ਵਿਸ਼ਾ - ਸੂਚੀ
Toggleਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਕਿਸ ਤਰ੍ਹਾਂ ਮਨਾਈਏ ?
ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਕਿਸ ਤਰ੍ਹਾਂ ਮਨਾਈਏ ?
(ਆਉ ਇਸ ਸਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਕੇ ਇੱਕ ਸਾਂਝੀ ਰਾਏ ਬਣਾਈਏ। ਭਾਗ–1)
ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੜੀ ਹੀ ਪਿਆਰ ਸਤਿਕਾਰ ਅਤੇ ਸ਼ਰਧਾ ਪੂਰਵਕ ਮਨਾਉਣਾ ਚਾਹੀਦਾ ਹੈ। ਇਸ ਮਹਾਨ ਅਤੇ ਪਵਿੱਤਰ ਅਵਸਰ ਮੌਕੇ ਸਾਰੀ ਸੰਸਥਾਵਾਂ ਅਤੇ ਸੰਗਤਾਂ ਨੂੰ ਇੱਕ ਸਾਂਝੇ ਪਲੇਟਫਾਰਮ ਫਾਰਮ ਦੇ ਮਾਧਿਅਮ ਤੋਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ। ਇਸ ਸਬੰਧੀ ਕੀਤੀ ਜਾਣ ਵਾਲੇ ਕਾਰਜਾਂ ਦੀ ਇੱਕ ਲਿਸਟ ਬਣਾਈ ਜਾਵੇ ਅਤੇ ਉਸ ਲਿਸਟ ਵਿੱਚ ਦਰਜ ਕੀਤੀ ਜਿਹੜੇ ਕਾਰਜ ਕਿਸੇ ਇੱਕ ਸੰਸਥਾ ਵੱਲੋਂ ਹੋ ਸਕਦੇ ਹੋਣ ਉਸ ਦੀ ਜਿੰਮੇਵਾਰੀ ਕਿਸੇ ਇੱਕ ਸੰਸਥਾ ਨੂੰ ਦਿੱਤੀ ਜਾਵੇ ਅਤੇ ਉਹ ਸੰਸਥਾ ਹੋਰ ਕੋਈ ਕਾਰਜ ਨਾ ਕਰੇ ਆਪਣਾ ਪੂਰਾ ਧਿਆਨ ਇਸ ਦਿੱਤੇ ਹੋਏ ਕਾਰਜ ਉੱਤੇ ਕੇਂਦਰਿਤ ਕਰਕੇ ਇਸ ਕਾਰਜ ਨੂੰ ਪੂਰੀ ਸੰਜੀਦਗੀ ਨਾਲ ਨਿਭਾਵੇ। ਇਹ ਪ੍ਰਕਾਸ਼ ਦਿਹਾੜਾ ਪ੍ਰਚਲਤ ਹੋ ਚੁੱਕੀਆਂ ਪਰੰਪਰਾਵਾਂ ਤੋਂ ਹਟ ਕੇ ਸਤਿਗੁਰੂ ਰਵਿਦਾਸ ਜੀ ਦੇ ਬਾਣੀ ਅਤੇ ਵਿਚਾਰਧਾਰਾ ਉਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਮੁੱਖ ਧੁਰਾ ਹੈ– ਸਾਂਝੀਵਾਲਤਾ, ਸਮਾਨਤਾ, ਸੁਤੰਤਰਤਾ, ਸਿੱਖਿਆ ਭਾਵ ਗਿਆਨਵਾਨ ਹੋਣਾ, ਨਿਰਭਉ ਅਤੇ ਨਿਰਵੈਰ ਰਹਿਣਾ, ਦੂਸਰਿਆਂ ਦੀ ਸੇਵਾ ਕਰਨਾ, ਇਕੱਠੇ ਹੋਣਾ, ਸੰਘਰਸ਼ ਕਰਨਾ, ਜੁਲਮ ਵਿਰੁੱਧ ਖੜਨਾ, ਸੱਚ ਤੇ ਦ੍ਰਿੜ ਰਹਿਣਾ, ਵਹਿਮਾ ਭਰਮਾ, ਅੰਧ ਵਿਸ਼ਵਾਸਾਂ ਅਤੇ ਪਖੰਡਾਂ ਨੂੰ ਨਕਾਰਨਾ, ਨਿੰਦਿਆ, ਚੁਗਲੀ, ਬੇਈਮਾਨੀ ਅਤੇ ਠੱਗੀ ਤੂੰ ਨਿਰਲੇਪ ਰਹਿਣਾ। ਆਪਣੇ ਫਰਜਾਂ ਅਤੇ ਅਧਿਕਾਰਾਂ ਦੀ ਪਹਿਰਾ ਦਿੰਦੇ ਹੋਏ ਜੀਉ ਅਤੇ ਜੀਉਣ ਦਿਉ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ ਆਪਣਾ ਅਤੇ ਦੂਸਰਿਆਂ ਦਾ ਜੀਵਨ ਸੁਖਮਈ ਬਣਾਉਣਾ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੀਦਾ ਹੈ।
650 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸਮਾਂ
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼, ਆਗਮਨ, ਜਨਮ, ਮਾਘ ਦੀ ਪੂਰਨਮਾਸ਼ੀ ਸੰਮਤ 1433 ਬਿਕ੍ਰਮੀ ਅਨੁਸਾਰ ਅੰਗਰੇਜ਼ੀ ਕੈਲੰਡਰ ਦੀ ਤਾਰੀਖ 25 ਜਨਵਰੀ 1377 ਈਸਵੀ ਨੂੰ ਪ੍ਰਕਾਸ਼ ਦਿਹਾੜਾ ਬਣਦਾ ਹੈ। ਇਸ ਮੁਤਾਬਕ ਮਾਘ ਦੀ ਪੁੰਨਿਆ ਦੇ ਦਿਨ 20 ਫਰਵਰੀ 2027 ਦਿਨ ਸ਼ਨੀਵਾਰ ਨੂੰ 650 ਸਾਲਾ ਪ੍ਰਕਾਸ਼ ਦਿਹਾੜਾ ਆਉਂਦਾ ਹੈ। ਕਿਉਂਕਿ ਇਹ ਦਿਨ ਗੁਰੂ ਜੀ ਦੇ ਸ਼ਤਾਬਦੀ ਪ੍ਰਕਾਸ਼ ਦਿਹਾੜਿਆਂ ਦਾ ਬਹੁਤ ਮਹੱਤਵਪੂਰਨ ਦਿਨ ਹੈ ਇਸ ਕਰਕੇ ਇਹ ਸਾਨੂੰ ਪੂਰਾ ਸਾਲ ਮਨਾਉਣਾ ਚਾਹੀਦਾ ਹੈ ਜੋ ਗੁਰੂ ਰਵਿਦਾਸ ਜੀ ਦੀ ਪ੍ਰਕਾਸ਼ ਪੁਰਬ ਮਿਤੀ 01 ਫਰਵਰੀ 2026 ਤੋਂ ਆਰੰਭ ਹੋ ਕੇ ਅਗਲੇ ਪ੍ਰਕਾਸ਼ ਪੁਰਬ 20 ਫਰਵਰੀ 2027 ਤੱਕ ਬੜੇ ਹੀ ਸੁਚੱਜੇ ਤਰੀਕੇ ਦੇ ਨਾਲ ਗੁਰੂ ਰਵਿਦਾਸ ਜੀ ਦੇ ਫਲਸਫੇ ਨੂੰ ਮੁੱਖ ਰੱਖਦਿਆਂ ਮਨਾਇਆ ਜਾਵੇ। ਡੇਰਾ ਸੱਚਖੰਡ ਬੱਲਾਂ ਵੱਲੋਂ 650 ਸਾਲ ਸ਼ਤਾਬਦੀ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਵੀ ਕੀਤੀ ਗਈ ਹੈ। ਹੋਰ ਸੰਸਥਾਵਾਂ ਵੱਲੋਂ ਵੀ ਗੁਰੂ ਸਾਹਿਬ ਦੇ ਸ਼ਤਾਬਦੀ ਪ੍ਰਕਾਸ਼ ਪੁਰਬ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ ਕਿ ਫਰਵਰੀ 2027 ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੇ ਪੰਜ ਸਾਲ ਪੂਰੇ ਹੋ ਰਹੇ ਹਨ ਅਤੇ ਇਨਾਂ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ। 20 ਫਰਵਰੀ 2027 ਗੁਰੂ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਇਸ ਚੋਣਾਂ ਦੀਆਂ ਤਰੀਕਾਂ ਵਿੱਚ ਰਲ-ਗੱਡ ਨਾਂ ਹੋਵੇ ਇਸ ਕਰਕੇ ਭਾਰਤ ਦੇ ਚੋਣ ਕਮਿਸ਼ਨ ਨੂੰ ਅਗਾਂਊ ਸੂਚਿਤ ਕਰ ਦੇਣਾ ਚਾਹੀਦਾ ਹੈ।
650 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰਚਾਰ ਆਪਣੇ ਭਾਸ਼ਨਾਂ, ਗੀਤਾ, ਕਵਿਤਾਵਾਂ, ਆਡੀਓਜ, ਵੀਡੀਓਜ, ਲੇਖਾ, ਫਲੈਕਸਾਂ, ਬੈਨਰਾਂ, ਕਿਤਾਬਾਂ, ਪੰਫਲਿਟਾਂ ਵਿਚ ਇਸ ਦਿਹਾੜੇ ਨੂੰ 650ਵੀਂ ਸ਼ਤਾਬਦੀ ਨਹੀ ਲਿਖਿਆ ਜਾ ਸਕਦਾ। ਇਹ ਸਾਢੇ ਛੇਵੀਂ ਸ਼ਤਾਬਦੀ ਬਣਦੀ ਹੈ ਭਾਵ 6-1/2 ਜਾਂ Six in half ਸ਼ਤਾਬਦੀ। ਇਸ ਨੂੰ 650 ਸਾਲਾ ਸ਼ਤਾਬਦੀ ਪ੍ਰਕਾਸ਼ ਦਿਹਾੜਾ ਕਿਹਾ ਜਾ ਸਕਦਾ ਹੈ। ਇਸ ਨੂੰ 650 ਸਾਲਾ ਪ੍ਰਕਾਸ਼ ਦਿਹਾੜਾ ਜਾਂ 650 ਸਾਲਾ ਆਗਮਨ ਪੁਰਬ ਜਾਂ 650 ਸਾਲਾ ਪ੍ਰਕਾਸ਼ ਪੁਰਬ ਵੀ ਕਿਹਾ ਜਾ ਸਕਦਾ ਹੈ।
650 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਕੁਝ ਵਿਸ਼ੇਸ਼ ਵਿਚਾਰਕ ਸਿਧਾਂਤ ਨੂੰ ਅਪਣਾਇਆ ਜਾਵੇ — ਇਨ੍ਹਾਂ ਸਮਾਗਮਾਂ ਵਿੱਚ ਪ੍ਰਚਾਰ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਨੂੰ ਗੁਰੂ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਵੇ। ਜੈਕਾਰਾ ਲਗਾਉਣ ਵੇਲੇ — ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ — ਬੁਲਾਇਆ ਜਾਵੇ। ਬੋਲਾ– ਜੈ ਗੁਰੂਦੇਵ ਧੰਨ ਗੁਰੂਦੇਵ ਬੁਲਾਇਆ ਜਾਵੇ। ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਸ਼ਬਦ
“ਜੈਸਾ ਰੰਗੁ ਕਸੁੰਭ ਕਾ, ਤੈਸਾ ਇਹੁ ਸੰਸਾਰੁ ॥
ਮੇਰੇ ਰਮਈਏ ਰੰਗੁ ਮਜੀਠ ਕਾ,
ਕਹੁ ਰਵਿਦਾਸ ਚਮਾਰ ॥
ਨੂੰ ਮੁੱਖ ਰੱਖਦਿਆਂ ਨਿਸ਼ਾਨ ਸਾਹਿਬ ਦੇ ਕੱਪੜੇ ਦਾ ਰੰਗ, ਸਿਰੋਪਾਉ ਦਾ ਰੰਗ, ਪੱਗਾਂ ਅਤੇ ਚੁੰਨਰੀਆਂ ਦਾ ਰੰਗ ਮਜੀਠ ਹੋਵੇ ਸਿਰ ਤੇ ਬੰਨੇ ਜਾਣ ਵਾਲੇ ਪਟਕਿਆਂ ਦਾ ਰੰਗ ਮਜੀਠ ਹੋਵੇ। ਬੈਨਰਾ ਉੱਪਰ ਲਿਖੇ ਜਾਣ ਵਾਲੀ ਲਿਖਾਈ ਨੂੰ ਰੰਗ ਮਜੀਠ ਵਿੱਚ ਵੱਧ ਲਿਖਿਆ ਜਾਵੇ। ਪ੍ਰਚਾਰ ਦੇ ਸਾਰੇ ਕੰਮਾਂ ਵਿੱਚ ਮਜੀਠ ਰੰਗ ਨੂੰ ਤਰਜੀਹ ਦਿੱਤੀ ਜਾਵੇ।
ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਤਰੀਕਾ :–
- ਸਭ ਤੋਂ ਪਹਿਲਾਂ ਇਸ ਪ੍ਰਕਾਸ਼ ਦਿਹਾੜੇ ਦਾ ਲੌਗੋ ਸਾਂਝੀ ਰਾਏ ਬਣਾ ਕੇ ਤਿਆਰ ਕੀਤਾ ਜਾਵੇ ਇਹ ਲੌਗੋ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਬਣਾਇਆ ਜਾਵੇ ਅਤੇ ਸ਼ਤਾਬਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ਿਤ ਲਿਟਰੇਚਰ, ਟ੍ਰੈਕਟ, ਪੰਫਲਿਟ, ਸੱਦਾ ਪੱਤਰ, ਬੈਨਰ, ਡਿਜੀਟਲ ਮੀਡੀਆ ਉੱਤੇ ਇਸ ਲੌਗੋ ਨੂੰ ਲਗਾਇਆ ਜਾਵੇ।
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰੂਪ (ਫੋਟੋ) ਦੀਆਂ ਕੌਮ ਵੱਲੋਂ ਪਰਵਾਨਿਤ ਕੀਤੀਆਂ ਤਸਵੀਰਾਂ ਵਾਰੇ ਗੁਰੂ ਰਵਿਦਾਸ ਪ੍ਰੇਮੀਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਸ਼ਤਾਬਦੀ ਸਮਾਗਮਾਂ ਲਈ ਕੇਵਲ ਇਨ੍ਹਾਂ ਤਸਵੀਰਾਂ ਨੂੰ ਹੀ ਪ੍ਰਕਾਸ਼ਿਤ ਕੀਤਾ ਜਾਵੇ।
- ਗੁਰੂ ਰਵਿਦਾਸ ਜੀ ਦੀਆਂ ਐਨੀਮੇਸ਼ਨ ਫਿਲਮਾਂ ਜਾਂ ਸੀਰੀਅਲ ਬਣਾਉਣ ਜਾਂ ਦਿਖਾਉਣ ਤੋਂ ਗੁਰੇਜ ਕੀਤਾ ਜਾਵੇ।
- ਦਸ ਵਿਦਵਾਨਾਂ ਦੀ ਟੀਮ ਬਣਾਈ ਜਾਵੇ ਜਿਹੜੀ ਸ਼ਤਾਬਦੀ ਪ੍ਰਕਾਸ਼ ਦਿਹਾੜਿਆਂ ਮੌਕੇ ਪ੍ਰਕਾਸ਼ਿਤ ਹੋਣ ਵਾਲੀਆਂ ਕਿਤਾਬਾਂ, ਪੰਫਲੇਟ, ਬੈਨਰ ਦੀ ਜਾਂਚ ਕਰੇ ਕਿ ਕਿਤੇ ਇਹ ਗੁਰੂ ਰਵਿਦਾਸ ਜੀ ਦੇ ਫਲਸਫੇ ਦੇ ਵਿਰੋਧ ਵਿੱਚ ਤਾਂ ਨਹੀਂ ਹੈ। ਲੋੜ ਪੈਣ ਤੇ ਜ਼ਰੂਰੀ ਤਬਦੀਲੀਆਂ ਕਰੇ ਅਤੇ ਸਹੀ ਹੋਣ ਤੇ ਛਾਪਣ ਦੀ ਪ੍ਰਵਾਨਗੀ ਦੇਵੇ, ਤਾਂ ਜੋ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਅਨੁਕੂਲ ਲਿਟਰੇਚਰ ਹੀ ਸੰਗਤਾਂ ਤੱਕ ਪਹੁੰਚੇ। 650 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਤਾਂ ਪ੍ਰਚਾਰ ਕੀਤਾ ਹੀ ਜਾਣਾ ਹੈ ਅਤੇ ਇਸ ਦੇ ਨਾਲ ਹੀ ਭਾਰਤ ਦੀਆਂ ਦੂਸਰੀਆਂ ਭਾਸ਼ਾਵਾਂ ਜਿਵੇਂ ਤੇਲਗੂ, ਮਰਾਠੀ, ਕੰਨੜ, ਗੁਜਰਾਤੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਗੁਰੂ ਰਵਿਦਾਸ ਜੀ ਦੀ ਬਾਣੀ, ਵਿਚਾਰਧਾਰਾ ਅਤੇ ਜੀਵਨ ਇਤਿਹਾਸ ਦਾ ਪ੍ਰਚਾਰ ਕੀਤਾ ਜਾਵੇ। ਭਾਰਤ ਤੋਂ ਇਲਾਵਾ ਦੁਨੀਆਂ ਦੇ ਬਾਕੀ ਦੇਸ਼ਾਂ ਵਿੱਚ ਰਹਿੰਦੇ ਗੁਰੂ ਰਵਿਦਾਸ ਪ੍ਰੇਮੀਆਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਵੀ ਗੁਰੂ ਜੀ ਦੀ ਬਾਣੀ, ਵਿਚਾਰਧਾਰਾ ਅਤੇ ਜੀਵਨ ਇਤਿਹਾਸ ਦਾ ਲਿਟਰੇਚਰ ਛਪਵਾ ਕੇ ਵੰਡਣਾਂ ਚਾਹੀਦਾ ਹੈ। ਭਾਰਤ ਦੀਆਂ ਦੂਸਰੀਆਂ ਭਾਸ਼ਾਵਾਂ ਜਾਂ ਵਿਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਛਪਣ ਵਾਲਾ ਲਿਟਰੇਚਰ ਵੀ ਉਪਰੋਕਤ ਨਿਯੁਕਤ ਕੀਤੀ ਦਸ ਮੈਂਬਰੀ ਕਮੇਟੀ ਦੀ ਪ੍ਰਵਾਨਗੀ ਦੁਆਰਾ ਪ੍ਰਕਾਸ਼ਿਤ ਹੋਵੇ ਤਾਂ ਕਿ ਗੁਰੂ ਜੀ ਦੀ ਬਾਣੀ ਅਤੇ ਫਲਸਫੇ ਸਬੰਧੀ ਕੋਈ ਘਾਟ ਨਾ ਰਹੇ ਅਤੇ ਨਾਂ ਹੀ ਕੋਈ ਗਲਤ ਜਾਣਕਾਰੀ ਪ੍ਰਕਾਸ਼ਿਤ ਹੋਵੇ। ਇਸ ਸਬੰਧੀ ਗੂਗਲ ਟਰਾਂਸਲੇਟਰ ਦੇ ਮਾਹਰ ਵਿਦਵਾਨਾਂ ਦੀ ਰਾਏ ਲਈ ਜਾ ਸਕਦੀ ਹੈ।
- ਸਾਰੀਆਂ ਸਭਾਵਾਂ ਪ੍ਰਚਾਰ ਲਈ ਅੱਗੇ ਆਉਣ :– ਸਮੁੱਚੇ ਸੰਸਾਰ ਦੀਆਂ ਸ੍ਰੀ ਗੁਰੂ ਰਵਿਦਾਸ, ਭਗਵਾਨ ਮਹਾਰਿਸ਼ੀ ਵਾਲਮੀਕੀ, ਸਤਿਗੁਰੂ ਕਬੀਰ, ਸਤਿਗੁਰੂ ਨਾਮਦੇਵ ਅਤੇ ਡਾਕਟਰ ਅੰਬੇਡਕਰ ਸਭਾਵਾਂ 650 ਸਾਲਾ ਪ੍ਰਚਾਰ ਸਮਾਗਮਾਂ ਲਈ ਅੱਗੇ ਆ ਕੇ ਵੱਧ ਤੋਂ ਵੱਧ ਯੋਗਦਾਨ ਪਾਉਣ। ਅਜਿਹੀਆਂ ਯੋਜਨਾਵਾਂ ਨੂੰ ਸਾਂਝੇ ਰੂਪ ਵਿੱਚ ਪ੍ਰਵਾਨ ਕਰਕੇ ਹਰ ਸੰਸਥਾ ਘੱਟ ਘੱਟ ਇਕ ਯੋਜਨਾ ਨੂੰ ਅਪਣਾ ਕੇ ਉਸੇ ਤਰੀਕੇ ਦੇ ਨਾਲ ਪ੍ਰਚਾਰ ਕਰਨ। ਭਾਰਤ ਦੇ ਜਿਨ੍ਹਾਂ ਪ੍ਰਦੇਸਾਂ ਵਿੱਚ ਪ੍ਰਚਾਰ ਦੀ ਬਹੁਤ ਘਾਟ ਹੈ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਪ੍ਰਚਾਰਕ ਉੱਥੇ ਭੇਜ ਕੇ ਪ੍ਰਚਾਰ ਕਰਨਾ ਚਾਹੀਦਾ ਹੈ।
- ਪ੍ਰਚਾਰ ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਜਾਣ — ਪੰਜਾਬ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਚਾਰ ਦੀਆਂ ਜ਼ਰੂਰਤਾਂ ਅਤੇ ਯੋਜਨਾਵਾਂ ਨੂੰ ਮੁੱਖ ਰੱਖਦਿਆਂ ਪ੍ਰਚਾਰ ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਜਾਣ ਜਿੱਥੇ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਅਤੇ ਉਨਾਂ ਦੇ ਮੈਂਬਰ ਆ ਕੇ ਟ੍ਰੇਨਿੰਗ ਲੈਣ ਅਤੇ ਵੱਖ ਵੱਖ ਇਲਾਕਿਆਂ ਵਿੱਚ ਪ੍ਰਚਾਰ ਕਰਨ ਲਈ ਜਾਣ। ਭਾਰਤ ਦੇ ਬਾਕੀ ਰਾਜਾਂ ਵਿੱਚ ਪ੍ਰਚਾਰ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ।
- ਪ੍ਰਚਾਰ ਕਰਨ ਵਾਲੀਆਂ ਪ੍ਰਚਾਰ ਵੈਨਾਂ ਤਿਆਰ ਕਰਕੇ ਵੱਖ ਵੱਖ ਇਲਾਕਿਆਂ ਵਿੱਚ ਗੁਰੂ ਜੀ ਦੇ ਫਲਸਫੇ ਦਾ ਪ੍ਰਚਾਰ ਕਰਨ ਲਈ ਭੇਜੀਆਂ ਜਾਣ।
- ਗੁਰੂ ਰਵਿਦਾਸ ਮਿਸ਼ਨ ਨੂੰ ਪ੍ਰੇਮ ਕਰਨ ਵਾਲੇ ਹਰ ਵਿਅਕਤੀ ਦੀ ਗੱਡੀ ਜਾਂ ਮੋਟਰਸਾਈਕਲ ਉਤੇ 650 ਸਾਲਾ ਪ੍ਰਕਾਸ਼ ਦਿਹਾੜੇ ਦਾ ਸਟਿੱਕਰ ਲੱਗਾ ਹੋਵੇ।
- ਹਰ ਵਿਅਕਤੀ ਇਹ ਯਕੀਨੀ ਬਣਾਵੇ ਕਿ ਉਸ ਨੇ ਹਰ ਮਹੀਨੇ ਘੱਟੋ ਘੱਟ ਚਾਰ-ਪੰਜ ਗੁਰੂ ਰਵਿਦਾਸ ਸਮਾਗਮਾਂ ਦੀਆਂ ਹਾਜਰੀਆਂ ਭਰਨੀਆਂ ਹਨ।
- ਇਸ ਮੌਕੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਤਾਂ ਲਿਟਰੇਟ ਲਿਟਰੇਚਰ ਛਪਣਾ ਹੀ ਹੈ ਅਤੇ ਇਸ ਦੇ ਨਾਲ ਹੀ ਗੁਰੂ ਰਵਿਦਾਸ ਜੀ ਨੇ ਬਾਣੀ ਵਿੱਚ ਜਿਨ੍ਹਾਂ ਦੂਸਰੀਆਂ ਮਹਾਨ ਭਾਸ਼ਾਵਾਂ ਜਿਵੇਂ ਅਰਬੀ, ਫਾਰਸੀ, ਸੰਸਕ੍ਰਿਤ ਜਾਂ ਹੋਰ ਭਾਸ਼ਾਵਾਂ ਦੇ ਸ਼ਬਦ ਦਰਜ਼ ਕੀਤੇ ਹਨ ਉਨ੍ਹਾਂ ਭਾਸ਼ਾਵਾਂ ਨੂੰ ਵਿਸ਼ੇਸ਼ ਮਾਨ-ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾਵਾਂ ਦੇ ਸਨਮਾਨ ਵਾਸਤੇ ਇਨ੍ਹਾਂ ਭਾਸ਼ਾਵਾਂ ਵਿੱਚ ਗੁਰੂ ਜੀ ਦੀ ਬਾਣੀ ਵਿਚਾਰਧਾਰਾ ਅਤੇ ਜੀਵਨ ਇਤਿਹਾਸ ਦਾ ਲਿਟਰੇਚਰ ਪ੍ਰਕਾਸ਼ਿਤ ਕੀਤਾ ਜਾਵੇ। ਉਨ੍ਹਾਂ ਭਾਸ਼ਾਵਾਂ ਵਿੱਚ ਬੈਨਰ ਅਤੇ ਫਲੈਕਸ ਬੋਰਡ ਬਣਾ ਕੇ ਅਤੇ ਨਾਲ ਹੀ ਉਨ੍ਹਾਂ ਨੂੰ ਟਰਾਂਸਲੇਟ ਕਰਕੇ ਪ੍ਰਦਰਸ਼ਿਤ ਕੀਤੇ ਜਾਣ। ਜਿਨ੍ਹਾਂ ਰਾਜਾਂ ਜਾਂ ਦੇਸ਼ਾਂ ਵਿੱਚ ਇਹ ਭਾਸ਼ਾ ਮੁੱਖ ਰੂਪ ਵਿੱਚ ਬੋਲੀ ਜਾਂਦੀ ਹੋਵੇ ਉਸ ਰਾਜ ਜਾਂ ਦੇਸ਼ ਦੇ ਭਾਸ਼ਾ ਵਿਭਾਗ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ ਜਾਵੇ ਅਤੇ ਉਸ ਵਿਭਾਗ ਨੂੰ ਉਸ ਭਾਸ਼ਾ ਦੇ ਹੋਰ ਵਿਕਾਸ ਲਈ ਨਗਦ ਰਾਸ਼ੀ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਭਾਸ਼ਾਵਾਂ ਵਿੱਚੋਂ ਹੋਰ ਨਵੇਂ ਸ਼ਬਦ ਲੈ ਕੇ ਗੁਰੂ ਜੀ ਦੀ ਵਿਚਾਰਧਾਰਾ ਅਤੇ ਜੀਵਨ ਇਤਿਹਾਸ ਦਾ ਪ੍ਰਚਾਰ ਕਰਦੇ ਹੋਏ ਆਪਣੇ ਭਾਸ਼ਣ ਜਾਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਲਿਟਰੇਚਰ ਵਿੱਚ ਵਿੱਚ ਉਨ੍ਹਾਂ ਸ਼ਬਦਾਂ ਨੂੰ ਸ਼ਾਮਿਲ ਕੀਤਾ ਜਾਵੇ।
- ਗੁਰੂ ਰਵਿਦਾਸ ਜੀ ਦੀ ਬਾਣੀ ਵਿਚਾਰਧਾਰਾ ਅਤੇ ਜੀਵਨ ਇਤਿਹਾਸ ਨੂੰ ਮੁੱਖ ਰੱਖਦਿਆਂ ਹਰੇਕ ਹਫਤੇ ਜਾ ਮਹੀਨੇ ਵਿੱਚ ਵੱਖ-ਵੱਖ ਵਿਸ਼ਿਆਂ ਉੱਪਰ ਗੁਰੂ ਜੀ ਬਾਰੇ ਸੰਗਤ ਨੂੰ ਚਾਨਣਾ ਪਾਇਆ ਜਾਵੇ ਤਾਂ ਕਿ ਪੂਰਾ ਸਾਲ ਗੁਰੂ ਰਵਿਦਾਸ ਜੀ ਦੇ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਸਬੰਧੀ ਸੰਗਤਾਂ ਨੂੰ ਜਾਂ ਜਾਣੂ ਕਰਵਾ ਦਿੱਤਾ ਜਾ ਸਕੇ।
- ਇਸ ਮੌਕੇ ਭਾਰਤ ਦੀਆਂ ਚਾਰੇ ਦਿਸ਼ਾਵਾਂ ਤੋਂ ਚਾਰ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਹੋਵੇ ਅਤੇ ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮ ਅਸਥਾਨ ਵਾਰਾਨਸੀ ਕਾਸ਼ੀ ਵਿਖੇ ਆ ਕੇ ਸੰਪਨ ਹੋਣ।
- ਦੇਸ਼ ਦੀ ਵੱਖ-ਵੱਖ ਭਾਗਾਂ ਜਾਂ ਵਿਦੇਸ਼ਾਂ ਤੋਂ ਸਾਈਕਲ ਯਾਤਰੀਆਂ ਨੂੰ ਕਾਸ਼ੀ ਵਾਰਾਨਸੀ ਵਿਖੇ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਉਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ।
- ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਪ੍ਰੇਮ ਕਰਨ ਵਾਲਾ ਹਰ ਵਿਅਕਤੀ ਇਸ ਪੂਰੇ ਸਾਲ ਵਿੱਚ ਆਪਣੇ ਘਰ ਵਿੱਚ ਖੁਸ਼ੀ ਜਾਂ ਗਮੀ ਦੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਵੀ ਗੁਰੂ ਜੀ ਦੇ 650 ਸਾਲਾ ਸ਼ਤਾਬਦੀ ਸਮਾਗਮਾਂ ਨਾਲ ਜੋੜ ਕੇ ਕਰੇ।
- ਪਿੰਡ ਜਾਂ ਮਹੱਲੇ ਦੀਆਂ ਔਰਤਾਂ ਆਪਣੀ ਸੁਵਿਧਾ ਅਨੁਸਾਰ ਸਵੇਰੇ, ਦੁਪਹਿਰੇ ਜਾਂ ਸ਼ਾਮ ਨੂੰ ਆਪਣੇ ਗੁਰੂ ਘਰਾਂ ਵਿੱਚ ਗੁਰੂ ਰਵਿਦਾਸ ਬਾਣੀ ਦਾ ਪਾਠ ਕਰਨ।ਇੱਕ ਮਹੀਨਾ ਪਾਠ ਕਰਨ ਉਪਰੰਤ ਉਸ ਦਾ ਭੋਗ ਪਾ ਕੇ ਸ਼ਾਮ ਨੂੰ ਕੀਰਤਨ ਦਰਬਾਰ ਰੱਖਿਆ ਜਾਵੇ ਜਿਸ ਵਿੱਚ ਕੀਰਤਨ ਦੇ ਨਾਲ ਗੁਰੂ ਜੀ ਦੀ ਵਿਚਾਰਧਾਰਾ ਤੇ ਵਿਸ਼ੇਸ਼ ਕਥਾ ਵਿਚਾਰ ਹੋਵੇ। ਇਹ ਪ੍ਰਕਿਰਿਆ ਪੂਰਾ ਸਾਲ ਨਿਰੰਤਰ ਚਲਣੀ ਚਾਹੀਦੀ ਹੈ।
- ਸਾਰੇ ਸਮਾਗਮ ਸਾਦੇ, ਘੱਟ ਖਰਚੀਲੇ ਅਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ। ਇਨਾਂ ਸਮਾਗਮਾਂ ਵਿੱਚ ਗੁਰੂ ਜੀ ਦੀ ਵਿਚਾਰਧਾਰਾ ਨੂੰ ਸੁਚੱਜੇ ਰੂਪ ਵਿੱਚ ਪੇਸ਼ ਕਰਨ ਅਤੇ ਸੰਗਤ ਦੀ ਹਾਜ਼ਰੀ ਵਧਾਉਣਾ ਪ੍ਰਮੁੱਖ ਮੰਨਿਆ ਜਾਵੇ।
- ਇਸ ਸਾਲ ਦੌਰਾਨ ਗੁਰੂ ਜੀ ਦੀ ਬਾਣੀ ਵਿਚਾਰਧਾਰਾ ਅਤੇ ਜੀਵਨ ਇਤਿਹਾਸ ਉੱਪਰ ਸਭ ਤੋਂ ਵਧੀਆ ਪੁਸਤਕਾਂ ਲਿਖ ਕੇ ਛਪਵਾਉਣ ਵਾਲੇ ਲੇਖਕਾਂ ਨੂੰ ਸਨਮਾਨ ਪੱਤਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇ।
- ਨਸ਼ਾ ਮੁਕਤੀ ਮੁਹਿੰਮਾਂ ਅਤੇ ਜਾਗਰੂਕ ਰੈਲੀਆਂ ਕੀਤੀਆਂ ਜਾਣ ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦਿੱਤੀ ਜਾ ਸਕੇ।
- 650 ਲੱਖ ਰੁੱਖ ਲਗਾਉਣ ਦਾ ਟੀਚਾ ਮਿਥਿਆ ਜਾਵੇ।
- ਖੂਨ ਦਾਨ ਕੈਂਪ ਲਗਾਉਣ ਦਾ ਆਯੋਜਨ ਹੋਵੇ।
- “ਗੁਰੂ ਰਵਿਦਾਸ ਬਾਣੀ ਅਤੇ ਵਿਚਾਰਧਾਰਾ ਦੇ ਪ੍ਰਚਾਰ ਲਈ ਕੀਰਤਨ ਦਰਬਾਰ — ਹਰੇਕ ਸ਼ਹਿਰ ਜਾਂ ਬਲਾਕ ਪੱਧਰ ਤੇ ਵਿੱਚ ਮਹੀਨੇ ਵਿੱਚ ਇੱਕ ਵਾਰ ਵੱਡਾ ਕੀਰਤਨ ਦਰਬਾਰ ਹੋਵੇ ਜਿਸ ਵਿੱਚ—ਪ੍ਰਸਿੱਧ ਕਥਾਕਾਰ, ਰਾਗੀ ਵਿਦਵਾਨ ਅਤੇ ਗਾਇਕ ਹਾਜ਼ਰੀ ਲਗਾ ਕੇ ਗੁਰੂ ਜੀ ਦੇ ਉਪਦੇਸ਼ਾਂ ਦਾ ਪ੍ਰਸਾਰਣ ਕਰਨ। ਇਸ ਵਾਸਤੇ ਇੱਕ ਕੀਰਤਨ ਦਰਬਾਰ ਯੂਨਿਟ ਦੀ ਸਥਾਪਨਾ ਕੀਤੀ ਜਾਵੇ ਜਿਹੜੀ ਕਿ ਇਸ ਸਮਾਗਮ ਵਿੱਚ ਰਾਗੀਆਂ ਕਥਾਵਾਚਕਾਂ ਨੂੰ ਵਿਦਵਾਨਾ ਬੁਲਾਰਿਆਂ ਨੂੰ ਸੱਦਣ ਦਾ ਪ੍ਰਬੰਧ ਕਰੇ ਅਤੇ ਇਸ ਦੇ ਨਾਲ ਹੀ ਸਾਊਂਡ, ਹਲਵਾਈ, ਪਾਰਕਿੰਗ ਆਦਿ ਦਾ ਸਾਰਾ ਪ੍ਰਬੰਧ ਕਰੇ। ਜਿਸ ਇਲਾਕੇ ਵਿੱਚ ਕੀਰਤਨ ਦਰਬਾਰ ਹੋਣਾ ਹੈ ਉਸ ਇਲਾਕੇ ਦੀਆਂ ਸੰਗਤਾਂ ਦੀਆਂ ਜਿੰਮੇਵਾਰੀ ਕੇਵਲ ਇਹ ਹੋਵੇ ਕਿ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਕਰਨੀ ਹੈ ਅਤੇ ਸੰਗਤ ਲਈ ਲੰਗਰ ਦੀ ਰਸਦ ਅਤੇ ਲੰਗਰ ਖਿਲਾਉਣ ਦਾ ਦਾ ਪ੍ਰਬੰਧ ਕਰਨਾ ਹੈ।
- ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਦੂਸਰੇ ਰਾਜਾਂ ਦੀਆਂ ਸਰਕਾਰਾਂ ਨੂੰ ਵਿਸ਼ੇਸ਼ ਅਪੀਲਾਂ ਕੀਤੀਆਂ ਜਾਣ– ਸਰਕਾਰਾਂ ਨੂੰ ਵਿਸ਼ੇਸ਼ ਅਪੀਲਾਂ ਕੀਤੀਆਂ ਜਾਣ ਕਿ ਉਹ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਰਾਜ ਵਿੱਚ ਇਕ ਗੁਰੂ ਰਵਿਦਾਸ ਜੀ ਦੀ ਵਿਸ਼ੇਸ਼ ਯਾਦਗਾਰ ਮੀਨਾਰ-ਏ-ਬੇਗਮਪੁਰਾ ਜੋ ਸ੍ਰੀ ਗੁਰੂ ਰਵਿਦਾਸ ਜੀ ਦੇ ਤੀਰਥ ਸਥੱਲ ਦੀ ਤਰ੍ਹਾਂ ਵਿਕਸਿਤ ਹੋਵੇ ਅਤੇ ਜਿਥੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਵੀ ਹੋਵੇ ਦੀ ਸਥਾਪਨਾ ਕੀਤੀ ਜਾਵੇ। ਹਰ ਰਾਜ ਵਿੱਚ ਘੱਟ ਤੋਂ ਘੱਟ ਇੱਕ ਇੱਕ ਮੈਡੀਕਲ ਕਾਲਜ ਅਤੇ ਇਕ ਇੰਜੀਨੀਅਰਿੰਗ ਕਾਲਜ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਾ ਕੇ ਸਥਾਪਿਤ ਕੀਤਾ ਜਾਵੇ।
- “ਗੁਰੂ ਰਵਿਦਾਸ ਜੀ ਗਲੋਬਲ ਕਾਨਫਰੰਸ”
ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾਵੇ ਜਿਸ ਵਿੱਚ ਪੰਜਾਬ ਭਾਰਤ ਤੋਂ ਇਲਾਵਾ ਯੂ.ਕੇ., ਕੈਨੇਡਾ, ਅਮਰੀਕਾ, ਯੂਰਪ ਅਤੇ ਆਸਟਰੇਲੀਆ ਅਤੇ ਹੋਰ ਮੁਲਕਾਂ ਤੋਂ ਵਿਦਵਾਨ ਸੰਗਤਾਂ ਸ਼ਾਮਿਲ ਹੋਣ ਗੁਰੂ ਜੀ ਦੀ ਬਾਣੀ ਨੂੰ ਗਲੋਬਲ ਪੱਧਰ ‘ਤੇ ਉਜਾਗਰ ਕਰਨ। - “ਗੁਰੂ ਰਵਿਦਾਸ ਜੀ ਬੇਗ਼ਮਪੁਰਾ ਕਲਚਰਲ ਫੈਸਟ”
ਭਾਰਤ ਦੇ ਵੱਖ–ਵੱਖ ਰਾਜਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਗੁਰੂ ਜੀ ਦੇ ਸੰਦੇਸ਼ਾਂ ਨਾਲ ਜੋੜ ਕੇ ਇੱਕ ਸੱਭਿਆਚਾਰਕ ਮੇਲਾ ਲਗਾਇਆ ਜਾਵੇ। ਗੁਰੂ ਜੀ ਦੀ ਵਿਚਾਰਧਾਰਾ ਤੇ ਆਧਾਰਿਤ ਪੇਂਟਿੰਗ ਅਤੇ ਪੋਸਟਰ ਮੁਕਾਬਲੇ ਯੁਵਕਾਂ ਦੀ ਕਲਾ ਅਤੇ ਲੇਖਨ ਪ੍ਰਤੀਯੋਗਿਤਾ ਕਰਵਾਈ ਜਾਵੇ। - ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਸ੍ਰੀ ਖੁਰਾਲਗੜ੍ਹ ਖੁਰਾਲੀ ਦਾ ਨਾਮ ਸ੍ਰੀ ਖੁਰਾਲਗੜ੍ਹ ਸਾਹਿਬ ਰੱਖਿਆ ਜਾਵੇ ਅਤੇ ਉਸ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਵੇ। ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਚੱਕ ਹਕੀਮ ਫਗਵਾੜਾ ਨੂੰ ਵੀ ਪਵਿੱਤਰ ਸ਼ਹਿਰ ਐਲਾਨਿਆ ਜਾਵੇ।
- ਸ੍ਰੀ ਗੁਰੂ ਰਵਿਦਾਸ ਯਾਦਗਾਰ ਮੀਨਾਰ ਏ ਬੇਗ਼ਮਪੁਰਾ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ 20 ਫਰਵਰੀ 2027 ਤੋਂ ਪਹਿਲਾਂ ਪੂਰਨ ਤੌਰ ਤੇ ਮੁਕੰਮਲ ਕੀਤਾ ਜਾਵੇ।
- ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਚਰਨ ਛੋਹ ਪ੍ਰਾਪਤ ਅਸਥਾਨਾਂ ਅਤੇ ਇਸ ਦੇ ਆਲੇ ਦੁਆਲੇ ਦੀ ਸਾਫ ਸਫਾਈ ਦੀਆਂ ਮੁਹਿੰਮਾਂ ਚਲਾਈਆਂ ਜਾਣ।
- ਇਤਿਹਾਸਿਕ ਅਸਥਾਨਾਂ ਨੂੰ ਦਰਸਾਉਂਦੇ ਸੂਚਨਾ ਬੋਰਡ ਲਗਾਏ ਜਾਣ।
- “ਗੁਰੂ ਰਵਿਦਾਸ ਸੇਵਾ ਸੰਕਲਪ ਸਾਲ” ਪੂਰੇ ਸਾਲ ਦੇ ਦੌਰਾਨ ਵੱਖ–ਵੱਖ ਸੇਵਾਵਾਂ, ਲੰਗਰ ਸਫ਼ਾਈ ਮੁਹਿੰਮ, ਹਸਪਤਾਲਾਂ ਵਿੱਚ ਸੇਵਾ ਦਿਵਸ, ਵਿਰਧ ਆਸ਼ਰਮ ਸੇਵਾ ਕੈਂਪ, ਅਨਾਥ ਬੱਚਿਆਂ ਲਈ ਸੇਵਾ ਕਾਰਜ ਚਲਾਏ ਜਾਣ। ਇਸ ਨਾਲ ਗੁਰੂ ਜੀ ਦੀ ਸਿੱਖਿਆ ਦੂਸਰਿਆਂ ਦੀ ਸੇਵਾ ਅਤੇ ਭਲਾਈ ਲਈ ਯਤਨਸ਼ੀਲ ਰਹਿਣਾ ਦੀ ਪੂਰਤੀ ਕੀਤੀ ਜਾਵੇ।
ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇਨ੍ਹਾਂ ਸੁਝਾਵਾਂ ਅਤੇ ਆਉਣ ਵਾਲੇ ਹੋਰ ਸੁਝਾਵਾਂ ਨੂੰ ਸੰਸਥਾ ਦੀ ਵੈੱਬਸਾਈਟ www.begumpuramission.com ਦੇ ਪੇਜ 650th year ਉਤੇ ਉਪਲਬਧ ਕਰਵਾਇਆ ਜਾ ਰਿਹਾ ਹੈ।
ਚਰਨਜੀਤ ਸਿੰਘ ਬਿਨਪਾਲਕੇ ਜਨਰਲ ਸਕੱਤਰ,
ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.)
ਮੁੱਖ ਦਫਤਰ ਪਿੰਡ ਬਿਨਪਾਲਕੇ ਭੋਗਪੁਰ, ਜ਼ਿਲ੍ਹਾ ਜਲੰਧਰ, ਪੰਜਾਬ
ਮੋਬਾਈਲ: +91 78141 42944