ਸ਼੍ਰੀ ਗੁਰੁ ਰਵਿਦਾਸ ਪ੍ਰਕਾਸ਼ ਪੁਰਬ ਨਿਸਚਿੱਤ ਮਿਤੀ ਕਿਉਂ ਨਹੀਂ ?
1. ਪਰਮ ਹੰਸ, ਸੰਤ ਸ਼੍ਰੋਮਣੀ, ਜਗਤਗੁਰੂ, ਭਵਸਾਗਰ ਦੇ ਬੋਹਿੱਥ ਸੰਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ (ਆਗਮਨ ਦਿਵਸ ਜਾਂ ਜਨਮ ਦਿਹਾੜਾ) ਹਰ ਵਰੇ੍ਹ ਵੱਖ-ਵੱਖ ਮਿਤੀਆਂ ਨੂੰ ਆਉਂਦਾ ਹੈ॥ ਕਿਸੇ ਸਾਲ ਇਹ ਦਿਹਾੜਾ ਜਨਵਰੀ ਦੇ ਅਖੀਰ ਤੇ ਆਉਂਦਾ ਹੈ ਤੇ ਕਿਸੇ ਸਾਲ ਫਰਵਰੀ ਦੇ ਅੰਤਲੇ ਸਪਤਾਹ॥ ਇਹ ਅਨਿਸਚਿੱਤਾ ਬਣੀ ਹੋਣ ਕਰਕੇ ਕਦੀ ਇਹ ਦਿਵਸ ਕੜਕਵੀਂ ਠੰਡ ਵਿਚ ਮਨਾਇਆ ਜਾਂਦਾ ਹੈ ਤੇ ਕਦੀ ਗਰਮੀ ਦੇ ਆਰੰਭ ਹੋਣ ਵੇਲੇ॥ ਜਿਵੇਂ ਕਿ ਸਤਿਕਾਰਯੋਗ ਗੁੁਰੂ ਜੀ ਦਾ 639ਵਾਂ ਪ੍ਰਕਾਸ਼ ਪੁਰਬ ਮਿਤੀ 22-02-2016 ਈ: ਨੂੰ ਗਰਮੀ ਦੇ ਅਰੰਭ ਹੋਣ ਵੇਲੇ ਆਇਆ ਸੀ, ਅਗਲੇ ਸਾਲ 640ਵਾਂ ਮਿਤੀ 1-02-2017 ਈ: ਨੂੰ ਸਰਦੀ ਦੇ ਆਰੰਭ ਹੋਣ ਵੇਲੇ ਤੇ ਇਸ ਤੋਂ ਅਗਲੇ ਵਰੇ੍ਹ 641ਵਾਂ ਪੁਰਬ ਮਿਤੀ 19-02-2019 ਈ: ਨੂੰ ਗਰਮੀ ਦੇ ਸਮੇਂ ਵਿੱਚ ਆਵੇਗਾ॥ਇਹ ਚਲਦੀਆਂ ਫਿਰਦੀਆਂ ਮਿਤੀਆਂ ਇਸ ਗਲ ਦਾ ਪ੍ਰਮਾਣ ਹਨ ਕਿ ਹਰ ਤਿੱਨ ਸਾਲਾਂ ਦੀ ਇੱਕ ਤਿਕੜੀ ਦੇ ਜਨਮ ਦਿਹਾੜੇ ਵਿੱਚ ਪਰਿਵਰਤਣ ਹੁੰਦਾ ਰਹਿੰਦਾ ਹੈ॥
2. ਸਤਿਕਾਰਯੋਗ ਸੰਤ ਸਤਿਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸੰਤ ਕਰਮਦਾਸ ਜੀ ਦੇ ਇੱਕ ਪ੍ਰਸਿਧ ਸ਼ਲੋਕ ਨੂੰ ਆਧਾਰ ਬਣਾ ਕੇ ਨਿਸਚਿਤ ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ,”ਚੌਦਾਹ ਸੈ ਤੈਂਤੀਸ ਕੀ, ਮਾਘ ਸੁਧੀ ਪੰਦਰਾਸ ॥ ਦੁਖੀਉਂ ਕੇ ਕਲਿਆਣ ਹਿਤ ਪ੍ਰਗਟੇ ਸ੍ਰੀ ਰਵਿਦਾਸ’॥ ਇਹ ਮਿਤੀ ਬਿਕਰਮੀ ਸੰਮਤ ਦੀ ਮਾਾਘ ਸੁਧੀ ਸ਼ੁਕਲ ਪਕਸ਼ (ਉਜਲਾ ਜਾਂ ਚਾਨਣਾਂ ਪੱਖ) ਅਰਥਾਤ ਪੂਰਨ ਮਾਸ਼ੀ ਜੋ ਮਾਘ ਸੁਧੀ 15, ਸੰਮਤ 1433 ਬਣਦਾ ਹੈ ਜਿਸ ਨੂੰ ਵਿਦਵਾਨਾਂ ਨੇ ਈ: ਸਨ ਵਿਚ ਬਦਲ ਕੇ 25 ਜਨਵਰੀ 1377 ਨਿਸਚਿਤ ਕੀਤਾ ਹੈ ॥ਇਸ ਮਿਤੀ ਅਨੁਸਾਰ ਪੰਜਾਬ ਅਤੇ ਭਾਰਤ ਸਰਕਾਰ ਵਲੋਂ ਮਨਾਇਆ ਜਾਂਦਾ ਹੈ ॥ਭਾਂਵੇਂ ਵੱਖ ਵੱਖ ਡੇਰਿਆਂ, ਵਿਦਵਾਨਾਂ ਤੇ ਖੋਜੀਆਂ ਨੇ ਆਪਣੀ ਬੁੱੱਧੀ ਅਨੁਸਾਰ ਇਸ ਜਨਮ ਦਿਹਾੜੇ ਦੀਆਂ ਮਿਤੀਆਂ ਭਿੰਨ-ਭਿੰਨ ਵੀ ਲਿਖੀਆਂ/ ਦੱਸੀਆਂ ਹਨ ਜਿਵੇਂ ਕਿ ਡਾ. ਧਰਮਪਾਲ ਮੈਣੀ ਅਨੁਸਾਰ ਪਰਵਿਸ਼ਟਾ 3 ਸੰਮਤ 1441 ਦੇੇ ਅਨੁਸਾਰ ਮਿਤੀ ਈ: 27 ਜਨਵਰੀ ਸੰਨ 1385 ਦਿਨ ਸ਼ੁਕੱਰਵਾਰ ॥ ਗਿਆਨੀ ਬਰਕਤ ਸਿੰਘ, ਪ੍ਰੋ: ਦਰਸ਼ਨ ਸਿੰਘ, ਡਾ. ਗੋਬਿੰਦ ਤ੍ਰਿਗਨਾਤਿਤ, ਮਹਾਤਮਾ ਰਾਮਚਰਨ ਕੁਰੀਲ ਅਨੁਸਾਰ ਪਰਵਿਸ਼ਟਾ 11 ਸੰਮਤ 1471 ਅਨੁਸਾਰ ਈ: 25 ਜਨਵਰੀ ਸਨ 1415 ਅਤੇ ਡਾ. ਬੇਣੀ ਪ੍ਰਸ਼ਾਦ ਸ਼ਰਮਾ ਅਨੁਸਾਰ 27 ਪਰਵਿਸ਼ਟਾ ਸੰਮਤ 145556 ਦਿਨ ਬੁੱਧਵਾਰ॥ਏਥੇ ਇਸ ਗਲ ਦਾ ਵਰਨਣ ਕਰਨਾ ਜ਼ਰੂਰੀ ਹੈ ਕਿ ਇੱਥੇ 19 ਵਿਦਵਾਨਾ ਵਿਚੋਂ 15 ਵਿਦਵਾਨਾ ਨੇ ਗੁਰੂੁ ਜੀ ਦਾ ਜਨਮ ਦਿਹਾੜਾ ਸੰਨ ਈ: ਦੇ ਜਨਵਰੀ ਮਹੀਨਾ ਦਸਿਆ ਹੈ ਭਾਵੇਂ ਮਿਤੀ ਤੇ ਸੰਨ ਵੱਖ-ਵੱਖ ਲਿਖੇ ਹਨ ਅਤੇ ਦਿਨ ਵਾਰ ਵੀ ਵੱਖ ਵੱਖ ਹਨ॥ ਪਰ ਵਰਤਮਾਨ ਵਿੱਚ ਏਸੇ ਮਿਤੀ 25-01-1377 ਈ: ਨੂੰ ਬਹੁਤੇ ਵਿਦਵਾਨਾ ਤੇ ਸ਼ਰਧਾਲੂਾਂ ਵਲੋਂ ਮਾਨਤਾ ਮਿਲੀ ਹੋਈ ਹੈ ਤੇ ਹਰ ਵਰ੍ਹੇ ਏਸੇ ਮਿਤੀ ਨੂੰ ਆਧਾਰ ਮਨ ਕੇ ਸ਼੍ਰੀ ਸੰਤ ਗੁਰੁ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਨਿਸਚਿਤ ਕੀਤਾ ਹੈ॥ਇਸ ਮਿਤੀ ਬਾਰੇ ਡਾ. ਲੇਖਰਾਜ ਪਰਵਾਨਾ ਆਪਣੀ ਪੁੱਸਤਕ,’ ਗੁਰੁ ਰਵਿਦਾਸ ਜੀਵਨ ਅਤੇ ਕਿਰਤਾਂ,’ ਦੇ ਪੰਨਾ 440 ਤੇ ਵਰਨਣ ਕਰਦੇ ਹਨ,” ਏਸੇ ਵਿਚਾਰਧਾਰਾ ਦੇ ਦ੍ਰਿਸ਼ਟੀਗਤ ਸ਼੍ਰੀ ਪ੍ਰਥਵੀ ਸਿੰਘ ਆਜ਼ਾਦ ਨੇ ਗੁਰੂ ਰਵਿਦਾਸ ਜੀ ਦਾ ਜਨਮ ਮਾਾਘ ਪੂਰਨਮਾ ਸੰਮਤ 1433( 1376 ਏ ਡੀ) ਦਿਨ ਐਤਵਾਰ ਮਨਿਆ ਹੈ॥ਜੋਤਿਸ਼ ਦੇ ਹਿਸਾਬ ਨਾਲ ਅਤੇ ਕਾਨੂੰ ਪਿਲੇ ਦੇ ਨਿਯਮ ਅਨੁਸਾਰ ਅਤੇ ਭਾਰਤੀ ਪੰਚਾਂਗ ਅਨੁਸਾਰ ਇਹੁ ਮਿਤੀ ਨਿਸਚਿਤ ਹੁੰਦੀ ਸਿੱਧ ਕੀਤੀ ਗਈ ਹੈ॥ ਅਜੇਹੇ ਹੀ ਵਿਚਾਰ ਡਾ. ਜਸਬੀਰ ਸਿੰਘ ਸਾਬਰ ਆਪਣੀ ਪੁਸਤਕ,” ਪਾਵਨ ਗਾਥਾ ਸ਼੍ਰੀ ਗੁਰੂ ਰਵਿਦਾਸ ਜੀ “ ਦੇ ਪੰਨਾ 26 ਤੇ ਪ੍ਰਗਟ ਕਰਦੇ ਹਨ॥ “ਮਦਰਾਸ ਸਰਕਾਰ ਵਲੋਂ 1922 ਵਿੱਚ ਛਾਪੇ ਸੁਆਮੀ ਕਨੂੰ ਪਿਲੇ ਦੇ ਕੈਲੰਡਰ ਅਨੁਸਾਰ ਇਸ ਦਿਨ 25 ਜਨਵਰੀ, 1377 ਈ: ਦਿਨ ਐਤਵਾਰ ਅਤੇ ਬਹੁਲਾ ਪਕਸ਼ ਸੀ॥ ਏਸ ਦਿਨ ਪੂਰਨਮਾਸ਼ੀ ਵੀ ਹੈ ਅਤੇ ਸਾਕਾ ਸੰਮਤ 1299 ਅਤੇ ਮੇਸ਼ਾ ਸੰਕਰਾਂਤ ਵੀ ਹੈੇ”॥ ਲੇਖਕ ਨੇ ਅਗੇ ਨਿਚੋੜ ਕੱਢ ਕੇ ਲਿਖਿਆ ਹੈ ਕਿ ਮਾਘ ਦੀ ਪੁੰਨਿਆ ਦਿਨ ਐਤਵਾਰ 1433 ਬਿ: ਸੰਮਤ ਈ: ਸਨ 1376-1377 ਸੀ॥ ਇਸ ਮੱਤ ਦੀ ਪੁਸ਼ਟੀ ਕਰਨ ਵਾਲੇ 14 ਵਿਦਵਾਨ ਅਤੇ ਸੰਸਥਾਵਾਂ ਹਨ”॥ ਭਾਵ ਬਹੁਤਾਤ ਪਰ ਫਿਰ ਵੀ ਦਾਸ ਦੀ ਬੇਨਤੀ ਹੈ ਕਿ ਸਮੁੱਚਾ ਸਮਾਜ ਇਕ ਮਿਤੀ ਮਿੱਥ ਕੇ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਕ੍ਰਿਪਾਲਤਾ ਕਰਨ ਜੀ॥
3. ਸਤਿਕਾਰਯੋਗ ਸੰਤ ਗੁਰੁ ਰਵਿਦਾਸ ਜੀ ਦੇ ਜਨਮ ਦਿਹਾੜੇ ਬਾਰੇ ਇਹ ਧਾਰਣਾ ਬਣੀ ਹੋਈ ਹੈ ਕਿ ਉਹਨਾਂ ਦਾ ਜਨਮ ਦਿਨ ਐਤਵਾਰ ਤੇ ਪੂਰਨਮਾਸ਼ੀ ਨੂੰ ਹੋਇਆ ਸੀ॥ ਇਹਨਾਂ ਵਿਚਾਰਵਾਨਾਂ ਨੇ ਕਨੂੰ ਪਿਲੇ ਦੇ 1922 ਵਾਲੇ ਕਲੰਡਰ ਨੂੰ ਮਾਨਤਾ ਦੇ ਕੇ ਮਿਤੀ 25-01-1376 ਜਾਂ 77 ਨੂੰ ਦਿਨ ਐਤਵਾਰ ਮੰਨਿਆ ਹੈ॥ ਪਰ ਮੈਂ ਗਣਿਤ ਦੇ ਕਲੰਡਰ ਦੇ ਤਰੀਕੇ ਨਾਲ ਪ੍ਰਸ਼ਨ ਹੇਠ ਲ਼ਿਖੀ ਵਿਧੀ ਨਾਲ ਹੱਲ ਕੀਤਾ ਹੈ ॥ ਇਸ ਦੁਆਰਾ ਮਿਤੀ 25-01-1378 ਈ: ਨੂੰ ਐਤਵਾਰ ਆਂਉਂਦਾ ਹੈ ॥ ਪੂਰਨਮਾਸ਼ੀ ਜਾਨਣਾ ਕਠਿਨ ਹੈ॥ ਈਸਵੀ ਸੰਨ 700 ਤੋਂ ਪਹਿਲਾਂ ਸਾਲ ਦੇ 10 ਮਹੀਨੇ ਹੁੰਦੇ ਸਨ ਤੇ ਪਹਿਲਾ ਮਹੀਨਾ ਮਾਰਚ ਹੁੰਦਾ ਸੀ ॥ ਇਸ ਮਗਰੋਂ ਸੁਧਾਰ ਕਰਕੇ ਜਨਵਰੀ ਅਤੇ ਫਰਵਰੀ ਮਹੀਨੇ ਜੋੜ ਕੇ ਸਾਲ ਨੂੰ 12 ਮਹੀਨੇ ਦਾ ਕੀਤਾ ਗਿਆ॥ ਸਾਲ ਨੂੰ ਚੰਦਰ ਵਰੇ੍ਹ ਦੀ ਥਾਂ ਸੂਰਜੀ ਵਰਾ੍ਹ ਮਿਥਿਆ ਗਿਆ॥ 1582 ਈ: ਵਿਚ ਗ੍ਰੈਗੋਰੀ ਪੋਪ 13ਵੇਂ ਨੇ ਸਾਲ ਨੂੰ 365.2422 ਦਿਨ ਦਾ ਦਸਿਆ ਗਿਆ॥ਮਹੀਨਿਆਂ ਦੇ ਦਿਨ ਨਿਸ਼ਚਿਤ ਕੀਤੇ ਗਏ॥ ਸਾਲ ਲਗਭਗ 365 ਦਿਨ 6 ਘੰਟੇ ਦਾ ਮਨਿਆ ਗਿਆ ਤੇ ਹਰ ਚੌਥਾ ਸਾਲ ਲੀਪ ਦਾ ਸਾਲ ਮੰਨ ਕੇ ਫਰਵਰੀ ਦਾ ਮਹੀਨਾ 28 ਦਿਨਾਂ ਤੋਂ 29 ਦਿਨਾਂ ਦਾ ਕਰਕੇ ਸਾਲ 366 ਦਿਨਾਂ ਦਾ ਬਣਾ ਦਿਤਾ ਗਿਆ॥ ਸਾਲ ਨੂੰ ਤਕਨੀਕੀ ਆਧਾਰ ਤੇ ਮਿਤੀ ਦੇ ਕੇ ਸਮੇਂ ਨੂੰ ਸਾਲ, ਮਹੀਨੇ, ਦਿਨ, ਘੰਟੇ, ਮਿੰਟ ਤੇ ਸੈਕਿੰਡ ਦੇ ਕੇ ਇਕ ਥਾਂ ਤੇ ਨੀਯਤ ਕਰ ਦਿਤਾ ਗਿਆ ਜਿਸ ਨੂੰ ਕਲੰਡਰ ਦਾ ਨਾਮ ਦਿਤਾ ਗਿਆ, ਜਿਸ ਨਾਲ ਸਾਲ ਦੇ ਕਿਸੇ ਦਿਨ ਨੂੰ ਕੀ ਵਾਰ ਸੀ ਜਾਨਣਾ ਬਹੁਤ ਹੀ ਸੌਖਾ ਹੋ ਗਿਆ॥ ਜਿਵੇਂ ਮਿਤੀ 01-01-1001 ਨੂੰ ਵੀਰਵਾਰ ਸੀ ਤੇ 01-01-2100 ਨੂੰ ਸ਼ੁਕਰਵਾਰ ਹੋਵੇਗਾ॥
4. ਗਣਿਤ ਅਨੁਸਾਰ ਕੈਂਲੰਡਰ ਦੀ ਵਿਧੀ ਨਾਲ ਵਾਰ ਕੱਢਣਾ॥ ਮੰਨ ਲਓ ਮਿਤੀ 31-01-2018, 2000 ਸਾਲਾਂ ਵਿੱਚ ਵਾਧੂ ਦਿਨ = 000 (400 ਤੇ ਵੰਡ ਹੋਣ ਵਾਲੀ ਸਦੀ ਦਾ ਕੋਈ ਵਾਧੁ ਦਿਨ ਨਹੀਂ) 000 “ “ “ “ = 000 (100 ਸਾਲ ਦੇ 5 ਦਿਨ ਵਧਦੇ ਹਨ ਏਥੇ ਕੋਈ ਸੈਂਕੜਾ ਨਹੀਂ) 17 ‘ ‘ ਲੀਪ ਦੇ ਸਾਲਾਂ ਦੇ ਵਾਧੂ ਦਿਨ = 4 ( 17/4=4 ਬਾਕੀ 1 ਬਾਕੀ ਛੱਡ ਦਿਉ ਉੱਤਰ ਰੱਖੋ) 17 ‘ ‘ ਸਾਲਾਂ ਵਿੱਚ ਬਣਦੇ ਵਾਧੂ ਦਿਨ = 3 (17 ਜਾਂ 17/7=2 ਬਾਕੀ 3= ਵਾਧੂ ਦਿਨ॥ 2018 ਜਨਵਰੀ ਦੇ ਵਾਧੂ ਦਿਨ = 3 (31 ਜਾਂ 7 ਨਾਲ ਭਾਗ ਕਰਕੇ 3)
ਕੁੱਲ ਜੁੜ = 10 ( 7 ਤੇ ਭਾਗ ਕਰਕੇ ਬਾਕੀ 3 =ਉੱਤਰ ਬੁੱਧਵਾਰ ॥
ਦਿਨਾਂ ਦਾ ਕੋਡ ਜੋੜ ਨੂੰ 7 ਨਾਲ ਭਾਗ ਕੀਤਿਆਂ 0 ਆਵੇ ਤਾਂ ਐਤਵਾਰ, 1 ਆਵੇ ਤਾਂ ਸੋਮਵਾਰ, 6 ਆਵੇ ਤਾਂ ਸ਼ਨਿੱਚਰਵਾਰ॥ ਇਸ ਵਿਧੀ ਨਾਲ ਈ: ਸੰਨ ਦੇ ਕਿਸੇ ਵੀ ਸਾਲ ਦੀ ਮਿਤੀ ਦੇ ਦਿਨ-ਵਾਰ ਨੂੰ ਜਾਣਿਆ ਜਾ ਸਕਦਾ ਹੈ ਜਿਵੇਂ 19-01- 2019 ਨੂੰ ਸਨਿਚਰਵਾਰ, 01-01-2020 ਨੂੰ ਬੁੱਧਵਾਰ, 01-01-2200 ਨੂੰ ਵੀ ਬੁੱਧਵਾਰ ਆ ਜਾਂਦਾ ਹੈ॥
5. ਪਰ, ਸੰਤ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਹਰ ਸਾਲ 25 ਜਨਵਰੀ, 1377 ਅਨੁਸਾਰ ਸੌਰ ਵਰਸ਼ (ਸੂਰਜੀ ਸਾਲ) ਅਨੁਸਾਰ ਨਾਂ ਮਨਾਂ ਕੇ ਚੰਦਰਵਰਸ਼ ( ਚੰਦ ਦਾ ਸਾਲ) ਮਾਘ ਸੁਦੀ ਪੰਦਰਾਸ ਸੰਮਤ 1433 ਬਿਕਰਮੀ ਅਨੁਸਾਰ ਮਨਾਇਆ ਜਾਂਦਾ ਹੈ॥ ਏਸੇ ਕਰਕੇ ਗੁਰੂ ਜੀ ਦਾ ਜਨਮ ਦਿਹਾੜਾ ਹਰ ਸਾਲ ਅਦਲ ਬਦਲ ਮਿਤੀਆਂ ਨੂੰ ਆਂਉਂਦਾ ਹੈ ॥ਇਹ ਚੱਕਰ ਕਿਉਂ ਚਲਦਾ ਹੈ ਕਿਉਂਕਿ ਸੂਰਜੀ ਵਰੇ੍ਹ ਅਤੇ ਚੰਦਰ ਵਰੇ੍ਹ ਵਿੱਚ ਸਮੇਂ ਦਾ ਅੰਤਰ ਪਾਇਆ ਜਾਂਦਾ ਹੈ॥ ਵੇਖੋ ਨਿਮਨ ਸਾਰਣੀ;-
ਵਰਸ਼ ਦਾ ਨਾਮ =ਦਿਨ ਘੰਟੇ ਮਿੰਟ ਸੈਕਿੰਡ
ਸੂਰਜੀ ਵਰਸ਼ =365 05 45 46
ਚੰਦਰ ਵਰਸ਼ =354 08 46 36
ਦੋਹਾਂ ਦਾ ਅੰਤਰ = 10 20 59 36 ( ਲਗਭਗ 10 ਦਿਨ 21 ਘੰਟੇ)
ਇਸ ਸੂਰਜ ਦੀ ਗਤੀ ਅਤੇ ਚੰਨ ਦੀ ਗਤੀ ਨਾਲ ਮਿਥੇ ਸਮੇੇਂ ਅਨੁਸਾਰ ਪਲਿਾਂ ਚੰਨ ਦੀਆਂ ਗਤੀਆਂ ਅਨੁਸਾਰ 15 ਮਾਘ ਪੂਰਨਮਾਸ਼ੀ ਦਾ ਦਿਨ ਕੱਢਿਆ ਜਾਂਦਾ ਹੈ ਫਿਰ ਉਸ ਨੂੰ ਸੂਰਜੀ ਵਰੇ੍ਹ ਅਨੁਸਾਰ ਨਿਸਚਿਤ ਕੀਤਾ ਜਾਂਦਾ ਹੈ॥ ਦੋਹਾਂ ਵਰਿਆਂ ਵਿੱਚ 10 ਦਿਨ 21 ਘੰਟੇ ਦਾ ਅੰਤਰ ਹੋਣ ਕਰਕੇ ਈਸਵੀ ਸੂਰਜੀ ਸੰਨ (ਸਾਲ) ਦੀ ਮਿਤੀ ਬਦਲਦੀ ਰੰਿਹੰਦੀ ਹੈ॥ ਜਿਥੇ ਸੂਰਜ ਦੇ ਸਾਲ ਦੇ 12 ਮਹੀਨੇਂ ਬੀਤਦੇ ਹਨ ਉਥੇ ਚੰਦ ਦੇ ਵਰੇ੍ਹ ਦੇ 12 ਮਹੀਨੇ 10 ਦਿਨ 21 ਘੰਟੇ ਬਣਦੇ ਹਨ॥ ਇਹਨਾਂ ਦੋਹਾਂ ਵਰਿਆਂ ਨੂੰ ਸਮਾਨਤਾ ਦੇਣ ਲਈ ਹਰ ਤੀਜੇ ਸਾਲ ਇਕ ਚੰਦਰ ਮਹੀਨਾ ਵੱਧ ਜਾਂਦਾ ਹੈ॥ ਭਾਵ ਚੰਨ ਦਾ ਹਰ ਤੀਜਾ ਸਾਲ 13 ਮਹੀਨਿਆਂ ਦਾ ਹੋ ਜਾਂਦਾ ਹੈ॥ ਇਸ ਤਰਾਂ 15 ਮਾਘ ਪੂਰਨਮਾਸ਼ੀ ਅੱਗੇ ਚਲ਼ਿਆ ਜਾਂਦਾ ਹੈ ਤੇ ਸੂਰਜੀ ਮਹੀਨਾ ਪਹਿਲਾਂ ਆ ਜਾਣ ਕਰਕੇ 15 ਮਾਘ ਦੀ ਜਨਮ ਮਿਤੀ ਪਹਿਲਾਂ ਆ ਜਾਂਦੀ ਹੈ॥ਫਿਰ ਦੂਜੇ ਸਾਲ ਅੱਗੇ ਵਧਦੀ ਹੈ ਫਿਰ ਤੀਜੇ ਸਾਲ ਪਿਛੇ ਚਲੀ ਜਾਂਦੀ ਹੈ॥ ਏਹੋ ਕਾਰਨ ਹੈ ਕਿ ਸੰਤ ਸ਼੍ਰੀ ਗੁਰੁ ਰਵਿਦਾਸ ਜੀ ਦੇ ਸੂਰਜੀ ਵਰੇ੍ਹ ਦੇ ਜਨਮ ਦਿਹਾੜੇ ਵਿੱਚ ਸਥਿਰਤਾ ਨਹੀਂ ਰਹਿੰਦੀ ਜੋ ਇਕ ਘਾਟ ਹੈ॥ ਭੁੱਲ ਭਲਈਆਂ ਹੈ ਤੇ ਸੇਵਕਾਂ ਲਈ ਜਨਮ ਮਿਤੀ ਯਾਦ ਰੱਖਣ ਦੀ ਇਕ ਕਠਿਨਾਈ॥
6. ਇਹ ਜਾਨਣਾ ਹੋਵੇ ਕਿ ਸੰਤ ਸਤਿਗੁਰੂ ਰਵਿਦਾਸ ਜੀ ਦਾ ਪਾਵਨ ਜਨਮ ਪੁਰਬ ਕਿਹੜੇ ਵਰੇ੍ਹ ਕਿਸ ਮਿਤੀ ਨੂੰ ਆਵੇਗਾ ਇਸ ਦਾ ਪਤਾ ਸਾਨੂੰ ਜੰਤਰੀਆਂ, ਡਾਇਰੀਆਂ, ਕੈਲੰਡਡਰਾਂ ਤੋਂ ਖੋਜਣਾ ਪੈਂਦਾ ਹੈ ॥ ਇਹ ਇਕ ਕਠਨ, ਸ਼ਰਮਿੰਦਗੀ ਵਾਲਾ, ਮੱਥਾ ਮਾਰ ਕਾਰਜ ਹੈ॥ ਸਾਨੂੰ ਦੂਜਿਆਂ ਤੇ ਨਿਭਰ ਹੋਣਾ ਪੈਂਦਾ ਹੈ ॥ ਜੇ ਕਰ ਅਸੀਂ ਸਤਿਗੁਰ ਜੀ ਦਾ ਜਨਮ ਦਿਹਾੜਾ ਪਿਛਕੇ ਬੀਤੇੇ ਸਾਲਾਂ ਵਿੱਚ ਲੱਭਣਾ ਹੋਵੇ ਤਾਂ ਅਸੀਂਂ ਪੂਰਨ ਰੂਪ ਵਿੱਚ ਹਨੇਰੇ ਵਿੱਚ ਗੁੰਮ ਹੋ ਜਾਂਦੇ ਹਾਂ, ਭਟਕਦੇ ਰਹਿ ਜਾਂਦੇ ਹਾਂ ਤਾਂ ਵੀ ਸਾਨੂੰ ਪਤਾ ਨਹੀਂ ਲਗ ਸਕਦਾ॥ ਇਹਨਾਂ ਦਿਨਾਂ ਦਾ ਵੇਰਵਾ ਜਾਨਣ ਲਈ ਸਾਨੰੁ ਜੰਤਰੀਆਂ ਦਾ ਦਾਸ ਹੋਣਾ ਪੈਂਦਾ ਹੈ॥ ਜੋ ਅਨਪੜ ਹੋਵੇਗਾ ਉਹ ਕੀ ਕਰੇਗਾ॥ ਇਸ ਲਈ ਸਾਨੂੰ ਆਪਣੇ ਸਤਿਕਾਰਯੋਗ ਗੁਰੂੁ ਰਵਿਦਾਸ ਜੀ ਦਾ ਪਾਵਨ ਜਨਮ ਦਿਹਾੜਾ ਇਕ ਨਿਸਚਿਤ/ਸਥਿੱਰ ਮਿਤੀ ਨੂੰ ਨਿਰਧਾਰਿਤ ਕਰਨਾਂ ਚਾਹੀਦਾ ਹੈ॥ ਤਾਂ ਜੋ ਅਸੀਂ ਸੌਖਿਆਂ ਹੀ ਲਭ ਸਕੀਏ ਕਿ ਬੀਤੇ ਪਿਛਲੇ ਵਰਿਆਂ ਵਿੱਚ ਇਹ ਦਿਹਾੜਾ ਕਦੋਂ ਮਨਾਇਆ ਸੀ॥ਉਸ ਦਿਨ ਅਸੀਂ ਕਿਥੇ ਸੀ, ਉਸ ਦਿਹਾੜੇ ਅਸੀਂ ਹੋਰ ਕੋਈ ਕਿਹੜਾ ਕਾਰਜ ਕੀਤਾ, ਉਸ ਵਰੇ੍ਹ ਅਸੀਂ ਕਿਸ ਕਿਸ ਨੂੰ ਮਿਲੇ॥ ਇਹ ਅਮੁਲੀ ਯਾਦ ਸਾਡੀ ਯਾਦ ਸ਼ਕਤੀ ਵਿੱਚ ਕਿਸੇ ਵਿਸ਼ੇਸ਼ ਉਦਮ ਤੋਂ ਬਿਨਾ ਹੀ ਬਣੀ ਰਹੇਗੀ॥ ਉਹ ਦਿਹਾੜਾ ਮਿਠੀ ਯਾਦ ਬਣਿਆ ਰਹੇਗਾ॥ ਏਸੇ ਪ੍ਰਕਾਰ ਅਸੀਂ ਇਹ ਜਾਨਣਾ ਹੋਵੇ ਕਿ ਸਗਿੁਰੂ ਜੀ ਦਾ ਆਉਣ ਵਾਲੇ ਸਮੇਂ ਵਿੱਚ ਪਾਵਨ ਦਿਹਾੜਾ ਕਦੋਂ ਆਉਂਣਾ ਹੈ॥ਇਹ ਸਾਡੀ ਬੁੱਧੀ ਜਾਂ ਦਿਮਾਗ ਦੇ ਪਟਲ ਤੇ ਪਹਿਲਾਂ ਹੀ ਲਿਖਿਆ ਹੋਇਆ ਮਿਲੇਗਾ ਤੇ ਅਸੀਂ ਝੱਟ ਆਪਣੀ ਭਵਿਖ ਦੀ ਕਾਰਜ ਪ੍ਰਣਾਲੀ ਘੜ੍ਹ ਲਵਾਂਗੇ॥ਕਿਸ ਕਿਸ ਨੂੰ ਮਿਲਣਾ, ਕਿਥੇ ਕਿਥੇ ਜਾਣਾ ਨਿਸਚਿਤ ਹੋ ਜਾਵੇਗਾ॥ ਆਪਣੇ ਜਾਣ ਵਾਸਤੇ ਕਦੋਂ ਛੁੱਟੀ ਲਈ ਬੇਨਤੀ ਪੱਤਰ ਦੇਣਾ ਹੈ॥ ਅਸੀਂ ਪ੍ਰਦੇਸ਼ ਤੋਂ ਆਪਣੇ ਦੇਸ਼ ਕਦੋਂ ਜਾਣਾ ਹੈ॥ ਭਵਿਖ ਦੇ ਕਾਰਜ ਲਈ ਵਿਉਂਤਬੰਦੀ ਸਾਡੇ ਦਿਮਾਗ਼ ਦੇ ਪਟਲ ਤੇ ਕੁੱਝ ਸੈਕਿੰਟਾਂ ਵਿੱਚ ਹੀ ਸਥਾਈ ਰੂਪ ਵਿੱਚ ਉੱਕਰ ਜਾਵੇਗੀ॥ ਪਾਠਕੋ ! ਥੋੜਾ ਜਿਹਾ ਸੋਚ ਕੇ ਦਸੋ ਕੀ ਇਹ ਸਰਲ ਪ੍ਰਾਪਤੀ ਸਾਨੂੰ ਹਰ ਵਰੇ੍ਹ ਅਨਿਸਚਿਤ ਮਿਤੀਆਂ ਮਨਾਉਣ ਨਾਲ ਪ੍ਰਾਪਤ ਹੋਵੇਗੀ ? ਜੇ ਨਹੀਂ !!! ਤਾਂ ਆਓ ਅਸੀਂ ਆਪਣੇ ਪੂਜਣ ਯੋਗ ਗੁਰੁ ਸੰਤ ਸਤਿਗੁਰੂ ਰਵਿਦਾਸ ਜੀ ਦਾ ਪਾਵਨ ਜਨਮ ਦਿਹਾੜਾ ਮਨਾਉਂਣ ਦੀ ਪਾਵਨ ਮਿਤੀ ਨੂੰ ਹਰ ਵਰੇ੍ਹ ਲਈ ਨਿਸਚਿਤ ਕਰਕੇ ਮਨਾਈਏ ॥ ਏਹੋ ਨਿਸਚਿਤ ਮਿਤੀਆਂ ਸਰਵਸ਼੍ਰੀ ਸੰਤ ਗੁਰੁ, ਕਬੀਰ ਜੀ ,ਨਾਮਦੇਵ ਜੀ, ਅਤੇ ਹੋਰ ਸੰਤਾਂ ਗੁਰੂਆਂ ਪ੍ਰਤੀ ਵੀ ਮਿਥੀਆਂ ਜਾਣ ਤਾਂ ਜੋ ਸਮਾਜ ਵਿੱਚ ਸ਼ਾਂਤੀ ਅਤੇ ਏਕਤਾ ਦਾ ਵਾਤਾ ਵਰਣ ਬਣ ਸਕੇ॥
7. ਅਸੀਂ ਆਪਣੇ ਗੁਰੁ ਸੰਤ ਗੁਰੁ ਰਵਿਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਈ: ਸਨ ਅਨੁਸਾਰ ਗੁਰੁ ਮਹਾਰਾਜ ਜੀ ਦੀ ਨਾਮ ਲੇਵਾ ਸੰਗਤ ਦੇ ਚਰਨਾਂ ਵਿੱਚ ਕਿਉਂ ਰਖ ਰਹੇ ਹਾਂ ॥ ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਆਪਣਾਂ ਹਰ ਇਕ ਕਾਰਜ , ਜਨਮ ਦਿਹਾੜੇ ,ਇਤਹਿਾਸ ਦੀਆਂ ਘਟਨਾਂਵਾਂ ਦੀਆਂ ਮਿਤੀਆਂ , ਰਾਜਨੇਤਾਵਾਂ ਦੀਆਂ ਜਨਮ-ਮਰਨ ਮਿਤੀਆਂ ,ਭਾਰਤ ਦਾ ਗਣਤੰਤੱਰ ਤੇ ਸਵਤੰਤਰ ਦਿਵਸ ਅਤੇ ਹੋੁਰ ਸਾਰੇ ਸੰਸਾਰ ਦੇ ਦੇਸ਼ ਆਪਣੇ ਆਪਣੇ ਦੇਸ਼ ਦੀਆਂ ਘਟਨਾਂਵਾਂ ਏਸੇ ਈਸਵੀ ਸਨ ਦੀਆਂ ਮਿਤੀਆਂ ਨਿਸਚਿਤ ਕਰਕੇ ਮਨਾਉਂਦੇ ਹਨ॥ਅਸੀਂ ਕਿਉਂ ਨਹੀਂ ? ਇਸ ਸਮੱਸਿਆ ਦੇ ਹਲ ਲਈ ਕਿਸੇ ਜਨਮ ਮਿਤੀ ਜਾਂ ਘਟਨਾਂ ਨੂੰ ਸੌਰ ਵਰ੍ਹੇ ( ਸੂਰਜੀ ਸਾਲ) ਅਨੂਸਾਰ ਮਨਾਉਣਾ ਹੀ ਉਚਿਤ, ਢੁੱਕਵਾਂ ਤੇ ਸਹੀ ਹੈ’॥
8. ਸ਼੍ਰੀ ਗੁਰੁ ਗੋਬਿੰਦਸਿੰਘ ਜੀ ਦਾ ਜਨਮ ਪੁਰਬ ਮਨਾਉਂਣਾ ਵੀ ਚਰਚਾ ਵਿੱਚ ਹੈ॥ ਇਹ ਦਿਹਾੜਾ ਪੋਹ ਸੁਦੀ 7 ਨੂੰ ਮਨਾਇਆ ਜਾਂਦਾ ਹੈ॥ ਇਹ ਮਿਤੀ ਈ: ਸਨ ਵਿੱਚ ਕਦੀ ਦੋ ਵਾਰੀ ਆ ਜਾਂਦੀ ਹੈ, ਕਦੀ ਸਾਲ ਵਿੱਚ ਆਉਂਦੀ ਹੀ ਨਹੀਂ ॥ ਜਿਵੇਂ ਕਿ ਸਨ 2015, ਜਨਮ ਦਿਨ ਆਇਆ ਹੀ ਨਹੀਂ ॥ ਸਨ 2016, 16 ਜਨਵਰੀ, 384 ਦਿਨਾਂ ਬਾਅਦ॥ ਸਨ 2017, 5 ਜਨਵਰੀ, ਅਤੇ 25 ਦਸੰਬਰ, 354 ਅਤੇ 354 ਦਿਨਾਂ ਬਾਅਦ, ਸਾਲ ਵਿੱਚ ਦੋ ਵਾਰੀ॥ ਸਨ 2018, ਜਨਮ ਦਿਨ ਆਇਆ ਹੀ ਨਹੀਂ ॥ ਭਾਵੇਂ ਧਾਰਮਿਕ ਆਗੁਆਂ 25, ਦਸੰਬਰ 2017 ਮਿਤੀ ਨੀਯਤ ਕੀਤੀ ਸੀ ਪਰ ਸੰਗਤ ਨੇ ਦਿਹਾੜਾ 5, ਜਨਵਰੀ 2018 ਨੂੰ ਮਨਾਇਆ॥ ਭਾਈਚਾਰਾ ਵੰਡਿਆ ਗਿਆ॥ ਅਜੇਹੀਆਂ ਕਠਿਨਾਈਆਂ ਨੂੰ ਦੂਰ ਕਰਨ ਦਾ ਇਕੋ ਇਕ ਉਪਰਾਲਾ ਆਪਣੇ ਪੁਰਬਾਂ ਨੂੰ ਈ: ਸਨ ਅਨੁਸਾਰ ਇਕ ਨਿਸਚਿਤ ਮਿਤੀ ਨੂੰ ਹਰ ਸਾਲ ਨੀਯਮ ਨਾਲ ਮਨਾਈਏ॥ (18-01-2018)
ਸੇਵਕ :- ਰਾਮਧਨ ਨਾਂਗਲੂ , ਭੋਗਪੁਰ (ਜਲੰਧਰ )
ਮੋਬਾਇਲ:- 9815485844
ਹਫਤਾਵਾਰ ‘ਰਵਿਦਾਸ ਪੱਤ੍ਰਕਾ’ ਜਲੰਧਰ (ਸੰਪਾਦਿਕ ਮੰਗੂ ਰਾਮ ਜਸਪਾਲ)