Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਇੱਕ ਸੰਵਿਧਾਨਿਕ ਦਸਤਾਵੇਜ਼ ਬੇਗ਼ਮਪੁਰਾ

ਵਿਸ਼ਵ ਵਿੱਚ ਸ਼ਾਂਤੀ, ਸਾਂਝੀਵਾਲਤਾ, ਸਮਾਨਤਾ ਅਤੇ ਸੁਤੰਤਰਤਾ ਦੀ ਸਥਾਪਨਾ ਲਈ ਇੱਕ ਸੰਵਿਧਾਨਿਕ ਦਸਤਾਵੇਜ਼ — ਬੇਗ਼ਮਪੁਰਾ
ਬੇਗ਼ਮਪੁਰਾ ਖੁਸ਼ੀਆਂ ਭਰਪੂਰ ਵਤਨ ਹੈ। ਇਸ ਵਤਨ ਦੇ ਸਮਾਜ ਵਿੱਚ ਸੁਖ ਹੀ ਸੁਖ ਹੈ। ਕਿਸੇ ਨੂੰ ਕੋਈ ਦੁੱਖ ਪੀੜਾ ਜਾਂ ਘਾਟਾ ਨਹੀਂ ਹੈ। ਆਰਥਕ ਤੌਰ ਤੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਅਤੇ ਰਾਜਨੀਤਕ ਤੌਰ ਤੇ ਕਿਸੇ ਰਾਜੇ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ, ਨਾ ਹੀ ਕੋਈ ਹਾਰਿਆ ਹੋਇਆ ਰਾਜਾ, ਜਿਤੇ ਹੋਏ ਰਾਜੇ ਨੂੰ ਖਿਰਾਜ (ਕਰ) ਦਿੰਦਾ ਹੈ, ਮੁਕਦੀ ਗਲ ਇਥੇ ਉਸ ਸਦੀਵੀ ਪਾਤਸ਼ਾਹ ਤੋਂ ਬਿਨਾ ਕੋਈ ਹਾਕਮ ਹੀ ਨਹੀਂ ਹੈ। ਇਹ ਵਿਚਾਰ ਆਦਿ ਧਰਮ ਅਨਮੋਲ ਰਤਨ, ਐਡਵੋਕੇਟ, ਪ੍ਰੋਫ਼ੈਸਰ ਲਾਲ ਸਿੰਘ ਜੀ ਨੇ ਆਪਣੀ ਪੁਸਤਕ “ਸਟੀਕ ਬਾਣੀ ਗੁਰੂ ਰਵਿਦਾਸ ਜੀ ਅਤੇ ਤੱਤ-ਸਿਧਾਂਤ” ਵਿੱਚ ਅੰਕਿਤ ਕੀਤੇ ਹਨ।
ਮੈਗਜ਼ੀਨ ਪੰਜਾਬੀ ਦੁਨੀਆ ਅੰਕ ਜੂਨ ਅਤੇ ਜੁਲਾਈ ਸੰਨ 1977 ਸ੍ਰੀ ਗੁਰੂ ਰਵਿਦਾਸ ਵਿਸ਼ੇਸ਼ ਅੰਕ ਵਿਚ ਵੱਖ-ਵੱਖ ਵਿਦਵਾਨਾਂ ਨੇ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦੇ ਸਬੰਧ ਵਿੱਚ ਕੀ ਵਿਚਾਰ ਦਿੱਤੇ ਹਨ ਉਸ ਦਾ ਵੇਰਵਾ ਪ੍ਰੋਫੈਸਰ ਸਾਹਿਬ ਨੇ ਆਪਣੀ ਉਪਰੋਕਤ ਪੁਸਤਕ ਦੇ ਅਧਿਆਇ — “ਗੁਰੂ ਰਵਿਦਾਸ ਬਾਣੀ ਅਤੇ ਮਾਰਕਸਵਾਦ” ਵਿਚ ਦਰਜ਼ ਕੀਤਾ ਹੈ। ਉਸ ਵਿੱਚੋਂ ਕੁਝ ਹਿੱਸਾ ਇਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ :–

ਗੁਰੂ ਰਵਿਦਾਸ ਜੀ ਨੇ ਇਸ ਸ਼ਬਦ ਵਿੱਚ ਅਟੱਲ ਸਚਾਈਆਂ ਨਿਰੂਪਤ ਕੀਤੀਆਂ ਹਨ। ਇਨ੍ਹਾਂ ਦਾ ਆਧਾਰ ਵਿਗਿਆਨਕ ਸੱਚ ਹੈ। ਇਹੋ ਅਟੱਲ ਸਿਧਾਂਤ ਹੈ।

ਸ੍ਰੀ ਗੁਰੂ ਰਵਿਦਾਸ ਜੀ ਨੇ ਇਹ ਸ਼ਬਦ ਗਉੜੀ ਰਾਗ ਵਿੱਚ ਉਚਾਰਨ ਕੀਤਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 345 ਉੱਤੇ ਦਰਜ਼ ਹੈ। ਇਸ ਸ਼ਬਦ ਦੇ ਵਿਚਾਰਾਂ ਵਿੱਚ ਐਨੀ ਸਰਲਤਾ, ਐਨੀ ਸਪਸ਼ਟਤਾ ਐਨੀ ਗਹਿਰਾਈ, ਐਨੀ ਗੰਭੀਰਤਾ, ਐਨੀ ਵਿਸ਼ਾਲਤਾ ਅਤੇ ਪਰਪੱਕਤਾ ਨਿਰੂਪਤ ਹੈ ਕਿ ਇਸ ਸ਼ਬਦ ਦੀ ਸਿਰਜਣਾ ਵਿਚ ਵਰਤਿਆ ਹਰ ਵਾਕ (ਤੁਕ) ਇਥੋਂ ਤੱਕ ਕਿ ਹਰ ਲਫ਼ਜ਼ ਸਿਧਾਂਤਕ ਗੁਣਾਂ ਦਾ ਧਾਰਨੀ ਬਣ ਗਿਆ ਹੈ। ਸੋ ਸ਼ਬਦ ਦਾ ਹਰ ਬੰਦ ਆਪਣੇ ਆਪ ਵਿੱਚ ਇੱਕ ਸਿਧਾਂਤ ਸਮੋਈ ਬੈਠਾ ਹੈ। ਇਸ ਦੀ ਪ੍ਰੋੜਤਾ ਭਾਰਤ ਦੇ ਪ੍ਰਸਿੱਧ ਸੰਗੀਤ-ਸਾਸ਼ਤਰੀਆਂ ਦੀ ਰਾਗ ਨਿਰਣਾਇਕ ਕਮੇਟੀ ਨੇ ਕੀਤੀ ਹੈ:-

“ਗਉੜੀ, ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ। ਵਿਲਕਦੀ ਆਤਮਾ, ਕ੍ਰਿਪਾ ਦੀ ਜਾਚਨਾ ਕਰਦੀ ਹੈ, ਤੇ ਆਪੇ ਦੀ ਖੋਜ ਕਰਦੀ ਹੈ,” ਇਸ ਲਈ ਇਸ ਰਾਗ ਵਿੱਚ ਗੁਰੂ ਸਾਹਿਬ ਨੇ ਮਨ, ਮਤਿ, ਬੁੱਧੀ, ਆਤਮਾ, ਮੌਤ, ਮੁਕਤੀ ਆਦਿਕ ਗੰਭੀਰ ਵਿਸ਼ਿਆਂ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ।

ਗੁਰੂ ਰਵਿਦਾਸ ਜੀ ਮਹਾਨ ਚਿੰਤਕ ਹਨ। ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਡੂੰਘੀ ਸੋਚ, ਵਿਸ਼ਾਲ ਨਜ਼ਰੀਆ, ਵਿਸ਼ਵ-ਵਿਆਪੀ ਗਿਆਨ ਤੇ ਚਮਤਕਾਰੀ, ਕ੍ਰਾਂਤੀਕਾਰੀ ਵਿਗਿਆਨਕ ਪਹੁੰਚ ਨੇ ਸ਼ਬਦ “ਬੇਗਮ ਪੁਰਾ ਸਹਰ ਕੋ ਨਾਉ” ਵਿਚ ਵਿਸ਼ਵ-ਵਿਆਪੀ ਵਿਚਾਰਧਾਰਾ ਦੀ ਸਿਰਜਣਾ ਕੀਤੀ, ਜਿਹੜੀ ਅੱਜ ਦੇ ਵਿਸ਼ਵ ਦੇ ਮਹਾਨ ਚਿੰਤਕਾਂ ਦੀ ਵਿਚਾਰਧਾਰਾ ਨਾਲੋਂ ਕਿਤੇ ਵੱਧ ਵਿਗਿਆਨਕ, ਤਰਕਯੁਕਤ ਅਤੇ ਅਮਲ ਵਿੱਚ ਪੂਰੀ ਉਤਰਨ ਵਾਲੀ ਹੈ। ਇਸ ਦੀ ਪ੍ਰੋੜ੍ਹਤਾ ਕਰਦੇ ਡਾ. ਜੀਤ ਸਿੰਘ ਸ਼ੀਤਲ ਲਿਖਦੇ ਹਨ :-

“ਇਸ ਸੰਧਰਭ ਜਾਂ ਪ੍ਰਸੰਗ ਵਿੱਚ ਜਦ ਅਸੀਂ ਭਗਤ (ਗੁਰੂ) ਰਵਿਦਾਸ ਦੇ ਉਪਰਲੇ ਸ਼ਬਦ (ਬੇਗਮ ਪੁਰਾ ਸਹਰ ਕੋ ਨਾਉ II) ਨੂੰ ਵੇਖਦੇ ਹਾਂ ਤਾਂ ਵੱਡੇ-ਵੱਡੇ ਸਮਾਜ-ਵਿਗਿਆਨੀ, ਬੁਧੀ-ਜੀਵੀ ਤੇ ਰਾਜਸੀ ਸ਼ਾਸਤਰੀ ਚਕ੍ਰਿਤ ਰਹਿ ਜਾਂਦੇ ਹਨ। ਮਾਰਕਸ, ਲੈਨਿਨ ਆਦਿ ਵੀ ਸ਼ਾਇਦ ਅਜੇਹੇ ਸਮ-ਦੇਸ਼, ਸਮ-ਰਾਜ, ਸਮ-ਸ਼ਹਿਰੀ, ਸਮ-ਅਧਿਕਾਰੀ ਤੇ ਮਾਨਵ- ਵਤਨਗਾਹ ਦਾ ਸੈਕਲਪ ਨਾ ਕਰ ਸਕੇ।

ਇਸੇ ਲੇਖ ਵਿੱਚ ਇੱਕ ਹੋਰ ਥਾਂ ਡਾ ਸੀਤਲ ਅਟੱਲ ਸੱਚਾਈ ਦਾ ਭੇਦ ਖੋਲਦੇ, ਲਿਖਦੇ ਹਨ :-
“ਕਿਸੇ ਮਹਾਨ ਪੁਰਸ਼ ਦੇਸ਼ ਦੀਆਂ ਹੱਦਾਂ ਤੇ ਉਸ ਦੇ ਹਿੱਤਾਂ ਤੋਂ ਉਤਾਂਹ ਉੱਠਕੇ ਸਾਰੇ ਵਿਸ਼ਵ ਤੇ ਝਾਤ ਨਹੀਂ ਮਾਰੀ। ਏਹੀ ਕਾਰਣ ਹੈ ਕਿ ਅੱਜ ਤੱਕ ਅੰਤਰ ਦੇਸ਼ਾਂ ਦੇ ਭਗੜੇ ਨਹੀਂ ਮੁੱਕੇ।” ।

ਡਾ. ਜੀਤ ਸਿੰਘ ਸ਼ੀਤਲ ਦੇ ਇਨ੍ਹਾਂ ਕਥਨਾਂ ਨਾਲ ਅਟੱਲ ਸੱਚਾਈ ਤੋਂ ਤਾਂ ਪਰਦਾ ਚੁੱਕਿਆ ਹੀ ਗਿਆ ਹੈ, ਉਨ੍ਹਾਂ ਨੇ ਗੁਰੂ ਰਵਿਦਾਸ ਜੀ ਨੂੰ ਇੱਕ ਮਹਾਨਤਮ ਚਿੰਤਕ ਦੇ ਤੌਰ ਤੇ ਵੀ ਤਰਕ ਨਾਲ ਦਲੀਲਾਂ ਦੇਕੇ ਸਿੱਧ ਕੀਤਾ ਹੈ।

ਇਸ ਸੰਬੰਧ ਵਿੱਚ ਡਾ. ਸੀਤਲ ਆਪ ਹੀ ਕਥਨ ਕਰਦੇ ਹਨ :-

“ਕਿਸੇ ਭਗਤ (ਗੁਰੂ )ਨੇ ਅਜੇਹੇ ਰਾਜਸੀ, ਸਮਾਜਕ, ਆਰਥਕ ਜਾਂ ਭੂਗੋਲਕ ਅੰਤਰ-ਰਾਸ਼ਟਰੀ ਦੇਸ਼ ਦੀ ਸਥਾਪਨਾ ਦੀ ਗਲ ਨਹੀਂ ਕੀਤੀ। ਅੱਜ ਤੋਂ ਛੇ ਸੌ ਸਾਲ ਪਹਿਲਾਂ ਅਜੇਹੇ ਵਤਨ ਜਾਂ ਸਰਵ-ਮਾਨਵੀ ਦੇਸ਼ ਬਾਰੇ ਸੋਚਣਾ ਤੇ ਅਨ-ਆਲਾਨੀਆਂ ਉਸ ਦੀ ਰੂਪ ਰੇਖਾ ਉਲੀਕਣਾ ਗੁਰੂ ਰਵਿਦਾਸ ਜੇਹੇ ਵਿਸ਼ਵ-ਮਾਨਵ, ਦੇਵਤਾ ਸਮਾਨ ਪੁਰਸ਼ ਤੇ ਗੁਰੂ-ਰੂਪ ਭਗਤ ਦੇ ਹਿੱਸੇ ਹੀ ਆ ਸਕਿਆ। ਆਪਣੇ ਆਪ ਸਾਡਾ ਸੀਸ ਉਨ੍ਹਾਂ ਦੀ ਮਹਾਨ ਪ੍ਰਤਿਭਾ ਅੱਗੇ ਝੁਕ ਜਾਂਦਾ ਹੈ।”
ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਗੁਰੂ ਰਵਿਦਾਸ ਜੀ ਦੀ ‘ਬੇਗ਼ਮਪੁਰਾ’ ਦੀ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੂੰ ਰੂਸੋ ਅਤੇ ਵਾਲਟੇਅਰ ਦਾ ਪੂਰਵਜ ਸਥਾਪਤ ਕਰਦੇ ਹਨ :

“ਰੂਸੋ ਦੇ ਸੁਤੰਤਰਤਾ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਜਿਨ੍ਹਾਂ ਵਿਚਾਰਾਂ ਨੂੰ ਇਹ ਸਮਝਿਆ ਜਾਂਦਾ ਹੈ ਕਿ ਇਹ ਸੰਸਾਰ ਵਿੱਚ ਇੱਕ ਨਵੀਂ ਵਿਚਾਰਕ ਕ੍ਰਾਂਤੀ ਦੇ ਜਨਮ-ਦਾਤਾ ਹਨ। ਅਸਲ ਵਿੱਚ ਇਹ ਵਿਚਾਰ ਤਾਂ ਭਾਰਤੀ ਸੰਤ ਪਰੰਪਰਾ ਵਿੱਚ ਚੌਦਵੀਂ ਪੰਦਰਵੀਂ ਸਦੀ ਵਿੱਚ ਪ੍ਰਚਾਰੇ ਗਏ। ਸੰਤ ਰਵਿਦਾਸ ਦੀ ਬਾਣੀ ਅਤੇ ਪ੍ਰਚਾਰ ਦਾ ਧੁਰਾ ਹੀ ਇਹ ਵਿਚਾਰ ਸਨ। ਇਉਂ ਭਗਤ (ਗੁਰੂ) ਰਵਿਦਾਸ ਜੀ ਵਿਚਾਰਕ ਕ੍ਰਾਂਤੀ ਵਿੱਚ ਰੂਸੋ, ਵਾਲਟੇਅਰ ਦੇ ਵੀ ਪੂਰਵਜ ਸਥਾਪਿਤ ਹੁੰਦੇ ਹਨ।”

ਇਸ ਕਥਨ ਤੋਂ ਸਪਸ਼ਟ ਹੈ ਕਿ ਗੁਰੂ ਰਵਿਦਾਸ ਜੀ ਵਿਸ਼ਵ ਦੇ ਸਭ ਤੋਂ ਪਹਿਲੇ ਕ੍ਰਾਂਤੀਕਾਰੀ, ਵਿਚਾਰਧਾਰਕ ਅਤੇ ਪ੍ਰਚਾਰਕ ਸਨ।

ਡਾ. ਦਵੇਸ਼ਵਰ ‘ਬੇਗ਼ਮਪੁਰਾ’ ਦੀ ਵਿਚਾਰਧਾਰਾ ਦਾ ਅਧਿਐਨ ਕਰਨ ਪਿਛੋਂ ਹੇਠ ਲਿਖੇ ਸਿੱਟੇ ਤੇ ਪੁੱਜਦੇ ਹਨ:-

“ਇਸ ਸ਼ਬਦ ਦੀ ਅੰਤਰਾਤਮਾ ਰਾਜਸੀ ਤੌਰ ਤੇ ਲੋਕਤੰਤਰ, ਆਰਥਿਕ ਤੌਰ ਤੇ ਸਮਾਜਵਾਦੀ ਰਾਜ ਅਤੇ ਆਤਮਕ ਤੌਰ ਤੇ ਇੱਕ ਕਲਾਮਈ ਜਗਤ ਜਿਸ ਵਿੱਚ ਸਤਿਅਮ ਸ਼ਿਵਮ ਅਤੇ ਸੁੰਦਰਮ ਦਾ ਪਹਿਰਾ ਹੈ। ਹਰ ਵਿਅਕਤੀ ਦੇ ਸਰਵਪੱਖੀ ਵਿਕਾਸ ਲਈ ਇਥੇ ਪੂਰਨ ਅਵਸਰ ਪ੍ਰਾਪਤ ਹਨ।”

ਉਪਰੋਕਤ ਚਰਚਾ ਤੋਂ ਸਪਸ਼ਟ ਹੋ ਗਿਆ ਹੈ ਕਿ ਗੁਰੂ ਰਵਿਦਾਸ ਜੀ ਦੁਨੀਆਂ ਦੇ ਸਭ ਤੋਂ ਪਹਿਲੇ ਕ੍ਰਾਂਤੀਕਾਰੀ, ਰਾਜਸੀ ਅਤੇ ਆਰਥਕ ਵਿਕਾਸ ਲਈ ਸਮਾਜਵਾਦੀ, ਲੋਕਤੰਤਰ ਦੇ ਚਿੰਤਕ, ਸਮਾਜਕ ਤੌਰ ਤੇ ਵਿਸ਼ਵ ਭਾਈਚਾਰੇ ਦੇ ਸਿਰਜਕ ਅਤੇ ਉੱਚ ਪਾਏ ਦੇ ਅਧਿਆਤਮਵਾਦੀ ਹਨ। ਇਸ ਲਈ ਉਹ ਦੁਨੀਆਂ ਦੇ ਪਹਿਲੇ ਮਹਾਨਤਮ ਚਿੰਤਕ ਹਨ।

ਐਡੀ ਮਹਾਨਤਾ ਦੀ ਸਿਖਰ ਤੇ ਪਹੁੰਚਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਤੇ ਵਿਚਾਰਨ ਵਾਲੇ ਸਿੱਖ ਜਗਤ ਦੇ ਵਿਦਵਾਨਾਂ ਨੂੰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਵਿੱਚ ਉਜਾਗਰ ਕਰਕੇ ਪ੍ਰਚਾਰਨ ਦਾ ਖਿਆਲ ਤੱਕ ਵੀ ਕਿਉਂ ਨਹੀਂ ਆਇਆ? ਇਸ ਦਾ ਕੀ ਕਾਰਣ ਹੈ? ਇਸ ਦਾ ਉੱਤਰ ਸ. ਕਰਤਾਰ ਸਿੰਘ ਵੈਦ ਬੜੇ ਬੇਧੜਕ ਹੋਕੇ ਦਿੰਦੇ ਸਪਸ਼ਟ ਕਰਦੇ ਹਨ ਕਿ ਗੁਰੂ ਰਵਿਦਾਸ ਜੀ ਅਛੂਤ (ਅਖੌਤੀ) ਹੋਣ ਕਾਰਣ ਗੁਰਮਤ ਦੇ ਖੇਤਰ ਵਿੱਚ ਪਛਾੜੇ ਗਏ ਹਨ। ਉਹ ਲਿਖਦੇ ਹਨ :-

“ਗੁਰੂ ਰਵਿਦਾਸ ਜਿਥੇ ਉੱਚ ਕੋਟੀ ਦੇ ਅਧਿਆਤਮਕ ਸਨ, ਉਥੇ ਸਮਾਜਵਾਦੀ ਵਿਚਾਰਧਾਰਾ ਦੇ ਨੇਤਾ ਵੀ ਸਨ। ਕਲਿਆਣਕਾਰੀ ਰਾਜ (Welfare State) ਦੇ ਹਾਮੀ ਸਨ ਅਤੇ ਇਨਕਲਾਬ ਦੇ ਪੁਜਾਰੀ ਸਨ। ਗੁਰੂ ਰਵਿਦਾਸ ਜੀ ਦਾ ਜਲਾਲ ਇਸ ਕਰਕੇ ਜ਼ਿਆਦਾ ਹਰਮਨ ਪਿਆਰਾ ਨਹੀਂ ਬਣ ਸਕਿਆ, ਜਿੰਨਾ ਕਿ ਗੁਰਮਤ ਬਣ ਸਕਿਆ ਹੈ, ਕਿਉਂਕਿ ਇਨ੍ਹਾਂ ਦੇ ਨਾਮ ਲੇਵਾ ਆਰਥਕ, ਸਮਾਜਕ, ਇਤਿਹਾਸਕ, ਰਾਜਨੀਤਕ ਅਤੇ ਸਭਿਆਚਾਰਕ ਤੌਰ ਤੇ ਪ੍ਰਬੀਨ ਨਹੀਂ ਸਨ, ਜਾਗਰੂਕ ਨਹੀਂ ਸਨ। ਪਛੜੀਆਂ ਜਾਤੀਆਂ ਦੇ ਗੁਰ ਪੀਰ ਵੀ ਪਛਾੜੇ ਜਾਂਦੇ ਰਹੇ ਹਨ ਜਦ ਕਿ ਉਹ ਵੀ ਉਸੇ ਪਾਇਆ ਤਕਮੀਲ ਦੀ ਗਲ ਕਹਿੰਦੇ ਸਨ ਜਿਸ ਦੀ ਦੂਜੇ ਕਹਿੰਦੇ ਸਨ।”
ਉਪਰੋਕਤ ਵਿਚਾਰ ਚਰਚਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰਾ ਸਮੁੱਚੇ ਵਿਸ਼ਵ ਦੇ ਵਿੱਚ ਸ਼ਾਂਤੀ, ਸਮਾਨਤਾ, ਸੁਤੰਤਰਤਾ, ਸਾਂਝੀਵਾਲਤਾ ਸਥਾਪਿਤ ਕਰਨ ਦਾ ਇੱਕ ਵਡਮੁੱਲਾ ਅਤੇ ਸੰਵਿਧਾਨਕ ਦਸਤਾਵੇਜ਼ ਹੈ। ਜਿਸ ਨੂੰ ਅਮਲ ਵਿੱਚ ਲਿਆ ਕੇ ਦੁਨੀਆ ਦਾ ਹਰ ਮਨੁੱਖ ਅਨੰਦਮਈ ਜੀਵਨ ਗੁਜ਼ਾਰ ਸਕਦਾ ਹੈ।

ਆਦਿ ਧਰਮ ਅਨਮੋਲ ਰਤਨ ਐਡਵੋਕੇਟ ਪ੍ਰੋਫੈਸਰ ਲਾਲ ਸਿੰਘ ਜੀ ਦੀਆਂ ਬੇਗਮਪੁਰਾ ਨਾਲ ਸਬੰਧਤ ਪ੍ਰਕਾਸ਼ਿਤ ਦੋ ਪੁਸਤਕਾਂ।
(1) ਸਟੀਕ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਅਤੇ ਤੱਤ-ਸਿਧਾਂਤ ( ਪੰਜਾਬੀ, ਹਿੰਦੀ, ਅੰਗਰੇਜ਼ੀ ) ਇਸ ਵੈਬਸਾਈਟ ਉੱਤੇ ਪੀ ਡੀ ਐਫ ਉਪਲਬਧ ਹੈ
(2) “ਬੇਗਮ ਪੁਰਾ ਸਹਰ ਕੋ ਨਾਉ” ਵਿਚ ਸਥਾਪਤ ਵਿਸ਼ਵ ਸੰਵਿਧਾਨ ਦੇ ਸਿਰਜਕ – ਗੁਰੂ ਰਵਿਦਾਸ ਜੀ (ਪੰਜਾਬੀ) ਇਸ ਵੈਬਸਾਈਟ ਉੱਤੇ ਪੀ ਡੀ ਐਫ ਉਪਲਬਧ ਹੈ।