ਸਤਿਗੁਰੂ ਸਧਨਾ ਜੀ ਮਹਾਰਾਜ ਦਾ ਜੀਵਨ ਅਤੇ ਵਿਚਾਰਧਾਰਾ
ਸਤਿਗੁਰੂ ਸੰਤ ਸਧਨਾ ਜੀ ਦਾ ਜਨਮ ਸਿੰਧ ਦੇ ਪਿੰਡ ਸੇਹਵਾਨ ਵਿਚ ਹੋਇਆ।ਮਹਾਨ ਕੋਸ਼ ਅਨੁਸਾਰ ਸੇਹਵਾਨ ਹੈਦਰਾਬਾਦ ਸਿੰਧ ਦੇ ਇਲਾਕੇ ਜ਼ਿਲ੍ਹਾ ਲਾਰਕਾਨਾ ਦਾ ਇਕ ਨਗਰ ਜੋ ਰੋਹੜੀ ਜੰਕਸ਼ਨ ਤੋਂ 142 ਮੀਲ ਦੀ ਦੂਰੀ ਉਤੇ ਹੈ। ਆਪ ਜੀ ਦੀ ਜਨਮ ਤਿਥੀ ਬਾਬਤ ਕੋਈ ਪੱਕੀ ਤਰੀਕ ਜਾਂ ਸੰਨ ਉਪਲੱਬਧ ਨਹੀਂ ਹੋ ਸਕਿਆ।ਕਿਉਂ ਕਿ ਸਤਿਗੁਰੂ ਸੰਤ ਸਧਨਾ ਜੀ ਸਤਿਗੁਰੂ ਨਾਮਦੇਵ ਜੀ ਦੇਸਮਕਾਲੀ ਸਨ।ਇਸ ਕਰਕੇ ਸਤਿਗੁਰੂ ਸਧਨਾ ਜੀ ਦਾ ਜਨਮ ਸਨ 1270 ਈ: ਦੇ ਆਸ-ਪਾਸ ਹੋਇਆ ਮੰਨਿਆ ਜਾਂਦਾ ਹੈ।ਪਹਿਲੋਂ ਆਪ ਕਸਾਈ ਦਾ ਕਿੱਤਾ ਕਰਦੇ ਸਨ, ਪਰ ਭਗਤੀ ਭਾਵ ਨੇ ਆਪ ਜੀ ਦਾ ਮਨ ਪਲਟ ਦਿੱਤਾ ਤੇ ਆਪ ਪ੍ਰਭ ਦੇ ਉਤਮ ਭਗਤ ਹੋਏ।ਆਪ ਜੀ ਦੀ ਮਹਿਮਾਂ ਇੰਨੀ ਫੈਲ਼ ਗਈ ਸੀ ਕਿ ਆਪ ਜੀ ਦਾ ਜ਼ਿਕਰ ਬਹੁਤ ਸਾਰੇ ਮਹਾਨ ਸੰਤਾਂ ਸਤਿਗੁਰਾ ਨੇ ਆਪਣੀ ਬਾਣੀ ਵਿਚ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ ਇਕ ਸ਼ਬਦ ਬਿਲਾਵਲ ਰਾਗ ਵਿਚ ਦਰਜ਼ ਹੈ।
ਬਾਣੀ ਸਧਨੇ ਕੀ ਰਾਗ ਬਿਲਾਵਲੁ
ੴ ਸਤਿਗੁਰ ਪ੍ਰਸਾਦਿ ॥
ਨ੍ਰਿਪ ਕੰਨਿਆ ਕੇ ਕਾਰਨੈ, ਇਕੁ ਭਇਆ ਭੇਖਧਾਰੀ॥
ਕਾਮਾਰਥੀ ਸੁਆਰਥੀ, ਵਾ ਕੀ ਪੈਜ ਸਵਾਰੀ॥1॥
ਤਵ ਗੁਨ ਕਹਾ ਜਗਤ ਗਰੁਾ, ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ, ਜਉ ਜੰਬਕੁ ਗ੍ਰਾਸੈ॥1॥ ॥ਰਹਾਉ॥
ਏਕ ਬੂੰਦ ਜਲ ਕਾਰਨੇ, ਚਾਤ੍ਰਿਕੁ ਦੁਖੁ ਪਾਵੈ॥
ਪ੍ਰਾਨ ਗਏ ਸਾਗਰੁ ਮਿਲੈ, ਫੁਨਿ ਕਾਮਿ ਨ ਆਵੈ॥2 ॥
ਪ੍ਰਾਨ ਜੁ ਥਾਕੇ ਥਿਰੁ ਨਹੀ, ਕੈਸੇ ਬਿਰਮਾਵਉ॥
ਬੂਡਿ ਮੂਏ ਨਉਕਾ ਮਿਲੈ, ਕਹੁ ਕਾਹਿ ਚਢਾਵਉ॥3 ॥
ਮੈ ਨਾਹੀ ਕਛੁ ਹਉ ਨਹੀ, ਕਿਛੁ ਆਹਿ ਨ ਮੋਰਾ॥
ਅਉਸਰ ਲਜਾ ਰਾਖਿ ਲੇਹੁ, ਸਧਨਾ ਜਨੁ ਤੋਰਾ॥4॥
ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 847
ਸਤਿਗੁਰੂ ਸਧਨਾ ਜੀ ਇਸ ਪਾਵਨ ਸ਼ਬਦ ਦੁਆਰਾ ਪਾਰਬ੍ਰਹਮ ਪ੍ਰਮਾਤਮਾਂ ਅੱਗੇ ਇਹ ਅਰਦਾਸ ਕਰ ਰਹੇ ਹਨ ਕਿ ਹੇ ਪ੍ਰਮਾਤਮਾਂ ਮੈਂ ਤੇਰੀ ਸ਼ਰਨ ਵਿਚ ਆ ਕੇ ਆਪਣਾ ਸਭ ਕੁਝ ਤੈਨੂੰ ਅਰਪਣ ਕਰ ਦਿੱਤਾ ਹੈ, ਪਰ ਫਿਰ ਵੀ ਜੇਕਰ ਮੇਰੇ ਵਿਕਾਰਾ ਦਾ ਨਾਸ਼ ਨਾ ਹੋਵੇ ਤਾਂ ਫਿਰ ਤੇਰੀ ਸ਼ਰਨ ਵਿਚ ਜਾਣ ਮੈਨੂੰ ਕੀ ਲਾਭ ਹੋਵੇਗਾ।ਹੇ ਪ੍ਰਭ! ਮੇਰਾ ਹੋਰ ਕੋਈ ਆਸਰਾ ਨਹੀਂ, ਮੈ ਤੇਰੀ ਸ਼ਰਨ ਵਿਚ ਹਾਂ, ਕਿਰਪਾ ਕਰਕੇ ਮੇਰੀ ਲਾਜ ਰੱਖੀਂ।
ਹੇ ਪ੍ਰਮਾਤਮਾਂ ਤੂੰ ਤਾਂ ਉਸ ਕਾਮੀ ਅਤੇ ਸਵਾਰਥੀ ਬੰਦੇ ਦੀ ਵੀ ਲਾਜ ਰੱਖ ਲਈ ਸੀ ਜਿਸ ਨੇ ਇਕ ਰਾਜੇ ਦੀ ਲੜਕੀ ਨੂੰ ਵਿਆਹਣ ਖਾਤਰ ਧਾਰਮਿਕ ਭੇਖ ਧਾਰ ਲਿਆ ਸੀ।1।
ਹੇ ਜਗਤ ਦੇ ਗੁਰੂ ਤੇਰੀ ਸ਼ਰਨ ਵਿਚ ਆ ਕੇ ਜੇਕਰ ਮੇਰੇ ਪਿਛਲੇ ਕੀਤੇ ਮੰਦੇ ਕਰਮਾਂ ਦਾ ਨਾਸ਼ ਹੀ ਨਾ ਹੋਇਆ ਤਾਂ ਫਿਰ ਮੈਨੂੰ ਤੇਰੀ ਸ਼ਰਨ ਆਉਣ ਦਾ ਫਾਇਦਾ ਹੋਇਅ। ਹੇ ਪ੍ਰਭ! ਉਵੇਂ, ਜਿਵੇਂ ਸ਼ੇਰ ਦੀ ਸ਼ਰਨ ਆਏ ਨੂੰ ਜੰਭਕ (ਗਿੱਦੜ) ਹੀ ਖਾ ਜਾਏ ਤਾਂ ਫਿਰ ਸ਼ੇਰ ਦੀ ਸ਼ਰਨ ਆਉਣ ਦਾ ਕੀ ਲਾਭ? ।1।
ਪਪੀਹਾ ਜਲ ਦੀ ਸਿਰਫ ਇਕ ਬੂੰਦ ਦੇ ਵਾਸਤੇ ਚੀਕ ਪੁਕਾਰ ਕਰਦਾ ਹੈ, ਦੁਖੀ ਹੁੰਦਾ ਹੈ।ਜੇਕਰ ਪਪੀਹਾ ਜਲ ਦੀ ਇਕ ਬੂੰਦ ਨੂੰ ਉਡੀਕਦਾ-ਉਡੀਕਦਾ ਮਰ ਜਾਵੇ ਪਰ ਮਰਨ ਤੋਂ ਬਾਦ ਜੇਕਰ ਉਸ ਨੂੰ ਜਲ ਦਾ ਸਮੁੰਦਰ ਵੀ ਮਿਲ ਜਾਵੇ ਤਾਂ ਵੀ ਉਹ ਉਸ ਦੇ ਕਿਸੇ ਕੰਮ ਦਾ ਨਹੀਂ।2।
ਹੇ ਪ੍ਰਮਾਤਮਾ ਮੇਰੀ ਜਿੰਦ ਤੇਰੀ ਮਿਹਰ ਨੂੰ ਉਡੀਕਦੀ-ਉਡੀਕਦੀ ਥੱਕ ਕੇ ਡਾਵਾਂ ਡੋਲ ਹੋ ਗਈ ਹੈ।ਜੇਕਰ ਮੇਰੀ ਜਿੰਦ ਵਿਕਾਰਾਂ ਦੇ ਸਾਗਰ ਵਿਚ ਡੁੱਬ ਹੀ ਗਈ ਤਾਂ ਪਿਛੋਂ ਮਿਲੀ ਤੇਰੀ ਬੇੜੀ ਵਿਚ ਮੈਂ ਕਿਸ ਨੂੰ ਬਿਠਾਵਾਂਗਾ?।3।
ਮੈਂ ਕੁਝ ਵੀ ਨਹੀਂ ਹਾਂ, ਨਾਂ ਹੀ ਮੇਰੀ ਕੋਈ ਪਾਂਇਆਂ ਹੈ ਅਤੇ ਨਾ ਹੀ ਮੇਰਾ ਕੋਈ ਹੋਰ ਆਸਰਾ ਹੈ, ਇਸ ਕਰਕੇ ਹੇ ਪ੍ਰਭ! ਮੈਂ ਸਧਨਾ ਤੇਰਾ ਦਾਸ ਹਾਂ ਕਿਰਪਾ ਕਰਕੇ ਮੇਰੀ ਲਾਜ ਰੱਖੀਂ।4।
ਬਹੁਤ ਸਾਰੇ ਸਤਿਗੁਰੂ ਸਾਹਿਬਾਨਾਂ ਨੇ ਸਤਿਗੁਰੂ ਸੰਤ ਸਧਨਾ ਜੀ ਦੀ ਭਗਤੀ ਭਾਵ ਦੀ ਉਪਮਾਂ ਕੀਤੀ ਹੈ ਅਤੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ਹੈ। ਗੁਰੂ ਰਵਿਦਾਸ ਜੀ ਨੇ ਫੁਰਮਾਇਆ ਹੈ :-
ਨਾਮਦੇਵ, ਕਬੀਰੁ, ਤਿਲੋਚਨੁ, ਸਧਨਾ, ਸੈਨੁ ਤਰੈ॥
ਕਹੈ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥
ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1106
ਭਾਵ :- ਇਕ ਪ੍ਰਮਾਤਮਾਂ ਦੀ ਸ਼ਰਨ ਵਿਚ ਜਾ ਕੇ (ਸਰਵ ਗੁਰੂ) ਨਾਮਦੇਵ, ਕਬੀਰ, ਤਿਰਲੋਚਨ, ਸਧਨਾ, ਸੈਨ ਉਸ ਦੀ ਬਖਸ਼ਿਸ਼ ਨਾਲ ਉੱਚੇ ਹੋ ਗਏ। ਗੁਰੂ ਰਵਿਦਾਸ ਜੀ ਫੁਰਮਾਉਦੇਂ ਹਨ ਕਿ ਸੰਤ ਜਨੋਂ ਸੁਣੋ, ਉਹ ਪ੍ਰਭ ਸਭ ਕੁਝ ਕਰਨ ਦੇ ਸਮਰੱਥ ਹੈ।
ਚਰਨਜੀਤ ਸਿੰਘ ਬਿਨਪਾਲਕੇ
ਪਿੰਡ ਤੇ ਡਾਕਖਾਨਾ ਬਿਨਪਾਲਕੇ, ਜ਼ਿਲ੍ਹਾ ਜਲੰਧਰ
ਮੋਬਾਇਲ: +91-98148-39944