ਸ੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ਦਾ ਰੰਗ
ਹਰ ਕੌਮ, ਹਰ ਧਰਮ ਨੇ ਆਪੋ-ਆਪਣਾ ਰੰਗ ਮੁਕੱਰਰ ਕੀਤਾ ਹੋਇਆ ਹੈ। ਇਸ ਨਾਲ ਉਸ ਕੌਮ ਵਿਚ ਏਕੇ ਦੀ ਭਾਵਨਾ ਪ੍ਰਫੁਲਤ ਹੁੰਦੀ ਹੈ।ਉਸ ਦੀ ਆਪਣੀ ਵੱਖਰੀ ਪਹਿਚਾਨ ਹੁੰਦੀ ਹੈ। ਉਸ ਦੀ ਸ਼ਾਨ ਵਿਚ ਵਾਧਾ ਹੁੰਦਾ ਹੈ। ਸੰਘਰਸ਼ ਦੌਰਾਨ ਕੌਮੀ ਝੰਡੇ ਦਾ ਰੰਗ ਕੌਮ ਨੂੰ ਤਾਕਤਵਰ ਅਤੇ ਜੂਝਾਰੂ ਬਣਾਉਂਦਾ ਹੈ ਅਤੇ ਉਸ ਵਿਚ ਜਿੱਤਣ ਦਾ ਜੋਸ਼ ਪੈਦਾ ਕਰਦਾ ਹੈ।ਉਸ ਦੇ ਲੋਕ ਆਪਣੇ ਝੰਡੇ ਅਤੇ ਉਸ ਦੇ ਰੰਗ ਉਤੇ ਗੌਰਵ ਮਹਿਸੂਸ ਕਰਦੇ ਹਨ। ਉਹ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ ਜਿਥੇ ਵੀ ਉਨ੍ਹਾਂ ਨੂੰ ਆਪਣੀ ਕੌਮ ਦਾ ਝੰਡਾ ਦਿਖਾਈ ਦਿੰਦਾ ਹੈ ਤਾਂ ਉਸ ਦੇ ਮਨ ਵਿਚ ਅਪਣੱਤ ਮਹਿਸੂਸ ਹੁੰਦੀ ਹੈ। ਆਪਣੇ ਘਰ ਤੋਂ ਦੂਰ ਹੋ ਕੇ ਵੀ ਉਨ੍ਹਾਂ ਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਕਿਉਂ ਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਸਮਾਜ ਦੇ ਲੋਕ ਇਥੇ ਵਸਦੇ ਹਨ ਲੋੜ ਪੈਣ ਤੇ ਉਹ ਉਨ੍ਹਾਂ ਦੀ ਮਦਦ ਲੈ ਸਕਦਾ ਹੈ। ਪ੍ਰੰਤੂ ਇਕ ਗੱਲ ਸਮਝ ਨਹੀਂ ਆਉਂਦੀ ਕਿ ਆਦਿ ਸਮਾਜ/ਰਵਿਦਾਸੀਆ ਸਮਾਜ ਦੇ ਲੋਕ ਆਪਣੀ ਕੌਮ, ਧਰਮ ਦੇ ਰੰਗ ਪ੍ਰਤੀ ਇਨੇ ਅਵੇਸਲੇ ਕਿਉਂ ਹਨ।ਇਸ ਸਮਾਜ ਦੇ ਧਾਰਮਿਕ ਅਸਥਾਨਾ ਉਤੇ ਕਈ ਤਰਾਂ ਦੇ ਨਿਸ਼ਾਨ ਸਾਹਿਬ ਝੂਲਦੇ ਹਨ।ਕਈ ਰੰਗਾ ਦੇ ਸਿਰੋਪਾਉ ਅਤੇ ਪਟਕੇ ਵਰਤੇੇ ਜਾਂਦੇ ਹਨ।ਇਤਿਹਾਸ ਵਿਚ ਦਰਜ਼ ਹੈ ਕਿ 1925 ਈ: ਵਿਚ ਗਦਰੀਬਾਬਾ ਮੰਗੂਰਾਮ ਮੁਗੋਵਾਲੀਆ ਦੀ ਆਦਿ ਧਰਮ ਲਹਿਰ ਦੇ ਵੇਲੇ ਤੋਂ ਮਜੀਠ ਰੰਗ ਪ੍ਰਚੱਲਿਤ ਹੋ ਗਿਆ ਸੀ।ਉਸ ਵੇਲੇ ਇਸ ਨੂੰ ਗੇਰੂ ਜਾਂ ਲਾਲ ਰੰਗ ਵੀ ਕਿਹਾ ਜਾਂਦਾ ਸੀ। ਇਸ ਲਹਿਰ ਨਾਲ ਜੁੜੇ ਕਿਸੇ ਕਵੀ ਦੀਆਂ ਇਹ ਸਤਰਾਂ “ਰੰਗਾ ਲੈ ਲਾਲ ਪਗੜਾ ਹੋ ਜਾ ਹੁਣ ਤਗੜਾ” ਹਰ ਸ਼ੂਦਰ ਦੀ ਜ਼ੁਬਾਨ ਤੇ ਸੀ। ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਬਚਨ “ਜੈਸਾ ਰੰਗ ਕਸੁੰਭ ਕਾ, ਤੈਸਾ ਇਹ ਸੰਸਾਰ॥ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ॥” ਨੂੰ ਮੁੱਖ ਰੱਖ ਕੇ ਇਹ ਰੰਗ ਤੈਅ ਕੀਤਾ ਹੋਇਆ ਹੈ।ਕਿਉਂਕਿ ਗੁਰੂ ਜੀ ਨੇ ਇਨ੍ਹਾਂ ਪਾਵਨ ਬਚਨਾ ਵਿਚ ਮਜੀਠ ਦੇ ਰੰਗ ਨੂੰ ਪ੍ਰਮਾਤਮਾ ਦਾ ਰੰਗ ਪ੍ਰਵਾਨ ਕੀਤਾ ਹੈ।ਭਾਵ ਕਿ ਸੰਸਾਰ ਦਾ ਰੰਗ ਕੁਸੰਭੇ ਦੇ ਰੰਗ ਵਾਂਗ ਕੱਚਾ ਰੰਗ ਹੈ ਪ੍ਰੰਤੂ ਮੇਰੇ ਰਮਈਏ ਦਾ ਰੰਗ ਮਜੀਠ ਵਰਗਾ, ਸਦੀਵੀ ਰਹਿਣ ਵਾਲਾ ਪੱਕਾ ਰੰਗ ਹੈ।ਸਾਡੇ ਸਮਾਜ ਦੇ ਬਹੁਤ ਸਾਰੇ ਧਾਰਮਿਕ ਅਸਥਾਨਾ, ਡੇਰਿਆਂ ਵਿਚ ਇਹ ਰੰਗ ਪ੍ਰਚੱਲਿਤ ਹੈ। ਸੋ ਭਾਈ ਜੇਕਰ ਅਸੀਂ ਆਪਣੇ ਧਰਮ,ਕੌਮ, ਅਤੇ ਸਮਾਜ ਵਿਚ ਏਕਾ ਪੈਦਾ ਕਰਨਾ ਹੈ, ਇਸ ਦੀ ਹੋਂਦ ਨੂੰ ਬਚਾਉਣਾ, ਅਤੇ ਆਪਣੇ ਖੋਹੇ ਹੋਏ ਹੱਕ ਹਾਸਲ ਕਰਨੇ ਹਨ, ਦੁਨੀਆਂ ਵਿਚ ਆਪਣੀ ਹੋਂਦ ਸਥਾਪਿਤ ਕਰਨੀ ਹੈ, ਆਪਣੀ ਇਜਤ ਅਤੇ ਮਾਨ ਸਨਮਾਨ ਹਾਸਲ ਕਰਨਾ ਹੈ ਤਾਂ ਸਾਨੂੰ ਆਪਣੇ ਕੌਮੀ ਰੰਗ ਮਜੀਠ (ਗੂੜਾ ਲਾਲ ਜਾਂ ਲਾਖਾ) ਪ੍ਰਤੀ ਰੱਖੇ ਅਵੇਸਲੇਪਨ ਨੂੰ ਤਿਆਗਣਾ ਹੋਵੇਗਾ।
ਸੇਵਕ :- ਚਰਨਜੀਤ ਸਿੰਘ ਬਿਨਪਾਲਕੇ
ਮੋਬਾਇਲ :- 9872242944
ਪਿੰਡ ਤੇ ਡਾਕਖਾਨਾ :- ਬਿਨਪਾਲਕੇ, ਜ਼ਿਲ੍ਹਾ ਜਲੰਧਰ