ਸਤਿਗੁਰੂ ਕਬੀਰ ਜੀ ਦਾ ਜੀਵਨ, ਵਿਚਾਰਧਾਰਾ ਅਤੇ ਉਹਨਾਂ ਦੇ ਗੁਰੂ
(ਸਤਿਗੁਰੂ) ਕਬੀਰ ਸ਼ਬਦ ਆਪਣੇ ਆਪ ਵਿਚ ਬਹੁਤ ਉੱਚੇ ਅਤੇ ਪਾਕ ਪਵਿੱਤਰ ਅਰਥ ਸਮੋਈ ਬੈਠਾ ਹੈ। ਇਸ ਪਾਵਨ ਸ਼ਬਦ ਦੇ ਅਰਥ ਹਨ ਈਸ਼ਵਰ, ਮਹਾਨ, ਵੱਡਾ ਆਦਿ।ਜਿਹੋ ਜਿਹੇ ਇਸ ਸ਼ਬਦ ਦੇ ਅਰਥ ਹਨ ਉਹੋ ਜਿਹੇ ਕਾਰਜ਼ ਸਤਿਗੁਰੂ ਕਬੀਰ ਜੀ ਨੇ ਇਸ ਸੰਸਾਰ ਤੇ ਆ ਕੇ ਕਰ ਵਿਖਾਏ। ਇਸ ਮਹਾਨ ਰਹਿਬਰ ਨੇ ਇਸ ਸੰਸਾਰ ਵਿਚ ਚੱਲ ਰਹੇ ਰੂੜੀਵਾਦੀ, ਪਾਖੰਡਵਾਦੀ, ਅੰਧਵਿਸ਼ਵਾਸ਼ੀ, ਫਲਸਫੇ ਨੂੰ ਰੱਦ ਕਰਕੇ ਸਾਂਝੀਵਾਲਤਾ, ਸੁਤੰਤਰਤਾ, ਅਤੇ ਵਿਗਿਆਨਿਕ ਪਹੁੰਚ ਵਾਲੀ ਕ੍ਰਾਂਤੀਕਾਰੀ ਵਿਚਾਰਧਾਰਾ ਪ੍ਰਦਾਨ ਕੀਤੀ। ਸਤਿਗੁਰੂ ਕਬੀਰ ਮਹਾਰਾਜ ਜੀ ਦਾ ਆਗਮਨ ਜੇਠ ਸੁਦੀ 15, ਬਿਕ੍ਰਮੀ ਸੰਮਤ 1455 ਅਰਥਾਤ 1398 ਈ: ਨੂੰ ਬਨਾਰਸ ਦੀ ਪਾਵਨ ਧਰਤੀ ਤੇ ਹੋਇਆ। ਆਪ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਨੀਰੂ ਜੀ, ਅਤੇ ਮਾਤਾ ਸਤਿਕਾਰਯੋਗ ਨੀਮਾ ਜੀ ਸਨ।ਕਿਉਂ ਕਿ ਆਪ ਜੀ ਦਾ ਪਰਿਵਾਰ ਇਕ ਅਖੌਤੀ ਨੀਂਵੀ ਸਮਝੀ ਜਾਣ ਵਾਲੀ ਜਾਤ ਜੁਲਾਹਾ ਨਾਲ ਸਬੰਧਿਤ ਸੀ ਇਸ ਕਰਕੇ ਜਦੋਂ ਆਪ ਜੀ ਦਾ ਨਾਂਅ “ਕਬੀਰ” ਰੱਖਿਆ ਗਿਆ ਤਾਂ ਉਚ ਜਾਤੀ ਕਾਜੀ, ਮੁੱਲਾਂ ਨੇ ਇਸ ਦਾ ਵਿਰੋਧ ਕੀਤਾ ਕਿ ਇਕ ਜੁਲਾਹਾ ਜਾਤੀ ਦੇ ਬੱਚੇ ਦਾ ਨਾਂਅ ਕਬੀਰ ਨਹੀਂ ਰੱਖਿਆ ਜਾ ਸਕਦਾ ਪਰ ਬਾਬਾ ਨੀਰੂ ਅਤੇ ਮਾਤਾ ਨੀਮਾਂ ਜੀ ਆਪਣੇ ਫੈਂਸਲੇ ਤੇ ਦ੍ਰਿੜ ਰਹੇ। ਇਸ ਤਰਾਂ ਊਚ-ਨੀਚ, ਜਾਤ-ਪਾਤ ਵਿਰੁੱਧ ਬਗਾਵਤ ਤਾਂ ਸਤਿਗੁਰੂ ਕਬੀਰ ਜੀ ਦੇ ਜਨਮ ਤੋਂ ਹੀ ਸ਼ੁਰੂ ਹੋ ਗਈ ਸੀ।
ਪਿਤਾ ਬਾਬਾ ਨੀਰੂ ਜੀ ਦੇ ਬਜੁਰਗ ਪਹਿਲਾਂ ਹਿੰਦੂ ਜੁਲਾਹੇ ਪਰਿਵਾਰ ਨਾਲ ਸਬੰਧਿਤ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਪ੍ਰੰਤੂ ਬਾਬਾ ਨੀਰੂ ਜੀ ਦੇ ਸੰਸਕਾਰ ਅਜੇ ਹਿੰਦੂ-ਇਸਲਾਮ ਧਰਮ ਦੇ ਮਿਲੇ-ਜੁਲੇ ਸੰਸਕਾਰ ਸਨ। ਮਾਤਾ ਨੀਮਾ ਜੀ ਪ੍ਰਪੱਕ ਮੁਸਲਿਮ ਪਰਿਵਾਰ ਵਿਚੋਂ ਆਏ ਸਨ ਇਸ ਕਰਕੇ ਉਹ ਇਸਲਾਮ ਦੇ ਨੇਮਾਂ ਨੂੰ ਤਰਜੀਹ ਦਿੰਦੇ ਸਨ।ਸੋ ਇਸ ਤਰਾਂ ਸਤਿਗੁਰੂ ਕਬੀਰ ਜੀ ਦਾ ਪਾਲਣ-ਪੋਸ਼ਣ ਹਿੰਦੂ-ਇਸਲਾਮੀ ਸੰਸਕਾਰਾਂ ਨਾਲ ਹੋਇਆ।
ਹਿੰਦੋਸਤਾਨੀ ਜਾਤੀ ਵਾਦੀ ਪ੍ਰਣਾਲੀ ਦੇ ਪ੍ਰਭਾਵ ਕਾਰਨ ਸਤਿਗੁਰੂ ਕਬੀਰ ਜੀ ਨੂੰ ਕਾਜ਼ੀਆਂ ਤੇ ਪੰਡਿਤਾਂ ਨੇ ਪੜਾਉਣ ਤੋਂ ਇਨਕਾਰ ਕਰ ਦਿੱਤਾ। ਸਤਿਗੁਰੂ ਕਬੀਰ ਜੀ ਤਾਂ ਧੁਰ ਤੋਂ ਆਤਮਿਕ ਗਿਆਨ ਲੈ ਕੇ ਆਏ ਸਨ। ਸਤਿਗੁਰੂ ਕਬੀਰ ਜੀ ਕਿਤਾਬੀ ਗਿਆਨ ਵਿਚ ਵਿਸ਼ਵਾਸ਼ ਨਹੀਂ ਰੱਖਦੇ ਸਨ ਕੁਦਰਤੀ ਵਰਤਾਰਿਆਂ ਦਾ ਅਧਿਐਨ ਅਤੇ ਉਚਤਮ ਆਤਿਮਕ ਗਿਆਨ ਸਦਕਾ ਵੱਡੇ ਵੱਡੇ ਪੰਡਿਤ, ਮੁੱਲਾਂ, ਕਾਜ਼ੀ ਉਨ੍ਹਾਂ ਅੱਗੇ ਗੋਡੇ ਟੇਕ ਗਏ। ਉਨ੍ਹਾਂ ਨੇ ਆਪਣੀ ਬਾਣੀ ਵਿਚ ਇਨ੍ਹਾਂ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਬੁੱਧੀਵਾਦੀ ਅਤੇ ਤਰਕਭਰਪੂਰ ਗਿਆਨ ਪ੍ਰਦਾਨ ਕੀਤਾ। ਸਤਿਗੁਰੂ ਕਬੀਰ ਜੀ ਦੇ ਵਾਰਾਣਸੀ ਉੱਤਰਪ੍ਰਦੇਸ਼ ਵਿਚ ਪਾਵਨ ਅਸਥਾਨਾ ਵਿਚੋਂ ਦੋ ਪ੍ਰਮੁੱਖ ਅਸਥਾਨ ਹਨ ਪਹਿਲਾ ਸਤਿਗੁਰੂ ਕਬੀਰ ਮੱਠ, ਕਬੀਰ ਚੌਰਾ ਜਿਥੇ ਸਤਿਗੁਰੂ ਕਬੀਰ ਜੀ ਦੇ ਮਾਤਾ ਪਿਤਾ ਜੀ ਦੀ ਸਮਾਧ ਹੈ ਅਤੇ ਇਥੇ 600 ਸਾਲ ਪੁਰਾਣੀ ਖੂਹੀ ਹੈ ਜਿਸ ਦਾ ਪਾਣੀ ਹੁਣ ਵੀ ਅੰਮ੍ਰਿਤ ਸਮਾਨ ਪਵਿੱਤਰ ਹੈ ਅਤੇ ਦੂਸਰਾ ਮੰਡੂਆ ਡੀਹ ਨੇੜੇ ਲਹਿਰਤਾਰਾ ਵਿਖੇ ਬਹੁਤ ਵੱਡਾ ਸਤਿਗੁਰੂ ਕਬੀਰ ਮੰਦਿਰ ਉਸਾਰਿਆ ਗਿਆ ਹੈ।
ਸਤਿਗੂਰੂ ਕਬੀਰ ਜੀ ਦੇ ਗੁਰੂ :- ਕਈ ਵਿਦਵਾਨ ਸਵਾਮੀ ਰਾਮਾਨੰਦ ਜੀ ਨੂੰ ਸਤਿਗੁਰੂ ਕਬੀਰ ਜੀ ਦੇ ਗੁਰੂ ਮੰਨਦੇ ਹਨ। ਇਸ ਸਬੰਧੀ ਇਕ ਪੁਸਤਕ ਸ੍ਰੀ ਗੁਰੂ ਭਗਤ ਮਾਲ ਸਟੀਕ ਅਤੇ ਕਈ ਹੋਰ ਪੁਸਤਕਾਂ ਵਿਚ ਇਹ ਸਾਖੀ ਪੜ੍ਹਨ ਨੂੰ ਮਿਲਦੀ ਹੈ ਕਿ ਇਕ ਬਜ਼ੁਰਗ ਸਤਿਗੁਰੂ ਕਬੀਰ ਜੀ ਨੂੰ ਪੁੱਛਣ ਲੱਗੇ ਕਿ ਕਬੀਰ ਜੀ ਤੁਹਾਡਾ ਗੁਰੂ ਕੌਣ ਹੈ? ਤਾਂ ਸਤਿਗੁਰੂ ਕਬੀਰ ਜੀ ਨੇ ਉੱਤਰ ਦਿੱਤਾ ਕਿ ਮੈਂ ਤਾਂ ਅਜੇ ਤੱਕ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਤਾਂ ਬਜੁਰਗ ਨੇ ਕਿਹਾ ਕਿ ਇਹ ਤੂੰ ਬਹੁਤ ਵੱਡੀ ਭੁੱਲ ਕੀਤੀ ਹੈ। ਗੁਰੂ ਬਿਨਾ ਗਤੀ ਨਹੀਂ ਹੁੰਦੀ ਤੈਨੂੰ ਜ਼ਰੂਰ ਗੁਰੂ ਧਾਰਨ ਕਰਨਾ ਚਾਹੀਦਾ ਹੈ।
ਸਤਿਗੁਰੂ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦਾ ਮਨ ਬਣਾਇਆ, ਪ੍ਰੰਤੂ ਸਵਾਮੀ ਰਾਮਾ ਨੰਦ ਜੀ ਅਖੌਤੀ ਨੀਂਵੀ ਜਾਤੀ ਦੇ ਲੋਕਾਂ ਨੂੰ ਆਪਣੇ ਸੇਵਕ ਨਹੀਂ ਬਣਾਉਂਦੇ ਸਨ। ਸਵਾਮੀ ਰਾਮਾਨੰਦ ਜੀ ਦੇ ਸਾਰੇ ਸੇਵਕ ਉਚੀਆਂ ਜਾਤਾਂ ਵਾਲੇ ਹੀ ਸਨ। ਫਿਰ ਸਤਿਗੁਰੂ ਕਬੀਰ ਜੀ ਮਨ ਚਿ ਇਕ ਜੁਗਤੀ ਆਈ ਕਿ ਸਵਾਮੀ ਰਾਮਾਨੰਦ ਜੀ ਜਦੋਂ ਕਿਸੇ ਨੂੰ ਸ਼ਿਸ਼ ਬਣਾਉਦੇਂ ਹਨ ਤਾਂ ਰਾਮ ਨਾਮ ਦਿੰਦੇ ਹਨ। ਸਵਾਮੀ ਜੀ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਸਮੇਂ ਗੰਗਾਂ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਸਤਿਗੁਰੂ ਜੀ ਗੰਗਾਂ ਦੇ ਕਿਨਾਰੇ ਪੌੜ ਤੇ ਹਨੇਰੇ ਵਿਚ ਲੇਟ ਗਏ ਜਿਥੋਂ ਸਵਾਮੀ ਜੀ ਨੇ ਗੰਗਾ ਇਸ਼ਨਾਨ ਲਈ ਲੰਘਣਾ ਸੀ ਸਬੱਬ ਨਾਲ ਸਵਾਮੀ ਜੀ ਦਾ ਪੈਰ ਸਤਿਗੁਰੂ ਕਬੀਰ ਜੀ ਨੂੰ ਲੱਗਾ। ਉਨ੍ਹਾਂ ਨੇ ਸਹਜੇ ਹੀ ਕਿਹਾ ਕਿ ਰਾਮ ਕੇ ਪਿਆਰੇ ਉੱਠ ਰਾਮ ਕਹਿ। ਬਸ ਉਸੇ ਸਮੇਂ ਸਤਿਗੁਰੂ ਕਬੀਰ ਜੀ ਨੇ ਮੰਨ ਲਿਆ ਕਿ ਸਵਾਮੀ ਰਾਮਾ ਨੰਦ ਜੀ ਨੇ ਉਨ੍ਹਾਂ ਨੂੰ ਰਾਮ ਨਾਮ ਦੇ ਦਿੱਤਾ ਹੈ ਤੇ ਹੁਣ ਉਹ ਉਨ੍ਹਾਂ ਦੇ ਗੁਰੂ ਹਨ।ਉਨ੍ਹਾਂ ਨੇ ਉਠ ਕੇ ਸਵਾਮੀ ਜੀ ਨੂੰ ਡੰਡਵਤ ਕੀਤਾ, ਮੱਥਾ ਟੇਕਿਆ।ਚਰਨਾ ਨੂੰ ਛੂਹ ਕੇ ਹੱਥ ਅੱਖਾਂ ਨੂੰ ਲਾਇਆ।ਸਵਾਮੀ ਜੀ ਨੂੰ ਬੁਲਾਇਆ ਨਹੀਂ ਚੁੱਪ-ਚਾਪ ਚਲੇ ਗਏ।
ਉਪਰੋਕਤ ਸਾਖੀ ਸਤਿਗੁਰੂ ਕਬੀਰ ਜੀ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ।ਇਹ ਸਾਖੀ ਮਨੁੱਖੀ ਕਦਰਾਂ ਕੀਮਤਾਂ ਨੂੰ ਤਹਿਸ-ਨਹਿਸ ਕਰਕੇ ਸਭੈਸਾਂਝੀਵਾਲਤਾ ਦੀ ਵਿਚਾਰਧਾਰਾ ਨੂੰ ਸੱਟ ਮਾਰਦੀ ਹੈ।ਇਸ ਕਰਕੇ ਇਹ ਸਾਖੀ ਮੂਲੋਂ ਹੀ ਗਲਤ ਹੈ। ਦੂਸਰਾ ਸਤਿਗੁਰੂ ਕਬੀਰ ਜੀ ਦੀ ਬਾਣੀ ਤੋਂ ਕਿਤੇ ਵੀ ਅਜਿਹਾ ਸੰਕੇਤ ਨਹੀਂ ਮਿਲਦਾ ਜਿਸ ਤੋਂ ਪਤਾ ਲੱਗੇ ਕਿ ਸਵਾਮੀ ਰਾਮਾਨੰਦ ਜੀ ਉਨ੍ਹਾਂ ਦੇ ਗੁਰੂ ਸਨ।
ਸਤਿਗੁਰੂ ਰਵਿਦਾਸ ਜੀ ਦੇ ਗੁਰੂ ਵੀ ਸਵਾਮੀ ਰਾਮਾ ਨੰਦ ਜੀ ਨੂੰ ਮੰਨਿਆਂ ਜਾਂਦਾ ਹੈ। ਪ੍ਰੰਤੂ ਇਸ ਵਿਸ਼ੇ ਤੇ ਹੋਈ ਡੂੰਘੀ ਖੋਜ ਤੋਂ ਇਹ ਪਤਾ ਚਲਦਾ ਹੈ ਕਿ ਸਵਾਮੀ ਰਾਮਾ ਨੰਦ ਜੀ ਗੁਰੂ ਰਵਿਦਾਸ ਜੀ ਦੇ ਗੁਰੂ ਨਹੀਂ ਹਨ। ਕਿਉਂ ਕਿ ਇਹ ਦੋਨੋ ਰਹਿਬਰ ਸਮਕਾਲੀ ਹਨ, ਸਮ ਵਿਚਾਰਧਾਰਾ ਦੇ ਹਨ ਇਸ ਕਰਕੇ ਸਵਾਮੀ ਰਾਮਾ ਨੰਦ ਜੀ ਨੂੰ ਇਨ੍ਹਾਂ ਰਹਿਬਰਾਂ ਦੇ ਗੁਰੂ ਮੰਨਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ।ਸਤਿਗੁਰੂ ਕਬੀਰ ਜੀ ਨੂੰ ਧੁਰ ਤੋਂ ਹੀ ਪਾਰਬ੍ਰਹਮ ਦਾ ਗਿਆਨ ਸੀ, ਸਤਿਗੁਰੂ ਜੀ ਨੂੰ ਪਾਰਬ੍ਰਹਮ ਨੇ ਖੁਦ ਸੰਸਾਰ ਦਾ ਕਲਿਆਣ ਕਰਨ ਹਿਤ ਭੇਜਿਆ ਸੀ।ਇਸ ਕਰਕੇ ਸਤਿਗੁਰੂ ਕਬੀਰ ਜੀ ਦੇ ਗੁਰੂ ਕੇਵਲ ਪਾਰਬ੍ਰਹਮ ਪ੍ਰਮਾਤਮਾ ਹੀ ਸਨ, ਕਿਸੇ ਵੀ ਦੇਹ ਧਾਰੀ ਰਹਿਬਰ ਨੂੰ ੳਨ੍ਹਾਂ ਨੇ ਆਪਣਾ ਗੁਰੂ ਧਾਰਨ ਨਹੀਂ ਕੀਤਾ।
ਸਵਾਮੀ ਰਾਮਾ ਨੰਦ ਜੀ ਉਚੀ ਅਧਿਆਤਮਕ ਅਵਸਥਾ ਦੇ ਮਾਲਕ ਸਨ ਪਰ ਇਹ ਅਵਸਥਾ ਪ੍ਰਾਪਤ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ ਸਤਿਗੁਰੂ ਰਵਿਦਾਸ ਅਤੇ ਸਤਿਗੁਰੂ ਕਬੀਰ ਜੀ ਤੋਂ ਮਿਲੀ ਜਿਨ੍ਹਾਂ ਨੇ ਅਖੌਤੀ ਨੀਵੀਂ ਵਿਚੋਂ ਹੁੰਦਿਆਂ ਹੋਇਆਂ ਵੀ ਪਾਰਬ੍ਰਹਮ ਨੂੰ ਪਾਇਆ ਅਤੇ ਸੰਸਾਰ ਨੂੰ ਬ੍ਰਹਮ ਦਾ ਗਿਆਨ ਪ੍ਰਦਾਨ ਕੀਤਾ। ਵਿਸ਼ਵ ਨੂੰ ਅਧੁਨਿਕ ਫਲਸਫਾ ਦੇਣ ਵਾਲੇ ਸਤਿਗੁਰੂ ਕਬੀਰ ਜੀ ਦੀ ਮਹਾਨਤਾ ਨੂੰ ਘਟਾਉਣ ਲਈ ਕੁਝ ਰੂੜੀਵਾਦੀ ਵਿਦਵਾਨ ਅਜਿਹੇ ਵਿਚਾਰ ਲਿਖ ਜਾਂਦੇ ਹਨ ਕਿ ਸਵਾਮੀ ਰਾਮ ਨੰਦ ਜੀ ੳੇੁਨ੍ਹਾਂ ਦੇ ਗੁਰੂ ਸਨ। ਜਿਵੇਂ ਕਿ ਅੱਜ ਵੀ ਇਹੀ ਧਾਰਨਾ ਚੱਲੀ ਆ ਰਹੀ ਹੈ ਜਾਂ ਕੁਝ ਲੋਕਾਂ ਵਲੋਂ ਆਪਣੇ ਸੰਗਠਨ ਨੂੰ ਵੱਡਾ ਕਰਨ ਲਈ ਅਜਿਹੀ ਧਾਰਨਾ ਨੂੰ ਪ੍ਰਪੱਕ ਕੀਤਾ ਜਾ ਰਿਹਾ ਹੈ ਕਿ ਹਰ ਮਨੁੱਖ ਨੂੰ ਦੇਹ ਧਾਰੀ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਪ੍ਰੰਤੂ ਮਨੁੱਖ ਦਾ ਅਸਲੀ ਗੁਰੂ ਤਾਂ ਸ਼ਬਦ ਹੈ ਭਾਵ ਗਿਆਨ ਹੈ।ਇਹੋ ਸ਼ਬਦ (ਗਿਆਨ) ਸਤਿਗੁਰੂ ਕਬੀਰ ਜੀ ਆਪਣੀ ਬਾਣੀ ਵਿਚ ਦੇ ਗਏ ਹਨ।ਇਸ ਦੇ ਨਾਲ ਨਾਲ ਉਹ ਆਪਣੀ ਜ਼ਿਦਗੀ ਦਾ ਅਧਿਆਤਮਕ ਤਜ਼ਰਬਾ ਦੇ ਕੇ ਗਏ ਹਨ, ਚੰਗੇ-ਮਾੜੇ ਦੀ ਪਹਿਚਾਨ ਕਰਾ ਕੇ ਗਏ ਹਨ।ਉਸ ਗਿਆਨ ਨੂੰ ਅਸੀਂ ਹਾਸਲ ਕਰਨ ਤੇ ਉਸ ਉਤੇ ਚੱਲਣ ਲਈ ਰਾਜੀ ਨਹੀਂ।
ਅਸੀਂ ਚਾਹੁੰਦੇ ਹਾਂ ਕਿ ਅਸੀਂ ਗੁਰੂ ਧਾਰ ਲਈਏ ਤੇ ਉਹ ਹੀ ਸਭ ਕੁਝ ਕਰ ਦੇਵੇ।ਜਦਿ ਕਿ ਅਜਿਹਾ ਕਦੇ ਵੀ ਨਹੀਂ ਹੁੰਦਾ।ਆਪਣੇ ਲਈ ਸਾਨੂੰ ਆਪ ਹੀ ਉਦਮ ਕਰਨਾ ਪੈਣਾ ਹੈ।ਦੇਹਧਾਰੀ ਗੁਰੂ ਅੱਜ ਸਾਡੇ ਕੋਲ ਹੈ ਹੋ ਸਕਦਾ ਹੈ ਕਿ ਕੱਲ ਉਹ ਸਾਡੇ ਕੋਲ ਨਾ ਹੋਵੇ ਫਿਰ ਅਸੀਂ ਕੀ ਕਰਾਂਗੇ? ਅਜਿਹੀ ਹਾਲਤ ਵਿਚ ਗੁਰੂ ਦਾ ਸ਼ਬਦ ਭਾਵ ਗਿਆਨ ਹੀ ਸਾਡੇ ਕੰਮ ਆਵੇਗਾ। ਬੇਸ਼ੱਕ ਸਤਿਗੁਰੂ ਕਬੀਰ ਜੀ ਸਰੀਰਕ ਰੂਪ ਵਿਚ ਅੱਜ ਸਾਡੇ ਵਿਚ ਮੌਜੂਦ ਨਹੀਂ ਪਰ ਉਨ੍ਹਾਂ ਦੀ ਬਾਣੀ ਅੱਜ ਗੁਰੂ ਰੂਪ ਵਿਚ ਸਾਡੇ ਕੋਲ ਹੈ ਆਉ ਉਸ ਤੋਂ ਅਗਵਾਈ ਲਈਏ ਅਤੇ ਆਪਣਾ ਜੀਵਨ ਸਫਲਾ ਕਰੀਏ।
ਚਰਨਜੀਤ ਸਿੰਘ ਬਿਨਪਾਲਕੇ
ਮੋਬਾਇਲ: +91-98148-39944