Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਵਿਸ਼ਾ - ਸੂਚੀ

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਤੇ ਪੰਜਾਬ ਦੀ ਅਜੋਕੀ ਸਥਿਤੀ/ਪੰਜਾਬੀ ਸੂਬੇ ਦੀ ਮੰਗ

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਤੇ ਪੰਜਾਬ ਦੀ ਅਜੋਕੀ ਸਥਿਤੀ/ਪੰਜਾਬੀ ਸੂਬੇ ਦੀ ਮੰਗ

ਕੱਲ੍ਹ ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਪਿਛਲੀ ਸਦੀ ਦੇ ਵਿਲੱਖਣ ਸਿੱਖ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜਿਸ ਨੂੰ ਆਮ ਤੌਰ 'ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵਲੋਂ ਸਥਾਪਿਤ ਕੀਤੇ ਗਏ 'ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ, ਰਈਆ' ਜਾਂ ਇਕ ਦੋ ਹੋਰ ਸਥਾਨਿਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਸਿਆਸੀ ਪਾਰਟੀ ਵਲੋਂ ਨਹੀਂ ਮਨਾਇਆ ਜਾਂਦਾ, ਭਾਵੇਂ ਕਿ ਉਨ੍ਹਾਂ ਨੇ 'ਸਿੱਖ ਅਰਦਾਸ' ਦੀ ਮਹਾਨਤਾ ਨੂੰ ਸਿਰੜ ਨਾਲ ਉਜਾਗਰ ਕਰਨ ਲਈ ਅਤੇ ਪੰਜਾਬ ਦੀਆਂ ਅਤਿ ਅਹਿਮ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ 74 ਦਿਨ ਭੁੱਖੇ ਰਹਿ ਕੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਸਨ। ਮਰਨ ਵਰਤ ਕਿਉਂ ਰੱਖਿਆ ? ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸੰਨ 1961 ਵਿਚ ਪੰਜਾਬੀ ਭਾਸ਼ੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆ ਮੰਗਾਂ ਨਹੀਂ ਮੰਨੀਆ ਜਾਂਦੀਆਂ, ਉਦੋਂ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ। ਇਸ ਐਲਾਨ ਨੇ ਕੇਂਦਰ ਨੂੰ ਭਾਜੜਾਂ ਪਾ ਦਿੱਤੀਆਂ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਵਲੋਂ ਉਠਾਏ ਗਏ ਮੁੱਦਿਆਂ ਨੂੰ ਘੋਖਣ ਦਾ ਭਰੋਸਾ ਦਿੱਤਾ । ਇਸ ਭਰੋਸੇ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੇ ਸੰਤ ਫਤਹਿ ਸਿੰਘ ਦੇ ਹੱਥ ਜੂਸ ਦਾ ਗਿਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ। ਪਰ ਅਕਾਲੀ ਦਨ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫੈਸਲੇ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਤੋਂ ਪਿੱਛੋਂ 1965 ਵਿਚ ਸੰਤ ਫਤਹਿ ਸਿੰਘ ਨੇ ਵੀ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਮਰਨ ਵਰਤ ਸ਼ੁਰੂ ਕੀਤਾ ਸੀ ਪਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਸ਼ੁਰੂ ਹੋ ਜਾਣ 'ਤੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੀ ਅਪੀਲ ਉਪਰੰਤ ਉਨ੍ਹਾਂ ਨੇ ਵੀ ਮਰਨ ਵਰਤ ਛੱਡ ਦਿੱਤਾ ਸੀ। ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਕਤੂਬਰ 1966 ਵਿਚ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਕਰ ਦਿੱਤਾ। ਪੰਜਾਬੀ ਸੂਬਾ ਐਕਟ ਬਣਾਉਣ ਸਮੇਂ ਪੰਜਾਬ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਕਈ ਪੰਜਾਬੀ ਬੋਲਦੇ ਇਸਾਡੇ ਨਵੇਂ ਹੋਂਦ ਵਿਚ ਆਏ ਹਿਮਾਚਲ ਤੇ ਹਰਿਆਣੇ ਵਿਚ ਸ਼ਾਮਿਲ ਕਰ ਦਿੱਤੀ। ਚੰਡੀਗੜ੍ਹ ਅਤੇ ਭਾਖੜਾ ਡੈਮ ਦਾ ਪ੍ਰਬੰਧ ਕੇਂਦਰੀ ਸਰਕਾਰ ਨੇ ਆਪਣੇ ਕੋਲ ਰੱਖ ਲਿਆ ਅਤੇ ਦਰਿਆਈ ਪਾਣੀਆਂ ਦੀ ਵੀ ਕਾਣੀ ਵੰਡ ਕੀਤੀ ਗਈ। ਲਗੜਾ ਪੰਜਾਬੀ ਸੂਬਾ ਹੋਂਦ ਵਿਚ ਆਉਣ ਪਿੱਛੋਂ ਜਦੋਂ ਹਰ ਪਾਸਿਓਂ ਫਿਟਕਾਰਾਂ ਪੈਣ ਲੱਗੀਆਂ ਤਾਂ ਸੰਤ ਫ਼ਤਹਿ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਦੇ ਕਮਰੇ ਉਪਰ ਅਗਨ-ਕੁੰਡ ਬਣਾ ਲਏ ਅਤੇ 17 ਦਸੰਬਰ 1966 ਨੂੰ ਮਰਨ ਵਰਤ ਸ਼ੁਰੂ ਕਰ ਦਿਤਾ ਤੇ ਸਰਕਾਰ ਨੂੰ ਇਹ ਅਲਟੀਮੇਟਮ ਵੀ ਦੇ ਦਿੱਤਾ ਕਿ ਜੇ ਦਸ ਦਿਨਾਂ ਦੇ ਅੰਦਰ-ਅੰਦਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਨ ਕੁੰਡ ਵਿਚ ਬੈਠ ਕੇ ਸੜ ਮਰਨਗੇ। ਉਨ੍ਹਾਂ ਦੇ ਇਸ ਐਲਾਨ ਪਿਛੋਂ ਮੰਡ ਚੰਨਣ ਸਿੰਘ, ਜਥੇਦਾਰ ਭਾਗ ਸਿੰਘ ਜੈਦ, ਜਥੇਦਾਰ ਪ੍ਰੀਤਮ ਸਿੰਘ ਸ਼ਰੀਂਹ, ਸ. ਜਗੀਰ ਸਿੰਘ ਫੱਗੂਵਾਲ ਅਤੇ ਜਥੇਦਾਰ ਜਗੀਰ ਸਿੰਘ ਪੁਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਸੰਤ ਫਤਹਿ ਸਿੰਘ ਤੋਂ ਅਗਲੇ ਦਿਨ ਸੜ ਮਰਨਗੇ। ਪੰਜਾਬ ਵਿਧਾਨ ਸਭਾ ਲਈ ਆਜ਼ਾਦ ਜਿੱਤਿਆ ਸ. ਹਜ਼ਾਰਾ ਸਿੰਘ ਗਿੱਲ ਆਪਣੇ ਸਾਥੀਆਂ ਨੂੰ ਲੈ ਕੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਨੇੜੇ ਮਰਨ ਵਰਤ 'ਤੇ ਬੈਠ ਗਿਆ ਅਤੇ ਐਲਾਨ ਕਰ ਦਿੱਤਾ ਕਿ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਏ ਬਿਨਾਂ ਸੰਤ ਫ਼ਤਹਿ ਸਿੰਘ ਤੇ ਉਸ ਦੇ ਸਾਥੀਆਂ ਨੂੰ ਮਰਨ ਵਰਤ ਛੱਡ ਕੇ ਭੱਜਣ ਨਹੀਂ ਦੇਣਾ। ਆਖ਼ਰਕਾਰ ਸੜ ਮਰਨ ਦਾ ਦਿਨ ਆ ਗਿਆ। ਮਿਥਿਆ ਸਮਾਂ ਲੰਘ ਗਿਆ। ਦੁਪਹਿਰ ਦੇ ਢਾਈ ਵੱਜ ਚੁੱਕੇ ਸਨ ਕਿ ਇਕ ਹਵਾਈ ਜਹਾਜ਼ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰੋਂ ਦੀ ਲੰਘਿਆ। ਅਕਾਲੀਆਂ ਦੇ ਮੁਰਝਾਏ ਚਿਹਰੇ ਖਿੜ ਗਏ। ਹਰ ਪਾਸਿਓਂ ਸ. ਹੁਕਮ ਸਿੰਘ ਆ ਗਿਆ, ਸ. ਹੁਕਮ ਸਿੰਘ ਆ ਗਿਆ' ਦੀਆਂ ਆਵਾਜਾਂ ਆਉਣ ਲੱਗ ਪਈਆਂ। ਕੋਈ ਅੱਧੇ ਘੰਟੇ ਪਿਛੋਂ ਸ. ਹੁਕਮ ਸਿੰਘ ਆਏ ਜੋ ਉਸ ਵੇਲੇ ਲੋਕ ਸਭਾ ਦੇ ਸਪੀਕਰ ਸਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਮੰਜ਼ਲ 'ਤੇ ਚੜ੍ਹ ਗਏ ਅਤੇ ਸੰਤ ਫ਼ਤਹਿ ਸਿੰਘ ਨਾਲ ਮਿਲਣ ਉਪਰੰਤ ਅਕਾਲ ਤਖ਼ਤ ਸਾਹਿਬ 'ਤੇ ਖਲੋ ਕੇ ਕਿਹਾ ਕਿ ਭਾਰਤ ਸਰਕਾਰ ਨੇ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਦਾ ਵਿਸਤਾਰ ਮਗਰੋਂ ਦੱਸਿਆ। ਜਾਵੇਗਾ। ਇਹ ਐਲਾਨ ਹੋਣ ਦੀ ਦੇਰ ਸੀ ਕਿ ਸੰਤ ਫ਼ਤਹਿ ਸਿੰਘ ਨੇ ਜੂਸ ਦਾ ਗਿਲਾਸ ਪੀ ਕੇ ਮਰਨ ਵਰਤ ਛੱਡ ਦਿੱਤਾ। ਜਿੱਤ ਦੇ ਜੈਕਾਰੇ ਗੂੰਜਣ ਲੱਗੇ। ਸ. ਹਜ਼ਾਰਾ ਸਿੰਘ ਗਿੱਲ ਤੇ ਉਸ ਦੇ ਸਾਥੀਆਂ ਨੇ ਬਹੁਤ ਰੌਲਾ ਪਾਇਆ ਕਿ ਕੌਮ ਨਾਲ ਠੱਗੀ ਹੋਣ ਲੱਗੀ ਹੈ ਪਰ ਅਕਾਲੀਆਂ ਦੇ ਦਬਾਅ ਅੱਗੇ ਉਹ ਬਹੁਤੀ ਦੇਰ ਟਿਕ ਨਾ ਸਕੇ। ਇਸ ਮੌਕੇ ਇਹ ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਦਫ਼ਤਰ ਦੇ ਬਾਹਰ ਸਾਰਾ ਦ੍ਰਿਸ਼ ਵੇਖ ਰਿਹਾ ਸੀ। ਮੇਰੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਅਮਰ ਸਿੰਘ ਘਣੂਪੁਰ ਖੜ੍ਹੇ ਸਨ। ਉਨ੍ਹਾਂ ਨੇ ਵੀ ਇਸ ਤਰ੍ਹਾਂ ਮਰਨ ਵਰਤ ਛੱਡਣ ਦਾ ਤਿੱਖਾ ਵਿਰੋਧ ਕੀਤਾ। ਸ. ਦਰਸ਼ਨ ਸਿੰਘ ਫੇਰੂਮਾਨ ਜੀ 'ਤੇ ਅਕਾਲੀ ਆਗੂਆਂ ਵਲੋਂ ਪੰਜਾਬੀ ਸੂਬੇ ਦੀਆਂ ਮੰਗਾਂ ਸੰਬੰਧੀ ਮਰਨ ਵਰਤ ਰੱਖ ਕੇ ਬਿਨਾਂ ਠੋਸ ਪ੍ਰਾਪਤੀ ਤੋਂ ਮਰਨ ਵਰਤ ਛੱਡਣ ਅਤੇ ਆਪਣੀਆਂ ਅਰਦਾਸਾਂ ਤੋਂ ਪਿਛੇ ਹਟਣ ਦਾ ਗਹਿਰਾ ਅਸਰ ਹੋਇਆ। ਫੇਰੂਮਾਨ ਜੀ ਵਲੋਂ ਪਹਿਲੀ ਅਗਸਤ, 1969 ਨੂੰ ਰਈਆ ਵਿਖੇ ਇਕ ਕਾਨਫਰੰਸ ਰੱਖ ਕੇ ਐਲਾਨ ਕੀਤਾ ਗਿਆ ਕਿ ਉਹ 15 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਨਗੇ, ਜਿਹੜੀ ਸੰਤ ਫਤਹਿ ਸਿੰਘ ਤੇ ਉਸ ਦੇ ਸਾਥੀਆਂ ਨੇ ਕਈ ਵਾਰ ਕਾਇਰਾਂ ਵਾਂਗ ਤੋੜੀ ਹੈ ਤੇ ਇਸ ਉਪਰੰਤ ਉਹ ਮਰਨ ਵਰਤ ਸ਼ੁਰੂ ਕਰਨਗੇ। ਜਾਂ ਤਾਂ ਅਰਦਾਸ ਪੂਰੀ ਹੋਵੇਗੀ ਜਾਂ ਉਹ ਆਪ ਆਪਣੀ ਜਾਨ ਉੱਤੇ ਖੇਡ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਮਰਨ ਵਰਤ ਸ਼ੁਰੂ ਕਰਨ ਤਾਂ ਕੋਈ ਵੀ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰੇ। ਪਰ 9 ਅਗਸਤ 1969 ਨੂੰ ਇਕ ਸਾਧਾਰਨ ਜਿਹੇ ਬੰਦੇ ਗੁਰਦਿੱਤ ਸਿੰਘ ਵਲੋਂ ਬਿਆਸ ਥਾਣੇ ਵਿਚ ਲਿਖਵਾਈ ਰਪਟ ਦੇ ਆਧਾਰ 'ਤੇ ਪੁਲੀਸ ਨੇ ਉਨ੍ਹਾਂ ਵਿਰੁੱਧ ਦਫ਼ਾ 9 ਅਧੀਨ ਕੇਸ ਦਰਜ ਕਰ ਲਿਆ ਅਤੇ 12 ਅਤੇ 13 ਅਗਸਤ ਦੀ ਰਾਤ ਨੂੰ ਪੰਜਾਬ ਸਿਕਿਉਰਿਟੀ ਐਕਟ ਦੀ ਦਫ਼ਾ 9 ਅਧੀਨ ਉਨ੍ਹਾਂ ਨੂੰ ਘਰੋਂ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕਰ ਦਿੱਤਾ। ਉਨ੍ਹਾਂ 15 ਅਗਸਤ ਨੂੰ ਜੇਲ੍ਹ ਵਿਚ ਹੀ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਦਿਨੋ ਦਿਨ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਦੇ ਫੈਮਿਲੀ ਵਾਰਡ ਦੇ ਕਮਰਾ 13 ਵਿਚ ਲਿਆਂਦਾ ਗਿਆ। ਭਾਵੇਂ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਸੀ ਪਰ ਉਹ ਪੁਲੀਸ ਦੀ ਨਿਗਰਾਨੀ ਹੇਠ ਹੀ ਰਹੇ। ਕਿਸੇ ਵੀ ਆਮ ਆਦਮੀ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ । 27 ਅਕਤੂਬਰ, 1969 ਦੀ ਸ਼ਾਮ ਦੇ ਸਾਢੇ ਤਿੰਨ ਵਜੇ 74 ਦਿਨਾਂ ਦੇ ਮਰਨ ਵਰਤ ਉਪਰੰਤ ਉਨ੍ਹਾਂ ਨੇ ਅੰਤਿਮ ਸਵਾਸ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਦੀ ਵੱਡੇ ਪੰਥਕ ਕਾਰਜਾਂ ਲਈ ਸ਼ਹਾਦਤਾਂ ਦੇਣ ਤੇ ਆਪਣੀ ਅਰਦਾਸ 'ਤੇ ਦ੍ਰਿੜ ਰਹਿਣ ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ। ਉਨ੍ਹਾਂ ਨੇ ਪਹਿਲੀ ਅਗਸਤ 1969 ਨੂੰ ਇਕ ਵਸੀਹਤ ਕੀਤੀ ਸੀ ਜਿਸਦੀ ਲਿਖਤ ਅਜੇ ਵੀ ਮੌਜੂਦ ਹੈ ਅਤੇ ਉਨ੍ਹਾਂ ਦੀ ਆਵਾਜ਼ ਵਿਚ ਰਿਕਾਰਡ ਵੀ ਕੀਤੀ ਹੋਈ ਹੈ, ਜਿਸ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਵਿਦਵਾਨ ਸ. ਕਪੂਰ ਸਿੰਘ ਨੇ ਲਿਖਿਆ ਸੀ ਕਿ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਹਾਦਤ ਦਿੱਤੀ ਸੀ ਕਿ ਉਹ ਕਾਲਖ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਿਊਂਦੇ ਸੜ ਮਰਨ ਦੇ ਅਰਦਾਸੇ ਭੰਗ ਕਰਕੇ ਗੁਰੂ ਤੋਂ ਬੇਮੁੱਖ ਤੇ ਪੰਥ ਦੇ ਅਖੌਤੀ ਭਗੌੜੇ ਲੀਡਰਾਂ ਨੇ, ਪੰਥ ਦੇ ਉੱਜਲ ਮੁੱਖ ਉੱਤੇ ਮਲੀ ਹੈ, ਉਹ ਧੋਤੀ ਜਾਵੇ। ਉਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਤਾਂ ਜੋ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ ਚੰਡੀਗੜ੍ਹ ਅਤੇ ਭਾਖੜਾ ਡੈਮ ਨੂੰ ਪੰਜਾਬ ਵਿਚ ਸ਼ਾਮਿਲ ਕਰਾਉਣ ਲਈ ਕੀਤੇ ਸਨ, ਉਨ੍ਹਾਂ ਬਚਨਾਂ ਉੱਤੇ ਮੁੜ ਪਹਿਰਾ ਦੇ ਕੇ, ਉਹ ਪੂਰੇ ਕੀਤੇ ਜਾਣ। ਸ. ਫੇਰੂਮਾਨ ਦੀ ਸ਼ਹਾਦਤ ਤੋਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੁਣੇ ਗਏ। ਜਥੇਦਾਰ ਤੁੜ ਨੇ ਅਕਾਲੀ ਦਲ ਦਾ ਨਵਾਂ ਪਾਲਸੀ ਪ੍ਰੋਗਰਾਮ ਤਿਆਰ ਕਰਨ ਲਈ ਸ. ਕਪੂਰ ਸਿੰਘ ਆਈ ਸੀ ਐਸ ਦੀ ਸਰਪ੍ਰਸਤੀ ਹੇਠ ਇਕ ਸੱਤ ਮੈਂਬਰੀ ਸਬ ਕਮੇਟੀ ਬਣਾ ਦਿੱਤੀ, ਜਿਸ ਨੇ ਇਕ ਖਰੜਾ ਤਿਆਰ ਕੀਤਾ ਜੋ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂਅ ਨਾਲ ਪ੍ਰਸਿੱਧ ਹੋਇਆ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ 16-17 ਅਕਤੂਬਰ, 1973 ਨੂੰ ਸ੍ਰੀ ਅਨੰਦਪੁਰ ਸਾਹਿਬ ਇਕੱਤਰਤਾ ਵਿਚ ਪ੍ਰਵਾਨ ਕੀਤਾ ਗਿਆ,ਅਤੇ ਫਿਰ 28 ਅਗਸਤ, 1977 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਜਨਰਲ ਇਜਲਾਸ ਵਿਚ ਪ੍ਰਵਾਨ ਕੀਤਾ ਗਿਆ ਅਤੇ ਜਿਸ 'ਤੇ 28, 29 ਅਕਤੂਬਰ, 1978 ਦੀ ਲੁਧਿਆਣਾ ਵਿਚ ਹੋਈ ਅਕਾਲੀ ਕਾਨਫਰੰਸ ਨੇ ਵੀ ਮੁਹਰ ਲਾਈ ਅਤੇ 20 ਅਗਸਤ 1980 ਦੇ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਵੀ ਪ੍ਰਵਾਨ ਕੀਤਾ ਸੀ। ਸ. ਭਾਨ ਸਿੰਘ, ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਖ਼ੁਦ ਛਪਵਾਇਆ ਤੇ ਲਾਗੂ ਕਰਨ ਲਈ ਭਾਰਤ ਸਰਕਾਰ ਨੂੰ ਭੇਜਿਆ ਗਿਆ । ਕੇਂਦਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿਤਾ। ਇਸ ਨੂੰ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ। ਇਸ ਮੋਰਚੇ ਦਾ ਹਸ਼ਰ ਜੋ ਹੋਇਆ, ਉਹ ਸਭ ਦੇ ਸਾਹਮਣੇ ਹੈ। ਜੇ ਉਸ ਮਤੇ ਦੀਆਂ ਮੰਗਾਂ ਕੇਂਦਰ ਤੋਂ ਪ੍ਰਵਾਨ ਕਰਵਾਈਆਂ ਗਈਆਂ ਹੁੰਦੀਆਂ ਤਾਂ ਪੰਜਾਬ ਦੀ ਜੋ ਹਾਲਤ ਹੋਈ ਹੈ, ਉਹ ਸ਼ਾਇਦ ਨਾ ਹੁੰਦੀ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ 'ਤੇ ਗਿਆ ਹੁੰਦਾ। ਮੌਜੂਦਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਇਸ ਵਿਚਲੇ ਮੁੱਦਿਆਂ ਦਾ ਜਿਨ੍ਹਾਂ ਦਾ ਕੇਂਦਰ ਸਰਕਾਰ ਨਾਲ ਸਬੰਧ ਹੈ, ਉਨ੍ਹਾਂ ਦੀ ਨਿਸ਼ਾਨਦੇਹੀ ਕਰਵਾਏ ਤੇ ਜਿਹੜੇ ਰਾਜ ਸਰਕਾਰ ਨਾਲ ਸੰਬੰਧਿਤ ਹਨ, ਉਨ੍ਹਾਂ ਦੀ ਵੱਖਰੀ ਨਿਸ਼ਾਨਦੇਹੀ ਕਰਵਾਏ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੀਟਿੰਗ ਸੱਦ ਕੇ ਕੇਂਦਰ ਨਾਲ ਸੰਬੰਧਿਤ ਮੰਗਾਂ ਲਈ ਗੱਲਬਾਤ ਕੀਤੀ ਜਾਵੇ। ਜਿਹੜੇ ਮਸਲੇ ਪੰਜਾਬ ਸਰਕਾਰ ਨਾਲ ਸੰਬੰਧਿਤ ਹਨ, ਉਨ੍ਹਾਂ 'ਤੇ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਨੂੰ ਰਾਜ ਸਰਕਾਰ ਲਾਗੂ ਕਰੇ। ਪੰਜਾਬ ਨੂੰ ਆਨੰਦਪੁਰ ਸਾਹਿਬ ਦੇ ਮਤੇ ਦੀ ਰੌਸ਼ਨੀ ਵਿਚ ਵਧੇਰੇ ਰਾਜਨੀਤਕ ਤੇ ਆਰਥਿਕ ਅਧਿਕਾਰ ਮਿਲਣੇ ਚਾਹੀਦੇ ਹਨ ਅਤੇ ਪੰਜਾਬ ਦੇ ਕੁਦਰਤੀ ਵਸੀਲਿਆਂ 'ਤੇ ਵੀ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ।