਚੋਂ ਕੱਢੀ ਹੋਵੇ, ਕਿਸੇ ਨਾਲ ਹਿੰਸਾ ਕੀਤੀ ਹੋਵੇ ਜਾਂ ਕਿਸੇ ਪ੍ਰਾਣੀ ਨੂੰ ਕਸ਼ਟ ਪਹੁੰਚਾਇਆ ਹੋਵੇ। ਫਿਰ ਕਿਸ ਪਾਪ ਕਾਰਨ ਮੇਰਾ ਇਹ ਪੁੱਤਰ ਪਿੱਤਰ-ਕਰਮ ਕੀਤੇ ਬਿਨਾਂ ਇਸ ਬਾਲ-ਅਵੱਸਥਾ ਵਿਚ ਹੀ ਯਮਰਾਜ ਦੇ ਘਰ ਚਲਾ ਗਿਆ। ਨਿਰਸੰਦੇਹ ਸ਼੍ਰੀ ਰਾਮ ਦਾ ਹੀ ਕੋਈ ਮਹਾਨ ਦੁਸ਼ਕਰਮ ਹੈ, ਜਿਸ ਕਰਕੇ ਉਹਨਾਂ ਦੇ ਰਾਜ ਵਿਚ ਰਹਿਣ ਵਾਲੇ ਬਾਲਕਾਂ ਦੀ ਮੌਤ ਹੋਣ ਲੱਗ ਪਈ ਹੈ।ਸੋ ਰਾਜਨ! ਮੌਤ ਦੇ ਵੱਸ ਵਿਚ ਪਏ ਇਸ ਬਾਲਕ ਨੂੰ ਜਿਊਂਦਾ ਕਰ ਦੇਵੋ, ਨਹੀਂ ਤਾਂ ਮੈ ਆਪਣੀ ਪਤਨੀ ਸਹਿਤ ਇਸ ਰਾਜ-ਦੁਆਰ ’ਤੇ ਪ੍ਰਾਣ ਤਿਆਗ ਦਿਆਂਗਾ। ਸ਼੍ਰੀਰਾਮ! ਫਿਰ ਬ੍ਰਹਮ-ਹੱਤਿਆ ਦਾ ਪਾਪ ਲੈ ਕੇ ਤੁਸੀਂ ਸੁਖੀ ਹੋਣਾ। ਮਹਾਤਮਾ ਇਸ਼ਵਾਕੂਵੰਸ਼ੀ ਰਾਜਿਆਂ ਦਾ ਇਹ ਰਾਜ ਹੁਣ ਅਨਾਥ ਹੋ ਗਿਆ ਹੈ। ਸ਼੍ਰੀਰਾਮ ਨੂੰ ਸੁਆਮੀ ਦੇ ਰੂਪ ਵਿਚ ਪਾ ਕੇ ਇਥੇ ਬਾਲਕਾਂ ਦੀ ਮੌਤ ਅਟਲ ਹੈ। ਰਾਜੇ ਦੇ ਦੁਰਾਚਾਰੀ ਹੋਣ ਨਾਲ ਹੀ ਪ੍ਰਜਾ ਦੀ ਅਕਾਲ ਮੌਤ ਹੁੰਦੀ ਹੈ।’’ ਬ੍ਰਾਹਮਣ ਦੀ ਦੁਖ-ਭਰੀ ਵਿਥਿਆ ਸੁਣ ਕੇ ਸ਼੍ਰੀ ਰਾਮ ਦੁਖ ਨਾਲ ਵਿਆਕੁਲ ਹੋ ਉਠੇ। ਉਹਨਾਂ ਨੇ ਆਪਣੇ ਮੰਤਰੀਆਂ, ਰਿਸ਼ੀ ਵਸ਼ਿਸ਼ਠ, ਵਾਸਦੇਵ ਅਤੇ ਮਹਾਜਨਾਂ ਸਹਿਤ ਆਪਣੇ ਭਰਾਵਾਂ ਨੂੰ ਵੀ ਬੁਲਾਇਆ। ਉਹਨਾਂ ਦੇ ਸੱਦੇ ’ਤੇ ਵਸ਼ਿਸ਼ਠ ਜੀ ਸਹਿਤ ਅੱਠ ਬ੍ਰਾਹਮਣਾਂ-ਮਾਰਕੰਡੇਯ, ਮੌਦਗਲਯ, ਵਾਸਦੇਵ, ਕਸ਼ਯਪ, ਕਾਤਯਾਯਨ, ਜਾਬਾਲਿ, ਗੌਤਮ ਅਤੇ ਨਾਰਦ ਨੇ ਰਾਜ-ਸਭਾ ਵਿਚ ਪ੍ਰਵੇਸ਼ ਕੀਤਾ । ਸ਼੍ਰੀਰਾਮ ਨੇ ਉਹਨਾਂ ਨੂੰ ਬ੍ਰਾਹਮਣ ਵਾਲੀ ਸਾਰੀ ਵਿਥਿਆ ਸੁਣਾ ਦਿੱਤੀ। ਬ੍ਰਾਹਮਣ ਦੇ ਦੁਖ ਨਾਲ ਦੁਖੀ ਹੋਏ ਮਹਾਰਾਜ ਰਾਮ ਦੇ ਵਚਨ ਸੁਣ ਕੇ ਸਭ ਰਿਸ਼ੀਆਂ ਵਿਚੋਂ ਨਾਰਦ ਜੀ ਨੇ ਇਹ ਸ਼ੁਭ ਵਚਨ ਉਚਾਰੇ, “ਰਾਜਨ! ਸਤਯੁਗ ਵਿਚ ਕੇਵਲ ਬ੍ਰਾਹਮਣ ਹੀ ਤਪੱਸਵੀ ਹੋਇਆ ਕਰਦੇ ਸਨ। ਉਸ ਸਮੇਂ ਬ੍ਰਾਹਮਣ ਤੋਂ ਬਿਨਾ ਕੋਈ ਹੋਰ ਤਪੱਸਿਆ ਵਿਚ ਪ੍ਰਵਿਰਤ ਨਹੀਂ ਹੁੰਦਾ ਸੀ।ਉਸ ਸਮੇਂ ਬ੍ਰਾਹਮਣਾਂ ਦੀ ਪ੍ਰਧਾਨਤਾ ਸੀ। ਇਸ ਲਈ ਉਸ ਯੁਗ ਵਿਚ ਮਨੁੱਖ ਅਕਾਲ ਮੌਤ ਤੋਂ ਰਹਿਤ ਅਤੇ ਤਿ੍ਰਕਾਲ-ਦਰਸ਼ੀ ਹੁੰਦੇ ਸਨ।ਸਤਯੁਗ ਤੋਂ ਬਾਅਦ ਤ੍ਰੇਤਾਯੁਗ ਆਇਆ।ਇਸ ਵਿਚ ਸੁਦਿ੍ਰੜ ਸਰੀਰ ਵਾਲੇ ਕਸ਼ੱਤਰੀਆਂ ਦੀ ਪ੍ਰਧਾਨਤਾ ਹੋਈ ਅਤੇ ਕਸ਼ੱਤਰੀ ਵੀ ਉਸੇ ਪ੍ਰਕਾਰ ਤਪੱਸਿਆ ਕਰਨ ਲੱਗੇ। ਇਸ ਨਾਲ ਅਧਰਮ ਦਾ ਇਕ ਪੈਰ ਧਰਤੀ ’ਤੇ ਆ ਟਿਕਿਆ।ਤ੍ਰੇਤਾ ਯੁਗ ਵਿਚ ਜੋ ਮਹਾਤਮਾ ਪੁਰਸ਼ ਹਨ, ਉਹਨਾਂ ਨਾਲੋਂ ਸਤਯੁਗ ਦੇ ਲੋਕ ਤਪ ਅਤੇ ਪ੍ਰਾਕਰਮ ਦੀ ਦਿ੍ਰਸ਼ਟੀ ਤੋਂ ਬੜੇ ੳੱੁਚੇ ਸਨ। ਸਤਯੁਗ ਵਿਚ ਬ੍ਰਾਹਮਣ ਉਤਕਿ੍ਰਸ਼ਟ ਅਤੇ ਕਸ਼ੱਤਰੀ ਅਪਕਿ੍ਰਸ਼ਟ ਸਨ ਪਰ ਤ੍ਰੇਤਾ ਵਿਚ ਦੋਵੇਂ ਸਮਾਨ ਰੂਪ ਵਿਚ ਸ਼ਕਤੀਸ਼ਾਲੀ ਹੋ ਗਏ। ਸੋ ਤ੍ਰੇਤਾਯੁਗ ਵਿਚ ਜੋ ਬ੍ਰਾਹਮਣ ਅਤੇ ਕਸ਼ੱਤਰੀ ਹਨ ਉਹੀ ਤਪੱਸਿਆ ਕਰਦੇ ਹਨ। ਹੋਰ ਵਰਣਾਂ ਦੇ ਲੋਕ ਸੇਵਾ ਦਾ ਕਾਰਜ ਕਰਦੇ ਹਨ। ਚਾਰਾਂ ਵਰਣਾਂ ਵਿਚੋਂ ਵੈਸ਼ ਅਤੇ ਸ਼ੂੁਦਰ ਨੂੰ ਸੇਵਾ ਰੂਪੀ ਉਤਕਿ੍ਰਸ਼ਟ ਧਰਮ ਪ੍ਰਾਪਤ ਹੋਇਆ ਹੈ ਜਿਸ ਸਦਕਾ ਵੈਸ਼ ਖੇਤੀ ਆਦਿ ਦੁਆਰਾ ਬ੍ਰਾਹਮਣ ਅਤੇ ਕਸ਼ੱਤਰੀ ਦੀ ਸੇਵਾ ਕਰਨ ਲੱਗੇ ਅਤੇ ਸ਼ੂਦਰ ਤਿੰਨਾਂ ਵਰਣਾਂ ਦੀ ਵਿਸ਼ੇਸ਼ ਰੂਪ ਨਾਲ ਪੂਜਾ-ਆਦਰ ਸਤਿਕਾਰ ਕਰਨ ਲੱਗੇ। ਜਦੋਂ ਅਧਰਮ ਦਾ ਦੂਜਾ ਪੈਰ ਧਰਤੀ ’ਤੇ ਉਤਰਦਾ ਹੈ ਤਾਂ ਦੁਆਪਰ ਯੁਗ ਦਾ ਆਗਮਨ ਹੁੰਦਾ ਹੈ।ਇਸ ਯੁਗ ਵਿਚ ਵੈਸ਼ ਨੂੰ ਵੀ ਤਪੱਸਿਆ ਰੂਪੀ ਕਰਮ ਪ੍ਰਾਪਤ ਹੁੰਦਾ ਹੈ। ਤਿੰਨਾਂ ਯੁਗਾਂ ਵਿਚ ਤਿੰਨਾਂ ਵਰਣਾਂ ਦੇ ਆਧਾਰ ’ਤੇ ਹੀ ਤਪੱਸਿਆ ਰੂਪੀ ਧਰਮ ਪ੍ਰਤਿਸ਼ਠਤ ਹੁੰਦਾ ਹੈ, ਪਰ ਨਰਸ੍ਰੇਸ਼ਠ! ਸ਼ੂੁਦਰ ਨੂੰ ਇਹਨਾਂ ਤਿੰਨਾਂ ਯੁਗਾਂ ਵਿਚ ਤਪ ਰੂਪੀ ਧਰਮ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ।ਇਕ ਸਮਾਂ ਅਜਿਹਾ ਆਵੇਗਾ ਜਦ ਹੀਨ ਵਰਣ ਦਾ ਮਨੁੱਖ ਵੀ ਭਾਰੀ ਤਪ ਕਰੇਗਾ। ਇਹ ਕਲਯੁਗ ਦਾ ਸਮਾਂ ਹੋਵੇਗਾ। ਰਾਜਨ! ਦੁਆਪਰ ਵਿਚ ਸ਼ੂੁਦਰ ਦਾ ਤਪ ਵਿਚ ਪ੍ਰਵਿਰਤ ਹੋਣਾ ਮਹਾਨ ਅਧਰਮ ਮੰਨਿਆ ਗਿਆ ਹੈ। (ਫਿਰ ਤ੍ਰੇਤਾ ਦੀ ਤਾਂ ਗੱਲ ਹੀ ਕੀ ਹੈ) ਮਹਾਰਾਜ! ਨਿਸ਼ਚੇ ਹੀ ਤੁਹਾਡੇ ਰਾਜ ਦੀ ਸੀਮਾ ਵਿਚ ਕੋਈ ਖੋਟੀ ਬੁੱਧੀ ਵਾਲਾ ਸ਼ੂਦਰ ਮਹਾਨ ਤਪ ਕਰ ਰਿਹਾ ਹੈ , ਉਸੇ ਕਾਰਨ ਇਸ ਬਾਲਕ ਦੀ ਮੌਤ ਹੋਈ ਹੈ। ਸੋ ਤੁਸੀਂ ਆਪ ਆਪਣੇ ਰਾਜ ਵਿਚ ਖੋਜ ਕਰੋ ਅਤੇ ਜਿਥੇ ਕਿਤੇ ਵੀ ਇਹ ਦੁਸ਼ਕਰਮ ਹੁੰਦਾ ਦਿਖਾਈ ਦੇਵੇ ਉਸ ਨੂੰ ਰੋਕਣ ਦਾ ਪ੍ਰਯਤਨ ਕਰੋ। ਅਜਿਹਾ ਕਰਨ ਨਾਲ ਧਰਮ ਦੀ ਵਿ੍ਰਧੀ ਹੋਵੇਗੀ ਅਤੇ ਮਨੁੱਖਾਂ ਦੀ ਆਯੂ ਵਧੇਗੀ। ਨਾਲ ਹੀ ਇਸ ਬਾਲਕ ਨੂੰ ਵੀ ਨਵਾਂ ਜੀਵਨ ਪ੍ਰਾਪਤ ਹੋਵੇਗਾ।’’ ਨਾਰਦ ਜੀ ਦੇ ਇਹ ਅੰਮਿ੍ਰਤ ਵਚਨ ਸੁਣ ਕੇ ਸ਼੍ਰੀਰਾਮ ਚੰਦਰ ਜੀ ਨੂੰ ਅਪਾਰ ਆਨੰਦ ਪ੍ਰਾਪਤ ਹੋਇਆ। ਉਹਨਾਂ ਨੇ ਲਛਮਣ ਜੀ ਨੂੰ ਬੁਲਾ ਕੇ ਕਿਹਾ ਕਿ ਅਜਿਹੀ ਵਿਵਸਥਾ ਕਰੋ ਜਿਸ ਨਾਲ ਇਸ ਬਾਲਕ ਦਾ ਮਿ੍ਰਤ ਸਰੀਰ ਨਸ਼ਟ ਜਾਂ ਖੰਡਿਤ ਨਾ ਹੋਵੇ। ਫਿਰ ਉਹਨਾਂ ਖੁਦ ਇਕ ਧਨੁਖ, ਤੀਰਾਂ ਨਾਲ ਭਰੇ ਹੋਏ ਦੋ ਤਰਕਸ਼ ਅਤੇ ਇਕ ਚਮਚਮਾਉਂਦੀ ਹੋਈ ਤਲਵਾਰ ਹੱਥ ਵਿਚ ਲੈ ਕੇ, ਲਛਮਣ ਅਤੇ ਭਰਤ ਨੂੰ ਨਗਰ ਦੀ ਰੱਖਿਆ ਲਈ ਨਿਯੁਕਤ ਕਰ, ਪੁਸ਼ਪਕ ਵਿਮਾਨ ’ਤੇ ਸਵਾਰ ਹੋ ਕੇ ਪ੍ਰਸਥਾਨ ਕੀਤਾ। ਉਹ ਪਹਿਲਾਂ ਤਾਂ ਇਧਰ-ਉਧਰ ਖੋਜਦੇ ਹੋਏ ਪੱਛਮ ਦਿਸ਼ਾ ਵੱਲ ਗਏ। ਫਿਰ ਹਿਮਾਲਾ ਪਰਬਤ ਨਾਲ ਘਿਰੀ ਹੋਈ ਉੱਤਰ ਦਿਸ਼ਾ ਵਿਚ ਜਾ ਪਹੁੰਚੇ। ਜਦ ਇਹਨਾਂ ਦਿਸ਼ਾਵਾਂ ਵਿਚ ਕੋਈ ਦੁਸ਼ਕਰਮ ਦਿਖਾਈ ਨਾ ਦਿੱਤਾ, ਤਦ ਉਹਨਾਂ ਸਮੁੱਚੀ ਪੂਰਬ ਦਿਸ਼ਾ ਦਾ ਸਰਵੇਖਣ ਕੀਤਾ। ਇਹ ਦਿਸ਼ਾ ਵੀ ਦਰਪਣ ਦੇ ਸਮਾਨ ਨਿਰਮਲ ਦਿਖਾਈ ਦਿੱਤੀ। ਫਿਰ ਉਹ ਦੱਖਣ ਦਿਸ਼ਾ ਵੱਲ ਗਏ। ਉਥੇ ਉਹਨਾਂ ਨੂੰ ਸ਼ੈਵਲ ਪਰਬਤ ਦੇ ੳੱਤਰੀ ਭਾਗ ਵਿਚ ਇਕ ਸਰੋਵਰ ਦਿਖਾਈ ਦਿੱਤਾ। ਉਸ ਸਰੋਵਰ ਦੇ ਕਿਨਾਰੇ ਇਕ ਤਪੱਸਵੀ ਬੜੀ ਭਾਰੀ ਤਪੱਸਿਆ ਕਰ ਰਿਹਾ ਸੀ। ਉਹ ਹੇਠਾਂ ਵੱਲ ਮੂੰਹ ਕਰੀ ਲਟਕਿਆ ਹੋਇਆ ਸੀ। ਸ਼੍ਰੀ ਰਘੂਨਾਥ ਜੀ ਉਸ ਤਪੱਸਵੀ ਕੋਲ ਗਏ ਅਤੇ ਬੋਲੇ “ਉੱਤਮ ਵ੍ਰਤ ਦਾ ਪਾਲਨ ਕਰਨ ਵਾਲੇ ਤਾਪਸ! ਤੂੰ ਧੰਨ ਹੈਂ। ਵਧ-ਚੜ੍ਹ ਕੇ ਤਪੱਸਿਆ ਕਰਨ ਵਾਲੇ ਹੇ ਸੁਦਿ੍ਰੜ ਪ੍ਰਾਕਰਮੀ ਪੁਰਸ਼! ਤੂੰ ਕਿਸ ਜਾਤੀ ਵਿਚ ਉਤਪੰਨ ਹੋਇਆ ਹੈਂ? ਮੈਂ ਦਸ਼ਰਥ ਕੁਮਾਰ ਰਾਮ ਤੇਰਾ ਪਰਿਚਯ ਜਾਣਨ ਦੀ ਜਿਗਿਆਸਾ ਨਾਲ ਇਹ ਗੱਲਾਂ ਪੁੱਛ ਰਿਹਾ ਹਾਂ। ਤੂੰ ਕਿਸ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈਂ ਜਿਸ ਲਈ ਤੂੰ ਅਜਿਹਾ ਕਠੋਰ ਤਪ ਕਰ ਰਿਹਾ ਹੈਂ?’’ ਭਗਵਾਨ ਰਾਮ ਦੇ ਇਹ ਵਚਨ ਸੁਣ ਕੇ ਮਸਤਕ ਹੇਠਾਂ ਲਟਕਾਈ ਤਪ ਕਰ ਰਿਹਾ ਉਹ ਤਥਾਕਥਿਤ ਤਪੱਸਵੀ ਬੋਲਿਆ “ਮਹਂਾਯਸ਼ਸਵੀ ਸ਼੍ਰੀਰਾਮ! ਮੈਂ ਸ਼ੂਦਰ ਜਾਤੀ ਵਿਚ ਉਤਪੰਨ ਹੋਇਆ ਹਾਂ ਅਤੇ ਸਦੇਹ ਸਵਰਗ ਵਿਚ ਜਾ ਕੇ ਦੇਵਤਾ ਬਣਨ ਦੀ ਇੱਛਾ ਰੱਖਦਾ ਹਾਂ। ਮੈਂ ਸ਼ੂਦਰ ਹਾਂ ਅਤੇ ਮੇਰਾ ਨਾਮ ਸ਼ੰਬੂਕ ਹੈ।’’ ਉਹ ਇਸ ਪ੍ਰਕਾਰ ਬੋਲ ਹੀ ਰਿਹਾ ਸੀ ਕਿ ਸ਼੍ਰੀਰਾਮ ਚੰਦਰ ਜੀ ਨੇ ਮਿਆਨ ਵਿਚੋਂ ਚਮਚਮਾਉਂਦੀ ਹੋਈ ਤਲਵਾਰ ਖਿੱਚ ਲਈ ਅਤੇ ਇਸ ਨਾਲ ਉਸ ਦਾ ਸਿਰ ਕੱਟ ਦਿੱਤਾ। ਉਸ ਸ਼ੂਦਰ ਦੀ ਹੱਤਿਆ ਹੁੰਦੇ ਹੀ ਇੰਦਰ ਅਤੇ ਅਗਨੀ ਸਹਿਤ ਸੰਪੂਰਣ ਦੇਵਤਾ ‘ਬਹੁਤ ਅੱਛਾ, ਬਹੁਤ ਅੱਛਾ’ ਕਹਿ ਕੇ ਸ਼੍ਰੀਰਾਮ ਦੀ ਵਾਰ-ਵਾਰ ਪ੍ਰਸ਼ੰਸਾ ਕਰਨ ਲੱਗੇ। ਉਸ ਸਮੇਂ ਸ਼੍ਰੀਰਾਮ ਉੱਪਰ ਸਭ ਪਾਸਿਓਂ ਵਾਯੂ ਦੇਵਤਾ ਦੁਆਰਾ ਬਿਖੇਰੇ ਗਏ ਦੈਵੀ ਅਤੇ ਪਰਮਸੁਗੰਧਿਤ ਫੁੱਲਾਂ ਦੀ ਬੜੀ ਭਾਰੀ ਵਰਖਾ ਹੋਣ ਲੱਗੀ। ਸਾਰੇ ਦੇਵਤਾ ਅਤਿਅੰਤ ਪ੍ਰਸੰਨ ਹੋ ਕੇ ਬੋਲੇ, “ਹੇ ਸੱਚੇ ਪ੍ਰਾਕਰਮੀ ਸ਼੍ਰੀਰਾਮ ਇਹ ਤੁਸੀਂ ਦੇਵਤਿਆਂ ਦਾ ਹੀ ਕਾਰਜ ਸੰਪੰਨ ਕੀਤਾ ਹੈ। ਤੁਹਾਡੇ ਇਸ ਸਤਕਰਮ ਨਾਲ ਇਹ ਸ਼ੂਦਰ ਸਰੀਰ ਸਵਰਗ ਲੋਕ ਵਿਚ ਨਹੀਂ ਜਾ ਸਕਿਆ ਹੈ। ਸੋ ਤੁਸੀਂ ਜੋ ਚਾਹੋ ਵਰ ਮੰਗ ਲਵੋ।’’ ਦੇਵਤਿਆਂ ਦੇ ਇਹ ਵਚਨ ਸੁਣ ਕੇ ਸ਼੍ਰੀਰਾਮ ਨੇ ਦੋਵੇਂ ਹੱਥ ਜੋੜ ਕੇ ਸਹਸਤ੍ਰਨੇਤਰਧਾਰੀ ਦੇਵਰਾਜ ਇੰਦਰ ਨੂੰ ਕਿਹਾ, “ਜੇਕਰ ਦੇਵਤਾ ਮੇਰੇ ’ਤੇ ਪ੍ਰਸੰਨ ਹਨ ਤਾਂ ਉਹ ਬ੍ਰਾਹਮਣ-ਪੁੱਤਰ ਜੀਵਤ ਹੋ ਜਾਵੇ। ਇਹੀ ਮੇਰੇ ਲਈ ਸਭ ਤੋਂ ਉੱਤਮ ਵਰ ਹੈ।’’ ਸ਼੍ਰੀਰਘੂਨਾਥ ਜੀ ਦੀ ਇਹ ਗੱਲ ਸੁਣ ਕੇ ਵਿਬੁੱਧਸ਼ਿਰੋਮਣੀ ਦੇਵਤਾ ਪ੍ਰਸੰਨਤਾਪੂਰਵਕ ਬੋਲੇ “ਤੁਸੀਂ ਜਿਸ ਮੁਹੂਰਤ ਵਿਚ ਇਸ ਸ਼ੂਦਰ ਦੀ ਹੱਤਿਆ ਕੀਤੀ ਹੈ, ਉਸੇ ਮੁਹੂਰਤ ਵਿਚ ਉਹ ਬਾਲਕ ਜੀ ਉਠਿਆ ਹੈ। ਨਰਸ੍ਰੇਸ਼ਠ! ਤੁਹਾਡਾ ਕਲਿਆਣ ਹੋਵੇ। ਭਲਾ ਹੋਵੇ।’’
3
ਪ੍ਰਸਤੁਤ ਮਿਥ ਦੀ ਜੁਗਤ ਬਹੁਪਰਤੀ ਅਤੇ ਬਹੁਪਾਸਾਰੀ ਹੈ। ਇਸ ਦਾ ਸਬੰਧ ਇਕੋ ਵੇਲੇ ਧਰਮ, ਦਰਸ਼ਨ, ਸਮਾਜ, ਇਤਿਹਾਸ, ਨੈਤਿਕਤਾ, ਰਾਜਨੀਤੀ, ਸੱਤਾ, ਕਰਮ-ਸਿਧਾਂਤ, ਬ੍ਰਹਿਮੰਡ-ਸਿਰਜਣਾ ਸਿਧਾਂਤ ਅਤੇ ਕਾਲ ਨਾਲ ਹੈ। ਬੁਨਿਆਦੀ ਤੌਰ ’ਤੇ ਇਸ ਮਿਥ ਵਿਚ ਵਰਣ-ਵਿਵਸਥਾ ’ਤੇ ਆਧਾਰਿਤ ਜਾਤੀ-ਪ੍ਰਬੰਧ ਦੀ ਸੰਕਲਪਨਾ ਨੂੰ ਜੀਵਨ ਦੇ ਕੁਲ ਦਿਸਦੇ ਅਤੇ ਅਣਦਿਸਦੇ ਪਾਸਾਰਾਂ ਤਕ ਫੈਲਾਅ ਦਿੱਤਾ ਗਿਆ ਹੈ। ਇਸ ਪ੍ਰਬੰਧ ਸੰਕਲਪਨਾ ਵਿਚ ਬ੍ਰਾਹਮਣ ਦੀ ਸਰਵ-ਸ੍ਰੇਸ਼ਠਤਾ ਪੂਰਵ-ਨਿਸ਼ਚਤ ਹੈ। ਇਸ ਮਿਥ ਦੇ ਪਾਠ ਵਿਚ ਬ੍ਰਾਹਮਣ ਦੀ ਸ੍ਰੇਸ਼ਠਤਾ ਦਾ ਤਰਕ ਨਹੀਂ ਉਸਾਰਿਆ ਗਿਆ ਬਲਕਿ ਉਸ ਦੀ ਪੂਰਵ-ਨਿਰਧਾਰਤ ਸ੍ਰੇਸ਼ਠਤਾ ਦੀ ਪੁਨਰ-ਸਥਾਪਨਾ ਦਾ ਬਿਰਤਾਂਤ ਸਿਰਜਿਆ ਗਿਆ ਹੈ। ਪ੍ਰਸਤੁਤ ਮਿਥ ਦੇ ਇਸ ਪਾਸਾਰ ਦੇ ਮੁਕੰਮਲ ਫੈਲਾਅ ਨੂੰ ਸਮਝਣ ਲਈ ਇਸ ਨੂੰ ਅੰਤਰ-ਪਾਠਾਤਮਕ ਸੰਦਰਭ ਵਿਚ ਵਿਚਾਰਨਾ ਜ਼ਰੂਰੀ ਹੈ। ਮਿਥ ਦੇ ਇਸ ਪਾਸਾਰ ਦੀਆਂ ਜੜ੍ਹਾਂ ‘ਰਿਗਵੇਦ’ ਦੇ ਦਸਵੇਂ ਮੰਡਲ ਦੇ ਨੱਬੇਵੇਂ ਸਤੋਤ੍ਰ (ਉੇਸਤਤ ਦਾ ਗੀਤ) ‘ਪੁਰਸ਼ ਸੂਕਤ’ ਵਿਚ ਨਿਹਿਤ ਹਨ। ‘ਪੁਰਸ਼ ਸੂਕਤ’ ਵਿਚ ਹਜ਼ਾਰਾਂ ਸਿਰਾਂ, ਹਜ਼ਾਰਾਂ ਅੱਖਾਂ ਅਤੇ ਹਜ਼ਾਰਾਂ ਪੈਰਾਂ ਵਾਲੇ ਇਕ ਅਜਿਹੇ ਬ੍ਰਹਿਮੰਡੀ ਅਸਤਿੱਤਵ ( ) ਦਾ ਵਰਣਨ ਕੀਤਾ ਗਿਆ ਹੈ ਜਿਸ ਤੋਂ ਸਮੁੱਚੀ ਸਿ੍ਰਸ਼ਟੀ ਦੀ ਸਿਰਜਣਾ ਹੋਈ ਹੈ। ਇਵੇਂ ‘ਪੁਰਸ਼ ਸੂਕਤ’ ਵਿਚ ਬ੍ਰਹਿਮੰਡ-ਸਿਰਜਣਾ ਦੇ ਸਿਧਾਂਤ () ਦੀ ਮਿਥ ਉਸਾਰੀ ਗਈ ਹੈ। ਪ੍ਰਸਤੁਤ ਮਿਥ ਦੀ ਅਰਥ-ਜੁਗਤ ਦੇ ਸੰਦਰਭ ਵਿਚ ‘ਪੁਰਸ਼ ਸੂਕਤ’ ਦੀਆਂ ਨਿਮਨ ਲਿਖਤ ਸਤਰਾਂ ਬੜੀਆਂ ਮਹੱਤਵਪੂਰਨ ਹਨ:
ਉਸ (ਬ੍ਰਹਿਮੰਡੀ ਅਸਤਿੱਤਵ) ਦਾ ਮੁਖ ਕੀ ਸੀ? ਉਸ ਦੀਆਂ ਬਾਹਵਾਂ ਕੀ ਸਨ? ਉਸ ਦੇ ਪੱਟ ਕੀ ਸਨ ਅਤੇ ਉਸ ਦੇ ਪੈਰ ਕੀ ਸਨ?
ਬ੍ਰਾਹਮਣ ਉਸ ਦਾ ਮੁਖ ਸਨ, ਕਸ਼ੱਤਰੀ ਉਸ ਦੀਆਂ ਬਾਹਵਾਂ ਬਣੇ, ਵੈਸ਼ ਉਸ ਦੇ ਪੱਟ ਸਨ ਅਤੇ ਉਸ ਦੇ ਪੈਰਾਂ ਵਿਚੋਂ ਸ਼ੂਦਰ ਜਨਮੇ ਸਨ।6
‘ਪੁਰਸ਼ ਸੂਕਤ’ ਦੀਆਂ ਉਪਰੋਕਤ ਸਤਰਾਂ ਵਿਚ ਭਾਵੇਂ ਇਕ ਬ੍ਰਹਿਮੰਡੀ ਅਸਤਿੱਤਵ ਦੀ ਦੇਹ ਵਿਚੋਂ ਹੀ ਚਹੁੰ ਵਰਣਾਂ ਦੀ ਉਤਪਤੀ ਦਰਸਾਈ ਗਈ ਹੈ ਪਰ ਨਾਲ ਹੀ ਬ੍ਰਹਿਮੰਡੀ ਅਸਤਿੱਤਵ ਦੀ ਦੇਹ ਵਿਚੋਂ ਵਿਭਿੰਨ ਵਰਣਾਂ ਦੇ ਉਪਜਣ-ਸਥਾਨ (ਸਿਰ, ਬਾਹਵਾਂ, ਪੱਟ ਅਤੇ ਪੈਰ) ਦੇ ਆਧਾਰ ’ਤੇ ਇਕ ਸਪੱਸ਼ਟ ਅਨੁਕ੍ਰਮਤਾ  ਵੀ ਨਿਸ਼ਚਤ ਕਰ ਦਿੱਤੀ ਗਈ ਹੈ। ਇਹ ਅਨੁਕ੍ਰਮਤਾ ਸਿ੍ਰਸ਼ਟੀ-ਸਿਰਜਣਾ ਦੇ ਸਿਧਾਂਤਕ ਸੰਦਰਭ ਵਿਚ ਬ੍ਰਾਹਮਣ ਦੀ ਜਨਮਜਾਤ ਸ੍ਰੇਸ਼ਠਤਾ ਦੀ ਮਿਥ ਸਿਰਜਦੀ ਹੈ। ਇਥੇ ਹੀ ਬਾਕੀ ਵਰਣਾਂ ਦੀ ਕ੍ਰਮਵਾਰ ਸਥਿਤੀ ਵੀ ਨਿਸ਼ਚਤ ਹੋ ਜਾਂਦੀ ਹੈ ਜਿਸ ਵਿਚ ਸ਼ੂਦਰ ਦਾ ਸਥਾਨ ਨਿਮਨਤਮ (ਪੈਰ) ਹੈ। ਪ੍ਰਸਤੁਤ ਮਿਥ ਦੇ ਬਿਰਤਾਂਤ ਵਿਚ ‘ਪੁਰਸ਼ ਸੂਕਤ’ ਵਿਚੋਂ ਉਪਜਦੀ ਵਰਣ-ਅਨੁਕ੍ਰਮਤਾ ਦੀ ਇਸ ਮਿਥ ਦੇ ਅਰਥ-ਪਾਸਾਰਾਂ ਨੂੰ ਧਰਮ, ਸਮਾਜ, ਰਾਜਨੀਤੀ, ਸਮੇਂ, ਗਿਆਨ ਅਤੇ ਭਗਤੀ ਦੇ ਪ੍ਰਸੰਗਾਂ ਤਕ ਫੈਲਾਅ ਦਿੱਤਾ ਗਿਆ ਹੈ। ਇਥੇ ਜੀਵਨ ਅਤੇ ਜਗਤ ਦੀਆਂ ਕੁਲ ਸੰਰਚਨਾਵਾਂ ਵਰਣ-ਵਿਵਸਥਾ ਦੇ ਨਿਯੰਤ੍ਰਣ ਅਧੀਨ ਵਿਚਰਦੀਆਂ ਹਨ। ਇਸ ਨਿਯੰਤ੍ਰਣ ਦੀ ਸੰਰਚਨਾਤਮਕ ਪਕੜ ਇੰਨੀ ਜ਼ਿਆਦਾ ਮਜਬੂਤ ਹੈ ਕਿ ਇਸ ਵਿਚ ਨਿੱਕੇ ਜਿਹੇ ਤੱਤਮੂਲਕ ਪਰਿਵਰਤਨ ( ) ਦੀ ਸੰਭਾਵਨਾ ਵੀ ਮੌਜੂਦ ਨਹੀਂ। ਆਪਣੀ ਪੂਰਵ-ਨਿਸ਼ਚਤ ਸ੍ਰੇਸ਼ਠਤਾ ਕਾਰਨ ਸੰਪੂਰਨ ਧਰਮ-ਆਧਾਰਿਤ ਸਮੇਂ (ਸਤਯੁਗ) ਵਿਚ ਤਪੱਸਿਆ ਦੇ ਸ੍ਰੇਸ਼ਠ ਕਰਮ ਦਾ ਅਧਿਕਾਰੀ ਕੇਵਲ ਬ੍ਰਾਹਮਣ ਹੈ। ਬਾਕੀ ਵਰਣਾਂ ਨੂੰ ਵੀ ਯੁਗ-ਦਰ-ਯੁਗ ਇਹ ਅਧਿਕਾਰ ਪ੍ਰਾਪਤ ਹੁੰਦਾ ਹੈ ਪਰ ਇਸ ਨਾਲ ਨਿਰੰਤਰ ਧਰਮ ਦੀ ਹਾਨੀ ਵੀ ਹੁੰਦੀ ਹੈ। ਤ੍ਰੇਤਾ ਯੁਗ ਵਿਚ ਕਸ਼ੱਤਰੀਆਂ ਨੂੰ ਭਗਤੀ ਦਾ ਅਧਿਕਾਰ ਮਿਲਣ ਨਾਲ ਅਧਰਮ ਦਾ ਇਕ ਪੈਰ ਧਰਤੀ ’ਤੇ ਆ ਟਿਕਦਾ ਹੈ। ਇਸ ਨਾਲ ਸਤਯੁਗ ਦੇ ਮੁਕਾਬਲਤਨ ਤ੍ਰੇਤਾਯੁਗ ਵਿਚ ਮਨੁੱਖ ਦੀ ਆਯੂ ਅਤੇ ਤੇਜ ਘਟ ਜਾਂਦੇ ਹਨ। ਦਵਾਪਰਯੁਗ ਵਿਚ ਵੈਸ਼ਾਂ ਨੂੰ ਵੀ ਭਗਤੀ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ, ਪਰ ਇਸ ਨਾਲ ਅਧਰਮ ਦਾ ਦੂਜਾ ਪੈਰ ਧਰਤੀ ’ਤੇ ਆ ਟਿਕਦਾ ਹੈ ਅਤੇ ਅਸੱਤ ਦੀ ਵਿ੍ਰਧੀ ਹੁੰਦੀ ਹੈ। ਕਲਯੁਗ ਅਜਿਹਾ ਸਮਾਂ ਹੈ ਜਿਸ ਵਿਚ ਸ਼ੂਦਰ ਯੋਨੀਆਂ ਵਿਚ ਪੈਦਾ ਹੋਏ ਮਨੁੱਖਾਂ ਦੁਆਰਾ ਵੀ ਭਗਤੀ ਦਾ ਕਰਮ ਕੀਤੇ ਜਾਣ ਦੀ ਸੰਭਾਵਨਾ ਸਵੀਕਾਰ ਕੀਤੀ ਗਈ ਹੈ। ਇਸੇ ਲਈ ਇਸ ਨੂੰ ਸਭ ਤੋਂ ਵੱਧ ਅਧਰਮੀ ਯੁਗ ਮੰਨਿਆ ਗਿਆ ਹੈ। ਇਵੇਂ ਇਸ ਮਿਥ ਵਿਚ ‘ਪੁਰਸ਼ ਸੂਕਤ’ ਦੁਆਰਾ ਸਿਰਜੀ ਗਈ ਮਾਨਵੀ ਅਨੁਕ੍ਰਮਤਾ ਨਾਲ ਸਮੇਂ ਦੀ ਸੰਕਲਪਨਾ ਨੂੰ ਵੀ ਨਿਯੰਤਿ੍ਰਤ ਕਰ ਲਿਆ ਗਿਆ ਹੈ। ਯੁਗਾਂ ਨੂੰ ਵੀ ਵਰਣ-ਵਿਵਸਥਾ ਦੇ ਅਨੁਕ੍ਰਮਤਾ-ਆਧਾਰਿਤ ਮਾਡਲ ਵਿਚ ਬੰਨ੍ਹ ਦਿੱਤਾ ਗਿਆ ਹੈ। ਜਿਸ ਯੁਗ ਵਿਚ ਬ੍ਰਾਹਮਣ ਦੀ ਸਰਬ-ਉੱਚਤਾ ਨੂੰ ਕੋਈ ਚੁਣੌਤੀ ਨਹੀਂ, ਉਹੀ ਸਰਵ-ਸ੍ਰੇਸ਼ਠ ਯੁਗ (ਸਤਯੁਗ) ਹੈ। ਜਿਓਂ-ਜਿਓਂ ਬ੍ਰਾਹਮਣ ਨੂੰ ਸ੍ਰੇਸ਼ਠਤਾ, ਗਿਆਨ ਅਤੇ ਭਗਤੀ ਲਈ ਮਿਲਿਆ ਰਾਖਵਾਂਕਰਨ ਟੁੱਟਦਾ ਹੈ ਅਤੇ ਬਾਕੀ ਵਰਣਾਂ ਨੂੰ ਵੀ ਸ੍ਰੇਸ਼ਠਤਾ ਵਿਚ ਹਿੱਸੇਦਾਰੀ ਪ੍ਰਾਪਤ ਹੁੰਦੀ ਹੈ ਤਾਂ ਯੁਗਾਂ ਦੀ ਪ੍ਰਤਿਸ਼ਠਾ ਦਾ ਵੀ ਪਤਨ ਹੁੰਦਾ ਜਾਂਦਾ ਹੈ। ਵਰਣਾਂ ਦੀ ਅਨੁਕ੍ਰਮਤਾ ਦੇ ਅਨੁਰੂਪ ਹੀ ਸਤਯੁਗ ਸਰਵ-ਸ੍ਰੇਸ਼ਠ, ਤ੍ਰੇਤਾ ਅਤੇ ਦਵਾਪਰ ਕ੍ਰਮਵਾਰ ਦੂਜੇ-ਤੀਜੇ ਦਰਜੇ ਦੇ ਅਤੇ ਕਲਯੁਗ ਸਭ ਤੋਂ ਨਖਿੱਧ ਯੁਗ ਹੋ ਨਿਬੜਦਾ ਹੈ। ਇਸੇ ਲਈ ਪਹਿਲੇ ਤਿੰਨਾਂ ਯੁਗਾਂ ਵਿਚ ਸ਼ੂਦਰ ਦਾ ਗਿਆਨ ਅਤੇ ਭਗਤੀ ਦੇ ਖੇਤਰਾਂ ਵਿਚ ਪ੍ਰਵੇਸ਼ ਵਰਜਿਤ ਹੈ। ਜਦੋਂ ਹੀ ਉਸ ਦਾ ਗਿਆਨ ਅਤੇ ਭਗਤੀ ਦੇ ਖੇਤਰਾਂ ਵਿਚ ਪ੍ਰਵੇਸ਼ ਹੁੰਦਾ ਹੈ ਤਾਂ ਕਲਯੁਗ ਦਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਬਾਲਮੀਕੀ ਰਾਮਾਇਣ ਦੇ ਉਤਰ ਪਾਠ ( ) ਤੁਲਸੀ ਰਾਮਾਇਣ (ਰਾਮਚਰਿਤਮਾਨਸ) ਵਿਚ ਅਧਿਐਨ-ਅਧੀਨ ਮਿਥ ਦੇ ਇਸ ਪਾਸਾਰ ਦਾ ਵਿਆਖਿਆਤਮਕ ਵਿਸਥਾਰ ਦਿ੍ਰਸ਼ਟੀਗੋਚਰ ਹੁੰਦਾ ਹੈ। ‘ਰਾਮਚਰਿਤਮਾਨਸ‘ ਵਿਚ ਵੀ ਸ਼ੂਦਰ ਦੇ ਗਿਆਨਮੂਲਕ ਉੱਥਾਨ ਨੂੰ ਕਲਯੁਗ ਦਾ ਪਰਿਭਾਸ਼ਕ ਲੱਛਣ ਸਵੀਕਾਰ ਕਰਦੇ ਹੋਏ ਕਿਹਾ ਗਿਆ ਹੈ:
ਬਾਦਹਿਂ ਸੂਦ੍ਰ ਦਿ੍ਵ੍ਵਜਨਹ ਸਨ ਹਮ ਤੁਮ ਤੇ ਕਛੁ ਘਾਟਿ॥
ਜਾਨਈ ਬ੍ਰਹਮ ਸੋ ਬਿਪ੍ਰਬਰ ਆਂਖਿ ਦੇਖਾਵਹਿਂ ਡਾਟਿ॥7
ਭਾਵ ਕਲਯੁਗ ਵਿਚ ਸ਼ੂਦਰ ਬ੍ਰਾਹਮਣਾਂ ਨਾਲ ਵਿਵਾਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਕੀ ਤੁਹਾਡੇ ਨਾਲੋਂ ਕੁਛ ਘੱਟ ਹਾਂ? ਜੋ ਬ੍ਰਹਮ ਨੂੰ ਜਾਣਦਾ ਹੈ ਉਹੀ ਸ੍ਰੇਸ਼ਠ ਹੈ। ਅਜਿਹਾ ਕਹਿ ਕੇ ਇਹ ਉਹਨਾਂ ਨੂੰ ਅੱਖਾਂ ਦਿਖਾੳਂਦੇ ਹਨ। ਸ਼ੂੁਦਰਾਂ ਦੇ ਜਿਸ ਵਿਵਹਾਰ ਨੂੰ ਉਪਰੋਕਤ ਸਤਰਾਂ ਵਿਚ ਕਲਯੁਗ ਦਾ ਲੱਛਣ ਦਰਸਾਇਆ ਗਿਆ ਹੈ ਦਰਅਸਲ ਇਹ ਵਿਵਹਾਰ ਤੁਲਸੀ ਦਾਸ ਜੀ ਦੇ ਸਮਕਾਲੀ ਭਗਤ ਕਬੀਰ ਜੀ ਦੀ ਬਾਣੀ ਵਿਚ ਹੀ ਦਿ੍ਰਸ਼ਟੀਗੋਚਰ ਹੁੰਦਾ ਹੈ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣੁ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥
ਕਹੁ ਕਬੀਰ ਜੋ ਬ੍ਰਹਮ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤ ਹੈ ਹਮਾਰੈ॥8
ਸੋ ਰਾਮਚਰਿਤਮਾਨਸ ਦੀਆਂ ਕਲਯੁਗ ਵਿਚ ਸ਼ੂਦਰ ਦੇ ਵਿਵਹਾਰ ਸਬੰਧੀ ਪੰਕਤੀਆਂ ‘ਵਾਲਮੀਕੀ ਰਾਮਾਇਣ’ ਵਿਚ ਦਰਜ ਸ਼ੰਬੂਕ ਦੀ ਕਥਾ ਵਿਚ ਉਸਾਰੀ ਗਈ ਚਹੁੰ ਯੁਗਾਂ ਦੀ ਮਿਥ ਦੀ ਪੁਨਰ ਸਥਾਪਤੀ ਦਾ ਪ੍ਰਵਚਨ ਅਤੇ ਕਬੀਰ-ਬਾਣੀ ਦੀਆਂ ਉਪਰੋਕਤ ਪੰਕਤੀਆਂ ਦਾ ਹੀ ਪ੍ਰਤੀਉੱਤਰ ਹਨ।
4
ਇਹਨਾਂ ਮਿਥਹਾਸਕ ਬਿਰਤਾਂਤਾਂ ਵਿਚ ਸਮੇਂ ਦੀ ਤੋਰ ਵੀ ਵਰਣ-ਵਿਵਸਥਾ ਦੇ ਵਿਧਾਨ ਦੁਆਰਾ ਨਿਯੰਤ੍ਰਤ ਹੋ ਜਾਂਦੀ ਹੈ। ਇਸ ਲਈ ਯੁਗਾਂ ਵਿਚ ਆਉਂਦੇ ਨਿਘਾਰ ਦਾ ਕਾਰਨ ਵੀ ਵਰਣ-ਵਿਵਸਥਾ ਦੀ ਮੁੱਢਲੀ ਸੰਰਚਨਾ ਵਿਚ ਵਾਪਰਦਾ ਪਰਿਵਰਤਨ ਬਣਦਾ ਹੈ। ਯੁਗਾਂ ਦੀ ਗਿਣਤੀ ਵੀ ਵਰਣਾਂ ਦੇ ਅਨੁਰੂਪ ਚਾਰ ਹੀ ਨਿਸ਼ਚਤ ਹੁੰਦੀ ਹੈ। ਰੌਚਕ ਤੱਥ ਇਹ ਹੈ ਕਿ ਇਸ ਸਮੁੱਚੀ ਸੰਰਚਨਾ ਵਿਚ ਬ੍ਰਾਹਮਣ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ।ਇਸ ਸੰਰਚਨਾ ਵਿਚ ਇਕ ਕੇਂਦਰੀ ਵਰਣ (ਬ੍ਰਾਹਮਣ) ਦੀ ਪ੍ਰਭੁਤਾ ਸਥਾਪਤ ਕਰ ਹੋਰ ਵਰਣਾਂ ਨੂੰ ਹਾਸ਼ੀਆਗ੍ਰਸਤ ਕਰ ਦਿੱਤਾ ਗਿਆ ਹੈ। ਸਭ ਤੋਂ ਵਧੇਰੇ ਹਾਸ਼ੀਆਗ੍ਰਸਤ ਸਥਿਤੀ ਸ਼ੂਦਰ ਦੀ ਹੈ। ਇਥੇ ਹਰੇਕ ਵਸਤੂ, ਸੰਕਲਪ ਅਤੇ ਵਿਚਾਰ ਦੀ ਵਿਆਖਿਆ ਬ੍ਰਾਹਮਣ ਨੂੰ ਕੇਂਦਰ ਵਿਚ ਰੱਖ ਕੇ ਹੋ ਰਹੀ ਹੈ। ਧਰਮ, ਯੁਗ, ਸਮਾਜ ਅਤੇ ਕਰਮ ਆਦਿ ਸਾਰੇ ਵਰਤਾਰੇ ਬ੍ਰਾਹਮਣ ਦੀ ਕੇਂਦਰੀ ਸਥਿਤੀ ਦੇ ਪ੍ਰਸੰਗ ਵਿਚ ਹੀ ਅਰਥ ਗ੍ਰਹਿਣ ਕਰ ਰਹੇ ਹਨ। ਬ੍ਰਾਹਮਣ ਦੀ ਕੇਂਦਰੀਅਤਾ ਦੇ ਪ੍ਰਸੰਗ ਵਿਚ ਹੀ ਸ਼ੂਦਰ ਨੂੰ ਅਤਿ ਅਧਿਕ ਹਾਸ਼ੀਆਗ੍ਰਸਤ ਕਰ ਤਿੰਨਾਂ ਵਰਣਾਂ ਦੀ ਸੇਵਾ ਹੀ ਉਸ ਲਈ ਉਤਕਿ੍ਰਸ਼ਟ ਧਰਮ ਅਤੇ ਕਰਮ ਨਿਸ਼ਚਤ ਕਰ ਦਿੱਤਾ ਗਿਆ ਹੈ। ਇਕ ਵਿਸ਼ੇਸ਼ ਕੇਂਦਰ ਦੀ ਪ੍ਰਭੁਤਾ ਅਤੇ ਸੰਰਚਨਾਤਮਕ ਨਿਯੰਤ੍ਰਣ ਦੀ ਅਜਿਹੀ ਕਿਸੇ ਵੀ ਪ੍ਰਵਿਰਤੀ ਨੂੰ ਯੱਕ ਦੈਰੀਦਾ ਬਹੁਤ ਘਾਤਕ ਮੰਨਦਾ ਹੈ। ਦੈਰੀਦਾ ਅਨੁਸਾਰ ਕੇਂਦਰ ਦੀ ਇਹ ਸਮੱਸਿਆ ਹੈ ਕਿ ਇਹ ਖੁਦ ਪ੍ਰਮੁੱਖਤਾ ਹਾਸਲ ਕਰ ਹੋਰਨਾਂ ਨੂੰ ਮਨਫ਼ੀ ਕਰਦਾ ਹੈ। ਇਸ ਤਰ੍ਹਾਂ ਇਹ ਹਾਸ਼ਿਆਈ ਹੋਰਾਂ ( ) ਦੀ ਅਣਦੇਖੀ ਕਰ ਦਬਾਉਂਦਾ ਹੈ, ਜਿਵੇਂ ਮਰਦ-ਪ੍ਰਧਾਨ ਸਮਾਜ ਵਿਚ ਮਰਦ ਕੇਂਦਰ ’ਚ ਹੈ ਅਤੇ ਔਰਤ ਹਾਸ਼ਿਆਈ ਹੋ ਕੇ ਅਣਦੇਖੀ, ਦੱਬੀ ਹੋਈ ‘ਹੋਰ’ ਹੋ ਨਿੱਬੜਦੀ ਹੈ। ਅਰਥ-ਵਿਸ਼ਲੇਸ਼ਣ ਦੇ ਸੰਦਰਭ ਵਿਚ ਕੇਂਦਰੀਅਤਾ ਦੀ ਇਹ ਧਾਰਨਾ ਇਕ ਕੇਂਦਰੀ ਤੱਤ ਦੇ ਪ੍ਰਸੰਗ ਵਿਚ ਉਜਾਗਰ ਹੁੰਦੇ ਅਰਥਾਂ ਨੂੰ ਕੇਂਦਰੀ ਅਰਥਾਂ ਵਜੋਂ ਨਿਸ਼ਚਤ ਅਤੇ ਸਥਾਪਤ ਕਰ ਹੋਰਨਾਂ ਅਰਥਾਂ ਦੀ ਸਿਰਜਣਾਤਮਕ ਸੰਭਾਵਨਾ ਨੂੰ ਦਬਾਉਂਦੀ ਅਤੇ ਹਾਸ਼ੀਆਗ੍ਰਸਤ ਕਰਦੀ ਹੈ। ਇਸੇ ਲਈ ਦੈਰੀਦਾ ਸੰਰਚਨਾ ਅਤੇ ਕੇਂਦਰ ਦੀਆਂ ਧਾਰਨਾਵਾਂ ਦੀ ਬਜਾਇ ਅਰਥਾਂ ਦੀ ਮੁਕਤ ਖੇਡ ’ਤੇ ਬਲ ਦਿੰਦਾ ਹੈ।9 ਇਸ ਦਿ੍ਰਸ਼ਟੀ ਅਨੁਸਾਰ ਚਹੁੰ ਯੁਗਾਂ ਦੀ ਮਿਥ ਨੂੰ ਉਪਰੋਕਤ ਖੜੋਤਮਈ ਅਰਥ ਦਰਅਸਲ ਬ੍ਰਾਹਮਣ ਦੀ ਕੇਂਦਰੀਅਤਾ ਨੇ ਹੀ ਪ੍ਰਦਾਨ ਕੀਤੇ ਹਨ। ਬ੍ਰਾਹਮਣ ਦੀ ਕੇਂਦਰੀਅਤਾ ਨੂੰ ਤੋੜ ਕੇ ਜੇਕਰ ਸ਼ੂਦਰ ਨੂੰ ਕੇਂਦਰ ਵਿਚ ਰੱਖ ਕੇ ਇਸੇ ਸੰਰਚਨਾ ਦੇ ਅਨੁਰੂਪ ਚਾਰ ਯੁਗਾਂ ਦੀ ਮਿਥ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਨਿਸ਼ਚੇ ਹੀ ਇਸ ਦੀ ਵਿਆਖਿਆ ਪੂਰੀ ਤਰ੍ਹਾਂ ਵਿਪਰੀਤ ਰੁਖ ਅਖ਼ਤਿਆਰ ਕਰ ਲਵੇਗੀ। ਸ਼ੂਦਰ ਦੀ ਕੇਂਦਰੀਅਤਾ ਦੇ ਸੰਦਰਭ ਵਿਚ ਕਲਯੁਗ ਸਤਯੁਗ ਵਾਲੇ ਅਤੇ ਸਤਯੁਗ ਕਲਯੁਗ ਵਾਲੇ ਅਰਥਾਂ ਦਾ ਧਾਰਨੀ ਹੋ ਨਿਬੜੇਗਾ।
5
ਤ੍ਰੇਤਾ ਯੁਗ ਵਿਚ ਸ਼ੰਬੂਕ ਸ਼ੂਦਰ ਹੋਣ ਦੇ ਬਾਵਜੂਦ ਆਪਣਾ ਪੂਰਵ-ਨਿਰਧਾਰਤ ਕਰਮ (ਬਾਕੀ ਤਿੰਨਾਂ ਵਰਣਾਂ ਦੀ ਸੇਵਾ) ਤਿਆਗ ਕੇ ਨਾ ਕੇਵਲ ਤਪੱਸਿਆ ਕਰਦਾ ਹੈ ਬਲਕਿ ਸਦੇਹ ਸਵਰਗ ਜਾਣ ਦੀ ਇੱਛਾ ਵੀ ਰੱਖਦਾ ਹੈ। ਤਪੱਸਿਆ ਧਰਮ ਦੀ ਕਰਮ-ਸ੍ਰੇਸ਼ਠਤਾ ਅਤੇ ਸਵਰਗ ਪਦਾਰਥ ਦੀ ਸਰਵ-ਸ੍ਰੇਸ਼ਠ ਅਵੱਸਥਾ ਦੇ ਚਿਹਨ ਹਨ। ਸ੍ਰੇਸ਼ਠਤਾ ਦੇ ਇਹ ਰੂਪ ਬ੍ਰਾਹਮਣ, ਕਸ਼ੱਤਰੀ ਅਤੇ ਦੇਵਤਿਆਂ ਲਈ ਰਾਖਵੇਂ ਹਨ। ਸ੍ਰੇਸ਼ਠਤਾ ਦੇ ਇਹਨਾਂ ਰੂਪਾਂ ਵਿਚ ਹੀ ਵਰਣਾਂ ਦਾ ਨਾਇਕਤਵ ਸਥਿਤ ਹੈ। ਸ੍ਰੇਸ਼ਠਤਾ ਦੇ ਇਹਨਾਂ ਰੂਪਾਂ ਤੋਂ ਕਿਸੇ ਵਰਣ ਨੂੰ ਦੂਰ ਰੱਖਣਾ ਇਕ ਤਰ੍ਹਾਂ ਨਾਲ ਉਸ ਨੂੰ ਹਰ ਤਰ੍ਹਾਂ ਦੇ ਨਾਇਕਤਵ (ਧਾਰਮਿਕ, ਪਦਾਰਥਕ) ਤੋਂ ਦੂਰ ਰੱਖਣ ਦਾ ਵੀ ਚਿਹਨਕ ਹੈ। ਧਰਮ ਦੇ ਸ੍ਰੇਸ਼ਠ ਕਰਮ ਤਪੱਸਿਆ ਵਿਚ ਸ਼ੂਦਰ ਸ਼ੰਬੂਕ ਦੇ ਪ੍ਰਵੇਸ਼ ਸਾਰ ਹੀ ਬ੍ਰਾਹਮਣ ਦੇ ਪੁੱਤਰ ਦੀ ਮੌਤ ਹੋ ਜਾਂਦੀ ਹੈ। ਇਹ ਨੁਕਤਾ ਬੜਾ ਅਹਿਮ ਹੈ ਕਿ ਮੌਤ ਬ੍ਰਾਹਮਣ ਦੀ ਨਾ ਹੋ ਕੇ ਉਸ ਦੇ ਪੁੱਤਰ ਦੀ ਹੁੰਦੀ ਹੈ। ਪੁੱਤਰ ਬ੍ਰਾਹਮਣ ਦੀ ਸ੍ਰੇਸ਼ਠਤਾ ਅਤੇ ਸਥਾਪਤ ਹੈਜਮੋਨੀ ਦੀ ਭਵਿੱਖਮੁਖੀ ਨਿਰੰਤਰਤਾ ਦਾ ਚਿਹਨ ਹੈ। ਮਿਥ ਦਾ ਇਹ ਪਾਸਾਰ ਦਰਸਾਉਂਦਾ ਹੈ ਕਿ ਜੇਕਰ ਵਰਣ-ਵਿਵਸਥਾ ਆਧਾਰਿਤ ਸਮਾਜਕ ਸੰਰਚਨਾ ਦੇ ਨਿਯਮ ਤੋੜ ਕੇ ਸ਼ੂਦਰ ਵਰਣ ਦਾ ਗਿਆਨ ਅਤੇ ਭਗਤੀ ਦੇ ਖੇਤਰਾਂ ਵਿਚ ਪ੍ਰਵੇਸ਼ ਹੋਵੇਗਾ ਤਾਂ ਬ੍ਰਾਹਮਣ ਦੀ ਮੌਤ ਨਿਸ਼ਚਤ ਹੈ। ਭਾਵ ਜਿਸ ਸ੍ਰੇਸ਼ਠਤਾ ਦੀ ਸਥਾਪਤ ਹੈਜਮੋਨੀ ਨੂੰ ਉਹ ਮਾਣ ਰਿਹਾ ਹੈ ਭਵਿੱਖ ਵਿਚ ਉਸ ਦੀ ਨਿਰੰਤਰਤਾ ਅਸੰਭਵ ਹੈ। ਇਸੇ ਤਰ੍ਹਾਂ ਜਿਓਂ ਹੀ ਰਾਮ ਚੰਦਰ ਜੀ ਸ਼ੰਬੂਕ ਦੀ ਹੱਤਿਆ ਕਰ ਦਿੰਦੇ ਹਨ ਤਾਂ ਬ੍ਰਾਹਮਣ-ਪੁੱਤਰ ਤੁਰੰਤ ਜਿਉਂਦਾ ਹੋ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਬ੍ਰਾਹਮਣ ਦਾ ਅਸਤਿੱਤਵ ਤਾਂ ਹੀ ਬਚਦਾ ਹੈ ਜੇਕਰ ਵਰਣ-ਵਿਵਸਥਾ ਦੇ ਨਿਯਮ ਤੋੜਨ ਵਾਲੇ ਸ਼ੂਦਰ ਦੀ ਹੱਤਿਆ ਕਰ ਦਿੱਤੀ ਜਾਵੇ। ਸ਼ੰਬੂਕ ਦਾ ਆਪਣੇ ਪੂਰਵ-ਨਿਰਧਾਰਤ ਕਰਮ ਦੀਆਂ ਸੀਮਾਵਾਂ ਨੂੰ ਤੋੜ ਕੇ ਬ੍ਰਾਹਮਣ ਦੇ ਕਰਮ-ਖੇਤਰ ਵਿਚ ਪ੍ਰਵੇਸ਼ ਕਰਨਾ ਉਸ ਦੀ ਚੇਤੰਨਤਾ ਅਤੇ ਗਿਆਨਮੂਲਕ ਦਿ੍ਰਸ਼ਟੀ ਦੇ ਚਿਹਨ ਹਨ। ਇਹ ਚਿਹਨ ਬ੍ਰਾਹਮਣ ਦੇ ਅਸਤਿੱਤਵ ਲਈ ਘਾਤਕ ਹੋ ਨਿਬੜਦੇ ਹਨ। ਸੋ ਬ੍ਰਾਹਮਣ ਦੁਆਰਾ ਨਿਯੰਤਿ੍ਰਤ ਰਾਜਨੀਤਕ ਸ਼ਕਤੀ ਦੇ ਪ੍ਰਯੋਗ ਨਾਲ ਸ਼ੰਬੂਕ ਦੀ ਹੱਤਿਆ ਕਰ ਵਰਣ-ਵਿਵਸਥਾ ਵਿਚ ਕਿਸੇ ਵੀ ਸੰਰਚਨਾਤਮਕ ਤਬਦੀਲੀ ਦੀ ਸੰਭਾਵਨਾ ਨੂੰ ਸਖ਼ਤੀ ਨਾਲ ਕੁਚਲ ਦਿੱਤਾ ਜਾਂਦਾ ਹੈ।
6
ਇਸੇ ਸੰਦਰਭ ਵਿਚ ਰਾਮਰਾਜ ਦੀ ਮਿਥ-ਸਿਰਜਣਾ ਹੁੰਦੀ ਹੈ। ਰਾਮਰਾਜ ਦੀ ਮਿਥ ਆਦਰਸ਼ਕ ਰਾਜ ਅਤੇ ਰਾਜਨੀਤਕ ਵਿਵਸਥਾ ਦੀ ਮਿਥ ਹੈ। ਇਸ ਦੀ ਆਦਰਸ਼ਕਤਾ ਆਪਣੀ ਅਰਥ-ਮਾਨਤਾ ( ) ਵਰਣ-ਵਿਵਸਥਾ ਦੀ ਸਥਾਪਤੀ ਦੇ ਪ੍ਰਸੰਗ ਵਿਚੋਂ ਹੀ ਪ੍ਰਾਪਤ ਕਰਦੀ ਹੈ। ਰਾਮਰਾਜ ਤਾਂ ਹੀ ਆਦਰਸ਼ਕ ਰਾਜ ਹੈ ਕਿਉਂਕਿ ਇਹ ਵਰਣ-ਵਿਵਸਥਾ ਦੇ ਧਰਮ ਨੂੰ ਪੂਰੀ ਤਰ੍ਹਾਂ ਨਿਭਾਉਣ ਅਤੇ ਸਥਾਪਤ ਰੱਖਣ ਲਈ ਰਾਜਨੀਤਕ ਸੱਤਾ ਅਤੇ ਬਲ ਦਾ ਪ੍ਰਯੋਗ ਕਰਦਾ ਹੈ। ਇਹ ਸ਼ੂਦਰ ਦੇ ਤਪੱਸਿਆ ਵਿਚ ਪ੍ਰਵੇਸ਼ ਨੂੰ ਬਿਨਾ ਕਿਸੇ ਵਿਵੇਕਸ਼ੀਲ ਤਰਕ ਦੇ ਆਪਣਾ ਦੋਸ਼ ਸਵੀਕਾਰ ਕਰਦਾ ਹੈ। ਰਾਮ ਚੰਦਰ ਜੀ ਸ਼ੰਬੂਕ ਦੁਆਰਾ ਤਪੱਸਿਆ ਕਰਨ ਦੇ ਜੁਰਮ ਕਾਰਨ ਉਸ ਦਾ ਗਲਾ ਕੱਟ ਦਿੰਦੇ ਹਨ। ਅਜਿਹਾ ਕਰਨ ’ਤੇ ਦੇਵਤਿਆਂ ਦੁਆਰਾ ਆਕਾਸ਼ ਤੋਂ ਰਾਮ ਚੰਦਰ ਜੀ ’ਤੇ ਫੁੱਲਾਂ ਦੀ ਵਰਖਾ ਕਰਨਾ ਅਤੇ ਉਹਨਾਂ ਦੇ ਇਸ ਕਾਰਜ ਦੀ ਭਰਪੂਰ ਪ੍ਰਸ਼ੰਸਾ ਕਰਨਾ ਅਜਿਹੇ ਵੇਰਵੇ ਹਨ ਜੋ ਰਾਮਰਾਜ ਦੀ ਆਦਰਸ਼ਕਤਾ ਦੀ ਪੁਸ਼ਟੀ ਕਰ ਦਿੰਦੇ ਹਨ। ਬਿਰਤਾਂਤ ਦਾ ਇਹ ਪਾਸਾਰ ਦਰਸਾਉਂਦਾ ਹੈ ਕਿ ਕਿਵੇਂ ਇਸ ਮਿਥ ਵਿਚ ਰਾਜ ਅਤੇ ਰਾਜਨੀਤਕ ਵਿਵਸਥਾ ਦੀਆਂ ਸੰਕਲਪਨਾਵਾਂ ਵੀ ਸਮੇਂ ਦੀ ਸੰਕਲਪਨਾ ਵਾਂਗ ਹੀ ਵਰਣ-ਵਿਵਸਥਾ ਦੁਆਰਾ ਨਿਯੰਤਿ੍ਰਤ ਅਤੇ ਸੰਚਾਲਿਤ ਹਨ।
7
ਇਸ ਮਿਥ ਵਿਚ ਧਰਮ, ਗਿਆਨ ਅਤੇ ਵਿਆਖਿਆ ਦੇ ਸ਼ਾਸਤਰ ਵੀ ਬ੍ਰਾਹਮਣ ਦੇ ਨਿਯੰਤ੍ਰਣ ਅਧੀਨ ਹਨ। ਰਾਮ ਚੰਦਰ ਜੀ ਨੂੰ ਰਾਜਾ ਹੋਣ ਦੇ ਬਾਵਜੂਦ ਆਪਣੇ ਤਰਕ ਅਤੇ ਵਿਆਖਿਆ-ਸ਼ਾਸਤਰ ਸਿਰਜਣ ਦੀ ਖੁਲ੍ਹ ਨਹੀਂ ਹੈ। ਉਹ ਇਸ ਮਿਥ ਵਿਚ ਉਪਜੀ ਸਮੱਸਿਆ ਦੀ ਵਿਆਖਿਆ ਲਈ ਬ੍ਰਾਹਮਣਾਂ ’ਤੇ ਹੀ ਨਿਰਭਰ ਕਰਦੇ ਹਨ। ਵਰਣ-ਵਿਧਾਨ ’ਤੇ ਉੱਸਰੇ ਜੀਵਨ ਅਤੇ ਜਗਤ ਦੀ ਵਿਆਖਿਆ ਦੇ ਸ਼ਾਸਤਰ ਬ੍ਰਾਹਮਣ ਦੇ ਏਕਾਧਿਕਾਰ ਅਧੀਨ ਹਨ। ਕਸ਼ੱਤਰੀ ਦਾ ਕਾਰਜ ਉਸੇ ਵਿਆਖਿਆ ਦੁਆਰਾ ਨਿਰਦੇਸ਼ਤ ਹੁੰਦਾ ਹੈ ਜੋ ਬ੍ਰਾਹਮਣ ਕਰਦਾ ਹੈ। ਪ੍ਰਸਤੁਤ ਮਿਥ ਵਿਚ ਰਾਮ ਚੰਦਰ ਜੀ ਨਾ ਤਾਂ ਬ੍ਰਾਹਮਣ-ਪੁੱਤਰ ਦੀ ਮੌਤ ਦੇ ਕਾਰਨ ਦੀ ਭਾਲ ਆਪ ਕਰਦੇ ਹਨ ਅਤੇ ਨਾ ਹੀ ਇਸ ਸਮੱਸਿਆ ਦੇ ਨਿਵਾਰਣ ਦੇ ਰਾਹ ਦੀ ਤਲਾਸ਼ ਆਪਣੇ ਤਰਕ ਅਤੇ ਵਿਵੇਕ ਨਾਲ ਕਰਦੇ ਹਨ। ਬਲਕਿ ਇਹ ਕਾਰਜ ਨਾਰਦ ਜੀ ਦੁਆਰਾ ਕੀਤੀ ਵਿਆਖਿਆ ਨਾਲ ਸੰਪੰਨ ਹੁੰਦਾ ਹੈ। ਮਿਥ ਵਿਚ ਸ਼ੰਬੂਕ ਦਾ ਵਾਰਤਾਲਾਪ ਵੀ ਉਸ ਦੁਆਰਾ ਰਾਮਚੰਦਰ ਜੀ ਨੂੰ ਆਪਣਾ ਪਰਿਚਯ ਦੇਣ ਤਕ ਹੀ ਸੀਮਤ ਹੈ। ਉਸ ਨੂੰ ਆਪਣੇ ਕਾਰਜ ਦੀ ਉਚਿਤਤਾ ਦਾ ਤਰਕ ਸਿਰਜਣ ਦਾ ਅਵਸਰ ਨਹੀਂ ਦਿੱਤਾ ਜਾਂਦਾ। ਸੋ ਉਸ ਦੀ ਦਿ੍ਰਸ਼ਟੀ ਨੂੰ ਨਾ ਤਾਂ ਵਿਧਾਨ ਦੀ ਸਿਰਜਣਾ ਅਤੇ ਨਾ ਹੀ ਉਸ ਦੀ ਵਿਆਖਿਆ ਵਿਚ ਕੋਈ ਮਹੱਤਵ ਪ੍ਰਾਪਤ ਹੁੰਦਾ ਹੈ। ਉਸ ਦੇ ਅਸਤਿੱਤਵ, ਸਥਿਤੀ, ਕਰਮ, ਨੈਤਿਕਤਾ, ਅਪਰਾਧ ਅਤੇ ਦੰਡ ਦਾ ਵਿਧਾਨ ਅਤੇ ਵਿਆਖਿਆ ਬ੍ਰਾਹਮਣ ਦੁਆਰਾ ਹੀ ਸਿਰਜੇ ਜਾਂਦੇ ਹਨ। ਇਸ ਵਿਆਖਿਆ ਨੂੰ ਉਸ ਉਤੇ ਬਲ-ਪੂਰਵਕ ਆਰੋਪਤ ਕਰਨ ਦਾ ਕਾਰਜ ਕਸ਼ੱਤਰੀ ਕਰਦਾ ਹੈ। ਮਿਥ ਦਾ ਇਹ ਪਾਸਾਰ ਦਰਸਾਉਂਦਾ ਹੈ ਕਿ ਜਿਹੜੀ ਧਿਰ ਦਾ ਧਰਮ ਅਤੇ ਗਿਆਨ ਦੀਆਂ ਸੰਰਚਨਾਵਾਂ ’ਤੇ ਅਧਿਕਾਰ ਅਤੇ ਨਿਯੰਤ੍ਰਣ ਹੈ, ਰਾਜਨੀਤੀ ਅਤੇ ਸੱਤਾ ਵੀ ਉਸੇ ਦੇ ਹੀ ਅਧੀਨ ਹੋ ਕੇ ਚੱਲਦੀ ਹੈ। ਇਸੇ ਕਾਰਨ ਬ੍ਰਾਹਮਣ ਅਤੇ ਕਸ਼ੱਤਰੀ ਲਈ ਰਾਖਵੇਂ ਧਰਮ, ਕਰਮ ਅਤੇ  ਗਿਆਨ ਦੇ ਖੇਤਰ ਵਿਚ ਸ਼ੂਦਰ ਦਾ ਪ੍ਰਵੇਸ਼ ਉੇਸ ਦਾ ਮਹਾਂ-ਅਪਰਾਧ ਹੋ ਨਿਬੜਦਾ ਹੈ।

8
ਸੋ ਬਾਲਮੀਕੀ ਰਾਮਾਇਣ ਵਿਚ ਦਰਜ ‘ਸ਼ੰਬੂਕ ਦੀ ਮਿਥ’ ਦਾ ਉਪਰੋਕਤ ਸਮੁੱਚਾ ਵਰਣਨ-ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮਿਥ ਇਕ ਅਜਿਹਾ ਚਿਹਨ-ਪ੍ਰਬੰਧ ਹੁੰਦੀ ਹੈ ਜਿਸ ਦੀ ਹੋਂਦਮੂਲਕ ਰਮਜ਼ ਆਪਣੇ ਅਦਿ੍ਰਸ਼ਟ ਰੂਪ ਵਿਚ ਸਮੇਂ ਦੇ ਇਕਾਲਕ ਪ੍ਰਸੰਗਾਂ ਤੋਂ ਲੈ ਕੇ ਬਹੁਕਾਲ  ਦੇ ਇਤਹਾਸਕ ਪ੍ਰਸੰਗਾਂ ਤਕ ਫੇੈਲੀ ਹੁੰਦੀ ਹੈ। ਇਸ ਵਿਚ ਸਭਿਅਤਾਵਾਂ ਦੇ ਉਪਜਣ, ਵਿਗਸਣ ਅਤੇ ਬਿਨਸਣ ਦੇ ਸੰਕੇਤ ਨਿਹਿਤ ਹੁੰਦੇ ਹਨ। ਮਨੁੱਖੀ ਨਸਲਾਂ ਦੇ ਆਪਸੀ ਟਕਰਾਅ, ਜਿੱਤਾਂ ਦੇ ਜਸ਼ਨ, ਹਾਰਾਂ ਦੇ ਸੰਤਾਪ ਅਤੇ ਅਨਿਆਂ ਦੀਆਂ ਤ੍ਰਾਸਦੀਆਂ ਦੇ ਆਰਕੀਟਾਈਪ ਮਿਥਹਾਸ ਦੇ ਗਰਭ ਵਿਚ ਸੁਰੱਖਿਅਤ ਰਹਿੰਦੇ ਹਨ। ਮਿਥਹਾਸ ਦੀਆਂ ਚਿਹਨ-ਰੇਖਾਵਾਂ ਕੇਵਲ ਭਾਸ਼ਾ ਦੇ ਸਰੂਪ ਨੂੰ ਹੀ ਅੰਕਿਤ ਨਹੀਂ ਕਰਦੀਆਂ ਬਲਕਿ ਇਹ ਸਭਿਅਤਾਵਾਂ ਦੇ ਉੱਕਰਦੇ, ਮਿਟਦੇ ਅਤੇ ਨਵ-ਉੱਕਰਦੇ ਨਕਸ਼ਾਂ ਦੀ ਚਿੱਤਰ-ਲੜੀ ਹੁੰਦੀਆਂ ਹਨ। ਕੁਝ ਨਸਲਾਂ ਦੀ ਹਾਰ, ਗ਼ੁਲਾਮੀ, ਸੰਤਾਪ ਅਤੇ ਕੁਝ ਨਸਲਾਂ ਦੀ ਜਿੱਤ, ਚੜ੍ਹਤ ਅਤੇ ਅਨਿਆਂ ਦੇ ਰੂਪ ਪ੍ਰਤੀਕ ਬਣ ਮਿਥਹਾਸ ਸੰਗ ਯਾਤਰਾ ਕਰਦੇ ਹਨ। ਇਸ ਲਈ ਮਿਥਹਾਸ ਦੀ ਗਹਿਰੀ ਜੁਗਤ ਦਾ ਮਾਈਕਰੋ ਵਿਸ਼ਲੇਸ਼ਣ ਕੀਤੇ ਬਿਨਾਂ ਮਾਨਵੀ ਸਮਾਜਾਂ, ਸਭਿਅਤਾਵਾਂ ਅਤੇ ਸਭਿਆਚਾਰਾਂ ਦੀ ਸੰਰਚਨਾਤਮਕ ਪਿੱਠ-ਭੂਮੀ ਵਿਚ ਕਾਰਜਸ਼ੀਲ ਸਮੂਹਕ ਅਵਚੇਤਨ ਦੇ ਪੈਟਰਨਾਂ ਦੀ ਬਣਤਰ ਅਤੇ ਵਿਕਾਸ ਦੇ ਨਿਯਮਾਂ ਦੀ ਵਿਆਕਰਨ ਨੂੰ ਸਮਝਣਾ ਨਾਮੁਮਕਿਨ ਹੈ।     
ਹਵਾਲੇ ਅਤੇ ਟਿੱਪਣੀਆਂ :

1. ਰੋਲਨ ਬਾਰਥੇਸ, ਮਿਥਿਹਾਸ, (ਟ੍ਰਾਂਸ.) ਐਨੇਟ ਲੈਵਰਸ, ਦ ਨੂਨਡੇ ਪ੍ਰੈਸ, ਨਿਊਯਾਰਕ, 1995, ਪੀ. 115

2. “…ਮੇਰੀ ਭਾਵਨਾ ਇਹ ਹੈ ਕਿ ਆਧੁਨਿਕ ਵਿਗਿਆਨ ਇਹਨਾਂ ਗੁਆਚੀਆਂ ਚੀਜ਼ਾਂ ਤੋਂ ਬਿਲਕੁਲ ਵੀ ਦੂਰ ਨਹੀਂ ਜਾ ਰਿਹਾ ਹੈ, ਪਰ ਇਹ ਕਿ ਇਹ ਵਿਗਿਆਨਕ ਵਿਆਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਉਹਨਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸਲ ਪਾੜਾ, ਵਿਗਿਆਨ ਅਤੇ ਜਿਸ ਨੂੰ ਅਸੀਂ ਇੱਕ ਸੁਵਿਧਾਜਨਕ ਨਾਮ ਲੱਭਣ ਲਈ ਮਿਥਿਹਾਸਕ ਵਿਚਾਰ ਵੀ ਕਹਿ ਸਕਦੇ ਹਾਂ ਵਿਚਕਾਰ ਅਸਲ ਵਿਛੋੜਾ, ਹਾਲਾਂਕਿ ਇਹ ਬਿਲਕੁਲ ਅਜਿਹਾ ਨਹੀਂ ਹੈ – ਅਸਲ ਵਿਛੋੜਾ ਸਤਾਰ੍ਹਵੀਂ ਅਤੇ ਅਠਾਰਵੀਂ ਸਦੀ ਵਿੱਚ ਹੋਇਆ ਸੀ… ਹੁਣ, ਮੇਰਾ ਪ੍ਰਭਾਵ (ਅਤੇ ਬੇਸ਼ੱਕ, ਮੈਂ ਇੱਕ ਵਿਗਿਆਨੀ ਵਜੋਂ ਗੱਲ ਨਹੀਂ ਕਰਦਾ-ਮੈਂ ਇੱਕ ਭੌਤਿਕ ਵਿਗਿਆਨੀ ਨਹੀਂ ਹਾਂ, ਮੈਂ ਇੱਕ ਜੀਵ-ਵਿਗਿਆਨੀ ਨਹੀਂ ਹਾਂ, ਮੈਂ ਇੱਕ ਰਸਾਇਣ ਵਿਗਿਆਨੀ ਨਹੀਂ ਹਾਂ) ਇਹ ਹੈ ਕਿ ਸਮਕਾਲੀ ਵਿਗਿਆਨ ਇਸ ਪਾੜੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਇਹ ਕਿ ਵੱਧ ਤੋਂ ਵੱਧ ਸੰਵੇਦਨਸ਼ੀਲ ਡੇਟਾ ਨੂੰ ਵਿਗਿਆਨਕ ਵਿਆਖਿਆ ਵਿੱਚ ਇੱਕ ਅਜਿਹੀ ਚੀਜ਼ ਦੇ ਰੂਪ ਵਿੱਚ ਦੁਬਾਰਾ ਜੋੜਿਆ ਜਾ ਰਿਹਾ ਹੈ ਜਿਸਦਾ ਇੱਕ ਅਰਥ ਹੈ, ਜਿਸਦਾ ਇੱਕ ਸੱਚ ਹੈ, ਅਤੇ ਜਿਸਦੀ ਵਿਆਖਿਆ ਕੀਤੀ ਜਾ ਸਕਦੀ ਹੈ।”

ਕਲਾਉਡ ਲੇਵੀ-ਸਟ੍ਰਾਸ, ਮਿੱਥ ਅਤੇ ਅਰਥ, ਰੂਟਲੇਜ ਕਲਾਸਿਕਸ, ਲੰਡਨ, 2001, ਪੀ. 1

3. “ਮੈਂ ਇਹ ਵਿਸ਼ਵਾਸ ਕਰਨ ਤੋਂ ਦੂਰ ਨਹੀਂ ਹਾਂ ਕਿ, ਸਾਡੇ ਆਪਣੇ ਸਮਾਜਾਂ ਵਿੱਚ, ਇਤਿਹਾਸ ਨੇ ਮਿਥਿਹਾਸ ਦੀ ਥਾਂ ਲੈ ਲਈ ਹੈ ਅਤੇ ਉਸੇ ਕਾਰਜ ਨੂੰ ਪੂਰਾ ਕਰਦਾ ਹੈ, ਕਿ ਬਿਨਾਂ ਲਿਖਤ ਅਤੇ ਪੁਰਾਲੇਖਾਂ ਦੇ ਸਮਾਜਾਂ ਲਈ ਮਿਥਿਹਾਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜਿੰਨਾ ਸੰਭਵ ਹੋ ਸਕੇ – ਪੂਰੀ ਨੇੜਤਾ। ਸਪੱਸ਼ਟ ਤੌਰ ‘ਤੇ ਅਸੰਭਵ ਹੈ-ਭਵਿੱਖ ਵਰਤਮਾਨ ਅਤੇ ਅਤੀਤ ਪ੍ਰਤੀ ਵਫ਼ਾਦਾਰ ਰਹੇਗਾ… ਪਰ ਫਿਰ ਵੀ ਮਿਥਿਹਾਸ ਅਤੇ ਇਤਿਹਾਸ ਵਿਚਕਾਰ ਕੁਝ ਹੱਦ ਤੱਕ ਸਾਡੇ ਦਿਮਾਗ ਵਿੱਚ ਮੌਜੂਦ ਪਾੜੇ ਨੂੰ ਸ਼ਾਇਦ ਇਤਿਹਾਸਾਂ ਦਾ ਅਧਿਐਨ ਕਰਨ ਦੁਆਰਾ ਤੋੜਿਆ ਜਾ ਸਕਦਾ ਹੈ ਜਿਨ੍ਹਾਂ ਦੀ ਕਲਪਨਾ ਕੀਤੀ ਗਈ ਹੈ ਕਿ ਬਿਲਕੁਲ ਵੀ ਵੱਖ ਨਹੀਂ ਕੀਤਾ ਗਿਆ ਹੈ। ਤੋਂ ਪਰ ਮਿਥਿਹਾਸ ਦੀ ਨਿਰੰਤਰਤਾ ਵਜੋਂ। “

ਇਬਿਦ, ਪੀ. 18

4. “ਮਿਥਿਹਾਸ”, wikipedia.org

5. ਸ਼੍ਰੀਮਦਵਾਲਮੀਕੀਯ ਰਾਮਾਯਣ (ਦਿ੍ਵਤੀਯ ਖੰਡ), ਗੀਤਾ ਪ੍ਰੈਸ, ਗੋਰਖਪੁਰ, ਸੰਮਤ 2064

6. “ਪੁਰਸ਼ ਸੂਕਤਮ— ਸੰਸਕ੍ਰਿਤ ਵਿਚ ਅਰਥ ਦੇ ਨਾਲ—ਰਿਗਵੇਦ 10.90 ਤੋਂ”, greenmesg.org

7. ਤੁਲਸੀ ਦਾਸ, ਸ਼੍ਰੀਰਾਮਚਰਿਤਮਾਨਸ (ਸਟੀਕ), (ਟੀਕਾਕਾਰ) ਹਨੁਮਾਨ ਪ੍ਰਸਾਦ ਪੋਧਾਰ, ਗੀਤਾ ਪ੍ਰੈਸ, ਗੋਰਖਪੁਰ, ਸੰਮਤ 2064 ਪੰਨਾ-992
8 ਭਗਤ-ਬਾਣੀ ਸਟੀਕ ਹਿੱਸਾ ਚੌਥਾ, (ਟੀਕਾਕਾਰ) ਸਾਹਿਬ ਸਿੰਘ, ਸਿੰਘ ਬ੍ਰਦਰਜ਼, ਅੰਮਿ੍ਰਤਸਰ, 1999, ਪੰਨਾ. 88

9. “ਕੋਈ ਵਿਅਕਤੀ ਅਸਲ ਵਿੱਚ ਇੱਕ ਅਸੰਗਠਿਤ ਢਾਂਚੇ ਦੀ ਕਲਪਨਾ ਨਹੀਂ ਕਰ ਸਕਦਾ – ਪਰ ਸਭ ਤੋਂ ਵੱਧ ਇਹ ਯਕੀਨੀ ਬਣਾਉਣ ਲਈ ਕਿ ਢਾਂਚੇ ਦਾ ਸੰਗਠਿਤ ਸਿਧਾਂਤ ਸੀਮਤ ਕਰੇਗਾ ਜਿਸਨੂੰ ਅਸੀਂ ਢਾਂਚੇ ਦੀ ਮੁਫਤ ਖੇਡ ਕਹਿ ਸਕਦੇ ਹਾਂ।”

ਜੈਕ ਡੇਰਿਡਾ, ਰਾਈਟਿੰਗ ਐਂਡ ਡਿਫਰੈਂਸ, (ਟ੍ਰਾਂਸ.) ਐਲਨ ਬਾਸ, ਰੂਟਲੇਜ, ਲੰਡਨ, 1978, ਪੀ.278

10. “ਮੇਰੀ ਕਲਪਨਾ ਦਾ ਰਾਮ ਕਦੇ ਇਸ ਧਰਤੀ ‘ਤੇ ਰਹਿੰਦਾ ਸੀ ਜਾਂ ਨਹੀਂ, ਰਾਮਰਾਜ ਦਾ ਪ੍ਰਾਚੀਨ ਆਦਰਸ਼ ਨਿਸ਼ਚਿਤ ਤੌਰ ‘ਤੇ ਸੱਚੇ ਲੋਕਤੰਤਰ ਵਿੱਚੋਂ ਇੱਕ ਹੈ ਜਿਸ ਵਿੱਚ ਇੱਕ ਸਧਾਰਨ ਨਾਗਰਿਕ ਇੱਕ ਵਿਸਤ੍ਰਿਤ ਅਤੇ ਮਹਿੰਗੀ ਪ੍ਰਕਿਰਿਆ ਦੇ ਬਿਨਾਂ ਤੇਜ਼ ਨਿਆਂ ਦਾ ਯਕੀਨੀ ਹੋ ਸਕਦਾ ਹੈ। ਕਵੀ ਦੁਆਰਾ ਕੁੱਤੇ ਨੂੰ ਵੀ ਰਾਮਰਾਜ ਦੇ ਅਧੀਨ ਨਿਆਂ ਪ੍ਰਾਪਤ ਹੋਣ ਦਾ ਵਰਣਨ ਕੀਤਾ ਗਿਆ ਹੈ। www.mkgandhi.org

ਫੋਨ: 94630-49230

WITH THANKS WWW. BEGUMPURAMISSION.COM