ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿ.ਦੇ ਪ੍ਰਧਾਨ ਨਾਂਗਲੂ ਅਕਾਲ ਚਲਾਣਾ ਕਰ ਗਏ
ਦੇਸ਼ਾਂ ਵਿਦੇਸ਼ਾਂ ਵਿੱਚ ਬੇਗਮਪੁਰੇ ਦੇ ਫਲਸਫੇ ਦੇ ਪ੍ਰਚਾਰ ਲਈ ਯਤਨਸ਼ੀਲ ਪ੍ਰਮੁੱਖ ਸੰਸਥਾ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿ. ਬਿਨਪਾਲਕੇ ਦੇ ਪ੍ਰਧਾਨ ਮਾਸਟਰ ਰਾਮਧਨ ਨਾਂਗਲੂ (80 ਸਾਲ) ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਦਿਲ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਸੰਸਕਾਰ 25-05-20 ਨੂੰ ਨਵੀਂ ਅਬਾਦੀ ਭੋਗਪੁਰ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਰਾਜ ਕੁਮਾਰ ਨੇ ਦਿੱਤੀ। ਮਾਸਟਰ ਰਾਮਧਨ ਨਾਂਗਲੂ ਦਾ ਜਨਮ ਜੰਗਪੁਰ ਚਕ ਨੰਬਰ 212 ਲਾਇਲਪੁਰ, ਪਾਕਿਸਤਾਨ ਵਿਖੇ 1940 ਈਸਵੀ ਨੂੰ ਹੋਇਆ। ਪਿਤਾ ਦਾ ਨਾਮ ਸ੍ਰੀ ਰੱਖਾ ਰਾਮ ਅਤੇ ਮਾਤਾ ਦਾ ਨਾਮ ਸ੍ਰੀਮਤੀ ਈਸਰੀ ਸੀ। ਉਨ੍ਹਾਂ ਦੀ ਸ਼ਾਦੀ ਸ੍ਰੀਮਤੀ ਨਿਰਮਲਾ ਜੀ ਨਾਲ ਹੋਈ ਅਤੇ ਉਨ੍ਹਾਂ ਦੇ ਦੋ ਸਪੁੱਤਰ ਰਾਜ ਕੁਮਾਰ ਤੇ ਰਾਕੇਸ਼ ਕੁਮਾਰ ਅਤੇ ਸਪੁੱਤਰੀਆਂ ਪੁਸ਼ਪ ਲਤਾ ਅਤੇ ਊਸ਼ਾ ਕਿਰਨ ਹਨ। ਉਹ ਆਪਣੇ ਪਿੱਛੇ ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ ਦੀ ਹੱਸਦੀ ਖੇਡਦੀ ਫੁਲਵਾੜੀ ਛੱਡ ਕੇ ਗਏ ਹਨ।
ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 60 ਸਾਲ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਫਲਸਫੇ ਨੂੰ ਪ੍ਰਚਾਰਨ ਹਿੱਤ ਲਗਾਏ। ਇਸ ਦੀ ਆਰੰਭਤਾ ਉਨ੍ਹਾਂ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਆਦਿ ਧਰਮ ਮੰਡਲ ਵਿੱਚ ਸ਼ਾਮਿਲ ਹੋ ਕੇ ਕੀਤੀ ਅਤੇ ਉਨ੍ਹਾਂ ਨੇ ਆਦਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਉਹ ਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਸਨ। ਉਨ੍ਹਾਂ ਨੇ ਮਹਾਨ ਸੰਤ ਗਰੀਬ ਦਾਸ ਜੀ ਨੂੰ ਆਪਣੇ ਨਿੱਜ ਗੁਰੂ ਬਣਾ ਕੇ ਉਨ੍ਹਾਂ ਦੀ ਚਰਨ ਪਾਹੁਲ ਪ੍ਰਾਪਤ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਲਗਭਗ 200 ਸ਼ਬਦਾਂ ਦੀ ਵਿਆਖਿਆ ਕੀਤੀ। ਕੌਮੀ ਅਖ਼ਬਾਰ ਰਵਿਦਾਸ ਪੱਤਰਕਾ ਅਤੇ ਕੌਮੀ ਉਡਾਰੀਆਂ ਵਿੱਚ ਉਨ੍ਹਾਂ ਦੀ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਅਤੇ ਹੋਰ ਅਨੇਕਾਂ ਆਰਟੀਕਲ ਲਗਾਤਾਰ ਛਪਦੇ ਰਹੇ। ਸੰਸਥਾ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਟ੍ਰੈਕਟਾਂ ਦੇ ਉਹ ਮੁੱਖ ਸੰਪਾਦਕ ਸਨ ਅਤੇ ਹਰੇਕ ਟ੍ਰੈਕਟ ਵਿੱਚ ਉਨ੍ਹਾਂ ਦੇ ਆਰਟੀਕਲ ਪ੍ਰਕਾਸ਼ਿਤ ਹੁੰਦੇ ਸਨ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉੜਦੂ ਦੇ ਚੰਗੇ ਵਿਦਵਾਨ ਸਨ।
ਅਜ ਕੱਲ੍ਹ ਉਨ੍ਹਾਂ ਦੇ ਲੇਖ ਬੇਗਮਪੁਰਾ ਸ਼ਹਿਰ ਪੱਤ੍ਰਕਾ, ਦੇਸ਼ ਦੁਆਬਾ, ਸੱਚ ਦਾ ਸੂਰਜ ਮੈਗਜ਼ੀਨ ਅਤੇ ਹੋਰ ਅਨੇਕਾਂ ਅਖ਼ਬਾਰਾਂ ਕਿਤਾਬਾਂ ਵਿੱਚ ਛਪਦੇ ਹਨ। ਉਨ੍ਹਾਂ ਦੁਆਰਾ ਸ੍ਰੀ ਗੁਰੂ ਰਵਿਦਾਸ ਬਾਣੀ ਦੇ ਗੁਟਕਾ ਸਾਹਿਬ ਵਿਆਖਿਆ ਸਾਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਛਪ ਚੁੱਕੇ ਹਨ। ਉਹ ਸ੍ਰੀ ਗੁਰੂ ਰਵਿਦਾਸ ਸਾਹਿਬ ਸੰਸਥਾ ਰਜਿ. ਦੇ ਮੀਤ ਪ੍ਰਧਾਨ ਸਨ ਅਤੇ ਉਹ ਪਿਛਲੇ 10 ਸਾਲ ਤੋਂ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿ.ਦੇ ਪ੍ਰਧਾਨ ਦੀ ਸੇਵਾ ਕਰਕੇ ਸੰਸਥਾ ਨੂੰ ਉੱਚੇ ਮੁਕਾਮ ਤੇ ਪਹੁੰਚਾਇਆ।ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਨਵੀਂ ਅਬਾਦੀ ਭੋਗਪੁਰ ਵਿੱਚ ਉਨ੍ਹਾਂ ਨੇ ਕਈ ਸਾਲ ਜਨਰਲ ਸਕੱਤਰ ਦੀ ਸੇਵਾ ਨਿਭਾਈ।ਓਹ ਭੋਗਪੁਰ ਬਲਾਕ ਦੀ ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਸਭਾ ਦੇ ਬਾਨੀ ਸਨ। ਉਨ੍ਹਾਂ ਨੇ ਕਈ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਟੀਚਰ ਵਜੋਂ ਨਿਭਾਈ ਅਤੇ 1998 ਵਿੱਚ ਉਹ ਸੈਂਟਰ ਹੈੱਡ ਟੀਚਰ ਦੇ ਅਹੁਦੇ ਤੋਂ ਰਿਟਾਇਰਡ ਹੋਏ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਸ੍ਰੀ ਗੁਰੂ ਰਵਿਦਾਸ ਭਵਨ ਨਵੀਂ ਆਬਾਦੀ ਭੋਗਪੁਰ ਜਿਲ੍ਹਾ ਜਲੰਧਰ ਵਿਖੇ ਮਿਤੀ 31-05-2020 ਨੂੰ ਠੀਕ 12:00 ਵਜੇ ਹੋਵੇਗੀ।