ਲੋਗੁ ਜਾਨੈ ਇਹੁ ਗੀਤੁ ਹੈ…..
ਤੁਹਾਡੇ ਹੱਥਾਂ ਵਿਚ ਅੰਮ੍ਰਿਤ ਰਸ ਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਸਟੀਕ (ਪੰਜਾਬੀ) ਹੈ। ਇਸ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ ਅੰਕਿਤ 40 ਸ਼ਬਦ ਅਤੇ 1 ਸ਼ਲੋਕ ਵਿਆਖਿਆ ਸਹਿਤ ਦਰਜ ਕੀਤੇ ਗਏ ਹਨ।
ਇਕ ਸਾਧਾਰਨ ਮਨੁੱਖ ਦੇ ਬੋਲੇ ਕੌੜੇ ਬੋਲ ਜਾਂ ਸ਼ਬਦ ਦੂਸਰੇ ਸ਼ਾਂਤ ਚਿੱਤ ਮਨੁੱਖ ਦੇ ਹਿਰਦੇ ਵਿਚ ਅੱਗ ਦੇ ਭਾਂਬੜ ਮਚਾ ਸਕਦੇ ਹਨ। ਪਰ ਇਸ ਦੇ ਉਲਟ ਗੁੱਸੇ ਵਿਚ ਅੱਗ ਬਬੂਲਾ ਹੋਏ ਮਨੁੱਖ ਨੂੰ ਬੋਲੇ ਗਏ ਮਿੱਠੇ ਬੋਲ ਉਸ ਨੂੰ ਪਾਣੀ ਦੀ ਤਰ੍ਹਾਂ ਸ਼ਾਂਤ ਵੀ ਕਰ ਸਕਦੇ ਹਨ ਪਰ ਇਹੀ ਸ਼ਬਦ, ਬਾਣੀ ਜਾਂ ਬੋਲ ਜੇਕਰ ਕਿਸੇ ਅਜਿਹੇ ਮਹਾਨ ਵਿਅਕਤੀ ਦੇ ਹੋਣ ਜੋ ਕਿ ਅਕਾਲ ਪੁਰਖ ਦੇ ਨਾਲ ਅਭੇਦ ਹੋਇਆ ਹੋਵੇ, ਜਿਹੜਾ ਸਮੁੱਚੇ ਸੰਸਾਰ ਵਿੱਚ ਸਾਂਝੀਵਾਲਤਾ ਦੇ ਅਧਾਰਿਤ ਬੇਗਮਪੁਰੇ ਦਾ ਸੰਕਲਪ ਦੇਣ ਦੇ ਸਮਰੱਥ ਹੋਵੇ। ਜਿਸ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੀਆਂ ਕੁਦਰਤੀ ਨਿਆਮਤਾਂ ਨੂੰ ਸੰਜਮ ਵਿੱਚ ਪਰੋਇਆ ਹੋਵੇ ਤਾਂ ਅਜਿਹੇ ਰਹਿਬਰ ਦੇ ਬੋਲ, ਬਾਣੀ ਜਾਂ ਸ਼ਬਦ ਤਪਦੇ ਹਿਰਦਿਆਂ ਨੂੰ ਸ਼ਾਂਤ ਹੀ ਨਹੀਂ ਕਰਦੇ ਸਗੋਂ ਮਨੁੱਖੀ ਹਿਰਦਿਆਂ ਵਿੱਚ ਅੰਧਕਾਰ ਦੇ ਹਨ੍ਹੇਰੇ ਨੂੰ ਚਾਨਣ ਦੇ ਕੇ ਰੁਸ਼ਨਾਉਂਦੇ ਹਨ। ਅਜਿਹੇ ਰਹਿਬਰਾਂ ਦੇ ਵਿਚਾਰ ਇਕ ਨਹੀਂ ਕਰੋੜਾਂ ਅਰਬਾਂ ਲੋਕਾਂ ਦਾ ਜੀਵਨ ਬਦਲ ਦਿੰਦੇ ਹਨ।