ਇਨਕਲਾਬੀ ਰਹਿਨੁਮਾ ਸਤਿਗੁਰੂ ਰਵਿਦਾਸ ਜੀ
ਸ੍ਰੀ ਗੁਰੂ ਰਵਿਦਾਸ ਜੀ ੳਨ੍ਹਾਂ ਮਹਾਨ ਸੰਤ ਕਵੀਆਂ, ਚਿੰਤਕਾਂ, ਵਿਚਾਕਰਾਂ ਤੇ ਅਨੁਭਵੀ ਪੁਰਸ਼ਾਂ ਵਿੱਚੋ ਇੱਕ ਸਨ ਜਿਨ੍ਹਾਂ ਨੇ ਆਪਣੀ ਮਧੁਰ, ਕੋਮਲ, ਤਰਕਸ਼ੀਲ ਤੇ ਪ੍ਰਭਾਵਸ਼ਾਲੀ ਬਾਣੀ ਦੁਆਰਾ ਸਮਕਾਲੀਨ ਸਮਾਜ ਵਿਚ ਪੈਦਾ ਹੋਈਆਂ ਕੁਰੀਤੀਆਂ, ਜਾਤ-ਪਾਤ, ਛੂਆ-ਛਾਤ, ਵੈਰ-ਵਿਰੋਧ, ਸਮਾਜਿਕ ਅਸਮਾਨਤਾ, ਆਰਥਿਕ ਮੰਦਹਾਲੀ ਅਤੇ ਮਾਨਵ ਵਿਰੋਧੀ ਰਾਜਨੀਤਿਕ ਸ਼ਕਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਆਪ ਨੇ ਸਦੀਆਂ ਤੋ ਲਤਾੜੇ, ਪਛਾੜੇ, ਦੁਰਕਾਰੇ ਅਤੇ ਹਾਸ਼ੀਏ ੳੁੱਪਰ ਸੁੱਟੇ ਲੋਕਾਂ ਨੂੰ ਨਾ ਸਿਰਫ ਸਹਾਰਾ ਹੀ ਦਿੱਤਾ, ਬਲਕਿ ਉਨ੍ਹਾਂ ਅੰਦਰ ਸਵੈ-ਮਾਣ, ਸਵੈ-ਵਿਸ਼ਵਾਸ ਅਤੇ ਸਵੈ-ਸ਼ਕਤੀ ਦਾ ਬੇਮਿਸਾਲ ਜਜ਼ਬਾ ਪੈਦਾ ਕੀਤਾ।
ਗੁਰੂ ਜੀ ਦਾ ਸਮੁੱਚਾ ਜੀਵਨ ਅਤੇ ਦਰਸ਼ਨ ਮਨੁੱਖੀ ਸਮਾਜ ਅਤੇ ਧਰਮ ਦੀਆਂ ਕੁਰਹਿਤਾਂ, ਕਮੀਆਂ, ਕੁਰੀਤੀਆਂ, ਕੁਮਾਰਗਾਂ ਅਤੇ ਕੁਬੋਲਾਂ ਵਿਰੁੱਧ ਜਨ ਚੇਤਨਾ ਪੈਦਾ ਕਰਕੇ ਸਦੀਆਂ ਤੋਂ ਦਬਾਏ, ਪੀੜਤ ਵਰਗ ਦੇ ਲੋਕਾਂ ਨੂੰ ਆਪਸੀ ਪਿਆਰ, ਸਤਿਕਾਰ, ਸੁਮੇਲ, ਸਦਭਾਵਨਾਂ, ਸੁਹਿਰਦਤਾ, ਸਾਹਸ, ਸਬਰ, ਸੰਤੋਖ, ਸ਼ਹਿਣ-ਸ਼ੀਲਤਾ, ਸਮਾਨਤਾ, ਸੁਤੰਤਰਤਾ ਅਤੇ ਸੁਕਿਰਤ ਜਿਹੇ ਸ੍ਰੇਸ਼ਟ ਗੁਣ ਪੈਦਾ ਕਰਕੇ “ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ” ਵਾਲਾ ਇਕ ਸੁਚੱਜਾ ਜਥੇਬੰਦਕ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਜੀ ਨੇ ਇਸਤਰੀ ਵਰਗ ਦੇ ਸਮਾਨ ਅਧਿਕਾਰਾਂ ਦੀ ਸੁਰੱਖਿਆ ਲਈ ਅਧਿਆਤਮਿਕਤਾ ਦੇ ਬੰਦ ਦਰਵਾਜੇ ਖੋਲੇ੍ਹ ਅਤੇ ਇਸਤਰੀ ਦੇ ਮਾਣ, ਸਨਮਾਨ ਅਤੇ ਸਤਿਕਾਰ ਵਿਚ ਵਾਧਾ ਕੀਤਾ।
ਸ੍ਰੀ ਗੁਰੂੁ ਰਵਿਦਾਸ ਜੀ ਦਾ 151 ਸਾਲ ਦਾ ਜੀਵਨ-ਕਾਲ 14ਵੀਂ ਤੋਂ 16ਵੀਂ ਸਦੀ ਦੇ ਵਿਚਕਾਰਲਾ ਸਮਾਂ ਹੈ। ਉਸ ਸਮੇਂ ਰਾਜਨੀਤਕ ਸੱਤਾ ’ਤੇ ਕਾਬਜ਼ ਰਜਵਾੜਿਆਂ ਵਲੋਂ ਭਾਰਤ ਦੀ ਲੁੱਟ-ਖਸੁੱਟ ਅਤੇ ਭਾਰਤ ਵਿਚ ਪ੍ਰਚੱਲਤ ਜਾਤ-ਪਾਤ, ਊਚ-ਨੀਚ ਅਤੇ ਛੂਅ-ਛਾਤ ਦੇ ਭੇਦ ਭਾਵ ਨੇ ਭਾਰਤੀ ਲੋਕਾਂ ਦਾ ਜੀਊਣਾ ਮੁਹਾਲ ਕੀਤਾ ਹੋਇਆ ਸੀ। ਅਜਿਹੇ ਸੰਕਟਗ੍ਰਸਤ ਸਮੇਂ ਸਤਿਗੁਰੂ ਰਵਿਦਾਸ ਜੀ ਨੇ ਨਾ ਸਿਰਫ ਸਦੀਆਂ ਤੋਂ ਸਤਾਏ ਪੀੜਤ ਦੱਬੇ-ਕੁਚਲੇ ਆਦਿ ਵਾਸੀ ਲੋਕਾਂ ਦੀ ਬਾਂਹ ਫੜੀ, ਉਨ੍ਹਾਂ ਦਾ ਸਹਾਰਾ ਬਣੇ ਬਲਕਿ ਭਾਰਤੀ ਸਮਾਜ ਵਿਚ ਕਰਕੇ ਸੱਚੀਆਂ-ਸੁੱਚੀਆਂ ਸਦਾਚਾਰਕ ਕੀਮਤਾਂ ਨੂੰ ਪੁਨਰ ਸੁਰਜੀਤ ਕੀਤਾ। ਸ੍ਰੀ ਗੁਰੂ ਰਵਿਦਾਸ ਜੀ ਦਾ ਆਗਮਨ ਸਬੰਧੀ ਸੰਤ ਕਰਮ ਦਾਸ ਜੋ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਵੰਸ਼ ਵਿਚੋਂ ਸਨ ਆਪਣੇ ਦੋਹੇ ਵਿਚ ਲਿਖਦੇ ਹਨ, “ਚੌਦਾਂਹ ਸੈ ਤੈਤੀਸ ਕੀ ਮਾਘ ਸੁਦੀ ਪੰਦਰਾਸ, ਦੁਖੀਓਂ ਕੇ ਕਲਿਆਣ ਹਿਤ ਪ੍ਰਗਟੇ ਸ੍ਰੀ ਰਵਿਦਾਸ॥” ਸੋ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਮਾਘ ਦੀ ਪੂਰਨਮਾਸ਼ੀ ਸੰਮਤ 1433 ਬਿਕਰਮੀ ਭਾਵ ਜਨਵਰੀ 1377 ਈ: ਨੂੰ ਵਾਰਾਣਸੀ ਦੀ ਮਹਾਨ ਧਰਤੀ ਸੀਰ ਗੋਵਰਧਨਪੁਰ ਸਾਹਿਬ ਵਿਖੇ ਪਿਤਾ ਸ੍ਰੀ ਸੰਤੋਖ ਦਾਸ ਜੀ ਦੇ ਘਰ ਮਾਤਾ ਕਲਸੀ ਦੇਵੀ ਜੀ ਦੀ ਕੁੱਖੋਂ ਹੋਇਆ।
ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੇਵਲ ਬਨਾਰਸ ਵਿਚ ਹੀ ਨਹੀਂ ਕੀਤਾ ਸਗੋਂ ਇਸ ਮਕਸਦ ਲਈ ਉਨ੍ਹਾਂ ਨੇ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ, ਹੈਦਰਾਬਾਦ, ਭੁਪਾਲ ਆਸਾਮ ਤੇ ਭਾਰਤ ਦੇ ਦੂਜੇ ਪ੍ਰਾਤਾਂ ਅਤੇ ਹੋਰ ਦੇਸ਼ਾਂ ਦੀਆਂ ਪੈਦਲ ਯਾਤਰਾਵਾਂ ਕੀਤੀਆਂ। ਇਸ ਤਰਾਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੂਰ-ਦੂਰ ਤੱਕ ਫੈਲ ਗਈ। ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਸਿੱਧਾਂ, ਜੋਗੀਆਂ, ਕਾਜੀਆਂ, ਮੁੱਲਾਂ ਅਤੇ ਹੋਰ ਧਾਰਮਿਕ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਰਵਿਦਾਸ ਜੀ ਦੀਆਂ ਤਿੰਨ ਵਿਚਾਰ ਗੋਸ਼ਟੀਆਂ ਹੋਈਆਂ ਜਿਨ੍ਹਾਂ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਜੀ ਪਾਸੋਂ ਉਨਾਂ੍ਹ ਦੀ 16 ਰਾਗਾਂ ਵਿਚ ਅੰਕਿਤ ਬਾਣੀ 40 ਸ਼ਬਦ ਅਤੇ 1 ਸਲੋਕ ਪ੍ਰਾਪਤ ਕੀਤੇ, ਜੋ ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਕਤ ਇਸ ਵਿਚ ਦਰਜ਼ ਕੀਤੇ। ਸ੍ਰੀ ਗੁਰੂ ਰਵਿਦਸ ਜੀ ਦੀ ਸਮੁੱਚੀ ਬਾਣੀ ਅਧਿਾਤਮਕ ਦੇ ਨਾਲ-ਨਾਲ ਮਨੁੱਖ ਅੰਦਰ ਇਨਕਲਾਬੀ ਜਜ਼ਬਾ ਪੈਦਾ ਕਰਦੀ ਹੈ।
ਸ੍ਰੀ ਗੁਰੂ ਰਵਿਦਾਸ ਜੀ ਦੀ ਬਹੁਤ ਸਾਰੀ ਹੋਰ ਬਾਣੀ ੳੁੱਤਰ-ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੀਆਂ ਲਾਇਬ੍ਰੇਰੀਆਂ ਦੇ ਹੱਥ ਲਿਖਤ ਅਤੇ ਹੋਰ ਪ੍ਰਕਾਸ਼ਿਤ ਹੋਏ ਗ੍ਰੰਥਾਂ ਵਿਚੋਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਡੇਰਿਆਂ ਦੇ ਗ੍ਰੰਥਾਂ ਵਿਚੋ ਮਿਲਦੀ ਹੈ।”ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ” ਗ੍ਰੰਥ ਵਿੱਚ ਗੁਰੂ ਜੀ ਦੀ ਬਹੁਤ ਸਾਰੀ ਬਾਣੀ ਸੁਭਾਇਮਾਨ ਹੈ।
ਚਰਨਜੀਤ ਸਿੰਘ ਬਿਨਪਾਲਕੇ
ਪਿੰਡ ਤੇ ਡਾਕਖਾਨਾ: ਬਿਨਪਾਲਕੇ, ਜ਼ਿਲ੍ਹਾ ਜਲੰਧਰ
ਮੋਬਾਇਲ: 98722-42944